Share on Facebook

Main News Page

ਮਾਨ ਨਾ ਮਾਨ ਮੈਂ ਤੇਰਾ ਮਹਿਮਾਨ
-: ਅਵਤਾਰ ਸਿੰਘ ਉੱਪਲ 94637-87110

ਪਿਛਲੇ ਕੁਝ ਸਮੇਂ ਤੋਂ ਲੋਕ ਸਭਾ ਦੀਆਂ ਹੋਈਆਂ ਚੋਣਾਂ ਵਿੱਚ ਪੰਜਾਬ ਅੰਦਰ ਅਰੁਣ ਜੇਤਲੀ ਪ੍ਰਮੁੱਖ ਭਾਜਪਾ ਆਗੂ ਦੀ ਹਾਰ, ਕੇਂਦਰ ਵਿੱਚ ਮੋਦੀ ਦੀ ਅਗਵਾਈ ਹੇਠ ਬਣੀ ਭਾਜਪਾ ਦੀ ਸਰਕਾਰ ਅਤੇ ਹਰਿਆਣਾ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਬਾਦਲ ਦੇ ਵਿਰੋਧ ਦੇ ਬਾਵਜੂਦ ਭਾਜਪਾ ਦਾ ਹਰਿਆਣੇ ਵਿੱਚ ਆਪਣੇ ਬਲਬੂਤੇ 'ਤੇ ਸਪੱਸ਼ਟ ਬਹੁਮੱਤ ਪ੍ਰਾਪਤ ਕਰਕੇ ਸਰਕਾਰ ਬਣਾਉਂਣ ਵਿੱਚ ਕਾਮਯਾਬ ਹੋ ਜਾਣਾ ਅਕਾਲੀ ਦਲ ਬਾਦਲ ਤੇ ਭਾਜਪਾ ਦੇ ਰਿਸ਼ਤਿਆਂ ਵਿੱਚ ਕੜਵਾਹਟ ਜਾਂ ਖਟਾਸ ਪੈਦਾ ਹੋਣ ਦਾ ਕਾਰਨ ਬਣਿਆ ਹੈ। ਪੰਜਾਬ ਅੰਦਰ ਅਕਾਲੀ ਦਲ ਬਾਦਲ, ਭਾਜਪਾ ਨਾਲ ਰਿਸ਼ਤਿਆਂ ਨੂੰ ਕਦੇ ਨਹੁੰ-ਮਾਸ ਦਾ ਅਤੇ ਕਦੀ ਪਤੀ ਪਤਨੀ ਦਾ ਪਵਿੱਤਰ ਰਿਸ਼ਤਾ ਦੱਸਦੇ ਹਨ, ਪਰ ਉਹ ਹਰਿਆਣੇ ਅਤੇ ਪੰਜਾਬ ਦੇ ਲੋਕਾਂ ਨੂੰ ਇਹ ਸਪੱਸ਼ਟ ਨਹੀ ਕਰ ਸਕੇ ਕਿ ਇਹ ਪਵਿੱਤਰ ਰਿਸ਼ਤਾ ਹਰਿਆਣੇ ਵਿੱਚ ਜਾ ਕੇ ਪਵਿੱਤਰ ਕਿਉਂ ਨਹੀਂ ਰਹਿ ਸਕਿਆ।

ਅਸਲ ਵਿੱਚ ਇਹ ਗਠਜੋੜ ਹੈ ਹੀ ਸਿਰੇ ਦੀ ਮੌਕਾਪ੍ਰਸਤੀ ਹੈ। ਦੋਹਾਂ ਪਾਰਟੀਆਂ ਦੀ ਪੰਜਾਬ ਦੀ ਸੱਤਾ ਉੱਪਰ ਕਬਜਾ ਬਰਕਰਾਰ ਰੱਖਣ ਲਈ ਇਹਨਾਂ ਦਾ ਗਠਜੋੜ ਮਜਬੂਰੀ ਬਣਿਆਂ ਹੋਇਆ ਹੈ। ਅਕਾਲੀ ਦਲ ਅਤੇ ਭਾਜਪਾ ਦੋਵੇਂ ਇੱਕ ਦੂਜੇ ਦੇ ਵਿਰੋਧੀ ਵਿਚਾਰਾਂ ਵਾਲੀਆਂ ਪਾਰਟੀਆਂ ਹਨ ਜਿਥੇ ਅਕਾਲੀ ਦਲ ਦਾ ਮੁੱਖ ਆਧਾਰ ਸਿੱਖ ਵੋਟਰ ਹਨ ਉੱਥੇ ਭਾਜਪਾ ਦਾ ਮੁੱਖ ਆਧਾਰ ਸ਼ਹਿਰੀ ਹਿੰਦੂ ਵੋਟਰ ਹਨ। ਇਕੱਲੇ-2 ਇਹ ਆਪਣੇ ਆਪ ਨੂੰ ਅਧੂਰਾ ਸਮਝਦੇ ਹਨ। ਇਹਨਾਂ ਦਾ ਹਾਲ ਉਸ ਨੋਟ ਵਰਗਾ ਹੈ ਜੋ ਦੋ ਪਰਤਾਂ ਵਿੱਚ ਛਪਦਾ ਹੋਵੇ, ਇੱਕ ਪਾਸਾ ਅਕਾਲੀ ਦਲ ਕੋਲ ਹੋਵੇ ਅਤੇ ਦੂਜਾ ਪਾਸਾ ਭਾਜਪਾ ਕੋਲ, ਦੋਹਾਂ ਦੇ ਇਕੱਠਿਆਂ ਹੋਣ ਤੋਂ ਬਿਨ੍ਹਾਂ ਉਹ ਨੋਟ ਬਾਜਾਰ ਵਿੱਚ ਚੱਲ ਨਹੀਂ ਸੀ ਸਕਦਾ। ਕਾਂਗਰਸ ਦੀ ਵੋਟ ਫੀਸਦੀ ਪੰਜਾਬ ਅੰਦਰ ਅਕਾਲੀ ਦਲ ਬਾਦਲ ਅਤੇ ਭਾਜਪਾ ਨਾਲੋਂ ਵੱਖਰੇ-2 ਤੌਰ ਤੇ ਜਿਆਦਾ ਹੈ ਪਰ ਦੋਹਾਂ ਪਾਰਟੀਆਂ ਦੀ ਕੁਲ ਫੀਸਦੀ ਦੇ ਮੁਕਾਬਲੇ ਕਾਂਗਰਸ ਦੀ ਵੋਟ ਫੀਸਦੀ ਘੱਟ ਜਾਂਦੀ ਹੈ।

ਭਾਜਪਾ ਨੇ ਪੰਜਾਬੀ ਸੂਬੇ ਦੀ ਕਾਇਮੀ ਤੋਂ ਲੈ ਕੇ ਅੱਜ ਤੱਕ ਪੰਜਾਬ ਦੀਆਂ ਹੱਕੀ ਮੰਗਾਂ ਅਤੇ ਵਿਸ਼ੇਸ਼ ਕਰਕੇ ਸਿੱਖ ਮੰਗਾਂ ਦਾ ਹਮੇਸ਼ਾਂ ਵਿਰੋਧ ਹੀ ਕੀਤਾ ਹੈ ਅਤੇ ਅਕਾਲੀ ਦਲ ਬਾਦਲ ਨੇ ਭਾਜਪਾ ਦੇ ਅੜਿੱਕੇ ਚੜ੍ਹ ਕੇ ਪੰਜਾਬ ਦੀਆਂ ਹੱਕੀ ਮੰਗਾਂ ਅਤੇ ਵਿਸ਼ੇਸ਼ ਕਰਕੇ ਸਿੱਖ ਮੰਗਾਂ ਤੋਂ ਪਿੱਠ ਕੀਤੀ ਹੋਈ ਹੈ ਪਰ ਪੰਜਾਬ ਦੀ ਸੱਤਾ ਹਥਿਆਉਣ ਲਈ ਇਹ ਗਠਜੋੜ ਮੌਕਾਪ੍ਰਸਤੀ ਤੋਂ ਵੱਧ ਕੁਝ ਵੀ ਨਹੀਂ ਹੈ। ਹੁਣ ਸਮੇਂ ਦੇ ਨਾਲ ਪੰਜਾਬ ਖਾਸ ਕਰਕੇ ਦੇਸ਼ ਅੰਦਰ ਸਿਆਸੀ ਮਾਹੌਲ ਬਦਲ ਗਿਆ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ਵਿੱਚ ਨਿਰੋਲ ਭਾਜਪਾ ਦੀ ਸਰਕਾਰ ਬਣ ਚੁੱਕੀ ਹੈ, ਉਪਰੰਤ ਮਹਾਂਰਾਸ਼ਟਰ ਅਤੇ ਹਰਿਆਣਾ ਵਿੱਚ ਵੀ ਉਹਨਾਂ ਦਾ ਕਬਜਾ ਹੋ ਚੁੱਕਾ ਹੈ ਤਾਂ ਅਜਿਹੇ ਵਿੱਚ ਭਾਜਪਾ ਸਮਝਦੀ ਹੈ ਕਿ ਉਹ ਪੰਜਾਬ ਅੰਦਰ ਮੋਦੀ ਲਹਿਰ ਦੇ ਸਹਾਰੇ ਆਪਣੇ ਤੌਰ 'ਤੇ ਸੱਤਾ ਉੱਪਰ ਕਬਜਾ ਕਰ ਸਕਦੀ ਹੈ, ਸੋ ਉਹਨਾਂ ਅਕਾਲੀ ਦਲ ਤੋਂ ਅੰਦਰੋਂ-ਅੰਦਰੀ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਹਾਲ ਹੀ ਵਿੱਚ ਪੰਜਾਬ ਅੰਦਰ ਹੋਈਆਂ ਮਾਰਕੀਟ ਕਮੇਟੀ ਅਤੇ ਉੱਪ-ਚੇਅਰਮੈਨ ਦੀਆਂ ਨਿਯੁਕਤੀਆਂ ਤੋਂ ਬਾਅਦ ਦੋਹਾਂ ਪਾਰਟੀਆਂ ਨੇ ਜਿਸ ਕਿਸੇ ਪਾਰਟੀ ਨਾਲ ਸੰਬੰਧਤ ਚੇਅਰਮੈਨ ਜਾਂ ਉੱਪ-ਚੇਅਰਮੈਨ ਬਣਿਆ ਸੀ, ਉਹਨਾਂ ਫਲੈਕਸ ਬੋਰਡਾਂ ਉੱਪਰ ਆਪਣੀ ਪਾਰਟੀ ਵਿਸ਼ੇਸ਼ ਦੀਆਂ ਹੀ ਤਸਵੀਰਾਂ ਲਗਾਈਆਂ ਹਨ। ਅਕਾਲੀ ਦਲ ਪਿਛਲੇ ਦੋ-ਤਿੰਨ ਸਾਲਾਂ ਤੋਂ ਸਿੱਖਾਂ ਵਿੱਚ ਆਪਣਾ ਆਧਾਰ ਛੇਤੀ ਨਾਲ ਗਵਾਉਂਦਾ ਜਾ ਰਿਹਾ ਹੈ ਅਤੇ ਭਾਜਪਾ ਸ਼ਹਿਰਾਂ ਵਿੱਚੋਂ ਨਿਕਲ ਕੇ ਪੇਂਡੂ ਸਿੱਖ ਇਲਾਕਿਆਂ ਵਿੱਚ ਪਹੁੰਚ ਕਰਕੇ ਆਪਣਾ ਕਾਡਰ ਮਜਬੂਤ ਕਰਦੀ ਜਾ ਰਹੀ ਹੈ, ਜਿਸ ਤੋਂ ਡਰ ਕੇ ਅਕਾਲੀ ਦਲ ਜਿਸਨੂੰ ਬਾਦਲ ਨੇ ਪਹਿਲਾਂ ਪੰਜਾਬੀ ਪਾਰਟੀ ਵਿੱਚ ਤਬਦੀਲ ਕੀਤਾ ਸੀ, ਹੁਣ ਹਿੰਦੂ ਪਾਰਟੀ ਵਿੱਚ ਤਬਦੀਲ ਕਰਦੇ ਨਜ਼ਰ ਆ ਰਹੇ ਹਨ, ਕਿਉਂਕਿ ਉਹ ਇਸ ਯੋਜਨਾ ਜਿਨ੍ਹਾਂ ਦੇ ਚੱਲਦਿਆਂ ਕੁਰਬਾਨੀ ਵਾਲੇ ਸਿੱਖਾਂ ਨੁੰ ਛੱਡ ਕੇ ਹਿੰਦੂਆਂ ਨੂੰ ਆਪਣੀ ਪਾਰਟੀ ਵਿੱਚ ਉੱਚ ਅਹੁਦਿਆਂ ਤੇ ਨਿਵਾਜ਼ ਕੇ ਸਨਮਾਨਿਤ ਕਰ ਰਹੇ ਹਨ। ਭਾਜਪਾ ਦੇ ਛੋਟੇ –ਵੱਡੇ ਨੇਤਾਵਾਂ ਨੇ ਪੰਜਾਬ ਸਰਕਾਰ ਦੀ ਆਲੋਚਨਾ ਸ਼ੁਰੂ ਕਰ ਦਿੱਤੀ ਹੈ ਇੱਥੋਂ ਤੱਕ ਬੀਬੀ ਸਿੱਧੂ ਨੇ ਦੋਹਾ ਬਾਦਲਾਂ ਤੋਂ ਅਸਤੀਫੇ ਦੀ ਮੰਗ ਕਰ ਦਿੱਤੀ, ਪਰ ਨਵਜੋਤ ਸਿੰਘ ਸਿੱਧੂ ਨੇ ਗੱਲ ਨੂੰ ਸਿਰੇ ਲਾਉਂਦਿਆਂ ਕਿਹਾ ਕਿ ਪੰਜਾਬ ਪਿਛਲੇ 7 ਸਾਲਾਂ ਤੋਂ ਸੰਤਾਪ ਹੰਢਾ ਰਿਹਾ ਹੈ। ਉਹ ਪੰਜਾਬ ਦੀ ਧਰਤੀ ਤੋਂ ਦੁਸ਼ਟਾਂ ਦਾ ਨਾਸ਼ ਕਰਨ ਲਈ ਬਹੁਤ ਜਲਦੀ ਪੰਜਾਬ ਆ ਰਹੇ ਹਨ। ‘ਰਾਜ ਨਹੀਂ ਸੇਵਾ’ ਦਾ ਨਾਅਰਾ ਦੇਣ ਵਾਲਿਆਂ ਬਾਰੇ ਉਹਨਾਂ ਕਿਹਾ ਕਿ ਉਹ 10% ਸੇਵਾ ਕਰ ਰਹੇ ਹਨ ਅਤੇ 90% ਮੇਵਾ ਛਕ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਇੰਨਸਾਫ ਨਹੀਂ ਮਿਲ ਰਿਹਾ। ਉਹਨਾਂ ਕਿਹਾ ਉਹ ਕਿ ਪੰਜਾਬ ਵਿੱਚ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰ ਦੇਣਗੇ ਸਿਰਫ 2 ਸਾਲਾਂ ਦੀ ਗੱਲ ਹੈ। ਉਹਨਾਂ ਦਾ ਇਸ਼ਾਰਾ ਆਉਂਣ ਵਾਲੀਆਂ ਵਿਧਾਨ ਸਭਾ ਚੋਣਾਂ ਵੱਲ ਹੈ। ਭਾਜਪਾ ਵਾਲੇ ਅਕਾਲੀ ਦਲ ਨੂੰ ਅੱਖਾਂ ਵਿਖਾਉਂਣ ਲਈ ਕੋਈ ਵੀ ਮੌਕਾ ਨਹੀਂ ਜਾਣ ਦਿੰਦੇ ਇਸਦੇ ਉੱਲਟ ਅਕਾਲੀ ਦਲ ਬਾਰ-2 ਗਠਜੋੜ ਨੂੰ ਕਾਇਮ ਰੱਖਣ ਦੀਆਂ ਗੱਲਾਂ ਕਹਿ ਰਿਹਾ ਹੈ ਕਿ ਉਹ ਸੰਬੰਧ ਤੋੜਨਾਂ ਨਹੀਂ ਚਾਹੁੰਦੇ ਪਰ ਜੇਕਰ ਭਾਜਪਾ ਤੋੜਨਾਂ ਚਾਹੇ ਤਾਂ ਇਹ ਭਾਜਪਾ ਦੀ ਮਰਜੀ ਹੈ।

ਅਕਾਲੀ ਦਲ, ਭਾਜਪਾ ਦੇ ਤਰਲਿਆਂ 'ਤੇ ਹੋ ਗਿਆ ਲੱਗਦਾ ਹੈ ਉਹਨਾਂ ਸਿੱਧੂ ਦੇ ਖਿਲਾਫ ਕਾਰਵਾਈ ਕਰਨ ਲਈ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੂੰ ਵੀ ਕਿਹਾ ਹੈ। ਅੱਜ ਅਕਾਲੀ ਦਲ ਦੀ ਸਥਿਤੀ ਭਾਜਪਾ ਦੇ ਘਰ ਵਿੱਚ ਬਿਨ ਬੁਲਾਏ ਮਹਿਮਾਨ ਜਾਂ ਅਣਚਾਹੇ ਮਹਿਮਾਨ ਵਰਗੀ ਹੋ ਗਈ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਸਿੱਧੂ ਪਤੀ-ਪਤਨੀ ਆਪਣੇ ਤੌਰ 'ਤੇ ਸਰਕਾਰ ਖਿਲਾਫ ਮੋਰਚਾ ਖੋਲ ਸਕਦੇ ਹਨ, ਜਾਂ ਸਿੱਧੂ ਨੂੰ ਭਾਜਪਾ ਹਾਈਕਮਾਨ ਵੱਲੋਂ ਅਜਿਹਾ ਕਰਨ ਦੀ ਹਰੀ ਝੰਡੀ ਮਿਲੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top