Share on Facebook

Main News Page

"ਚਾਰ ਸਹਿਬਜ਼ਾਦੇ" ਫਿਲਮ ਦੀ ਪੜਚੋਲ (Review)
-: ਇੰਦਰਜੀਤ ਸਿੰਘ, ਕਾਨਪੁਰ

ਬਹੁਤ ਦਿਨਾਂ ਬਾਦ ਸਿੱਖ ਇਤਿਹਾਸ 'ਤੇ ਕੋਈ ਇਹੋ ਜਿਹੀ ਫਿਲਮ ਬਣੀ, ਜਿਸ ਦੀ ਉੱਡੀਕ ਸੀ। ਪੰਥਿਕ ਹਲਕਿਆਂ ਵਿੱਚ ਇਸ ਫਿਲਮ ਦੀ ਬਹੁਤ ਤਾਰੀਫ ਕੀਤੀ ਜਾ ਰਹੀ ਹੈ, ਜੋ ਕਿਸੇ ਹਦ ਤੱਕ ਜਾਇਜ ਵੀ ਹੈ। ਅਜੋਕੇ ਸਮੇਂ ਅੰਦਰ ਇਹੋ ਜਿਹੀਆਂ ਫਿਲਮਾਂ ਬੱਚਿਆਂ ਅਤੇ ਉਨ੍ਹਾਂ ਨੌਜਵਾਨਾਂ ਲਈ ਲਾਹੇਵੰਦ ਸਾਬਿਤ ਹੋ ਸਕਦੀਆਂ ਹਨ, ਜਿਸ ਵਿਚ ਉਨ੍ਹਾਂ ਨੂੰ ਸਿੱਖ ਇਤਿਹਾਸ ਦੇ ਅਮੀਰ ਵਿਰਸੇ ਨਾਲ ਜੋੜਿਆ ਜਾ ਸਕੇ।

ਸਿੱਖ ਇਤਿਹਾਸ ਅਤੇ ਸਿੱਖ ਈਵੇਂਟਸ ਉੱਤੇ ਕੋਈ ਫਿਲਮ ਇਸ ਲਈ ਨਹੀਂ ਬਣਾਈ ਜਾ ਸਕਦੀ, ਕਿਉਂਕਿ ਗੁਰਮਤਿ ਅਨੁਸਾਰ ਗੁਰੂ ਸਾਹਿਬਾਨ ਅਤੇ ਮਹਾਨ ਸਿੱਖ ਸ਼ਖਸ਼ਿਅਤਾਂ ਦਾ ਕਿਰਦਾਰ ਕੋਈ ਦੂਜਾ ਮਨੁਖ ਜਾਂ ਪਾਤਰ ਨਹੀਂ ਨਿਭਾ ਸਕਦਾ। ਇਸ ਲਈ ਇਸ ਫਿਲਮ ਵਿਚ ਨਿਰਮਾਤਾ, ਪੰਮੀ ਬਾਵੇਜਾ ਨੇ "ਮਲਟੀ ਲਿੰਗੁਅਲ 3 ਡੀ ਏਨੀਮੇਸ਼ਨ" ਤਕਨੀਕ ਦਾ ਇਸਤਮਾਲ ਕੀਤਾ ਹੈ।

ਫਿਲਮ ਦੀਆਂ ਖੂਬੀਆਂ:

1- ਫਿਲਮ ਦੀ "ਮਲਟੀ ਲਿੰਗੁਅਲ ਤਕਨੀਕ" ਕਰਕੇ, ਇਹ ਫਿਲਮ ਬੱਚਿਆਂ 'ਤੇ ਬਹੁਤ ਹੀ ਮਨੋਰੰਜਕ ਅਤੇ ਜਾਨਕਾਰੀ ਭਰਿਆ ਪ੍ਰਭਾਵ ਛਡਦੀ ਹੈ।

2- ਸਿੱਖ ਇਤਿਹਾਸ ਨੂੰ, ਕੁਝ ਗੱਲਾਂ ਛੱਡ ਕੇ, ਲਗਭਗ ਠੀਕ ਠਾਕ ਤਰੀਕੇ ਨਾਲ ਹੀ ਫਿਲਮਾਇਆ ਗਿਆ ਹੈ।

3- ਇੰਟਰਵਲ ਤੋਂ ਪਹਿਲਾਂ ਦੀ ਫਿਲਮ ਜਿਥੇ ਦਰਸ਼ਕਾਂ ਵਿਚ ਬਹਾਦੁਰੀ ਅਤੇ ਵੀਰਤਾ ਦਾ ਸੰਚਾਰ ਕਰਦੀ ਹੈ, ਉਥੇ ਹੀ ਇੰਟਰਵਲ ਤੋਂ ਬਾਦ ਦੀ ਫਿਲਮ, ਜਿਸ ਵਿੱਚ ਛੋਟੇ ਸਾਹਿਬਜਾਦਿਆਂ ਦੀ ਸ਼ਹਿਦੀ ਦਾ ਜ਼ਿਕਰ ਹੈ, ਦਰਸ਼ਕਾਂ ਅਤੇ ਬੱਚਿਆਂ ਨੂੰ ਭਾਵੁਕ ਕਰ ਦਿੰਦੀ ਹੈ।

4- ਹਾਲਾਂ ਕਿ ਫਿਲਮ ਵਿੱਚ ਇਤਿਹਾਸ ਅਨੁਸਾਰ ਮੁਗਲ ਹਕੂਮਤਾਂ ਨਾਲ ਲੋਹਾ ਲੈਣ ਦੇ ਵ੍ਰਿਤਾਂਤ ਦਿਖਾਏ ਗਏ ਹਨ, ਉਥੇ ਹੀ ਗੰਗੂ ਬ੍ਰਾਹਮਣ ਅਤੇ ਬਾਈ ਧਾਰ ਦੇ ਰਾਜਿਆਂ ਦੀਆਂ ਗੱਦਾਰੀਆਂ ਦਾ ਇਤਿਹਾਸ ਵੀ ਦਿਖਾਇਆ ਗਿਆ ਹੈ। ਉਚੱਚੇ ਤੌਰ 'ਤੇ ਇਹ ਵੀ ਸਪਸ਼ਟ ਕੀਤਾ ਗਿਆ ਹੈ, ਕਿ ਸਿੱਖਾਂ ਦੀ ਦੁਸ਼ਮਨੀ ਕਿਸੇ ਮੁਸਲਮਾਨ ਨਾਲ ਜਾਂ ਹਿੰਦੂ ਨਾਲ ਨਹੀਂ ਸੀ, ਬਲਕਿ ਉਸ ਵਕਤ ਦੀ ਮੁਗਲ ਹਕੂਮਤ ਅਤੇ ਉਨ੍ਹਾਂ ਨਾਲ ਰਲੇ ਹਿੰਦੂ ਗੱਦਾਰਾਂ, ਦੋਹਾਂ ਨਾਲ ਸੀ। ਜਿੱਥੇ ਮੁਗਲ ਹਕੂਮਤ ਨੇ ਸਿੱਖਾਂ 'ਤੇ ਜੁਲਮ ਕੀਤੇ, ਉਥੇ ਹੀ ਗੰਗੂ ਅਤੇ ਸੁੱਚਾਨੰਦ ਵਰਗੇ ਬ੍ਰਾਹਮਣਾਂ ਨੇ ਗੱਦਾਰੀਆਂ ਵੀ ਕੀਤੀਆਂ।

ਕਿਸੇ ਜਾਤਿ ਜਾਂ ਵਰਗ ਵਿਸ਼ੇਸ਼ ਦੇ ਖਿਲਾਫ ਇਹ ਫਿਲਮ ਨਾ ਜਾਏ, ਇਸ ਲਈ ਡਾਇਰੇਕਟਰ ਨੇ ਖਾਸ ਧਿਆਨ ਦਿਤਾ ਹੈ, ਲੇਕਿਨ ਜੋ ਸੰਦੇਸ਼ ਜਾਣਾ ਚਾਹੀਦਾ ਸੀ, ਡਾਇਰੇਕਟਰ ਉਸ ਵਿਚ ਵੀ ਪੂਰੀ ਤਰ੍ਹਾਂ ਸਫਲ ਰਿਹਾ ਹੈ। ਗੁਰੂ ਘਰ ਲਈ ਰਾਜਾ ਟੋਡਰਮਲ (ਹਿੰਦੂ) ਵੱਲੋਂ ਸਰਹਿੰਦ ਦੀ ਜ਼ਮੀਨ ਖਰੀਦਨ ਅਤੇ ਕੁਰਬਾਨੀ ਦੇਣ ਦਾ ਜਿੱਥੇ ਜਿਕਰ ਕੀਤਾ ਗਿਆ ਹੈ, ਉਥੇ ਹੀ ਨਵਾਬ ਮਲੇਰ ਕੋਟਲਾ (ਮੁਸਲਮਾਨ) ਦਾ ਗੁਰੂ ਘਰ ਪ੍ਰਤੀ ਸਤਿਕਾਰ ਦਾ ਜ਼ਿਕਰ ਵੀ ਕੀਤਾ ਗਿਆ ਹੈ।

ਫਿਲਮ ਵਿੱਚ ਕਮੀਆਂ:

1- ਫਿਲਮ ਦੀ ਇਕ ਚੰਗੀ ਸ਼ਕ੍ਰਿਪਟ ਹੋਣ ਅਤੇ ਉਸ ਵਿਚ ਗੁਰੂ ਬਾਣੀ ਦੇ ਛੋਟੇ ਛੋਟੇ ਪ੍ਰਮਾਣ ਹੋਣ ਦੇ ਬਾਵਜੂਦ, ਅਖੌਤੀ ਦਸਮ ਗ੍ਰੰਥ ਵਿਚੋਂ ਦੋ ਰਚਨਾਵਾਂ "ਦੇਹਿ ਸ਼ਿਵਾ..." ਅਤੇ "ਮਿਤੱਰ ਪਿਆਰੇ ਨੂੰ..." ਸ਼ਾਮਿਲ ਕਰਨ ਨਾਲ ਜਾਣਕਾਰ ਅਤੇ ਸਮਝਦਾਰ ਤਬਕੇ ਨੂੰ ਚੰਗਾ ਨਹੀਂ ਲਗਾ।

2- ਜਿੱਥੇ ਸਾਹਿਬਜਾਦਿਆਂ ਦੇ ਏਨੀਮੇਸ਼ਨ ਵਿੱਚ ਆਵਾਜ਼ ਭਰੀ ਗਈ ਸੀ, ਉੱਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਏਨੀਮੇਸ਼ਨ ਵਿੱਚ ਵੀ ਜੇ ਆਵਾਜ਼ ਅਤੇ ਡਾਇਲਾਗ ਭਰੇ ਜਾਂਦੇ, ਤਾਂ ਫਿਲਮ ਕਈ ਗੁਣਾਂ ਹੋਰ ਪ੍ਰਭਾਵਿਤ ਕਰ ਸਕਦੀ ਸੀ, ਜੋ ਫਿਲਮ ਦੇ ਪ੍ਰਭਾਵ ਨੂੰ ਕਈ ਗੁਣਾਂ ਵਧਾ ਸਕਦੀ ਸੀ। ਗੁਰੂ ਸਾਹਿਬ ਜੀ ਦੇ ਏਨੀਮੇਸ਼ਨ ਵਿੱਚ ਏਕਸਪ੍ਰੇਸ਼ਨ ਅਤੇ ਵਾਇਸ ਦੀ ਕਮੀ, ਬਹੁਤ ਖਲਦੀ ਹੈ ਅਤੇ ਏਨ੍ਹਾਂ ਦ੍ਰਿਸ਼ਾਂ ਨੂੰ ਫਿੱਕਾ ਬਣਾ ਦਿੰਦੀ ਹੈ।

3- ਨਿਰਮਾਤਾ ਨਿਰਦੇਸ਼ਕ ਦਵਾਰਾ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਅਤੇ ਹੋਰ ਲੋਕਾਂ ਦਾ ਧੰਨਵਾਦ ਕਰਕੇ ਖੁਸ਼ਾਮਦ ਕਰਨਾ ਨਿਰਮਾਤਾ ਦੀ ਮਜਬੂਰੀ ਹੋ ਸਕਦੀ ਹੈ। ਲੇਕਿਨ ਇਹੋ ਜਹੇ ਲੋਕਾਂ ਦੇ ਕਿਰਦਾਰ ਨੂੰ ਬਹੁਤ ਨੇੜੇ ਤੋਂ ਜਾਨਣ ਵਾਲੇ ਸਿੱਖਾਂ ਨੂੰ ਇਹ ਰਾਸ ਨਹੀਂ ਆਉਂਦਾ।

4- ਇਤਿਹਾਸ ਵਿਚ ਸੂਫੀ ਮੁਸਲਮਾਨ ਗੁਰੂ ਸਾਹਿਬ ਜੀ ਦਾ ਬਹੁਤ ਸਤਕਾਰ ਕਰਦੇ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ "ਉੱਚ ਦਾ ਪੀਰ" ਕਹਿ ਕੇ ਸਤਕਾਰਿਆ ਜਾਂਦਾ ਸੀ। ਭਾਵ "ਅੱਲਾਹ ਦਾ ਭੇਜਿਆ ਬੰਦਾ"। ਲੇਕਿਨ ਇਸ ਫਿਲਮ ਵਿਚ ਉਨ੍ਹਾਂ ਨੂੰ "ਉੱਚ ਦਾ ਪੀਰ" ਦੀ ਥਾਂ 'ਤੇ "ਹਿੰਦ ਦਾ ਪੀਰ" ਕਹਿ ਕੇ, ਗੁਰੂ ਸਾਹਿਬ ਦੀ ਮਹਾਨਤਾ ਨੂੰ ਕੇਵਲ "ਹਿੰਦ" ਤਕ ਹੀ ਸੀਮਿਤ ਕਰ ਦਿਤਾ ਗਿਆ ਜੋ ਇਤਿਹਾਸ ਤੋਂ ਉਲਟ ਹੈ।

ਕੁਲ ਮਿਲਾ ਕੇ ਫਿਲਮ ਬਹੁਤ ਹੀ ਚੰਗੀ ਬਣੀ ਹੈ। ਇਹੋ ਜਿਹੀਆਂ ਫਿਲਮਾਂ ਹੋਰ ਬਣਨੀਆਂ ਚਾਹੀਦੀਆਂ ਹਨ। ਇਸ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਅਤੇ ਉਨ੍ਹਾਂ ਦੀ ਸਾਰੀ ਟੀਮ ਵਧਾਈ ਦੀ ਪਾਤਰ ਹੈ।

ਆਪਣੇ ਬਚਿਆਂ ਨੂੰ ਤਾਂ ਇਹ ਫਿਲਮ ਜਰੂਰ ਵਿਖਾਉ। ਆਪਣੇ ਜਾਨ ਪਹਿਚਾਨ ਦੇ ਹਿੰਦੂ ਅਤੇ ਮੁਸਲਮਾਨ ਬੱਚਿਆਂ ਨੂੰ ਵੀ ਇਹ ਫਿਲਮ ਜ਼ਰੂਰ ਵਿਖਾਉ, ਕਿਉਂਕਿ ਉਹ ਵੀ ਸਿੱਖੀ ਦੇ ਅਮੀਰ ਇਤਿਹਾਸ ਨਾਲ ਵਾਕਿਫ ਹੋ ਸਕਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top