Share on Facebook

Main News Page

ਗੁਰਮਤਿ ਅਤੇ ਕੈਲੰਡਰ ਵਿਗਿਆਨ ਤੋਂ ਅਣਜਾਣ ਸਿੱਖ ਆਗੂਆਂ ਨੇ ਵੋਟਾਂ ਦੀ ਖਾਤਰ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜ ਕੇ ਸਿੱਖ ਕੌਮ ’ਚ ਨਵੀਂ ਦੁਬਿਧਾ ਖੜ੍ਹੀ ਕੀਤੀ
-: ਕਿਰਪਾਲ ਸਿੰਘ ਬਠਿੰਡਾ
ਮੋਬ: ੯੮੫੫੪੮੦੭੯੭

ਸਿੱਖ ਧਰਮ ਭਾਰਤ ਵਿੱਚ ਪੈਦਾ ਹੋਇਆ ਸੀ ਇਸ ਕਾਰਣ ਸਿੱਖ ਧਰਮ ਨਾਲ ਸਬੰਧਤ ਸਾਰੇ ਇਤਿਹਾਸਕ ਦਿਹਾੜਿਆਂ ਨਾਲ ਸਬੰਧਤ ਤਰੀਖਾਂ ਭਾਰਤ ਵਿੱਚ ਪ੍ਰਚੱਲਤ ਬਿਕ੍ਰਮੀ ਕੈਲੰਡਰ ਅਨੁਸਾਰ ਹੀ ਹੋਣੀਆਂ ਸਨ। ਬਿਕ੍ਰਮੀ ਕੈਲੰਡਰ ਸੂਰਜ ਅਤੇ ਚੰਦਰਮਾਂ ਦੋਵਾਂ ’ਤੇ ਅਧਾਰਤ ਹੋਣ ਕਰਕੇ ਦੁਨੀਆਂ ਭਰ ਦੇ ਹੋਰ ਸਭਨਾਂ ਕੈਲੰਡਰਾਂ ਨਾਲੋਂ ਵੱਧ ਗੁੰਝਲਦਾਰ ਹੈ; ਜੋ ਦੁਨੀਆਂ ਦੇ ਹੋਰ ਕਿਸੇ ਕੋਨੇ ਵਿੱਚ ਤਾਂ ਕੀ ੯੫ ਫੀਸਦੀ ਤੋਂ ਵੱਧ ਭਾਰਤੀ ਲੋਕਾਂ ਦੇ ਵੀ ਸਮਝ ਤੋਂ ਬਾਹਰ ਹੈ। ਉਸ ਦਾ ਕਾਰਣ ਇਹ ਹੈ ਕਿ ਸੂਰਜੀ ਸਿਧਾਂਤ ਦਾ ਬਿਕ੍ਰਮੀ ਕੈਲੰਡਰ ਜੋ ਗੁਰੂ ਕਾਲ ਵੇਲੇ ਲਾਗੂ ਸੀ ਦੇ ਸਾਲ ਦੀ ਲੰਬਾਈ 365.258756481 ਦਿਨ ਭਾਵ 365 ਦਿਨ 6 ਘੰਟੇ 12 ਮਿੰਟ 36.56 ਸੈਕੰਡ ਸੀ। ਸੂਰਜੀ ਸਿਾਂਧਤ ਦਾ ਇਹ ਬਿਕ੍ਰਮੀ ਸਾਲ ਮੌਸਮੀ ਸਾਲ ਨਾਲੋਂ ਤਕਰੀਬਨ 24 ਮਿੰਟ ਵੱਡਾ ਹੋਣ ਕਰਕੇ 60-61 ਸਾਲਾਂ ਵਿੱਚ ਲਗਪਗ ਇੱਕ ਦਿਨ ਪਿੱਛੇ ਰਹਿ ਜਾਂਦਾ ਸੀ। 1964 ਵਿੱਚ ਉਤਰੀ ਭਾਰਤ ਦੇ ਪੰਡਿਤਾਂ ਨੇ ਅੰਮ੍ਰਿਤਸਰ ਵਿੱਚ ਮੀਟਿੰਗ ਕਰਕੇ ਇਸ ਵਿੱਚ ਸੋਧ ਕਰਕੇ ਸਾਲ ਦੀ ਲੰਬਾਈ ਘਟਾ ਕੇ 365.256363004 ਦਿਨ ਭਾਵ 365 ਦਿਨ 6 ਘੰਟੇ 9 ਮਿੰਟ 9.8 ਸੈਕੰਡ (ਲਗਪਗ) ਕਰ ਦਿੱਤੀ। ਹੁਣ ਇਹ ਮੌਸਮੀ ਸਾਲ ਤੋਂ ਲਗਪਗ 20 ਮਿੰਟ ਵੱਡਾ ਹੋਣ ਕਰਕੇ ਤਕਰੀਬਨ 71-72 ਸਾਲਾਂ ਵਿੱਚ ਇੱਕ ਦਿਨ ਪਿੱਛੇ ਰਹਿ ਜਾਂਦਾ ਹੈ। ਦੱਖਣੀ ਭਾਰਤ ਦੇ ਵਿਦਵਾਨਾਂ ਨੇ ਇਸ ਸੋਧ ਨੂੰ ਪ੍ਰਵਾਨ ਨਹੀਂ ਕੀਤਾ ਇਸ ਲਈ ਦੱਖਣੀ ਭਾਰਤ ਵਿੱਚ ਹਾਲੀ ਵੀ ਸੂਰਜੀ ਸਿਧਾਂਤ ਵਾਲਾ ਬਿਕ੍ਰਮੀ ਕੈਲੰਡਰ ਪ੍ਰਚੱਲਤ ਹੈ।

ਬਿਕ੍ਰਮੀ ਸਾਲ ਦੇ ਮਹੀਨਿਆਂ ਦੀ ਗਿਣਤੀ ਹਰ ਸਾਲ ਹੀ 29 ਤੋਂ 32 ਦਿਨਾਂ ਦੇ ਵਿਚਕਾਰ ਵਧਦੀ ਘਟਦੀ ਰਹਿੰਦੀ ਹੈ। ਮਿਸਾਲ ਦੇ ਤੌਰ ’ਤੇ ਚੇਤ ਦਾ ਮਹੀਨਾ 2011 ਵਿੱਚ 31 ਦਿਨ ਦਾ ਅਤੇ 2012 ਤੇ 2013 ਵਿੱਚ 30-30 ਦਿਨ ਦਾ ਸੀ। ਹਾੜ 2011 ਵਿੱਚ 32 ਦਿਨ ਅਤੇ 2012 ਤੇ 2013 ਵਿਚ 31-31 ਦਿਨ ਸੀ। ਸਾਵਣ 2011 ਵਿੱਚ 32 ਦਿਨ ਅਤੇ 2012-2013 ਵਿੱਚ 31-31 ਦਿਨ ਸੀ। ਅੱਸੂ 2011-2012 ਵਿੱਚ 30-30 ਦਿਨ ਸੀ ਪਰ 2013 ਵਿੱਚ 31 ਦਿਨ ਦਾ ਹੈ। ਮੱਘਰ 2011-2012 ਵਿੱਚ 30-30 ਦਿਨ ਅਤੇ 2013 ਵਿੱਚ 29 ਦਿਨ ਦਾ ਹੈ। ਪੋਹ 2011/12 ਅਤੇ 2012/13 ਵਿੱਚ 29-29 ਦਿਨ ਸੀ ਅਤੇ 2013/14 ਵਿੱਚ 30 ਦਿਨ ਦਾ ਹੋਵੇਗਾ। ਮਾਘ 2012, 2013 ਵਿੱਚ 30-30 ਦਿਨ ਅਤੇ 2014 ਵਿੱਚ 29 ਦਿਨ ਦਾ ਹੋਵੇਗਾ। ਇਸ ਤਰ੍ਹਾਂ ਹਰ ਮਹੀਨੇ ਦੇ ਹਰ ਸਾਲ ਹੀ ਦਿਨ ਵਧਣ ਘਟਣ ਕਾਰਣ ਇਨ੍ਹਾਂ ਦੇ ਮਹੀਨਿਆਂ ਦੀਆਂ ਸੰਗ੍ਰਾਂਦਾਂ ਵੀ ਹਰ ਸਾਲ ਹੀ ਬਦਲਦੀਆਂ ਰਹਿੰਦੀਆਂ ਹਨ ਜਿਸ ਕਾਰਣ ਕੋਈ ਵੀ ਤਰੀਖ ਕਦੇ ਵੀ ਸਥਿਰ ਨਹੀਂ ਰਹਿ ਸਕਦੀ। ਇੱਕ ਵੱਡੀ ਗੁੰਝਲ ਹੋਰ ਹੈ ਕਿ ਭਾਰਤ ’ਚ ਧਾਰਮਿਕ ਤਰੀਖਾਂ ਜਿਵੇਂ ਕਿ ਰਾਮ ਚੰਦਰ ਜੀ, ਕ੍ਰਿਸ਼ਨ ਜੀ ਦੇ ਜਨਮ ਦਿਨ, ਦੀਵਾਲੀ, ਦੁਸਹਿਰਾ, ਗੁਰਪੁਰਬ ਆਦਿਕ ਚੰਦਰਮਾਂ ਸਾਲ ਦੀ ਤਰੀਖਾਂ ਅਨੁਸਾਰ ਅਤੇ ਹੋਰ ਇਤਿਹਾਸਕ ਤਰੀਖਾਂ ਸੂਰਜੀ ਸਾਲ ਮੁਤਾਬਿਕ ਨੀਯਤ ਕੀਤੀਆਂ ਜਾਂਦੀਆਂ ਹਨ।

ਸੂਰਜੀ ਸਿਧਾਂਤ ਅਨੁਸਾਰ ਚੰਦਰ ਮਾਹ ਲਗਪਗ 29.530587946 ਦਿਨ ਭਾਵ 29 ਦਿਨ 12 ਘੰਟੇ 44 ਮਿੰਟ 2.8 ਸੈਕੰਡ ਦਾ ਹੁੰਦਾ ਹੈ। ਇਸ ਤਰ੍ਹਾਂ ਚੰਦਰ ਸਾਲ ਦੀ ਲੰਬਾਈ 29.530587946 ਗੁਣਾ 12 = 354.367055352 ਦਿਨ ਭਾਵ 354 ਦਿਨ 8 ਘੰਟੇ 48 ਮਿੰਟ 33.58 ਸੈਕੰਡ (ਲਗ ਪਗ) ਬਣਦੀ ਹੈ। ਇਸ ਤਰ੍ਹਾਂ ਚੰਦਰ ਸਾਲ ਸੂਰਜੀ ਸਾਲ ਤੋਂ ਲਗਪਗ 11 ਦਿਨ ਛੋਟਾ ਹੋਣ ਕਰਕੇ ਸਾਰੇ ਗੁਰਪੁਰਬ ਦੀਆਂ ਤਰੀਖਾਂ ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਅਤੇ ਉਸ ਤੋਂ ਅਗਲੇ ਸਾਲ 22 ਦਿਨ ਪਹਿਲਾਂ ਆ ਜਾਂਦੀਆਂ ਹਨ। ਉਸ ਤੋਂ ਅਗਲੇ ਸਾਲ 33 ਦਿਨ ਪਹਿਲਾਂ ਆਉਣੀਆਂ ਸਨ ਪਰ ਚੰਦਰ ਸਾਲ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਹਰ ਦੂਸਰੇ ਜਾਂ ਤੀਸਰੇ ਸਾਲ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਭਾਵ ਉਸ ਸਾਲ ਵਿੱਚ ਚੰਦਰਮਾਂ ਦੇ 12 ਦੀ ਵਜਾਏ 13 ਮਹੀਨੇ ਅਤੇ ਇੱਕੋ ਨਾਮ ਦੇ ਦੋ ਮਹੀਨੇ ਆ ਜਾਂਦੇ ਹਨ। ਇਸ ਵਾਧੂ ਮਹੀਨੇ ਨੂੰ ਮਲਮਾਸ ਜਾਂ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ ਜਿਸ ਨੂੰ ਮਨਹੂਸ ਮੰਨਿਆ ਜਾਣ ਕਰਕੇ ਇਸ ਮਹੀਨੇ ਵਿੱਚ ਕੋਈ ਵੀ ਧਾਰਮਿਕ ਕੰਮ ਨਹੀਂ ਕੀਤਾ ਜਾਂਦਾ। ਇਸ ਮਹੀਨੇ ਤੋਂ ਪਿੱਛੋਂ ਆਉਣ ਵਾਲੇ ਸਾਰੇ ਧਾਰਿਮਕ ਦਿਹਾੜੇ 29 ਜਾਂ 30 ਦਿਨ ਪਛੜ ਕੇ ਮਨਾਏ ਜਾਂਦੇ ਹਨ। ਬਿਕ੍ਰਮੀ ਚੰਦਰ ਸਾਲ ਦਾ ਇੱਕ ਹੋਰ ਗੋਰਖਧੰਦਾ ਇਹ ਵੀ ਹੈ ਕਿ ਕਦੇ ਸੂਰਜ ਕਿਸੇ ਇੱਕ ਚੰਦਰ ਮਹੀਨੇ ਵਿੱਚ ਦੋ ਵਾਰੀ ਰਾਸ਼ੀ ਪ੍ਰੀਵਰਤਨ ਕਰ ਲੈਦਾ ਹੈ, ਇਸ ਮਹੀਨੇ ਨੂੰ ਵਿਗਿਆਨੀ ਕਸ਼ਿਆ ਜਾਂ ਘਟਿਆ ਮਹੀਨਾ ਆਖ ਦਿੰਦੇ ਹਨ। ਇੱਥੇ ਚੰਦਰ ਸਾਲ ਦੇ ਬਾਰਾਂ ਦੀ ਬਜਾਏ ਗਿਆਰਾਂ ਮਹੀਨੇ ਰਹਿ ਜਾਂਦੇ ਹਨ।’ ਅਜਿਹਾ 141 ਸਾਲਾਂ ਵਿੱਚ ਇੱਕ ਵਾਰ ਹੋ ਜਾਂਦਾ ਹੈ ਅਤੇ ਇਸ ਦੇ ਨਾਲ ਹੀ 19 ਸਾਲਾਂ ਪਿਛੋਂ ਦੁਬਾਰਾ ਫਿਰ ਹੋ ਜਾਂਦਾ ਹੈ। ਇਸੇ ਨਿਯਮ ਅਨੁਸਾਰ ਜੇ ਕਦੀ ਪੋਹ ਦਾ ਮਹੀਨਾ ਹੀ ਨਾ ਆਵੇ ਤਾਂ ਦੱਸੋ ਉਸ ਸਾਲ ਪੋਹ ਸੁਦੀ ੭ ਮੁਤਾਬਿਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗੁਰਪੁਰਬ ਕਦੋਂ ਮਨਾਈਏ? ਚੰਦਰ ਮਹੀਨਾ 30 ਦਿਨਾਂ ਦੀ ਵਜਾਏ 29 ਦਿਨ 12 ਘੰਟੇ 44 ਮਿੰਟ 2.8 ਸੈਕੰਡ ਦਾ ਹੋਣ ਕਾਰਣ ਹਰ ਮਹੀਨੇ ਦੋ ਤਿੱਥਾਂ ਇੱਕੋ ਦਿਨ ਆ ਜਾਂਦੀਆਂ ਹਨ ਅਤੇ ਕਦੀ ਕਦੀ ਲਗਾਤਾਰ ਦੋ ਦਿਨ ਇੱਕੋ ਤਿੱਥ ਹੀ ਰਹਿੰਦੀ ਹੈ।

ਹੁਣ ਸਿੱਖ ਦੁਨੀਆ ਦੇ ਤਕਰੀਬਨ ਹਰ ਕੋਨੇ ਵਿੱਚ ਵਸੇ ਹੋਣ ਕਰਕੇ ਬਿਕ੍ਰਮੀ ਕੈਲੰਡਰ ਜਿਸ ਦੀ ਸਮਝ ਭਾਰਤ ਦੇ ਵੀ ੯੫ ਫੀਸਦੀ ਲੋਕਾਂ ਨੂੰ ਨਹੀਂ ਹੈ; ਉਹ ਬਿਕ੍ਰਮੀ ਕੈਲੰਡਰ ਵਿਦੇਸ਼ੀ ਸਿੱਖਾਂ ਦੀ ਸਮਝ ਤੋਂ ਬਹੁਤ ਹੀ ਦੂਰ ਦੀ ਗੱਲ ਹੈ ਅਤੇ ਨਾ ਹੀ ਉੱਥੇ ਪੰਡਿਤਾਂ ਵੱਲੋਂ ਤਿਆਰ ਕੀਤੀ ਯੰਤਰੀ ਮਲਦੀ ਹੈ ਜਿਸ ਤੋਂ ਉਹ ਗੁਰਪੁਰਬ ਦੀਆਂ ਤਰੀਖਾਂ ਵੇਖ ਸਕਣ। ਇਸ ਲਈ ਚਿਰਾਂ ਤੋਂ ਇਹ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਕਿ ਸਿੱਖ ਕੌਮ ਦਾ ਵੱਖਰਾ ਕੈਲੰਡਰ ਹੋਵੇ ਜਿਸ ਨੂੰ ਵਿਸ਼ਵ ਭਰ ਵਿੱਚ ਪ੍ਰਚਲਤ ਸਾਂਝੇ ਕੈਲੰਡਰ ਅਨੁਸਾਰ ਸਮਝਣਾ ਅਸਾਨ ਰਹੇ। ਸਿੱਖ ਪੰਥ ਦੀ ਇਸ ਲੋੜ ਨੂੰ ਪੂਰਾ ਕਰਨ ਲਈ ਸ: ਪਾਲ ਸਿੰਘ ਪੁਰੇਵਾਲ ਵੱਲੋਂ ਬਣਾਇਆ ਨਾਨਕਸ਼ਾਹੀ ਕੈਲੰਡਰ ਬਹੁਤ ਹੀ ਢੁਕਵਾਂ ਹੈ। ੳਨ੍ਹਾਂ ਨੇ ਕੈਲੰਡਰ ਤਿਆਰ ਕਰਨ ਲਈ ਸਿਰਫ ਅਟਕਲ ਪਚੂ ਹੀ ਨਹੀਂ ਲਗਾਏ ਸਗੋਂ ਕੈਲੰਡਰ ਵਿਗਿਆਨ ਅਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਇਸ ਅਧਿਐਨ ਅਨੁਸਾਰ:-

ਧਰਤੀ ਸੂਰਜ ਦੇ ਦੁਆਲੇ ਔਸਤਨ 365.24219 ਦਿਨ ਭਾਵ 365 ਦਿਨ 5 ਘੰਟੇ 48 ਮਿੰਟ 45.2 ਸੈਕੰਡ ਵਿੱਚ ਪੂਰਾ ਚੱਕਰ ਕਟਦੀ ਹੈ; ਜਿਸ ਨੂੰ ਰੁਤੀ ਸਾਲ ਕਹਿੰਦੇ ਹਨ। ਅੱਜ ਕੱਲ ਦੁਨੀਆਂ ਦੇ ਹਰ ਹਿੱਸੇ ਵਿੱਚ ਪ੍ਰਚੱਲਤ ਗਰੈਗੋਰੀਅਨ ਕੈਲੰਡਰ ਜਿਸ ਨੂੰ ਸੀ.ਈ. (ਕਾਮਨ ਏਰਾ) ਜਾਂ ਸਾਂਝਾ ਕੈਲੰਡਰ ਕਹਿੰਦੇ ਹਨ ਦੇ ਸਾਲ ਦੀ ਲੰਬਾਈ 365.2425 ਦਿਨ ਭਾਵ 365 ਦਿਨ 5 ਘੰਟੇ 49 ਮਿੰਟ 12 ਸੈਕੰਡ (ਲਗਪਗ) ਹੈ ਤੇ ਇਹ ਰੁੱਤੀ ਸਾਲ ਨਾਲ ਲਗਪਗ 26 ਸੈਕੰਡ ਵੱਡਾ ਹੋਣ ਕਰਕੇ ਲਗਪਗ 3300 ਸਾਲਾਂ ਵਿੱਚ ਸਿਰਫ ਇੱਕ ਦਿਨ ਪਛੜਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ ਨੰ: ੯੨੭ ’ਤੇ ਦਰਜ ਬਾਣੀ “ਰਾਮਕਲੀ ਮਹਲਾ ੫ ਰੁਤੀ ਸਲੋਕ” ਵਿੱਚ ਦੋ ਦੋ ਮਹੀਨਿਆਂ ਦੀਆਂ ੬ ਰੁੱਤਾਂ ਦਾ ਵਰਨਣ ਕੀਤਾ ਗਿਆ ਹੈ ਜਿਸ ਅਨੁਸਾਰ:

ਚੇਤ, ਵੈਸਾਖ ਬਸੰਤ ਰੁਤ ਦੇ ਮਹੀਨੇ ਹਨ: “ਰੁਤਿ ਸਰਸ ਬਸੰਤ ਮਾਹ; ਚੇਤੁ ਵੈਸਾਖ, ਸੁਖ ਮਾਸੁ ਜੀਉ ॥
ਜੇਠ, ਹਾੜ ਗਰਮੀ ਦੇ ਮਹੀਨੇ ਹਨ: “ਗ੍ਰੀਖਮ ਰੁਤਿ, ਅਤਿ ਗਾਖੜੀ; ਜੇਠ ਅਖਾੜੈ, ਘਾਮ ਜੀਉ ॥
ਸਾਵਣ, ਭਾਦੋਂ ਬਰਸਾਤ ਦੀ ਰੁੱਤ ਹੈ: “ਰੁਤਿ ਬਰਸੁ ਸੁਹੇਲੀਆ; ਸਾਵਣ ਭਾਦਵੇ ਆਨੰਦ ਜੀਉ ॥
ਅੱਸੂ, ਕਤਕ ਮਿੱਠੀ ਮਿੱਠੀ ਠੰਡ ਦਾ ਮੌਸਮ ਹੈ: “ਰੁਤਿ ਸਰਦ ਅਡੰਬਰੋ; ਅਸੂ ਕਤਕੇ ਹਰਿ ਪਿਆਸ ਜੀਉ ॥
ਮੱਘਰ ਪੋਹ ਸਰਦ ਰੁੱਤ ਹੈ: “ਰੁਤਿ ਸਿਸੀਅਰ ਸੀਤਲ; ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥
ਮਾਘ ਫੱਗਣ ਬਰਫਾਨੀ ਠੰਡ ਭਾਵ ਪਤਝੜ ਦੀ ਰੁੱਤ ਹੈ: “ਹਿਮਕਰ ਰੁਤਿ ਮਨਿ ਭਾਵਤੀ; ਮਾਘੁ ਫਗਣੁ ਗੁਣਵੰਤ ਜੀਉ ॥

ਇਸੇ ਤਰ੍ਹਾਂ ਬਾਰਹ ਮਾਹਾ ਮਾਂਝ ਮਹਲਾ ੫ (ਪੰਨਾ 133) ਅਤੇ ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ (ਪੰਨਾ 1107) ਵਿੱਚ ਸੰਗ੍ਰਾਂਦ ਜਾਂ ਸੰਕ੍ਰਾਂਤੀ ਦਾ ਕਿਧਰੇ ਜਿਕਰ ਨਹੀਂ ਹੈ ਕਿ ਇਹ ਉਹ ਪਵਿੱਤਰ ਦਿਹਾੜਾ ਹੈ ਜਿਸ ਦਿਨ ਸੂਰਜ ਇੱਕ ਰਾਸ ਤੋਂ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ ਜਿਸ ਨੂੰ ਕੋਈ ਵੀ ਮਨੁੱਖ ਬਦਲ ਨਹੀਂ ਸਕਦਾ। ਇਨਾਂ ਵਿੱਚ ਵੀ ਸਿਰਫ ਮਹੀਨਿਆਂ ਦੇ ਮੌਸਮ ਦਾ ਵਰਨਣ ਕਰਕੇ ਉਸ ਮੌਸਮ ਵਿੱਚ ਪ੍ਰਭੂ ਤੋਂ ਵਿਛੜੀ ਅਤੇ ਪ੍ਰਭੂ ਨਾਲ ਜੁੜੀ ਜੀਵ-ਇਸਤ੍ਰੀ ਦੀ ਅਤਮਿਕ ਦਸ਼ਾ ਦਾ ਵਰਨਣ ਹੀ ਕੀਤਾ ਗਿਆ ਹੈ ਜਿਵੇਂ ਕਿ:-

ਆਸਾੜੁ ਤਪੰਦਾ ਤਿਸੁ ਲਗੈ; ਹਰਿ ਨਾਹੁ ਨ ਜਿੰਨਾ ਪਾਸਿ ॥” ਹਾੜ ਦਾ ਮਹੀਨਾ ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ (ਉਹ ਬੰਦੇ ਹਾੜ ਦੇ ਮਹੀਨੇ ਵਾਂਗ ਤਪਦੇ-ਕਲਪਦੇ ਰਹਿੰਦੇ ਹਨ) ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਪਤੀ ਨਹੀਂ ਵੱਸਦਾ।

ਆਸਾੜੁ ਸੁਹੰਦਾ ਤਿਸੁ ਲਗੈ; ਜਿਸੁ ਮਨਿ, ਹਰਿ ਚਰਣ ਨਿਵਾਸ ॥੫॥” ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ (ਉਸ ਨੂੰ ਦੁਨੀਆ ਦੇ ਦੁੱਖ-ਕਲੇਸ਼ ਭੀ ਦੁਖੀ ਨਹੀਂ ਕਰ ਸਕਦੇ) ॥੫॥

ਭਾਦੁਇ, ਭਰਮਿ ਭੁਲਾਣੀਆ; ਦੂਜੈ ਲਗਾ ਹੇਤੁ ॥” (ਜਿਵੇਂ) ਭਾਦਰੋਂ (ਦੇ ਤ੍ਰਾਟਕੇ ਤੇ ਘੁੰਮੇ) ਵਿਚ (ਮਨੁੱਖ ਬਹੁਤ ਘਬਰਾਂਦਾ ਹੈ, ਤਿਵੇਂ) ਜਿਸ ਜੀਵ-ਇਸਤ੍ਰੀ ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ।

ਸੇ ਭਾਦੁਇ, ਨਰਕਿ ਨ ਪਾਈਅਹਿ; ਗੁਰੁ ਰਖਣ ਵਾਲਾ ਹੇਤੁ ॥੭॥” ਜੋ ਪ੍ਰਭੂ ਨੂੰ ਪਿਆਰ ਕਰਦੇ (ਅਤੇ ਗੁਰੂ ਦੀ ਕਿਰਪਾ ਨਾਲ) ਪ੍ਰਭੂ ਦੀ ਸਰਨ ਵਿਚ ਆ ਜਾਂਦੇ ਹਨ; ਉਹ ਭਾਦੋਂ (ਦੇ ਤ੍ਰਾਟਕੇ ਤੇ ਘੁੰਮੇ) ਵਿਚ ਵੀ ਨਰਕ ਵਿਚ ਨਹੀਂ ਪਾਏ ਜਾਂਦੇ॥੭॥

ਗੁਰਬਾਣੀ ਅਨੁਸਾਰ ਤਿੱਥਾਂ ਵਾਰਾਂ ਨੂੰ ਚੰਗਾ ਜਾਂ ਮਾੜਾ ਮੰਨ ਕੇ ਪੂਜਣ ਵਾਲਿਆਂ ਨੂੰ ਮੁਗਧ ਗੁਬਾਰ ਅਤੇ ਹੱਥ ਵਿੱਚ ਦੀਵਾ ਫੜ ਕੇ ਖੂਹ ਵਿੱਚ ਡਿੱਗਣ ਵਾਲੇ ਦੱਸਿਆ ਗਿਆ ਹੈ:- ‘ਆਪੇ ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥’ {ਬਿਲਾਵਲੁ ਸਤ ਵਾਰ (ਮ: 3) ਪੰਨਾ 843} ਅਤੇ ‘ਚਉਦਸ ਅਮਾਵਸ, ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ, ਕੂਪਿ ਪਰਹਿ ॥2॥’ {ਰਾਮਕਲੀ (ਭਗਤ ਕਬੀਰ ਜੀਉ) ਪੰਨਾ 970}

ਇਸ ਪੱਖੋਂ ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਬਹੁਤ ਹੀ ਢੁੱਕਵਾਂ ਹੈ; ਕਿਉਂਕਿ ਇਸ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਨਿਸਚਤ ਕਰ ਦਿੱਤੀ ਗਈ ਹੈ। ਪਹਿਲੇ ਪੰਜ ਮਹੀਨੇ ਚੇਤ, ਵੈਸਾਖ, ਜੇਠ, ਹਾੜ, ਸਾਵਣ 31-31 ਦਿਨਾਂ ਦੇ; ਅਖੀਰਲੇ ਸੱਤ ਮਹੀਨੇ ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ, ਫੱਗਣ 30-30 ਦਿਨਾਂ ਦੇ ਹੋਣਗੇ। ਜਿਸ ਸਾਲ ਲੀਪ ਦੇ ਸਾਲ ਵਿੱਚ ਫਰਵਰੀ 29 ਦਿਨਾਂ ਦੀ ਹੋਵੇਗੀ ਉਸ ਸਾਲ ਇਸ ਮਹੀਨੇ ਵਿੱਚ ਅਰੰਭ ਹੋਣ ਵਾਲਾ ਮਹੀਨਾ ਫੱਗਣ ਆਪਣੇ ਆਪ 31 ਦਿਨ ਦਾ ਹੋ ਜਾਵੇਗਾ। 3300 ਸਾਲਾਂ ਵਿੱਚ ਇੱਕ ਦਿਨ ਦੇ ਫਰਕ ਕਾਰਣ ਜਦੋਂ ਕਦੇ ਲੰਬੇ ਸਮੇਂ ਬਾਅਦ ਗਰੈਗੋਰੀਅਨ ਕੈਲੰਡਰ ਦਾ ਰੁੱਤਾਂ ਨਾਲੋਂ ਫਰਕ ਪਿਆ ਤੇ ਇਸ ਕੈਲੰਡਰ ਵਿੱਚ ਸੋਧ ਕੀਤੀ ਗਈ ਤਾਂ ਇਸ ਨਾਲ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਆਪਣੇ ਆਪ ਹੋ ਜਾਵੇਗੀ ਕਿਉਂਕਿ ਇਸ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਨਿਸਚਤ ਹੋਣ ਕਰਕੇ ਹਰ ਮਹੀਨੇ ਦਾ ਆਰੰਭ ਭਾਵ ਪਹਿਲੀ ਤਰੀਖ ਹਮੇਸ਼ਾਂ ਲਈ ਪੱਕੇ ਤੌਰ ’ਤੇ ਨਿਸਚਤ ਹੋ ਗਈ ਹੈ। ਜਿਸ ਅਨੁਸਾਰ:

ਪਹਿਲੇ ਦੋ ਮਹੀਨਿਆਂ ਦਾ ਅਰੰਭ 14 ਤਰੀਖ ਨੂੰ, ਭਾਵ ਚੇਤ= 14 ਮਾਰਚ, ਵੈਸਾਖ= 14 ਅਪ੍ਰੈਲ;
ਅਗਲੇ ਦੋ ਮਹੀਨੇ ਦਾ ਆਰੰਭ 15 ਤਰੀਖ ਨੂੰ; ਭਾਵ ਜੇਠ= 15 ਮਈ, ਹਾੜ= 15 ਜੂਨ;
ਅਗਲੇ ਦੋ ਮਹੀਨੇ ਦਾ ਆਰੰਭ 16 ਤਰੀਖ ਨੂੰ; ਭਾਵ ਸਾਵਣ= 16 ਜੁਲਾਈ, ਭਾਦੋਂ= 16 ਅਗਸਤ

6 ਮਹੀਨੇ ਤੋਂ ਬਾਅਦ ਦੋ ਦੋ ਦੇ ਜੁੱਟ ਦੇ ਮਹੀਨਿਆਂ ਦੇ ਆਰੰਭ ਦੀ ਤਰੀਖ ਇੱਕ ਇੱਕ ਕਰਕੇ ਘਟਣੀ ਸ਼ੁਰੂ ਹੋ ਜਵੇਗੀ, ਜਿਵੇਂ ਕਿ:-

ਅੱਸੂ = 15 ਸਤੰਬਰ, ਕੱਤਕ = 15 ਅਕਤੂਬਰ;
ਮੱਘਰ = 14 ਨਵੰਬਰ, ਪੋਹ = 14 ਦਸੰਬਰ;
ਮਾਘ = 13 ਜਨਵਰੀ ਅਤੇ ਫੱਗਣ = 12 ਫਰਵਰੀ

ਇਸ ਤਰ੍ਹਾਂ ਇਸ ਕੈਲੰਡਰ ਵਿੱਚ ਜਿਥੇ ਇੱਕ ਵਾਰ ਨਿਸਚਤ ਕੀਤੀਆਂ ਤਰੀਖਾਂ ਸਦਾ ਸਦਾ ਲਈ ਹੀ ਸਥਿਰ ਰਹਿਣਗੀਆਂ ਉਥੇ ਇਸ ਦੇ ਸਾਲ ਦੀ ਔਸਤਨ ਲੰਬਾਈ (365 ਦਿਨ 5 ਘੰਟੇ 49 ਮਿੰਟ 12 ਸੈਕੰਡ) ਸਾਰੀ ਦੁਨੀਆਂ ਵਿੱਚ ਪ੍ਰਚਲਤ ਸਾਂਝੇ ਕੈਲੰਡਰ (ਈਸਵੀ) ਦੇ ਬਿਲਕੁਲ ਬਰਾਬਰ ਹੋਵੇਗੀ ਅਤੇ ਮੌਸਮੀ ਸਾਲ (365 ਦਿਨ 5 ਘੰਟੇ 48 ਮਿੰਟ 45.2 ਸੈਕੰਡ) ਦੇ ਬਹੁਤ ਹੀ ਨਜ਼ਦੀਕ ਹੋਣ ਕਰਕੇ ਗੁਰਬਾਣੀ ਵਿੱਚ ਵਰਨਣ ਕੀਤੀਆਂ ਰੁੱਤਾਂ ਨਾਲ ਤਕਰੀਬਨ ਜੁੜਿਆ ਰਹੇਗਾ, ਭਾਵ 3300 ਸਾਲ ਵਿੱਚ ਕੇਵਲ 1 ਦਿਨ ਦਾ ਫਰਕ ਪਏਗਾ। ਜਦੋਂ ਕਿ ਬਿਕ੍ਰਮੀ ਸਾਲ (ਦ੍ਰਿੱਕ ਗਣਿਤ) ਦੀ ਲੰਬਾਈ ਮੌਸਮੀ ਸਾਲ ਤੋਂ ਤਕਰੀਬਨ 20 ਮਿੰਟ ਵੱਧ ਹੋਣ ਕਰਕੇ 71-72 ਸਾਲਾਂ ਵਿੱਚ ਹੀ 1 ਦਿਨ ਦਾ ਅਤੇ 3300 ਸਾਲ ਵਿੱਚ ਤਕਰੀਬਨ 46 ਦਿਨ ਦਾ ਫਰਕ ਪੈ ਜਾਵੇਗਾ। ਇਸ ਤਰ੍ਹਾਂ ਗੁਰਬਾਣੀ ਵਿੱਚ ਵੱਖ ਵੱਖ ਮਹੀਨਿਆਂ ਦੇ ਦਰਸਾਏ ਗਏ ਮੌਸਮਾਂ ਦਾ ਸਬੰਧ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਨਾਲੋਂ ਬਿਲਕੁਲ ਟੁੱਟ ਜਾਵੇਗਾ ਜਦੋਂ ਕਿ ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਜਿੱਥੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਹਮੇਸ਼ਾਂ ਲਈ ਸਥਿਰ ਤਰੀਖਾਂ ਨੂੰ ਹੀ ਆਉਣਗੇ ਉਥੇ ਇਸ ਦੇ ਮਹੀਨਿਆਂ ਦਾ ਮੌਸਮ ਵੀ ਗੁਰਾਬਣੀ ਵਿੱਚ ਦਰਜ ਮਹੀਨਿਆਂ ਅਨੁਸਾਰ ਰਹੇਗਾ।

ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਦੇ ਪਹਿਲਾਂ ਬੇਸ਼ੱਕ ਅਨੇਕਾਂ ਇਤਰਾਜ ਸਨ ਪਰ ਹੁਣ ਜਿਉਂ ਜਿਉਂ ਸੰਗਤਾਂ ਨੂੰ ਨਾਨਕਸ਼ਾਹੀ ਕੈਲੰਡਰ ਦੇ ਗੁਣਾਂ ਦੀ ਸਮਝ ਆਉਣ ਲੱਗੀ ਹੈ ਤਿਉਂ ਤਿਉਂ ਵਿਰੋਧੀਆਂ ਦੇ ਇਤਰਾਜ ਖਾਰਜ ਹੁੰਦੇ ਜਾ ਰਹੇ ਹਨ। ਹੁਣ ੳਨ੍ਹਾਂ ਦਾ ਇੱਕੋ ਇਤਰਾਜ ਰਹਿ ਗਿਆ ਹੈ ਕਿ ਜਿਹੜਾ ਕੈਲੰਡਰ ਗੁਰੂਕਾਲ ਵਿੱਚ ਲਾਗੂ ਸੀ ਉਸ ਨੂੰ ਅਸੀਂ ਕਿਉਂ ਛੱਡੀਏ? ਇਸ ਇਤਰਾਜ ਦਾ ਜਵਾਬ ਉਕਤ ਗੁਰਬਾਣੀ ਤੁਕਾਂ ਵਿੱਚੋਂ ਪਹਿਲਾਂ ਹੀ ਮਿਲ ਚੁੱਕਾ ਹੈ ਕਿ ਗੁਰਮਤਿ ਵਿੱਚ ਸੰਗ੍ਰਾਂਦ ਦਾ ਕੋਈ ਸਥਾਨ ਜਾਂ ਮਹੱਤਵ ਨਹੀਂ ਹੈ ਅਤੇ ਨਾਂ ਹੀ ਸਿੱਖਾਂ ਲਈ ਇਹ ਪਵਿੱਤਰ ਦਿਹਾੜੇ ਹਨ। ਜੇ ਇਤਰਾਜ ਕਰਨ ਵਾਲਿਆਂ ਕੋਲ ਗੁਰਬਾਣੀ ਵਿੱਚੋਂ ਕੋਈ ਇੱਕ ਵੀ ਪੰਕਤੀ ਐਸੀ ਹੈ ਜਿਸ ਅਨੁਸਾਰ ਸੰਗ੍ਰਾਂਦ ਦਾ ਸਿੱਖ ਪੰਥ ਲਈ ਕੋਈ ਮਹੱਤਵ ਹੈ ਤਾਂ ੳਹ ਸੰਗਤਾਂ ਨਾਲ ਜਰੂਰ ਸਾਂਝਾ ਕਰਨ।

ਦੂਸਰਾ ਇਤਰਾਜ ਇਹ ਹੈ ਕਿ ਬਿਕ੍ਰਮੀ ਕੈਲੰਡਰ ਦੀਆਂ ਸੰਗ੍ਰਾਂਦਾਂ ਕੁਦਰਤੀ ਨਿਯਮਾਂ ਅਨੁਸਾਰ ਹਨ ਭਾਵ ਜਿਸ ਦਿਨ ਸੂਰਜ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਉਸ ਦਿਨ ਸੰਗ੍ਰਾਂਦ ਹੁੰਦੀ ਹੈ ਪਰ ਪੁਰੇਵਾਲ ਨੇ ਆਪਹੁਦਰੇ ਢੰਗ ਨਾਲ ਸੰਗ੍ਰਾਂਦਾਂ ਨਿਸਚਤ ਕਰ ਦਿਤੀਆਂ ਹਨ ਜਿਸ ਕਾਰਣ ਹਰ ਸਾਲ ਕੁਝ ਮਹੀਨਿਆਂ ਦੀਆਂ ਦੋ ਦੋ ਸੰਗ੍ਰਾਂਦਾਂ ਆ ਜਾਂਦੀਆਂ ਹਨ। ਨਦਾਨ ਵੀਰ ਇਹ ਇਤਰਾਜ ਕਰਨ ਤੋਂ ਪਹਿਲਾਂ ਇਹ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇਸ ਸਮੇਂ ਉੱਤਰੀ ਅਤੇ ਦੱਖਣੀ ਭਾਰਤ ਵਿੱਚ ਦੋ ਵੱਖ ਵੱਖ ਬਿਕ੍ਰਮੀ ਕੈਲੰਡਰ ਲਾਗੂ ਹਨ ਜਿਨ੍ਹਾਂ ਦੀਆਂ ਸੰਗ੍ਰਾਂਦਾਂ ਵੀ ਆਪਸ ਵਿੱਚ ਨਹੀਂ ਮਿਲਦੀਆਂ। ਮਿਸਾਲ ਦੇ ਤੌਰ ’ਤੇ 2007 ਈਸਵੀ ਦੀ ਡਾਇਰੀ ਜੋ ਗੀਤਾ ਪ੍ਰੈੱਸ ਗੋਰਖਪੁਰ ਵਲੋਂ ਛਪੀ ਹੈ ਅਤੇ ਦੂਸਰੀ ਮਾਰਤੰਡ ਪੰਚਾਂਗ ਕੁਰਾਲੀ ਵੱਲੋਂ ਛਪੀ ਹੈ ਦੀਆਂ ਵੱਖ ਵੱਖ ਸੰਗ੍ਰਾਂਦਾਂ ਇਸ ਪ੍ਰਕਾਰ ਹਨ:

ਮਾਘ 14 ਜਨਵਰੀ; 14 ਜਨਵਰੀ
ਫੱਗਣ 13 ਫਰਵਰੀ: 12 ਫਰਵਰੀ
ਚੇਤ 14 ਮਾਰਚ 14 ਮਾਰਚ
ਵੈਸਾਖ 14 ਅਪ੍ਰੈਲ 14 ਅਪ੍ਰੈਲ
ਜੇਠ 15 ਮਈ 15 ਮਈ
ਹਾੜ 15 ਜੂਨ 15 ਜੂਨ
ਸਾਵਣ 17 ਜੁਲਾਈ 16 ਜੁਲਾਈ
ਭਾਦੋਂ 17 ਅਗਸਤ 17 ਅਗਸਤ
ਅੱਸੂ 17 ਸਤੰਬਰ 17 ਸਤੰਬਰ
ਕੱਤਕ 18 ਅਕਤੂਬਰ 17 ਅਕਤੂਬਰ
ਮੱਘਰ 17 ਨਵੰਬਰ 16 ਨਵੰਬਰ
ਮਾਘ 16 ਦਸੰਬਰ 16 ਦਸੰਬਰ

ਉਕਤ ਚਾਰਟ ਤੋਂ ਸਪਸ਼ਟ ਹੈ ਕਿ ਉੱਤਰੀ ਅਤੇ ਦੱਖਣੀ ਭਾਰਤ ਵਿੱਚ ਪ੍ਰਚੱਲਤ ਬਿਕ੍ਰਮੀ ਕੈਲੰਡਰਾਂ ਵਿੱਚ ਵੀ ਚਾਰ ਐਸੇ ਮਹੀਨੇ ਹਨ ਜਿਨ੍ਹਾਂ ਵਿੱਚ ਦੋ ਦੋ ਸੰਗ੍ਰਾਂਦਾ ਆਉਂਦੀਆਂ ਹਨ ਅਤੇ ਜਿਹੜਾ ਸੂਰਜੀ ਸਿਧਾਂਤ ਵਾਲਾ ਬਿਕ੍ਰਮੀ ਕੈਲੰਡਰ ਗੁਰੂਕਾਲ ਵਿੱਚ ਲਾਗੂ ਸੀ ਉਸ ਨੂੰ 1964 ਵਿੱਚ ਇਹ ਖ਼ੁਦ ਹੀ ਤਿਲਾਂਜਲੀ ਦੇ ਚੁੱਕੇ ਹਨ ਕਿਉਂਕਿ ਇਨ੍ਹਾਂ ਨੇ 1964 ਵਿੱਚ ਦ੍ਰਿੱਕ ਗਣਿਤ ਅਨੁਸਾਰ ਸੋਧੇ ਹੋਏ ਕੈਲੰਡਰ ਨੂੰ ਅਪਣਾ ਲਿਆ ਹੈ। ਦੂਸਰੀ ਗੱਲ ਹੈ ਕਿ ਸ: ਪਾਲ ਸਿੰਘ ਪੁਰੇਵਾਲ ਨੇ ਸੰਗ੍ਰਾਂਦਾਂ ਨਹੀਂ ਮਹੀਨਿਆਂ ਦੇ ਅਰੰਭ ਦੀਆਂ ਤਰੀਖਾਂ ਮਿਥੀਆਂ ਹਨ ਅਤੇ ਜਰੂਰੀ ਨਹੀਂ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਪਹਿਲੀਆਂ ਤਰੀਖਾਂ ਬਿਕ੍ਰਮੀ ਕੈਲੰਡਰ ਦੀਆਂ ਸੰਗ੍ਰਾਂਦਾਂ ਨਾਲ ਮੇਲ ਖਾਣ।

ਜੇ ਅਸੀਂ ਇਹ ਤਰੀਖਾਂ ਮਿਲਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਕਤਈ ਤੌਰ ’ਤੇ ਸਹੀ ਨਹੀਂ ਹੋਵੇਗਾ ਜਿਵੇਂ ਕਿ 2010 ਵਿੱਚ ਗੁਰਮਤਿ ਅਤੇ ਕੈਲੰਡਰ ਵਿਗਿਆਨ ਤੋਂ ਅਣਜਾਣ ਸਿੱਖ ਆਗੂਆਂ ਨੇ ਵੋਟਾਂ ਦੀ ਖਾਤਰ ਨਾਨਕਸ਼ਾਹੀ ਕੈਲੰਡਰ ਨੂੰ ਸੋਧ ਦੇ ਨਾਮ ਹੇਠ ਵਿਗਾੜ ਕੇ ਸਿੱਖ ਕੌਮ ’ਚ ਨਵੀਂ ਦੁਬਿਧਾ ਖੜ੍ਹੀ ਕੀਤੀ ਹੈ ਉਹ ਕਿਸੇ ਤੋਂ ਛੁਪੀ ਹੋਈ ਨਹੀਂ ਹੈ। ਇਸ ਵਿਗਾੜੇ ਹੋਏ ਕੈਲੰਡਰ ਅਨੁਸਾਰ ਕਦੀ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਸੌਂਪਣ ਤੋਂ ਪਹਿਲਾਂ ਆ ਜਾਂਦਾ ਹੈ ਅਤੇ ਕਦੀ ਪਿੱਛੋਂ।

ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ ੭ 28 ਦਸੰਬਰ ਨੂੰ ਉਸੇ ਦਿਨ ਆ ਗਿਆ, ਜਦੋਂ ਸਿੱਖ ਕੌਮ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ 13 ਪੋਹ ਨੂੰ ਮਨਾ ਰਹੀ ਹੋਵੇਗੀ; ਜਦੋਂ ਕਿ ਇਤਿਹਾਸ ਮੁਤਾਬਕ ਇਸ ਤਰ੍ਹਾਂ ਨਹੀਂ ਵਾਪਰਿਆ।

ਸੋ, ਜੇ ਸਿੱਖ ਆਗੂਆਂ ਅਤੇ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਕੌਮ ਨਾਲ ਕੋਈ ਸਰੋਕਾਰ ਹੈ, ਤਾਂ ਬਿਨਾਂ ਦੇਰੀ ਕੀਤਿਆਂ 2003 ਵਿੱਚ ਲਾਗੂ ਹੋਇਆ ਨਾਨਕਸ਼ਾਹੀ ਕੈਲੰਡਰ ਫੌਰੀ ਤੌਰ ’ਤੇ ਬਹਾਲ ਕਰਕੇ ਸਿੱਖ ਕੌਮ ਨੂੰ ਦੁਬਿਧਾ ਵਿੱਚੋਂ ਕੱਢ ਕੇ ਇਸ ਦੀ ਨਿਆਰੀ ਹੋਂਦ ਨੂੰ ਕਾਇਮ ਰੱਖਣ ਲਈ ਉੱਦਮ ਕਰਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top