Share on Facebook

Main News Page

ਨਾਨਕਸ਼ਾਹੀ ਕੈਲੰਡਰ ਦੇ ਸਬੰਧ ’ਚ ਸ਼੍ਰੋਮਣੀ ਕਮੇਟੀ ਦੀ ਹਾਲਾਤ ਤਾਲੋਂ ਘੁੱਥੀ ਡੂੰਮਣੀ; ਬੋਲੇ ਆਲ ਪਤਾਲਵਾਲੀ ਬਣੀ
-: ਕਿਰਪਾਲ ਸਿੰਘ ਬਠਿੰਡਾ ਮੋਬ: 9855480797

ਸ: ਪਾਲ ਸਿੰਘ ਪੁਰੇਵਾਲ ਨੇ ਬੜੀ ਮਿਹਨਤ ਨਾਲ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਸੀ ਜਿਸ ਵਿੱਚ ਦਰਜ ਮਹੀਨਿਆਂ ਦੀਆਂ ਤਰੀਖਾਂ ਜਿੱਥੇ ਸਾਰੀ ਦੁਨੀਆਂ ਵਿੱਚ ਪ੍ਰਚੱਲਤ ਸਾਂਝੇ ਕੈਲੰਡਰ (ਈਸਵੀ ਸੰਨ ਗਰੈਗੋਰੀਅਨ ਕੈਲੰਡਰ) ਦੀਆਂ ਤਰੀਖਾਂ ਮੁਤਾਬਿਕ ਹਮੇਸ਼ਾਂ ਲਈ ਨਿਸਚਤ ਤਰੀਖਾਂ ਨੂੰ ਆਉਣੀਆਂ ਸਨ; ਉੱਥੇ ਕੈਲੰਡਰ ਵਿੱਚ ਵਰਤੇ ਗਏ ਦੇਸੀ ਮਹੀਨਿਆਂ ਦਾ ਮੌਸਮ ਵੀ ਗੁਰਬਾਣੀ ਵਿੱਚ ਦਰਜ ਮਹੀਨਿਆਂ ਦੇ ਮੌਸਮ ਨਾਲ ਜੁੜਿਆ ਰਹਿਣਾ ਸੀ। ਜਦੋਂ ਕਿ ਬਿਕ੍ਰਮੀ ਕੈਲੰਡਰ ਦੀਆਂ ਤਰੀਖਾਂ ਕਦੀ ਵੀ ਨਿਸਚਤ ਤਰੀਖਾਂ ਨੂੰ ਨਹੀਂ ਆ ਸਕਦੀਆਂ ਕਿਉਂਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਹਰ ਸਾਲ ਹੀ ਬਦਲਦੀ ਰਹਿੰਦੀ ਹੈ ਇੱਥੋਂ ਤੱਕ ਕਿ ਚੰਦ੍ਰਮਾ ਦੇ ਅਧਾਰਤ ਸਾਲ ਦੇ ਤਾਂ ਮਹੀਨਿਆਂ ਦੀ ਗਿਣਤੀ ਵੀ 11 ਤੋਂ ਲੈ ਕੇ 13 ਤੱਕ ਬਦਲਦੀ ਰਹਿੰਦੀ ਹੈ; ਜਿਸ ਦੀ ਆਮ ਆਦਮੀ ਨੂੰ ਕਦੀ ਵੀ ਸਮਝ ਨਹੀਂ ਲੱਗ ਸਕਦੀ।

ਇਸੇ ਤਰ੍ਹਾਂ ਬਿਕ੍ਰਮੀ ਸਾਲ ਦੇ ਮਹੀਨਿਆਂ ਦਾ ਮੌਸਮ ਵੀ ਗੁਰਬਾਣੀ ਵਿੱਚ ਦਰਜ ਮਹੀਨਿਆਂ ਦੇ ਮੌਸਮ ਨਾਲੋਂ ਟੁੱਟ ਰਿਹਾ ਹੈ ਕਿਉਂਕਿ ਬਿਕ੍ਰਮੀ ਸਾਲ ਦੀ ਲੰਬਾਈ ਮੌਸਮੀ ਸਾਲ ਅਤੇ ਸਾਂਝੇ ਕੈਲੰਡਰ ਦੇ ਸਾਲ ਨਾਲੋਂ ਤਕਰੀਬਨ 20 ਮਿੰਟ ਵੱਧ ਹੈ ਇਸ ਤਰ੍ਹਾਂ ਤਕਰੀਬਨ 71-72 ਸਾਲਾਂ ਵਿੱਚ ਬਿਕ੍ਰਮੀ ਸਾਲ ਮੌਸਮੀ ਕੈਲੰਡਰ ਨਾਲੋਂ ਇੱਕ ਦਿਨ ਪਛੜ ਜਾਂਦਾ ਹੈ। ਆਰਐੱਸਐੱਸ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਦੋ ਤਖ਼ਤਾਂ ਦੇ ਦਬਾਅ ਹੇਠ ਅਤੇ ਡੇਰਿਆਂ/ ਟਕਸਾਲਾਂ ਦੇ ਸ਼੍ਰਧਾਲੂਆਂ ਦੀਆਂ ਵੋਟਾਂ ਹਾਸਲ ਕਰਨ ਲਈ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੇ 10 ਸਾਲਾਂ ਦੀ ਸਖਤ ਮਿਹਨਤ ਪਿੱਛੋਂ ਹੋਂਦ ਵਿੱਚ ਆਏ ਨਾਨਕਸ਼ਹੀ ਕੈਲੰਡਰ ਨੂੰ ਮਾਰਚ 2010 ਵਿੱਚ ਸੋਧ ਦੇ ਨਾਮ ’ਤੇ ਵਿਗਾੜ ਦਿੱਤਾ। ਇਨ੍ਹਾਂ ਵੱਲੋਂ ਅਖੌਤੀ ਸੋਧ ਲਈ ਬੜਾ ਹੀ ਅਜੀਬ ਤਰੀਕਾ ਅਪਣਾਇਆ ਗਿਆ ਜਿਸ ਅਨੁਸਾਰ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੀਆਂ ਅਰੰਭ ਦੀਆਂ ਤਰੀਖਾਂ ਤਾਂ ਬਦਲ ਕੇ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਸੰਗ੍ਰਾਂਦਾਂ ਨਾਲ ਮਿਲਾ ਦਿੱਤੀਆਂ ਪਰ ਚਾਰ ਗੁਰਪੁਰਬਾਂ ਨੂੰ ਛੱਡ ਕੇ ਬਾਕੀ ਦੇ ਸਾਰੇ ਗੁਰਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਦੀਆਂ ਤਰੀਖਾਂ ਨਾਨਕਸ਼ਾਹੀ ਕੈਲੰਡਰ ਵਾਲੀਆਂ ਹੀ ਰੱਖ ਲਈਆਂ। ਇਸ ਤਰ੍ਹਾਂ ਹਰ ਸਾਲ ਤਕਰੀਬਨ 40-45% ਗੁਰਪੁਰਬ ਅਤੇ ਇਤਿਹਾਸਕ ਦਿਹਾੜਿਆਂ ਦੀਆਂ ਤਰੀਖਾਂ ਸਮੇਂ ਵਿਵਾਦ ਖੜ੍ਹਾ ਹੋ ਜਾਂਦਾ ਹੈ; ਕਿਉਂਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਦਰਜ ਤਰੀਖਾਂ ਇਤਿਹਾਸ ਵਿੱਚ ਦਰਜ ਕਿਸੇ ਵੀ ਕੈਲੰਡਰ ਦੀਆਂ ਤਰੀਖਾਂ ਨਾਲ ਮੇਲ ਨਹੀਂ ਖਾਂਦੀਆਂ।

ਬਦਲੇ ਗਏ ਚਾਰ ਗੁਰਪੁਰਬਾਂ (ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਜੋਤੀ ਜੋਤ ਸਮਾਉਣ ਦਾ ਦਿਹਾੜਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇਣ ਦਾ ਦਿਹਾੜਾ ਅਤੇ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ) ਦੀਆਂ ਤਰੀਖਾਂ ਸੂਰਜੀ ਮਹੀਨੇ ਦੀ ਤਰੀਖਾਂ ਦੀ ਬਜਾਏ ਚੰਦਰਮਾਂ ਮਹੀਨੇ ਦੀਆਂ ਤਿਥਾਂ ਮੁਤਾਬਿਕ ਨਿਸਚਤ ਕਰ ਦਿੱਤੀਆਂ। ਇਸ ਗੈਰਸਿਧਾਂਤਕ ਤਬਦੀਲੀ ਕਾਰਣ ਤਕਰੀਬਨ ਹਰ ਸਾਲ ਹੀ ਵਿਵਾਦ ਖੜ੍ਹਾ ਹੋ ਜਾਂਦਾ ਹੈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ ਤਾਂ ਸੂਰਜੀ ਮਹੀਨੇ ਦੀਆਂ ਤਰੀਖਾਂ ਅਨੁਸਾਰ ਨਿਸਚਤ ਕੀਤਾ ਗਿਆ ਜਦੋਂ ਕਿ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਚੰਦ੍ਰਮਾ ਮਹੀਨੇ ਦੀ ਤਿਥਾਂ ਮੁਤਾਬਕ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਕਦੀ ਤਾਂ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਪੁਰਬ ਤੋਂ ਪਹਿਲਾਂ ਆ ਜਾਂਦਾ ਹੈ ਅਤੇ ਕਦੀ ਪਿੱਛੋਂ। ਜਦੋਂ ਕਿ ਇਤਿਹਾਸ ਮੁਤਾਬਿਕ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੱਦੀ ਸੌਂਪਣ ਤੋਂ 5 ਦਿਨ ਬਾਅਦ ਵਿੱਚ ਹੋਈ ਸੀ। ਇਸ ਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਅਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਦਾ ਸ਼ਹੀਦੀ ਦਿਨ 13 ਪੋਹ ਦੋਵੇਂ ਹੀ 28 ਦਸੰਬਰ ਨੂੰ ਆ ਜਾਣ ਕਰਕੇ ਜਦੋਂ ਇਹ ਸਵਾਲ ਖੜ੍ਹਾ ਹੋਇਆ ਕਿ ਸਿੱਖ ਕੌਮ ਇੱਕੋ ਸਮੇਂ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਅਤੇ ਸ਼ਹੀਦੀ ਦੇ ਸੋਗ ਦੇ ਸਮਾਗਮ ਕਿਸ ਤਰ੍ਹਾਂ ਮਨਾਏਗੀ ਤਾਂ ਸ਼੍ਰੋਮਣੀ ਕਮੇਟੀ ਜਿਸ ਨੇ ਬਿਨਾਂ ਕਿਸੇ ਸੋਚ ਵੀਚਾਰ ਅਤੇ ਬਿਨਾਂ ਆਪਣਾ ਕੈਲੰਡਰ ਵੇਖਿਆਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਨੂੰ ਬੇਨਤੀ ਕਰ ਦਿੱਤੀ ਕਿ ਇਸ ਵਾਰ ਗੁਰਪੁਰਬ ਕਿਸੇ ਹੋਰ ਤਰੀਖ ਨੂੰ ਮਨਾਉਣ ਦੀ ਹਦਾਇਤ ਕੀਤੀ ਜਾਵੇ ਤਾਂ ਕਿ ਸਿੱਖ ਪੰਥ ਦੋਵੇਂ ਸਮਾਗਮ ਵੱਖ ਵੱਖ ਮਹੌਲ ਵਿੱਚ ਮਨਾ ਸਕਣ।

ਸ਼੍ਰੋਮਣੀ ਕਮੇਟੀ ਦੇ ਬੇਨਤੀ ਰੂਪ ਹੁਕਮ ’ਤੇ ਫੁੱਲ ਚੜ੍ਹਾਉਂਦੇ ਹੋਏ ਜਥੇਦਾਰਾਂ ਨੇ ਨਹਿਲੇ ’ਤੇ ਦਹਿਲਾ ਮਾਰਨ ਵਾਂਗ ਤੁਰੰਤ ਆਪਣਾ ਫੈਸਲਾ ਸੁਣਾ ਦਿੱਤਾ ਕਿ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਮੁਤਾਬਿਕ 7 ਜਨਵਰੀ ਨੂੰ ਮਨਾਇਆ ਜਾਵੇ ਪਰ ਜਿੜੀਆਂ ਸੰਸਥਾਵਾਂ 28 ਦਸੰਬਰ ਨੂੰ ਮਨਾਉਣਾ ਚਾਹੁਣ ਉਨ੍ਹਾਂ ’ਤੇ 28 ਦਸੰਬਰ ਨੂੰ ਮਨਾਉਣ ’ਤੇ ਵੀ ਕੋਈ ਪਾਬੰਦੀ ਨਹੀਂ ਹੈ। ਇਹ ਛੋਟ ਵਿਸ਼ੇਸ਼ ਕਰਕੇ ਉਨ੍ਹਾਂ ਡੇਰਿਆਂ ਅਤੇ ਪੰਜਾਬ ਤੋਂ ਬਾਹਰ ਦੇ ਦੋ ਤਖ਼ਤਾਂ ਨੂੰ ਦਿੱਤੀ ਗਈ ਹੈ ਕਿਉਂਕਿ ਉਹ 23 ਪੋਹ ਨਾਲੋਂ ਪੋਹ ਸੁਦੀ 7 ਨੂੰ ਹੀ ਵੱਧ ਮਹਾਨਤਾ ਦਿੰਦੇ ਹਨ ਇਸੇ ਕਾਰਣ ਉਨ੍ਹਾਂ ਨੇ 2003 ਤੋਂ 2010 ਤੱਕ 7 ਸਾਲ ਤੱਕ ਅਕਾਲ ਤਖ਼ਤ ਤੋਂ ਪ੍ਰਵਾਨਤ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਨਾਨਕਸ਼ਾਹੀ ਕੈਲੰਡਰ ਦੀ ਕਦੇ ਵੀ ਪ੍ਰਵਾਹ ਨਹੀਂ ਸੀ ਕੀਤੀ। 2010 ’ਚ ਸੋਧ ਦੇ ਨਾਮ ’ਤੇ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਿਆ ਵੀ ਇਨ੍ਹਾਂ ਨੂੰ ਖੁਸ਼ ਕਰਨ ਲਈ ਹੀ ਗਿਆ ਸੀ।

ਪੰਜ (ਸਿੰਘ ਸਾਹਿਬਾਨਾਂ) ਦੇ ਇਸ ਫੈਸਲੇ ਉਪ੍ਰੰਤ ਅੱਜ ਸਵੇਰੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਸੇ ਸੁਧਾਰ ਦੀ ਥਾਂ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਤੁਸੀਂ ਇਹ ਫੈਸਲਾ ਕਰਨ ਸਮੇਂ ਆਪਣੇ ਵੱਲੋਂ ਸੋਧਿਆ ਹੋਇਆ ਕੈਲੰਡਰ ਪੜ੍ਹਿਆ ਤੱਕ ਨਹੀਂ। ਜੇ ਆਪਣਾ ਕੈਲੰਡਰ ਪੜ੍ਹਿਆ ਜਾਂ ਵੇਖਿਆ ਹੁੰਦਾ ਤਾਂ ਤੁਹਾਨੂੰ ਪਤਾ ਲੱਗ ਜਾਣਾ ਸੀ ਕਿ ਇਸ ਸੋਧੇ ਹੋਏ ਕੈਲੰਡਰ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ 13 ਪੋਹ ਨਹੀਂ ਬਲਕਿ ਪੁਰੇਵਾਲ ਵੱਲੋਂ ਤਿਆਰ ਕੀਤੇ ਕੈਲੰਡਰ ਅਨੁਸਾਰ 26 ਦਸੰਬਰ ਨਿਸਚਤ ਕੀਤਾ ਹੋਇਆ ਹੋਣ ਕਰਕੇ ਗੁਰਪੁਰਬ ਵਾਲੇ ਦਿਨ ਨਹੀਂ ਬਲਕਿ ਇਸ ਤੋਂ 2 ਦਿਨ ਪਹਿਲਾਂ ਭਾਵ 11 ਪੋਹ ਨੂੰ ਆਉਣ ਕਰਕੇ ਤੁਹਾਨੂੰ ਨਵਾਂ ਆਦੇਸ਼ ਦੇਣ ਦੀ ਕੋਈ ਲੋੜ ਹੀ ਨਹੀ ਸੀ। ਗਿਆਨੀ ਗੁਰਬਚਨ ਸਿੰਘ; ਦੱਸੇ ਜਾਣ ਤੋਂ ਬਾਅਦ ਵੀ ਇਹ ਮੰਨਣ ਲਈ ਤਿਆਰ ਨਹੀਂ ਸੀ ਕਿਉਂਕਿ ਉਹ ਇਸੇ ਗੱਲ ’ਤੇ ਅੜੇ ਹੋਏ ਸਨ ਕਿ ਸ਼ਹੀਦੀ ਦਿਹਾੜਾ ਹਰ ਸਾਲ 11, 12, 13 ਪੋਹ ਨੂੰ ਮਨਾਇਆ ਜਾਂਦਾ ਹੈ ਜਿਹੜਾ ਕਿ ਇਸ ਸਾਲ 26, 27, 28 ਦਸੰਬਰ ਨੂੰ ਆ ਰਿਹਾ ਹੈ। ਜਥੇਦਾਰ ਜੀ ਦਾ ਇਹ ਕਥਨ ਕੋਰਾ ਝੂਠ ਹੈ ਕਿਉਂਕਿ ਕੈਲੰਡਰ ਵਿੱਚ ਸਿਰਫ ਚਾਰ ਗੁਰਪੁਰਬ (ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਜੋਤੀ ਜੋਤ ਸਮਾਉਣ ਦਾ ਦਿਹਾੜਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇਣ ਦਾ ਦਿਹਾੜਾ ਅਤੇ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ) ਨੂੰ ਛੱਡ ਕੇ ਬਾਕੀ ਕਿਸੇ ਦਿਹਾੜੇ ਵਿੱਚ ਤਬਦੀਲੀ ਨਹੀਂ ਕੀਤੀ ਗਈ ਸੀ ਅਤੇ ਉਸ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਦਾ ਸ਼ਹੀਦੀ ਜੋੜ-ਮੇਲਾ ਪਿਛਲੇ 4 ਸਾਲਾਂ ਤੋਂ 24, 25, 26 ਦਸੰਬਰ ਨੂੰ ਹੀ ਮਨਾਇਆ ਜਾਂਦਾ ਸੀ ਅਤੇ ਜਰੂਰੀ ਨਹੀਂ ਕਿ ਇਹ ਤਰੀਖਾਂ 11, 12, 13 ਪੋਹ ਨੂੰ ਹੀ ਆਉਣ ਕਿਉਂਕਿ ਬਿਕ੍ਰਮੀ ਕੈਲੰਡਰ ਜਿਸ ਅਨੁਸਾਰ ਸੋਧ ਕੀਤੀ ਗਈ ਹੈ ਦੀਆਂ ਤਰੀਖਾਂ ਹਰ ਸਾਲ ਹੀ ਬਦਲ ਸਕਦੀਆਂ ਹਨ ਜਿਹੜੀਆਂ ਕਿ ਇਸ ਸਾਲ 26, 27, 28 ਦਸੰਬਰ ਨੂੰ ਆ ਰਹੀਆਂ ਹਨ।

ਜਥੇਦਾਰ ਜੀ ਨੂੰ ਦੂਸਰਾ ਸਵਾਲ ਪੁੱਛਿਆ ਗਿਆ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬਦਲਣਾ ਹੀ ਸੀ ਤਾਂ ਘੱਟ ਤੋਂ ਘੱਟ 5 ਜਨਵਰੀ ਹੀ ਕਰ ਦਿੰਦੇ ਕਿਉਂਕਿ 7 ਜਨਵਰੀ ਕਰਨ ਨਾਲ ਇੱਕੋ ਗੁਰਪੁਰਬ ਵੱਖ ਵੱਖ ਜਥੇਬੰਦੀਆਂ ਇੱਕ ਦਿਨ ਦੀ ਬਜਾਏ ਤਿੰਨ ਦਿਨ ਮਨਾਉਣਗੀਆਂ (ਇੱਕ ਧਿਰ ਜੋ ਗੁਰਮਤਿ ਤੋਂ ਉਲਟ ਚੰਦ੍ਰਮਾਂ ਦੀਆਂ ਚੰਗੀਆਂ ਮਾੜੀਆਂ ਤਿਥਾਂ ਦਾ ਬਹੁਤ ਵੱਡਾ ਭ੍ਰਮ ਪਾਲ ਰਹੀ ਹੈ ਉਹ ਪੋਹ ਸੁਦੀ 7 ਨੂੰ ਮਨਾਏਗੀ; ਦੂਸਰੀ ਧਿਰ ਜਿਸ ਵਿੱਚ ਪਾਕਿਸਤਾਨ ਗੁਰਦੁਆਰਾ ਕਮੇਟੀ, ਅਮਰੀਕਨ ਗੁਰਦੁਆਰਾ ਕਮੇਟੀ ਸਮੇਤ ਵਿਦੇਸ਼ਾਂ ਦੀਆਂ ਤਕਰੀਬਨ 90% ਕਮੇਟੀਆਂ ਅਤੇ ਭਾਰਤ ਵਿੱਚ ਗੁਰਮਤਿ ਅਤੇ ਕੈਲੰਡਰ ਵਿਗਿਆਨ ਦੀ ਸੂਝ ਰੱਖਣ ਵਾਲੀਆਂ ਕੁਝ ਕਮੇਟੀਆਂ ਸ਼ਾਮਲ ਹਨ ਉਹ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਮੇਸ਼ਾਂ ਵਾਂਗ 23 ਪੋਹ (5 ਜਨਵਰੀ) ਨੂੰ ਮਨਾਉਣਗੀਆਂ ਅਤੇ ਤੀਜੀ ਧਿਰ ਤੁਹਾਡੇ ਆਦੇਸ਼ ਮੁਤਾਬਕ ਬਿਕ੍ਰਮੀ ਸਾਲ ਦੇ 23 ਪੋਹ ਜੋ ਇਸ ਵਾਰ 7 ਜਨਵਰੀ ਨੂੰ ਆ ਰਿਹਾ ਹੈ, ਨੂੰ ਮਨਾਏਗੀ; ਜਿਸ ਨਾਲ ਪਹਿਲਾਂ ਨਾਲੋਂ ਵੀ ਵੱਧ ਵਿਵਾਦ ਪੈਦਾ ਹੋਵੇਗਾ। ਜਥੇਦਾਰ ਜੀ ਦਾ ਜਵਾਬ ਸੀ ਕਿ ਗੁਰਪੁਰਬ ਦੀ ਮਿਤੀ ਇਤਿਹਾਸ ਮੁਤਾਬਕ ਪੋਹ ਸੁਦੀ 7 ਅਤੇ 23 ਪੋਹ ਹੈ। ਇਸ ਵਾਰ ਜੇ 23 ਪੋਹ; 7 ਜਨਵਰੀ ਨੂੰ ਆ ਰਿਹਾ ਹੈ ਤਾਂ ਗੁਰਪੁਰਬ 5 ਜਨਵਰੀ ਨੂੰ ਕਿਉਂ ਮਨਾਏ ਜਾਵੇ?

ਤੀਸਰਾ ਸਵਾਲ ਪੁੱਛਿਆ ਗਿਆ ਕਿ ਜੇ ਬਾਕੀ ਦੀਆਂ ਸਾਰੀਆਂ ਤਰੀਖਾਂ ਤੁਸੀਂ ਪੁਰੇਵਾਲ ਵਾਲੇ ਕੈਲੰਡਰ ਦੀਆਂ ਰੱਖ ਲਈਆਂ ਹਨ ਤਾਂ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਰੀਖ ਹੀ ਬਿਕ੍ਰਮੀ ਕੈਲੰਡਰ ਦੀ ਕਿਉਂ? ਇਸ ਤੋਂ ਅਗਲਾ ਸਵਾਲ ਪੁੱਛਿਆ ਗਿਆ ਕਿ ਜੇ ਇਸ ਸਾਲ ਸ਼ਹੀਦੀ ਜੋੜ ਮੇਲਾ ਅਤੇ ਗੁਰਪੁਰਬ ਇਕੱਠੇ ਆਉਣ ਕਰਕੇ ਗੁਰਪੁਰਬ ਦੀ ਤਰੀਖ ਪੋਹ ਸੁਦੀ 7 ਦੀ ਥਾਂ 23 ਪੋਹ ਕਰ ਦਿੱਤੀ ਗਈ ਹੈ ਤਾਂ ਜਿਸ ਸਮੇਂ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਪੁਰਬ ਤੋਂ 20-20 ਦਿਨ ਪਹਿਲਾਂ ਆ ਜਾਂਦੀ ਹੈ ਜੋ ਕਿ ਇਤਿਹਾਸਕ ਤੌਰ ’ਤੇ ਬਹੁਤ ਵੱਡੀ ਦੁਬਿਧਾ ਖੜ੍ਹੀ ਕਰਦੀ ਹੈ ਤਾਂ ਉਸ ਸਮੇ ਸ਼ਹੀਦੀ ਦਿਹਾੜਾ ਜੇਠ ਸੁਦੀ 4 ਦੀ ਬਜਾਏ 2 ਹਾੜ ਨੂੰ ਕਿਉਂ ਨਹੀਂ ਮਨਾ ਲਿਆ ਜਾਂਦਾ? ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਤੁਸੀਂ ਮੀਡੀਏ ਰਾਹੀਂ ਲੋਕ ਰਾਇ ਪੈਦਾ ਕਰੋ ਕਿ ਸਾਰੀਆਂ ਧਿਰਾਂ ਦੇ ਵਿਦਵਾਨ ਜਿਸ ਵਿੱਚ ਸ: ਪਾਲ ਸਿੰਘ ਪੁਰੇਵਾਲ ਵੀ ਸ਼ਾਮਲ ਹੋਣ ਇੱਕ ਵਾਰ ਬੈਠ ਕੇ ਗੁਰਪੁਰਬਾਂ ਦੀਆਂ ਮਿਤੀਆਂ ਪੱਕੇ ਤੌਰ ’ਤੇ ਨਿਸਚਤ ਕਰ ਲੈਣ ਜਿਹੜੀਆਂ ਹਮੇਸ਼ਾਂ ਲਈ ਨਿਸਚਤ ਤਰੀਖਾਂ ਨੂੰ ਹੀ ਆਉਣ।

ਅਖੀਰਲਾ ਸਵਾਲ ਪੁੱਛਿਆ ਗਿਆ ਕਿ ਜਿਸ ਸਮੇਂ ਤੁਸੀਂ 2010 ਵਿੱਚ ਸੋਧਾਂ ਕੀਤੀਆਂ ਸਨ ਤਾਂ ਉਸ ਸਮੇਂ ਤੁਸੀਂ ਕਿਹੜੀ ਲੋਕ ਰਾਇ ਅਨੁਸਾਰ ਇਹ ਸੋਧਾਂ ਕੀਤੀਆਂ ਸਨ? ਉਸ ਸਮੇਂ ਦਿੱਲੀ ਗੁਰਦੁਆਰਾ ਕਮੇਟੀ ਸਮੇਤ ਪੰਥ ਦਾ ਵੱਡਾ ਹਿੱਸਾ ਤੁਹਾਨੂੰ ਬੇਨਤੀਆਂ ਕਰਦਾ ਰਿਹਾ ਕਿ ਕੋਈ ਵੀ ਸੋਧ ਕਰਨ ਤੋਂ ਪਹਿਲਾਂ ਸ: ਪਾਲ ਸਿੰਘ ਪੁਰੇਵਾਲ ਦੀ ਸਲਾਹ ਜਰੂਰ ਲਈ ਜਾਵੇ। ਪਰ ਤੁਸੀਂ ਕਿਸੇ ਦੀ ਇੱਕ ਨਹੀਂ ਸੁਣੀ। 2010 ਤੋਂ ਲੈ ਕੇ ਅਮਰੀਕਾ ਕੈਨੇਡਾ ਤੋਂ ਇਲਾਵਾ ਭਾਰਤ ਵਿੱਚ ਵੀ ਅਨੇਕਾਂ ਵਾਰ 2003 ਵਾਲਾ ਨਾਨਕਸ਼ਾਹੀ ਕੈਲੰਡਰ ਮੂਲ ਰੂਪ ਵਿੱਚ ਲਾਗੂ ਕਰਨ ਲਈ ਸੈਮੀਨਾਰ ਕਰਵਾਏ ਜਾ ਚੁੱਕੇ ਹਨ ਤੇ ਹੁਣ 29 ਨਵੰਬਰ ਨੂੰ ਇੰਡੀਆਨਾ (ਅਮਰੀਕਾ) ਵਿਖੇ ਫਿਰ ਹੋਣ ਜਾ ਰਿਹਾ ਹੈ। ਅਮਰੀਕਰਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਬਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋ.ਅ.ਦ.(ਅ), ਸ਼੍ਰੋ.ਅ.ਦ.(ਪੰਚ ਪ੍ਰਧਾਨੀ), ਦਲ ਖ਼ਾਲਸਾ, ਅਖੰਡ ਕੀਰਤਨੀ ਜਥਾ ਅਨੇਕਾਂ ਵਾਰ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਲਈ ਲਿਖ ਚੁੱਕੇ ਹਨ, ਪਿਛਲੇ ਸਾਲ ਬਠਿੰਡਾ ਸ਼ਹਿਰ ਦੇ ਸਮੂਹ ਗੁਰਦੁਆਰਿਆਂ ਸਮੇਤ ਪੰਜਾਬ, ਰਾਜਸਥਾਨ, ਹਰਿਆਣਾ ਦੇ 200 ਤੋਂ ਵੱਧ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਮਤੇ ਪਾਸ ਕਰਕੇ ਤੁਹਾਨੂੰ ਭੇਜ ਚੁੱਕੀਆਂ ਹਨ ਤਾਂ ਕੀ ਤੁਸੀਂ ਇਸ ਨੂੰ ਲੋਕ ਰਾਇ ਨਹੀਂ ਸਮਝਦੇ? ਤੁਸੀਂ ਤਾਂ ਪੰਥ ਦੀ ਸਰਬਉੱਚ ਹਸਤੀ ਹੋ; ਜੇ ਕਰ ਤੁਸੀਂ ਆਪਣੇ ਤੌਰ ਹੀ ’ਤੇ ਕੈਲੰਡਰ ਸਬੰਧੀ ਇੱਕ ਰਾਇ ਬਣਾਉਣ ਲਈ ਸਮੁੱਚੀਆਂ ਧਿਰਾਂ ਦੇ ਵਿਦਵਾਨਾਂ ਸਮੇਤ ਸ: ਪਾਲ ਸਿੰਘ ਪੁਰੇਵਾਲ ਨੂੰ ਮੀਟਿੰਗ ਲਈ ਸੱਦਾ ਦੇ ਦੇਵੋ ਜਾਂ ਕੋਈ ਐਸੀ ਕਮੇਟੀ ਬਣਾ ਦੇਵੋ ਜਿਸ ਵਿੱਚ ਸਾਰੀਆਂ ਧਿਰਾਂ ਨੂੰ ਨੁੰਮਾਇੰਦਗੀ ਦਿੱਤੀ ਜਾਵੇ ਤਾਂ ਤੁਹਾਡੇ ਇਸ ਫੈਸਲੇ ਨੂੰ ਕੌਣ ਚੁਣੌਤੀ ਦੇ ਸਕਦਾ ਹੈ? ਇਸ ਸਵਾਲ ਦਾ ਜਵਾਬ ਦੇਣ ਤੋਂ ਟਾਲ਼ਾ ਵੱਟਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਸਮੇਂ ਮੈਂ ਗੁਰਦੁਆਰੇ ਵਿੱਚ ਬੈਠਾ ਹਾਂ ਬਾਅਦ ਵਿੱਚ ਗੱਲ ਕਰਾਂਗੇ?

ਨਾਨਕਸ਼ਾਹੀ ਕੈਲੰਡਰ ਵਿੱਚ ਗੈਰਸਿਧਾਂਤਕ ਸੋਧਾਂ ਕਰਕੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਨੇ ਆਪਣੀ ਸਥਿਤੀ ‘ਤਾਲੋਂ ਘੁੱਥੀ ਡੂੰਮਣੀ; ਬੋਲੇ ਆਲ ਪਤਾਲ’ ਵਾਲੀ ਬਣਾ ਲਈ ਹੈ ਕਿਉਂਕਿ ਕਿਸੇ ਵੀ ਸਵਾਲ ਦਾ ਉਨ੍ਹਾਂ ਪਾਸ ਢੁੱਕਵਾਂ ਜਵਾਬ ਨਹੀਂ ਹੈ ਅਤੇ ਸਿਰਫ ਸਵਾਲ ਕਰਤਾ ਨੂੰ ਮਗਰੋਂ ਲਾਹੁਣ ਲਈ ਇੱਧਰ ਉੱਧਰ ਦੀਆਂ ਗੱਲਾਂ ਸੁਣਾ ਕੇ ਸਮਾਂ ਲੰਘਾਉਣ ਦਾ ਯਤਨ ਕੀਤਾ ਜਾਂਦਾ ਹੈ ਅਤੇ ਅਖੀਰ ਬਾਅਦ ਵਿੱਚ ਗੱਲ ਕਰਨ ਦਾ ਲਾਰਾ ਲਾ ਕੇ ਫੋਨ ਕੱਟ ਦਿੱਤਾ ਜਾਂਦਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਤਾਂ ਇਤਨੀ ਢੀਠਤਾਈ ਹੈ ਕਿ ਹਰ ਸਵਾਲ ਪੁੱਛੇ ਜਾਣ ’ਤੇ ਕਹਿ ਛੱਡਦੇ ਹਨ ਕਿ ਮੈਨੂੰ ਕੁਝ ਨਹੀਂ ਪਤਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਨਾਲ ਗੱਲ ਕਰੋ। ਪਰ ਜਦੋਂ ਜਥੇਦਾਰ ਅਕਾਲ ਤਖ਼ਤ ਕਦੀ ਬਿਆਨ ਦੇ ਬੈਠਣ ਕਿ ਸੋਧਾਂ ਸਮੇਂ ਕੁਝ ਗਲਤੀਆਂ ਹੋਈਆਂ ਹਨ ਜਿਹੜੀਆਂ ਕਿ ਸਮੁੱਚੀਆਂ ਧਿਰਾਂ ਦੇ ਵਿਦਵਾਨਾਂ ਦੀ ਰਾਇ ਨਾਲ ਮੁੜ ਸੋਧੀਆਂ ਜਾ ਸਕਦੀਆਂ ਹਨ ਤਾਂ ਮੱਕੜ ਸਾਹਿਬ ਜੀ ਦਾ ਬਿਆਨ ਆ ਜਾਂਦਾ ਹੈ ਕਿ ਨਾਨਕਸ਼ਾਹੀ ਕੈਲੰਡਰ ਪਹਿਲਾਂ ਹੀ ਸੋਧਿਆ ਜਾ ਚੁੱਕਾ ਹੈ ਇਸ ਲਈ ਹੁਣ ਇਸ ਵਿੱਚ ਕਿਸੇ ਹੋਰ ਸੋਧ ਦੀ ਲੋੜ ਨਹੀਂ ਹੈ। ਪ੍ਰਧਾਨ ਜੀ ਦਾ ਇਹ ਬਿਆਨ ਆਉਂਦੇਸਾਰ ਹੀ ਸਰਬਉੱਚ ਜਥੇਦਾਰ ਜੀ ਸ਼ਾਂਤ ਹੋ ਜਾਂਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top