Share on Facebook

Main News Page

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਪਿੰਡ ਰਸੂਲਪੁਰ ਵਿਖੇ ਗੁਰਮਤਿ ਵੀਚਾਰਾਂ ਕੀਤੀਆਂ, ਭਗੌਤੀ ਬਾਰੇ ਖੁੱਲ ਕੇ ਵੀਚਾਰਾਂ ਹੋਈਆਂ

22 ਨਵੰਬਰ 2014 ਨੂੰ ਫਗਵਾੜੇ ਨੇੜੇ ਪਿੰਡ ਰਸੂਲਪੁਰ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਗਉੜੀ ਮਹਲਾ ੯ ॥ ਨਰ ਅਚੇਤ ਪਾਪ ਤੇ ਡਰੁ ਰੇ ॥ ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥ ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥ ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥ ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥ ਨਾਨਕ ਕਹਤ ਗਾਇ ਕਰੁਨਾ ਮੈ ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥ {ਪੰਨਾ 220} ਸਬਦ ਦਾ ਗਾਇਨ ਅਤੇ ਵਿਆਖਿਆ ਕੀਤੀ।

ਕੀਰਤਨ ਉਪਰੰਤ ਗੰਥੀ ਸਿੰਘ ਵਲੋਂ "ਪ੍ਰਿਥਮ ਭਗੌਤੀ ਸਿਮਰ ਕੈ..." ਪ੍ਰਚਲਿਤ ਅਰਦਾਸ ਕੀਤੀ ਗਈ। ਅਰਦਾਸ ਖ਼ਤਮ ਹੋਣ ਤੋਂ ਬਾਅਦ ਆਦਮਪੁਰ ਤੋਂ ਆਏ ਇੱਕ ਜਾਗਰੂਕ ਸਿੰਘ ਸ. ਕੁਲਦੀਪ ਸਿੰਘ ਨੇ ਪ੍ਰਬੰਧਕਾਂ ਤੋਂ ਆਗਿਆ ਲੈ ਕੇ ਕੁੱਝ ਬੋਲਣ ਦੀ ਆਗਿਆ ਮੰਗੀ।

ਸ. ਕੁਲਦੀਪ ਸਿੰਘ ਆਦਮਪੁਰ ਨੇ ਪਹਿਲਾਂ ਗੁਰਮਤਿ ਸਮਾਗਮ ਕਰਵਾਉਣ ਲਈ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਅਸੀਂ ਭਗੌਤੀ ਨੂੰ ਸਿਮਰ ਰਹੇ ਹਾਂ। ਅਰਦਾਸ 'ਚ ਸ਼ਾਮਿਲ ਕੀਤੀਆਂ ਗਈਆਂ ਇਹ ਪੰਕਤੀਆਂ ਅਖੌਤੀ ਦਸਮ ਗ੍ਰੰਥ 'ਚੋਂ ਹਨ, ਜਿਸਦਾ ਸਿਰਲੇਖ "ਵਾਰ ਦੁਰਗਾ ਕੀ" ਤੋਂ ਬਦਲ ਕੇ "ਵਾਰ ਸ੍ਰੀ ਭਗੌਤੀ ਜੀ ਕੀ" ਕਰ ਦਿੱਤਾ ਗਿਆ, ਕਿਵੇਂ ਅਤੇ ਕਿਉਂ? ਇਹ ਭਗੌਤੀ, ਅਕਾਲਪੁਰਖ ਨਹੀਂ, ਭਗੌਤੀ ਭਗਵਤੀ ਦੇਵੀ ਹੈ ਜੋ ਹਿੰਦੂਆਂ ਦੀ ਤਾਂ ਪੂਜਨੀਕ ਹੋ ਸਕਦੀ ਹੈ, ਸਿੱਖਾਂ ਲਈ ਨਹੀਂ। ਸੋ ਸਾਨੂੰ ਇਹ ਦ੍ਰਿੜਤਾ ਨਾਲ ਫੈਸਲਾ ਲੈ ਕੇ, ਅਰਦਾਸ ਭਗੌਤੀ ਦੇ ਸਨਮੁੱਖ ਕਰਨ ਦੀ ਬਜਾਏ, ਅਕਾਲਪੁਰਖ ਅੱਗੇ ਕਰੀਏ। ਕਿਉਂ ਨਹੀਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਸ਼ਬਦਾਂ ਨੂੰ ਅਰਦਾਸ 'ਚ ਸ਼ਾਮਿਲ ਕਰਦੇ? ਆਓ, ਹੰਭਲਾ ਮਾਰੀਏ ਅਤੇ ਇਸ ਭਗੌਤੀ ਨੂੰ, ਅਖੌਤੀ ਦਸਮ ਗ੍ਰੰਥ ਨੂੰ, ਸਿੱਖੀ ਦੇ ਵਿਹੜੇ 'ਚੋਂ ਬਾਹਰ ਕਰੀਏ।

ਇਸ ਉਪਰੰਤ ਪ੍ਰੋ. ਦਰਸ਼ਨ ਸਿੰਘ ਨੇ ਵੀ ਸ. ਕੁਲਦੀਪ ਸਿੰਘ ਦੇ ਵੀਚਾਰਾਂ ਦੀ ਸ਼ਲਾਘਾ ਕੀਤੀ ਅਤੇ ਭਗੌਤੀ ਦੇ ਵਿਸ਼ੇ 'ਤੇ ਸੰਗਤਾਂ ਨੂੰ ਹੋਰ ਜਾਣਕਾਰੀ ਦਿੱਤੀ। ਸੰਗਤਾਂ 'ਚ ਸਾਬਕਾ ਐਮ.ਪੀ. ਸ. ਅਤਿੰਦਰਪਾਲ ਸਿੰਘ ਵੀ ਹਾਜ਼ਿਰ ਸਨ, ਜਿਨ੍ਹਾਂ ਨੇ ਸੰਗਤਾਂ ਸਾਹਮਣੇ ਸਿੱਖਾਂ ਦੇ ਵਖਰੇ ਰਾਜ ਬਾਰੇ ਆਪਣੇ ਵੀਚਾਰ ਸੰਗਤਾਂ ਦੇ ਸਨਮੁੱਖ ਰੱਖੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top