Share on Facebook

Main News Page

ਗੁਰੂਆਂ ਦੇ ਨਾਮ 'ਤੇ ਵੱਸਦੇ ਪੰਜਾਬ ‘ਚ ਭੰਗਵਾਂ ਝੰਡਾ ਨਹੀਂ ਝੁੱਲਣ ਦਿੱਤਾ ਜਾਵੇਗਾ
-: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ

ਅੰਮ੍ਰਿਤਸਰ 20 ਨਵੰਬਰ (ਜਸਬੀਰ ਸਿੰਘ) ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਹਿੰਦੂਤਵੀ ਜਮਾਤ ਆਰ.ਐਸ.ਐਸ ਅਤੇ ਭਾਜਪਾ ਨੂੰ ਖਬਰਦਾਰ ਕਰਦਿਆ ਜ਼ੋਰਦਾਰ ਲਫਜ਼ਾਂ ਵਿੱਚ ਕਿਹਾ ਕਿ ਗੁਰੂਆਂ, ਪੀਰਾਂ, ਪੈਗੰਬਰਾਂ, ਰਿਸ਼ੀਆ ਮੁਨੀਆ, ਭਗਤਾਂ ਦੇ ਨਾਮ ਤੇ ਵੱਸਦੇ ਪੰਜਾਬ ਦੀ ਧਰਤੀ ਉੱਪਰ ਫਿਰਕਾਪ੍ਰਸਤੀ ਦੀ ਫੈਲਾਉਣ ਵਾਲਾ ਭੰਗਵਾਂ ਝੰਡਾਂ ਕਿਸੇ ਵੀ ਸੂਰਤ ਵਿੱਚ ਝੁਲਾਉਣ ਨਹੀ ਦਿੱਤਾ ਜਾਵੇਗਾ।

ਅੱਜ ਇੱਥੇ ਕੇਂਦਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਜ਼ਾਰੀ ਬਿਆਨ ਵਿੱਚ ਖਾਲੜਾ ਮਿਸ਼ਨ ਦੇ ਬੁਲਾਰੇ ਸਤਵਿੰਦਰ ਸਿੰਘ ਪਲਾਸੌਰ ਅਤੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ ਨੇ ਕਿਹਾ ਕਿ ਬ੍ਰਾਹਮਣਵਾਦ ਤੇ ਸਮੇਂ ਦੇ ਹਾਕਮ ਸਿੱਖੀ ਦੇ ਨਾਲ ਜਨਮ ਤੋਂ ਹੀ ਵੈਰ ਕਮਾਉਂਦੇ ਆਏ ਹਨ ਅਤੇ ਗੁਰੂ ਨਾਨਕ ਵਿਚਾਰਧਾਰਾ ਦਾ ਉਪਦੇਸ਼ ਨੇ ਵਰਣਵੰਡ ਅਤੇ ਅਵਤਾਰਵਾਦ ਨੰ ਪੂਰੀ ਤਰਾ ਰੱਦ ਕੀਤਾ ਹੈ ਅਤੇ ਸਮੁੱਚੀ ਮਾਨਵਤਾ ਨੂੰ ਇੱਕ ਸਮਾਨ ਦੱਸਿਆ ਹੈ ਜਿਹਨਾਂ ਵਿੱਚ ਗਰੀਬ ਕਿਰਤੀਆ ਨੂੰ ਪਾਤਸ਼ਾਹੀਆਂ ਦੇਣ ਅਤੇ ਮਲਕਭਾਗੋਆਂ ਦਾ ਡੱਟ ਕੇ ਵਿਰੋਧ ਕੀਤਾ। ਉਹਨਾਂ ਕਿਹਾ ਕਿ ਭੰਗਵੇ ਝੰਡੇ ਵਾਲਿਆ ਨੂੰ ਗੁਰੂ ਨਾਨਕ ਦੀ ਵਿਚਾਰਾਧਾਰਾ ਸ਼ੂਲ ਵਾਂਗ ਚੁੱਭ ਰਹੀ ਹੈ ਅਤੇ ਇਹਨਾਂ ਦੇ ਬਰਦਾਸ਼ਤ ਤੋਂ ਬਾਹਰ ਹੈ । ਉਹਨਾਂ ਕਿਹਾ ਕਿ ਆਰ.ਐਸ.ਐਸ, ਭਾਜਪਾ ਅਤੇ ਧਰਮ ਨਿਰਪੱਖਤਾ ਦਾ ਬੁਰਕਾ ਪਾਈ ਫਿਰਦੀ ਕਾਂਗਰਸ ਸਾਰਿਆਂ ਦਾ ਮਕਸਦ ਇੱਕੋ ਹੀ ਕਿ ਦੇਸ ਦੀਆ ਘੱਟ ਗਿਣਤੀਆ ਨੂੰ ਖਤਮ ਕਰਨਾ ਹੈ। ਸਵਾਮੀ ਦਯਿਆਨੰਦ ਆਰੀਆ ਸਮਾਜੀ ਆਗੂ ਦਾ ਪੰਜਾਬ ਆ ਕੇ ਗੁਰੂ ਨਾਨਕ ਸਾਹਿਬ ਖਿਲਾਫ ਅੱਗ ਉਗਲਣਾ ਇਸੇ ਕੜੀ ਦੀ ਹੀ ਹਿੱਸਾ ਸੀ। ਪੰਜਾਬੀ ਸੂਬੇ ਦੀ ਵਿਰੋਧਤਾ, ਸਾਕਾ ਨੀਲਾ ਤਾਰਾ ਅਤੇ ਨਵੰਬਰ 1984 ਦਾ ਸਿੱਖ ਕਤਲੇਆਮ, 25000 ਸਿੱਖ ਨੌਜਵਾਨਾਂ ਦੇ ਝੂਠੇ ਪੁਲੀਸਂ ਮੁਕਾਬਲਿਆਂ ਬਾਰੇ ਇਹਨਾਂ ਧਿਰਾਂ ਦਾ ਇੱਕ ਜੁੱਟ ਹੋਣਾ ਇਹੋ ਸਾਬਤ ਕਰਦਾ ਹੈ ।

ਉਹਨਾਂ ਕਿਹਾ ਕਿ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਅੰਮ੍ਰਿਤਸਰ ਨੂੰ ਜਦੋਂ ਪਵਿੱਤਰ ਸ਼ਹਿਰ ਕਰਾਰ ਦੇਣ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਆਰ.ਐਸ.ਐਸ ਤੇ ਭਾਜਪਾ ਜਥੇਬੰਦੀਆਂ ਦੇ ਆਗੂ ਅੰਮ੍ਰਿਤਸਰ ਵਿੱਚ ਜਲੂਸ ਕੱਢ ਕੇ ‘‘ਸਿਗਰਟ ਬੀੜੀ ਪੀਏਂਗੇ, ਸ਼ਾਨ ਨਾਲ ਜੀਏਂਗੇ’’ ਨਾਅਰੇ ਲਗਾ ਰਹੇ ਸਨ। ਰੇਲਵੇ ਸਟੇਸ਼ਨ ‘ਤੇ ਸੁਸ਼ੋਭਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੋੜਣ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਤਸਵੀਰ ਪੈਰਾਂ ਹੇਠ ਰੋਦ ਕੇ ਬੇਅਦਬੀ ਕਰਨ ਵਾਲੇ ਹਰਬੰਸ ਲਾਲ ਖੰਨੇ ਵਰਗੇ ਸਮਾਜ ਵਿਰੋਧੀ ਤੇ ਮੁਤਸਵੀ ਤੋ ਬਾਅਦ ਹੁਣ ਜੇਤਲੀ ਦੀ ਚੋਣ ਸਮੇਂ ਖੰਨੇ ਦੀ ਯਾਦਗਾਰ ਵਾਲੀ ਜਗਾ ਨੂੰ ਪਾਰਟੀ ਦਾ ਚੋਣ ਦਫਤਰ ਬਣਾਉਣਾ ਵੀ ਇਸੇ ਲੜੀ ਦੀ ਹੀ ਹਿੱਸਾ ਹੈ।

ਖਾਲੜਾ ਮਿਸ਼ਨ ਨੇ ਕਿਹਾ ਕਿ ਆਰ.ਐਸ.ਐਸ ਨਵਜੋਤ ਸਿੱਧੂ ਨੂੰ ਮੋਹਰਾ ਬਣਾ ਕੇ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਵੇਗੀ ਭਾਵੇਂ ਕਿ ਸਿੱਧੂ ਦੀਆਂ ਗੱਲਾਂ ਵਜ਼ਨਦਾਰ ਹਨ ਕਿ ਸੇਵਾ ਦੇ ਨਾਂ ਤੇ 90 ਫੀਸਦੀ ਮੇਵਾ ਖਾਦਾ ਜਾ ਰਿਹਾ ਹੈ ਪਰ ਅਸਲੀਅਤ ਇਹ ਹੈ ਕਿ 90 ਫੀਸਦੀ ਮੇਵਾ ਬਾਦਲਕਿਆਂ, ਭਾਜਪਾ ਅਤੇ ਕਾਂਗਰਸ ਨੇ ਰਲ ਕੇ ਖਾਦਾ ਹੈ।ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਹੋਈ ਵੱਡੇ ਪੱਧਰ ਤੇ ਲੁੱਟ ਤੇ ਕੁੱਟ ਦੀ ਪੜਤਾਲ ਦਾ ਮੁੱਦਾ ਮੁੱਖ ਬਣਨ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਾਦਲਕਿਆਂ ਨੇ ਆਰ.ਐਸ.ਐਸ ਅਤੇ ਕਾਂਗਰਸ ਦੇ ਕੰਨਾੜਿਆ ਤੇ ਚੜ ਕੇ ਪੰਜਾਬ ਵਿਰੋਧੀ ਕੁਹਾੜੇ ਦਾ ਦਸਤਾ ਬਣ ਕੇ ਸੂਬੇ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਦਾ ਉਹਨਾਂ ਨੂੰ ਹਿਸਾਬ ਦੇਣਾ ਪਵੇਗਾ। ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਮਨੁੱਖਤਾ ਨੂੰ ਵੰਡਣ ਵਾਲੀ ਅਤੇ ਪੰਜਾਬ ਨੂੰ ਵੰਡਣ ਵਾਲੀ ਕੋਈ ਵੀ ਵਿਚਾਰਧਾਰਾ ਪੰਜਾਬ ਤੇ ਫਤਿਹ ਨਹੀ ਪਾ ਸਕੀ ਅਤੇ ਨਾ ਹੀ ਹੀ ਆਰ.ਐਸ.ਐਸ ਦੇ ਮਨਸੂਬੇ ਸਫਲ ਹੋਣਗੇ। ਇਸੇ ਦੌਰਾਨ ਮਿਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਧਰਮ ਨਿਰਪੱਖਤਾ ਦਾ ਨਕਾਬ ਉਸ ਸਮੇਂ ਬੇਨਕਾਬ ਹੋ ਗਿਆ ਸੀ ਜਦੋਂ ਦੇਸ਼ ਦੀ ਵੰਡ ਪ੍ਰਵਾਨ ਕਰ ਲਈ ਸੀ, ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਅਤੇ ਨਵੰਬਰ 1984 ਵਿੱਚ ਹਜ਼ਾਰਾਂ ਨਿਰਦੋਸ਼ਾਂ ਦਾ ਖੁਨ ਵਹਾਇਆ ਗਿਆ। ਉਹਨਾਂ ਕਿਹਾ ਕਿ ਨਾਦਰ ਸ਼ਾਹ ਦਾ ਕਤਲੇਆਮ ਕਾਂਗਰਸ ਦੇ ਕਤਲੇਆਮ ਨਾਲੋਂ ਜਿਆਦਾ ਧਰਮ ਨਿਰਪੱਖ ਸੀ। ਨਾਦਰ ਸ਼ਾਹ ਨੇ ਬਿਨਾਂ ਕਿਸੇ ਦਾ ਧਰਮ ਵੇਖਿਆਂ ਦਿੱਲੀ ਵਿੱਚ ਕਤਲੇਆਮ ਕੀਤਾ ਪਰ ਕਾਂਗਰਸ ਨੇ ਚੁਣ ਚੁਣ ਕੇ ਸਿੱਖਾਂ ਦਾ ਕਤਲੇਆਮ ਕੀਤਾ। ਜਥੇਬੰਦੀ ਦੇ ਪ੍ਰਚਾਰ ਸਕੱਤਰ ਡਾ. ਕਾਬਲ ਸਿੰਘ ਨੇ ਕਿਹਾ ਕਿ ਇਤਿਹਾਸ ਦੱਸਦਾ ਹੈ ਕਿ ਸ੍ਰ. ਜੱਸਾ ਸਿੰਘ ਰਾਮਗੜੀਆਂ ਨੇ ਮੁਗਲਾਂ ਦੀ ਨੌਕਰੀ ਔਖੇ ਸਮੇਂ ਛੱਡ ਕੇ ਸਿੱਖ ਪੰਥ ਦਾ ਸਾਥ ਦਿੱਤਾ ਪਰ ਸ਼੍ਰੀ ਬਾਦਲ , ਸ਼੍ਰੀ ਸਿੱਧੂ, ਕੇ.ਪੀ.ਐਸ ਗਿੱਲ ਵਰਗੇ ਲੋਕ ਲਗਾਤਾਰ ਆਰ.ਐਸ.ਐਸ ਅਤੇ ਦਿੱਲੀ ਦੇ ਹਾਕਮਾਂ ਦੀ ਚਾਕਰੀ ਕਰੀ ਜਾ ਰਹੇ ਹਨ।

ਇਸੇ ਦੌਰਾਨ ਖਾਲੜਾ ਮਿਸ਼ਨ ਦੇ ਆਗੂ ਚਮਨ ਲਾਲ ਨੇ ਕਿਹਾ ਕਿ ਮੋਦੀ ਸਰਕਾਰ ਵਿਦੇਸ਼ਾਂ ਵਿੱਚੋਂ ਕਾਲਾ ਧਨ ਲਿਆਉਣ ਲਈ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਜਦੋਂ ਕਿ 90 ਫੀਸਦੀ ਕਾਲਾ ਧਨ ਦੇਸ਼ ਵਿੱਚ ਹੀ ਹੈ ਅਤੇ ਮੋਦੀ ਸਰਕਾਰ ਨੇ ਲੋਕ ਸਭਾ ਚੋਣਾ, ਅੰਬਾਨੀਆਂ, ਅਦਾਨੀਆਂ (ਕਾਲੇ ਧੰਨ ਦੇ ਮਾਲਕ) ਦੇ ਸਹਾਰੇ ਜਿੱਤੀਆਂ ਹਨ। ਕੇ.ਐਮ.ਓ ਨੇ ਜੇਲਾਂ ਵਿੱਚ ਬੰਦ ਨੌਜਵਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਖੁਦਗਰਜੀ ਤਹਿਤ ਨੌਜਵਾਨਾਂ ਦੀ ਫੜੋ ਫੜੀ ਬੰਦ ਕਰੇ ਕਿਉਕਿ ਇਹ ਵੀ ਪੰਜਾਬ ਨੂੰ ਹਿੰਦੂਤਵੀ ਸ਼ਕਤੀਆ ਦੇ ਹਵਾਲੇ ਕਰਨ ਦਾ ਇੱਕ ਮਨਸੂਬਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top