Share on Facebook

Main News Page

ਆਰ.ਐਸ.ਐਸ. ਦੀਆਂ ਵਧ ਰਹੀਆਂ ਸਰਗਰਮੀਆਂ ਤੋਂ ਅਕਾਲੀ ਦਲ ਪ੍ਰੇਸ਼ਾਨ ਰਵਾਇਤੀ ਵੋਟ ਬੈਂਕ ਨੂੰ ਖੋਰਾ ਲੱਗਣ ਦਾ ਤੌਖਲਾ

ਜਲੰਧਰ, 21 ਨਵੰਬਰ - ਪੰਜਾਬ ਦੇ ਪਿੰਡਾਂ ਵਿੱਚ ਆਰ.ਐਸ.ਐਸ. ਦੀਆਂ ਵਧ ਰਹੀਆਂ ਸਰਗਰਮੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰਾਂ ਵਿੱਚ ਉਨ੍ਹਾਂ ਦੇ ਰਵਾਇਤੀ ਵੋਟ ਬੈਂਕ ਨੂੰ ਖੋਰਾ ਲੱਗਣ ਦਾ ਤੌਖਲਾ ਪਾਇਆ ਜਾ ਰਿਹਾ ਹੈ। ਹਾਲਾਂਕਿ ਆਰ.ਐਸ.ਐਸ. ਨੇ ਪੰਜਾਬ ਦੇ ਪਿੰਡਾਂ ਵਿੱਚ ਆਪਣੀਆਂ ਸ਼ਾਖਾਵਾਂ ਖੋਲ੍ਹੇ ਜਾਣ ਨੂੰ ਰੁਟੀਨ ਦਾ ਕੰਮ ਦੱਸਿਆ। ਆਰ.ਐਸ.ਐਸ. ਦਾ ਮੰਨਣਾ ਹੈ ਕਿ ਉਨ੍ਹਾਂ ਦੀਆਂ ਸ਼ਾਖਾਵਾਂ ਪੂਰੇ ਦੇਸ਼ ਵਿੱਚ ਹਨ ਅਤੇ ਹੁਣ ਪੰਜਾਬ ’ਤੇ ਵੀ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।

ਡੇਰਾ ਰਾਧਾ ਸੁਆਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਦੀ ਨਾਗਪੁਰ ਵਿੱਚ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਨਾਲ ਹੋਈ ਮੁਲਾਕਾਤ ਨੂੰ ਵੀ ਆਰ.ਐਸ.ਐਸ. ਨੇ ਰਸਮੀ ਦੱਸਦਿਆਂ ਕਿਹਾ ਹੈ ਕਿ ਬਾਬਾ ਗੁਰਿੰਦਰ ਸਿੰਘ ਦੀ ਸਿਹਤ ਠੀਕ ਨਾ ਹੋਣ ’ਤੇ ਭਾਗਵਤ ਨੇ ਉਨ੍ਹਾਂ ਨਾਲ ਟੈਲੀਫੋਨ ’ਤੇ ਕਈ ਵਾਰ ਗੱਲਬਾਤ ਕੀਤੀ ਸੀ ਤੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਸੀ। ਮਾਨਸਾ ਵਿੱਚ ਆਰ.ਐਸ.ਐਸ. ਮੁਖੀ ਅਤੇ ਰਾਧਾ ਸੁਆਮੀ ਡੇਰੇ ਦੇ ਮੁਖੀ ਵਿਚਾਲੇ ਹੋਈ ਮੁਲਾਕਾਤ ਨੂੰ ਵੀ ਉਨ੍ਹਾਂ ਨਿੱਜੀ ਮਿਲਣੀ ਹੀ ਕਰਾਰ ਦਿੱਤਾ ਹੈ।

ਪੰਜਾਬ ਵਿੱਚ ਆਰ.ਐਸ.ਐਸ. ਦੇ ਸਹਾਇਕ ਸੰਘ ਚਾਲਕ ਸੇਵਾਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੇ ਸਪੱਸ਼ਟ ਕੀਤਾ ਹੈ ਕਿ ਆਰ.ਐਸ.ਐਸ. ਦੇਸ਼ ਨੂੰ ਜੋੜਨ ਦਾ ਕੰਮ ਕਰ ਰਹੀ ਹੈ ਤੇ ਪੰਜਾਬ ਸਮੇਤ ਦੇਸ਼ ਦੇ ਕਿਸੇ ਵੀ ਵਰਗ ਵਿੱਚ ਮਾੜੀ ਭਾਵਨਾ ਨਾਲ ਕੰਮ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮੀਡੀਆ ਦਾ ਇੱਕ ਹਿੱਸਾ ਆਰ.ਐਸ.ਐਸ. ਬਾਰੇ ਤੱਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰ ਰਿਹਾ ਹੈ। ਬ੍ਰਿਗੇਡੀਅਰ ਗਗਨੇਜਾ ਨੇ ਦੱਸਿਆ ਕਿ ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ 120 ਪਿੰਡਾਂ ਵਿੱਚ ਆਰ.ਐਸ.ਐਸ. ਦੀਆਂ ਸ਼ਾਖਾਵਾਂ ਚੱਲ ਰਹੀਆਂ ਹਨ ਤੇ ਇਨ੍ਹਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ।

ਉਧਰ ਆਰ.ਐਸ.ਐਸ. ਦੇ ਪਿੰਡਾਂ ਵਿੱਚ ਵਧ ਰਹੇ ਪ੍ਰਭਾਵ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ’ਚ ਇਹ ਤੌਖ਼ਲਾ ਪਾਇਆ ਜਾ ਰਿਹਾ ਹੈ ਕਿ ਭਾਜਪਾ 2017 ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦੀ ਤਿਆਰੀ ਕਰ ਰਹੀ ਹੈ। ਇਸੇ ਕਾਰਨ ਦੋ ਸਾਲ ਪਹਿਲਾਂ ਹੀ ਆਰ.ਐਸ.ਐਸ. ਨੂੰ ਪਿੰਡਾਂ ’ਚ ਆਪਣੇ ਯੂਨਿਟ ਕਾਇਮ ਕਰਨ ਲਈ ਭੇਜਿਆ ਜਾ ਰਿਹਾ ਹੈ।

ਮੁੱਖ ਮੰਤਰੀ ਨੂੰ ਡਰਾਉਣਾ ਚਾਹੁੰਦੀ ਹੈ ਆਰ.ਐਸ.ਐਸ.: ਜਥੇਦਾਰ ਵਡਾਲਾ

ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਆਰ.ਐਸ.ਐਸ. ਵੱਲੋਂ ਖੋਲ੍ਹੀਆਂ ਜਾ ਰਹੀਆਂ ਸ਼ਾਖਾਵਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਆਰ.ਐਸ.ਐਸ. ਅਜਿਹਾ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਡਰਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਪੰਜਾਬ ਹੈ, ਹਰਿਆਣਾ ਨਹੀਂ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਆਰ.ਐਸ.ਐਸ. ਨੇ ਜੋ ਕੰਮ ਭਾਜਪਾ ਲਈ ਕੀਤਾ ਉਹੀ ਉਹ ਪੰਜਾਬ ਵਿੱਚ ਦੁਹਰਾਉਣਾ ਚਾਹੁੰਦੀ ਹੈ ਜਦਕਿ ਇਥੋਂ ਦੇ ਲੋਕ ਆਰ.ਐਸ.ਐਸ. ਦੇ ਝਾਂਸੇ ’ਚ ਨਹੀਂ ਆਉਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top