Share on Facebook

Main News Page

ਅਕਾਲ ਤਖਤ ਸਾਹਿਬ ਤੋਂ ਇੱਕ ਵਾਰੀ ਫਿਰ ਚੱਲ ਸਕਦਾ ਹੈ ਛੇਕਣ ਦਾ ਕੁਹਾੜਾ- ਬੱਬਰ ਨੇ ਪੇਸ਼ ਹੋਣ ਤੋਂ ਪਹਿਲਾਂ ਮੰਗੀ ਸੁਰੱਖਿਆ ਛੱਤਰੀ

ਅੰਮ੍ਰਿਤਸਰ 12 ਨਵੰਬਰ (ਜਸਬੀਰ ਸਿੰਘ ਪੱਟੀ): ਸ੍ਰੀ ਅਕਾਲ ਤਖਤ ਸਾਹਿਬ ਵਿਖੇ 17 ਨਵੰਬਰ ਨੂੰ ਹੰਗਾਮਿਆ ਭਰਪੂਰ ਹੋਣ ਵਾਲੀ ਪੰਜ ਮੁਖ ਗ੍ਰੰਥੀਆਂ ਦੀ ਮੀਟਿੰਗ ਵਿੱਚ ਇਸ ਵਾਰੀ ਜਿਥੇ ਆਲ ਇੰਡੀਆ ਸਿੱਖ ਕਾਨਫਰੰਸ ਦੇ ਮੁੱਖੀ ਤੇ ਸਿੱਖ ਚਿੰਤਕ ਸ੍ਰ. ਗੁਰਚਰਨ ਸਿੰਘ ਬੱਬਰ ਨੂੰ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਤੌਹੀਨ ਕਰਨ ਦੇ ਦੋਸ਼ ਵਿੱਚ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤਾ ਹੈ, ਉਥੇ ਬੰਗਲੌਰ ਨਿਵਾਸੀ ਹਰਮਿੰਦਰ ਸਿੰਘ ਨੂੰ ਪੰਥ ਵਿਰੋਧੀ ਗਤੀਵਿਧੀਆ ਕਰਨ ਦੇ ਦੋਸ਼ ਵਿੱਚ ਪੰਥ ਵਿੱਚੋ ਛੇਕੇ ਜਾਣ ਦੀ ਸੰਭਾਵਨਾ ਹੈ।

ਆਲ ਇੰਡੀਆ ਸਿੱਖ ਕਾਨਫਰੰਸ ਦੇ ਮੁੱਖੀ ਸ੍ਰ ਗੁਰਚਰਨ ਸਿੰਘ ਬੱਬਰ ਨੂੰ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਇੰਚਾਰਜ ਪ੍ਰੋ ਸੁਖਦੇਵ ਸਿੰਘ ਵੱਲੋ ਜਾਰੀ ਕੀਤੇ ਗਏ ਪੱਤਰ ਅਨੁਸਾਰ ਉਸ ਨੂੰ ਇੱਕ ਮਈ 2014 ਦੇ ਆਪਣੇ ਕੌਮੀ ਪੱਤਰਕਾ ਅਖਬਾਰ ਵਿੱਚ ਜਥੇਦਾਰ ਬਾਰੇ ਬਹੁਤ ਸਾਰੀਆ ਭੱਦੀਆ ਟਿੱਪਣੀਆ ਕੀਤੀਆ ਸਨ ਜਿਸ ਦਾ ਨੋਟਿਸ 15 ਜੂਨ 2014 ਨੂੰ ਪੰਜ ਮੁਖ ਗ੍ਰੰਥੀਆਂ ਦੇ ਹੋਈ ਮੀਟਿੰਗ ਵਿੱਚ ਲਿਆ ਗਿਆ ਸੀ ਅਤੇ ਉਸ ਸਮੇਂ ਦੇ ਸਕੱਤਰੇਤ ਦੇ ਸਕੱਤਰ ਭੁਪਿੰਦਰ ਸਿੰਘ ਨੇ ਬੱਬਰ ਨੂੰ 17 ਜੂਨ 2014 ਨੂੰ ਪੱਤਰ ਲਿਖ ਕੇ ਜਾਣਕਾਰੀ ਦੇ ਦਿੱਤੀ ਸੀ ਕਿ ਉਹ ਸਿੰਘ ਦੇ ਸਨਮੁੱਖ ਪੇਸ਼ ਹੋਣ ਲਈ ਤਿਆਰ ਰਹੇ। ਬੱਬਰ ਨੇ 24 ਜੂਨ 2014 ਨੂੰ ਜਵਾਬ ਦੇ ਦਿੱਤਾ ਸੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਪੰਜ ਮੁਖ ਗ੍ਰੰਥੀਆਂ ਦੇ ਅੱਗੇ ਪੇਸ਼ ਹੋਣ ਲਈ ਤਿਆਰ ਹੈ। ਇਸ ਤਰ੍ਵਾ 6 ਜੂਨ 2014 ਨੂੰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਵਾਪਰੇ ਖੂਨੀ ਕਾਂਡ ਦਾ ਪਸ਼ਛਾਤਾਪ ਕਰਨ ਲਈ ਗੁਰਚਰਨ ਸਿੰਘ ਬੱਬਰ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੇ ਸਾਥੀਆ ਨਾਲ ਪੁੱਜਾ ਤਾਂ ਉਸ ਦੀ ਸੁਰੱਖਿਆ ਦੇ ਪ੍ਰਬੰਧ ਸੂਬਾ ਸਰਕਾਰ ਤੇ ਰਾਜਪਾਲ ਨੇ ਪੁੱਖਤਾ ਕਰਵਾਏ ਸਨ ਫਿਰ ਵੀ ਕੁਝ ਸ਼ਰਾਰਤੀ ਅਨਸਰਾਂ ਨੇ ਉਸ ‘ਤੇ ਹਮਲਾ ਕਰਨ ਦਾ ਯਤਨ ਕੀਤਾ ਸੀ ਪਰ ਉਹ ਵਾਲ ਵਾਲ ਬੱਚ ਗਏ ਸਨ।

ਇਸ ਵਾਰੀ ਵੀ ਬੱਬਰ ਨੇ ਜਥੇਦਾਰ ਅਕਾਲ ਤਖਤ ਨੂੰ ਪੱਤਰ ਲਿਖ ਕੇ ਪੁਖਤਾ ਪ੍ਰਬੰਧ ਕਰਨ ਤੇ ਉਸ ਦੀ ਜਾਣਕਾਰੀ ਤੁਰੰਤ ਦੇਣ ਲਈ ਦੇਣ ਲਈ ਜਥੇਦਾਰ ਤੋਂ ਮੰਗ ਕੀਤੀ ਫਿਰ ਵੀ ਬੱਬਰ ਦਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਲੱਠਮਾਰ ਫੌਜ ਜਥੇਦਾਰ ਦੇ ਕਹਿਣੇ ਵਿੱਚ ਨਹੀ ਹੈ ਤੇ ਉਹ ਕਿਸੇ ਵੀ ਕਿਸਮ ਦਾ ਉਸ ਦਾ ਨੁਕਸਾਨ ਕਰ ਸਕਦੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਆਮਦ ਤੋਂ ਪਹਿਲਾਂ ਉਹਨਾਂ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ। ਉਹਨਾਂ ਕਿਹਾ ਕਿ ਜੇਕਰ ਫਿਰ ਵੀ ਉਹਨਾਂ ਸੁਰੱਖਿਆ ਪ੍ਰਬੰਧਾਂ ਬਾਰੇ ਕੋਈ ਵੀ ਜਾਣਕਾਰੀ ਨਹੀ ਦਿੱਤੀ ਜਾਂਦੀ ਤਾਂ ਉਹ ਦੇਸ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਪੰਜਾਬ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ ਰਾਜਪਾਲ ਤੋਂ ਇਲਾਵਾ ਡੀ.ਜੀ.ਪੀ ਨੂੰ ਪੱਤਰ ਲਿਖ ਕੇ ਸੁਰੱਖਿਆ ਦੇ ਪ੍ਰਬੰਧ ਕਰਨ ਲਈ ਪੱਤਰ ਲਿਖਣਗੇ ਤੇ ਉਹਨਾਂ ਵੱਲੋ ਭਰੋਸਾ ਦੇਣ ਉਪਰੰਤ ਹੀ ਉਹ ਪੰਜ ਮੁਖ ਗ੍ਰੰਥੀਆਂ ਦੇ ਪੇਸ਼ ਹੋ ਸਕਣਗੇ। ਉਹਨਾਂ ਕਿਹਾ ਕਿ ਵੈਸੇ ਉਹਨਾਂ ਨੇ ਹੁਣ ਤੱਕ ਪੰਥ ਦੋਖੀਆ ਨਾਲ ਕਈ ਪ੍ਰਕਾਰ ਦੇ ਦਸਤਪੰਜੇ ਲਏ ਹਨ ਤੇ ਉਹਨਾਂ ਦਾ ਜੀਵਨ ਪੂਰੀ ਤਰ੍ਹਾ ਹੀ ਸੰਘਰਸ਼ਮਈ ਹੈ।

ਇਸੇ ਤਰ੍ਹਾ ਇਸ ਮੀਟਿੰਗ ਵਿੱਚ ਪੰਥਕ ਰਹੁਰੀਤਾਂ ਨੂੰ ਛਿੱਕੇ ਟੰਗ ਕੇ ਗੈਰ ਔਰਤ ਨਾਲ ਸਬੰਧ ਬਣਾਉਣ ਵਾਲੇ ਬੰਗਲੌਰ ਸਿੰਘ ਸਭਾ ਗੁਰੂਦੁਆਰੇ ਦੇ ਸਕੱਤਰ ਹਰਮਿੰਦਰ ਸਿੰਘ ਨੂੰ ਵੀ ਇਸ ਮੀਟਿੰਗ ਵਿੱਚ ਬੁਲਾਇਆ ਗਿਆ ਹੈ ਜਿਸ ਦੇ ਖਿਲਾਫ ਇੱਕ ਮਹਿਲਾ ਰਾਗੀ ਬੀਬੀ ਨੇ ਉਸ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਸਨ ਤੇ ਇਹਨਾਂ ਦੋਸ਼ਾਂ ਤਹਿਤ ਉਸ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਦੋਸ਼ ਤਹਿਤ ਜਦੋ ਹਰਮਿੰਦਰ ਸਿੰਘ ਨੂੰ ਬੁਲਾਇਆ ਗਿਆ ਤਾਂ ਉਹ ਪਹਿਲਾਂ ਤਾਂ ਪੇਸ਼ ਹੋ ਗਿਆ, ਪਰ ਬਾਅਦ ਵਿੱਚ ਉਸ ਨੇ ਜਥੇਦਾਰ ਤੇ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼ ਲਗਾਏ ਸਨ। ਇਸ ਦੇ ਨਾਲ ਜਥੇਦਾਰ ਦੇ ਨਿੱਜੀ ਸਹਾਇਕ ਇੰਦਰ ਮੋਹਨ ਸਿੰਘ ਵੱਲੋ 65 ਹਜਾਰ ਰੁਪਏ ਮੰਗੇ ਜਾਣ ਦੀ ਇੱਕ ਆਡੀਉ ਰਿਕਾਰਡਿੰਗ ਵੀ ਜਾਰੀ ਕੀਤੀ ਸੀ ਜਿਸ ਵਿੱਚੋ ਇੰਦਰਮੋਹਨ ਨੇ ਪੰਜ ਹਜਾਰ ਰੁਪਏ ਲੈ ਵੀ ਲਏ ਸਨ। ਜਦੋਂ ਇਹ ਦੋਸ਼ ਲੱਗੇ ਤਾਂ ਉਸ ਸਮੇਂ ਤੱਕ ਇੰਦਰਮੋਹਨ ਸਿੰਘ ਦੀ ਬਦਲੀ ਕਰ ਦਿੱਤੀ ਗਈ ਸੀ, ਪਰ ਅੱਜ ਤੱਕ ਉਸ ਦੋਸ਼ ਦੇ ਤਹਿਤ ਸ਼੍ਰੋਮਣੀ ਕਮੇਟੀ ਦੇ ਕੋਈ ਕਾਰਵਾਈ ਨਹੀ ਕੀਤੀ ਗਈ। ਭਾਂਵੇ ਇੰਦਰਮੋਹਨ ਸਿੰਘ ਨੇ ਇਹ ਪੈਸੇ ਉਧਾਰੇ ਲੈ ਵਾਪਸ ਕਰਨ ਦੀ ਮਨਘੜਤ ਕਹਾਣੀ ਬਣਾਈ ਸੀ। ਹਰਮਿੰਦਰ ਸਿੰਘ ਨੂੰ ਜਦੋ ਅਕਾਲ ਤਖਤ ‘ਤੇ ਪੇਸ਼ ਹੋਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਗਿਆਨੀ ਗੁਰਬਚਨ ਸਿੰਘ ਦੇ ਅੱਗੇ ਪੇਸ਼ ਨਹੀ ਹੋਣਗੇ ਕਿਉਕਿ ਉਹਨਾਂ ਉਪਰ ਰਿਸ਼ਵਤ ਦੇ ਦੋਸ਼ ਲੱਗ ਚੁੱਕੇ ਹਨ।

ਉਹਨਾਂ ਕਿਹਾ ਕਿ ਜਦੋਂ ਤੱਤਕਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਧੂ ਸਿੰਘ ਭੌਰਾ ‘ਤੇ ਰਿਸ਼ਵਤ ਦੇ ਦੋਸ਼ ਲੱਗੇ ਸਨ ਤਾਂ ਉਹ ਖੁਦ ਹੀ ਮੀਟਿੰਗ ਵਿੱਚੋ ਬਾਹਰ ਗਏ ਸਨ ਤੇ ਬਾਕੀ ਜਥੇਦਾਰਾਂ ਨੇ ਦੋਸ਼ ਲਾਉਣ ਵਾਲੇ ਵਿਅਕਤੀ ਦੀ ਸੁਣਵਾਈ ਕੀਤੀ ਸੀ। ਉਹਨਾਂ ਕਿਹਾ ਕਿ ਜੇਕਰ ਮੀਟਿੰਗ ਵਿੱਚੋ ਗਿਆਨੀ ਗੁਰਬਚਨ ਸਿੰਘ ਨੂੰ ਮਨਫੀ ਕੀਤਾ ਜਾਂਦਾ ਤਾਂ ਉਹ ਪੇਸ਼ ਹੋਣ ਲਈ ਤਿਆਰ ਹੈ ਪਰ ਗਿਆਨੀ ਗੁਰਬਚਨ ਸਿੰਘ ਦੇ ਸਾਹਮਣੇ ਕਦੇ ਵੀ ਪੇਸ਼ ਨਹੀ ਹੋਵੇਗਾ।ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੀਟਿੰਗ ਵਿੱਚ ਹਰਮਿੰਦਰ ਸਿੰਘ ਨੂੰ ਵੀ ਪੰਥ ਵਿੱਚੋ ਛੇਕਣ ਦੀ ਕਾਰਵਾਈ ਹੋ ਸਕਦੀ ਹੈ ਤੇ ਉਸ ਨੂੰ ਛੇਕਣ ਨਾਲ ਪੰਥ ਵਿਰੋਧੀਆ ਦੀ ਜਿਥੇ ਲਾਈਨ ਹੋਰ ਲੰਮੇਰੀ ਹੋ ਜਾਣਗੀ ਉਥੇ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਛੇਕਣ ਦੀ ਕਾਰਵਾਈ ਕੀਤੀ ਗਈ ਤਾਂ ਉਹ ਛੇਕਣ ਗਿਆਨੀ ਗੁਰਬਚਨ ਸਿੰਘ ਨੂੰ ਬੰਗਲੌਰ ਦੀ ਅਦਾਲਤ ਵਿੱਚ ਫੌਜਦਾਰੀ ਕੇਸ ਦਾਇਰ ਕਰਕੇ ਸੈਰ ਕਰਵਾਏਗਾ। ਉਸ ਨੇ ਕਿਹਾ ਕਿ ਜਦੋਂ ਮਾਮਲਾ ਹਾਲੇ ਅਦਾਲਤ ਵਿੱਚ ਵਿਚਾਰ ਅਧੀਨ ਹੈ ਮਰਿਆਦਾ ਅਨੁਸਾਰ ਵੀ ਉਸ ਦੇ ਖਿਲਾਫ ਕਾਰਵਾਈ ਨਹੀ ਹੋ ਸਕਦੀ।

ਇਸੇ ਤਰ੍ਹਾ ਬੁੱਢਾ ਜੌਹੜ ਦਾ ਕੇਸ ਵੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਤੇ ਹਵਾ ਵਿੱਚ ਤੋਂਰੀ ਵਾਂਗ ਲਮਕ ਰਹੇ ਸ਼੍ਰੋਮਣੀ ਕਮੇਟੀ ਦੇ ਹਾਊਸ ਦੇ ਮੈਂਬਰ ਮੰਗਵਿੰਦਰ ਸਿੰਘ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਕਿਉਕਿ ਉਹਨਾਂ ਨੇ ਆਪਣੀ ਮਾਤਾ ਦੀ ਅੰਤਮ ਅਰਦਾਸ ਸਮੇਂ ਲੰਗਰ ਵਿੱਚ ਕੁਰਸੀਆ ਤੇ ਮੇਜ ਲਗਾ ਕੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ ਉਲੰਘਣਾ ਕੀਤੀ ਸੀ। ਇਸੇ ਤਰ੍ਹਾ ਅਨੰਦਰਪੁਰ ਸਾਹਿਬ ਵਿਖੇ 350 ਸਾਲਾਂ ਪੂਰੇ ਹੋਣ ਕੇ ਮਨਾਏ ਜਾ ਰਹੇ ਸਮਾਗਮਾਂ ਬਾਰੇ ਵੀ ਵਿਚਾਰਾਂ ਹੋਣ ਦੀ ਸੰਭਾਵਨਾ ਹੈ। ਤਰਨ ਤਾਰਨ ਵਿਖੇ ਦਿਵਿਆ ਜਯੋਤੀ ਜਾਗਰਣ ਦੇ ਕਾਰਕੁੰਨਾ ਤੇ ਪੰਥਕ ਜਥੇਬੰਦੀਆ ਦਮਦਮੀ ਟਕਸਾਲ ਤੇ ਸਤਿਕਾਰ ਕਮੇਟੀ ਵਿਚਕਾਰ ਹੋਏ ਝਗੜੇ ਦਾ ਲੇਖਾ ਜੋਖਾ ਵੀ ਕੀਤਾ ਜਾਵੇਗਾ ਤੇ ਆਸ਼ੂਤੋਂਸ਼ੀਏ ਦੀਆ ਸਰਗਰਮੀਆ ਤੇ ਪੱਕੇ ਤੌਰ ਤੇ ਰੋਕ ਲਗਾਉਣ ਲਈ ਵੀ ਨਵੇ ਆਦੇਸ਼ ਜਾਰੀ ਹੋ ਸਕਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top