Share on Facebook

Main News Page

ਜਥੇਦਾਰ ਸਪੱਸ਼ਟ ਕਰੇ ਕਿ ਉਹ ਪੰਥ ਦੋਖੀ ਹੈ ਜਾਂ ਹਿਤੈਸ਼ੀ
-: ਹਰਵਿੰਦਰ ਸਿੰਘ ਸਰਨਾ

* ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸੱਤ ਜਨਵਰੀ ਨੂੰ ਪੱਕਾ ਕਰ ਦਿੱਤਾ ਜਾਵੇ

ਨਵੀਂ ਦਿੱਲੀ 18 ਨਵੰਬਰ: ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜ ਸਿੰਘ ਸਾਹਿਬਾਨਾਂ ਵੱਲੋ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਵਸ ਦੀ ਤਰੀਕ ਬਦਲਣ ਦਾ ਕੜਾ ਨੋਟਿਸ ਲੈਦਿਆਂ ਕਿਹਾ ਕਿ ਜੇਕਰ ਬਾਰ ਬਾਰ ਗੁਰਪੁਰਬ ਦੀਆ ਤਰੀਕਾਂ ਵਿੱਚ ਤਬਦੀਲੀਆਂ ਕਰਨੀਆਂ ਹਨ, ਤਾਂ ਫਿਰ ਬਿਹਤਰ ਇਹੀ ਹੋਵੇਗਾ ਕਿ 2003 ਵਾਲਾ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕਰ ਦਿੱਤਾ ਜਾਵੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜੇ ਦੀ ਤਰੀਕ ਸੱਤ ਜਨਵਰੀ ਪੱਕੀ ਕਰ ਦਿੱਤੀ ਜਾਵੇ।

ਜਾਰੀ ਇੱਕ ਬਿਆਨ ਰਾਹੀ ਸ੍ਰ. ਸਰਨਾ ਨੇ ਕਿਹਾ ਕਿ ਬੀਤੇ ਕਲ੍ਹ ਇੱਕ ਵਾਰੀ ਫਿਰ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿੱਚ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲੀ ਕਰਕੇ ਸ੍ਰੀ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਜਿਹੜਾ 28 ਦਸੰਬਰ ਨੂੰ ਆ ਰਿਹਾ ਸੀ, ਦੀ ਤਰੀਕ ਇਸ ਕਰਕੇ ਤਬਦੀਲ ਕਰਕੇ ਸੱਤ ਜਨਵਰੀ 2015 ਕਰਨੀ ਪਈ, ਕਿਉਂਕਿ 26 ਤੋ ਲੈ ਕੇ 28 ਦਸੰਬਰ ਤੱਕ ਸੰਗਤਾਂ ਵੱਲੋਂ ਛੋਟੇ ਸਾਹਿਬਜਾਂਦਿਆ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਕੀਤੇ ਜਾਂਦੇ ਹਨ ਅਤੇ ਮੱਕੜ ਮਾਰਕਾ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਸ ਵਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵੀ 28 ਦਸੰਬਰ ਨੂੰ ਆ ਰਿਹਾ ਹੈ।

ਉਹਨਾਂ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਆਪਣੇ ਕਾਰਜਕਾਲ ਦੌਰਾਨ ਕੋਸ਼ਿਸ਼ ਕੀਤੀ ਸੀ ਕਿ ਗੁਰਪੁਰਬਾਂ ਦੀਆ ਤਰੀਕਾਂ ਪੱਕੇ ਤੌਰ 'ਤੇ ਨਿਸ਼ਚਿਤ ਕਰ ਦਿੱਤੀਆਂ ਜਾਣ ਤਾਂ ਕਿ ਇੱਕ ਤਰੀਕ ਦੂਸਰੀ ਨਾਲ ਜੁੜ ਨਾ ਜਾਵੇ ਤੇ ਉਹਨਾਂ ਦੇ ਸਮੇਂ ਪੰਜ ਜਨਵਰੀ ਨੂੰ ਸ੍ਰੀ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਪੱਕਾ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ 2003 ਵਾਲਾ ਨਾਨਕਸ਼ਾਹੀ ਕੈਲੰਡਰ ਪਾਲ ਸਿੰਘ ਪੁਰੇਵਾਲ ਨੇ ਬੜੀ ਜਦੋ ਜਹਿਦ ਤੇ ਵਿਦਵਾਨਾਂ ਦੀ ਲੰਮੀ ਤੇ ਦੀਰਘ ਵਿਚਾਰ ਤੋ ਬਾਅਦ ਹੀ ਤਿਆਰ ਕੀਤਾ ਸੀ, ਜਿਸ ਅਨੁਸਾਰ ਕਦੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਦੂਸਰੇ ਗੁਰਪੁਰਬਾ ਨਾਲ ਮੇਲ ਨਹੀਂ ਖਾਂਦਾ ਸੀ। ਉਹਨਾਂ ਕਿਹਾ ਕਿ ਬਾਰ ਬਾਰ ਤਰੀਕਾਂ ਵਿੱਚ ਰੱਦੋਬਦਲ ਕਰਨ ਨਾਲੋ ਇਹ ਚੰਗਾ ਹੈ, ਕਿ ਪੰਜ ਸਾਹਿਬਾਨ ਨੇ ਜਿਹੜੀ ਸੱਤ ਜਨਵਰੀ 23 ਪੋਹ ਗੁਰਪੁਰਬ ਦੀ ਤਰੀਕ ਨਿਰਧਾਰਤ ਕਰ ਦਿੱਤੀ ਹੈ, ਇਸ ਨੂੰ ਪੱਕੇ ਨੂੰ ਤੌਰ 'ਤੇ ਮਾਨਤਾ ਦੇ ਦਿੱਤੀ ਜਾਵੇ ਤਾਂ ਕਿ ਦੁਬਾਰਾ ਇਸ ਦਾ ਕੋਈ ਬਿਖੇੜਾ ਪੈਦਾ ਹੀ ਨਾ ਹੋਵੇ।

ਜਥੇਦਾਰ ਅਕਾਲ ਤਖਤ ਨੂੰ ਆੜੇ ਹੱਥੀ ਲੈਦਿਆਂ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਜਦੋਂ ਸ੍ਰ ਪਰਮਜੀਤ ਸਿੰਘ ਸਰਨਾ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਸਾਹਿਬਾਨ ਦੇ ਦਿਹਾੜੇ ਮਨਾਉਦੇ ਸਨ, ਤਾਂ ਤੁਸੀ ਇਹ ਕਹਿ ਕੇ ਭੰਡਦੇ ਸੀ ਕਿ ਸਰਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਪੰਥ ਦੋਖੀਆਂ ਦੀ ਕਤਾਰ ਵਿੱਚ ਖੜਾ ਹੈ, ਪਰ ਇਹ ਤਾਂ ਸਿੱਖ ਸੰਗਤਾਂ ਨੂੰ ਜਰੂਰ ਸਪੱਸ਼ਟ ਕਰ ਦਿੱਤਾ ਜਾਵੇ ਕਿ ਅੱਜ ਤੁਸੀਂ ਤਰੀਕ ਬਦਲੀ ਹੈ, ਹੁਣ ਤੁਸੀਂ ਪੰਥ ਦੋਖੀਆਂ ਜਾਂ ਫਿਰ ਪੰਥ ਹਿਤੈਸ਼ੀਆਂ ਦੀ ਕਤਾਰ ਵਿੱਚ ਖੜੋ ਹੋ? ਕੀ ਤੁਸੀਂ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਨਹੀਂ ਕੀਤੀ? ਉਹਨਾਂ ਕਿਹਾ ਕਿ ਸਿੰਘ ਸਾਹਿਬ ਜੀ ਥੋੜਾ ਗੁਰੂ ਦਾ ਖੌਫ ਖਾਉ ਤੇ ਕੌਮ 'ਤੇ ਰਹਿਮ ਕਰੋ, ਇਹ ਜਥੇਦਾਰੀਆਂ ਤੇ ਲਾਮ ਲਸ਼ਕਰ ਸਦਾ ਨਾਲ ਨਹੀਂ ਰਹਿਣਾ ਤੇ ਕੀਤੇ ਕੰਮਾਂ ਦਾ ਹਿਸਾਬ ਗੁਰੂ ਤੇ ਸੰਗਤ ਨੇ ਇੱਕ ਦਿਨ ਤੁਹਾਡੇ ਕੋਲੋਂ ਜ਼ਰੂਰ ਲੈਣਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top