Share on Facebook

Main News Page

ਦਿੱਲੀ ਤੇ ਮੁੰਬਈ ਤੋਂ ਬਾਅਦ ਭਾਜਪਾ ‘ਐਕਸਪ੍ਰੈਸ’ ਦਾ ਅਗਲਾ ਮਿਸ਼ਨ ਕਸ਼ਮੀਰ ਤੋਂ ਕੰਨਿਆ ਕੁਮਾਰੀ
-: ਜਸਬੀਰ ਸਿੰਘ ਪੱਟੀ 09356024684

* ਜੰਮੂ ਕਸ਼ਮੀਰ ਦੀਆਂ ਚੋਣਾਂ ਕਰਨਗੀਆ ਅਕਾਲੀ ਭਾਜਪਾ ਗਠਜੋੜ ਦੇ ਭਵਿੱਖ ਦਾ ਫੈਸਲਾ

ਚੋਣ ਕਮਿਸ਼ਨ ਵੱਲੋ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਜ਼ਾਬਤਾ ਲੱਗ ਜਾਣ ਨਾਲ ਜਿਥੇ ਸਿਆਸੀ ਪਾਰਟੀਆ ਵਿੱਚ ਗੜਮਾਹਟ ਆ ਗਈ ਹੈ ਉਥੇ ਠੰਡ ਦੇ ਮੌਸਮ ਵਿੱਚ ਸੂਬੇ ਦੇ ਹੜ੍ਹ ਪੀੜਤਾਂ ਨੂੰ ਮਿਲਣ ਵਾਲੀ ਰਾਹਤ ਦਾ ਕੰਮ ਵੀ ਠੱਪ ਹੋ ਗਿਆ ਹੈ ਕਿਉਕਿ ਚੋਣ ਨਿਯਮਾਂ ਅਨੁਸਾਰ ਚੋਣਾਂ ਦੇ ਐਲਾਨ ਤੋ ਬਾਅਦ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਆਮ ਲੋਕਾਂ ਨੂੰ ਵੋਟ ਪਾਉਣ ਸਮੇਂ ਪ੍ਰਭਾਵਤ ਕਰ ਸਕਦੀ ਹੈ। ਕਰੀਬ ਛੇ ਸਾਲ ਪਹਿਲਾਂ ਹੋਈਆ ਵਿਧਾਨ ਸਭਾ ਚੋਣਾਂ ਦੌਰਾਨ ਸਿਰਫ 31.8 ਫੀਸਦੀ ਹੀ ਵੋਟਾਂ ਪਈਆ ਸਨ ਅਤੇ ਇਸ ਵਾਰੀ ਜਦੋ ਸੂਬੇ ਦੇ ਲੋਕਾਂ ਕੋਲ ਹੜ੍ਹ ਆਉਣ ਕਾਰਨ ਖਾਧ ਪਦਾਰਥ, ਸਰਦੀ ਵਿੱਚ ਪਾਉਣ ਲਈ ਗਰਮ ਕੱਪੜੇ ਅਤੇ ਘਰ ਘਾਟ ਵੀ ਨਹੀਂ ਹਨ, ਤਾਂ ਉਹ ਵੋਟ ਪਾਉਣ ਦੀ ਬਜਾਏ ਪਹਿਲਾਂ ਆਪਣੇ ਰਹਿਣ ਬਸੇਰੇ ਦਾ ਪ੍ਰਬੰਧ ਕਰਨ ਨੂੰ ਤਰਜੀਹ ਦੇਣਗੇ। ਇਸ ਭਿਆਨਕ ਦੁਖਾਂਤ ‘ਤੇ ਸਿਆਸਤ ਦੀ ਗੰਦੀ ਖੇਡ ਖੇਡਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ 745 ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਜਦ ਕਿ ਵਿਆਪਕ ਤਬਾਹੀ ਨੂੰ ਵੇਖਦਿਆਂ ਇਹ ਮਮੂਲੀ ਰਾਹਤ ਊਠ ਦੇ ਮੂੰਹ ਵਿੱਚ ਜ਼ੀਰਾ ਦੇਣ ਦੇ ਬਰਾਬਰ ਹੀ ਮੰਨੀ ਜਾ ਸਕਦੀ ਹੈ।

ਦੁਨੀਆ ਦੇ ਸਵਰਗ ਮੰਨੇ ਜਾਂਦੇ ਕਸ਼ਮੀਰ ਵਾਦੀ ਦੇ ਬਹੁਤ ਸਾਰੇ ਸਕੂਲ, ਦੁਕਾਨਾਂ, ਬਿਜਲੀ ਘਰ, ਜਲ ਸਪਲਾਈ, ਟੈਲੀਫ਼ੋਨ ਲਾਈਨਾਂ, ਸੜਕਾਂ ਅਤੇ ਪੁਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ ਜਿਹਨਾਂ ਦੀ ਮੁੜ ਉਸਾਰੀ ਲਈ ਕਾਫੀ ਸਮਾਂ ਲੱਗੇਗਾ। 21 ਸਦੀ ਦੀ ਕਸ਼ਮੀਰ ਵਿੱਚ ਪਹਿਲੇ14 ਸਾਲਾ ਦੀ ਸਭ ਤੋਂ ਭਿਆਨਕ ਤ੍ਰਾਸਦੀ ਦੇ ਮੱਦੇਨਜ਼ਰ ਸ੍ਰੀਨਗਰ ਦੀ ਪੁਨਰ-ਸਥਾਪਨਾ ਕਰਨ ਦੀ ਜ਼ਰੂਰਤ ਹੈ ਪਰ ਚੋਣਾਂ ਇਸ ਵਿੱਚ ਬਹੁਤ ਵੱਡਾ ਅੜਿੱਕਾ ਬਣ ਰਹੀਆਂ ਹਨ ਜਿਸ ਕਾਰਨ ਵਾਦੀ ਨੂੰ ਮੁੜ ਦੁਨੀਆ ਦੇ ਸਵਰਗ ਦਾ ਰੂਪ ਧਾਰਨ ਲਈ ਕਾਫੀ ਸਮਾਂ ਲੱਗੇਗਾ।

ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ‘ਚ ਬਿਹਤਰ ਕਾਰਗੁਜ਼ਾਰੀ ਦੇ ਬਲਬੂਤੇ ਅੱਜ-ਕੱਲ੍ਹ ਭਾਜਪਾ ਉਤਸ਼ਾਹ ਵਿੱਚ ਹੈ ਅਤੇ ਭਾਜਪਾ ਸਾਰੇ ਰਾਜਾ ਵਿੱਚ ਆਪਣੀ ਸਰਕਾਰ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦਾ ਪਹਿਲਾ ਸੁਫਨਾ ਦਿੱਲੀ ਫਤਹਿ ਕਰਨਾ ਸੀ ਤੇ ਮਹਾਂਰਾਸ਼ਟਰ ਤੇ ਹਰਿਆਣਾ ਫਤਹਿ ਕਰਕੇ ਦਿੱਲੀ ਤੋ ਬੰਬੇ ਤੱਕ ਭਾਜਪਾ ਸਰਕਾਰਾਂ ਬਣਾਉਣਾ ਸੀ ਪਰ ਕਸ਼ਮੀਰ ਵਿੱਚ ਚੋਣਾਂ ਦੇ ਐਲਾਨ ਤੋ ਬਾਅਦ ਭਾਜਪਾ ਨੇ ਆਪਣੀ ਹਰ ਪ੍ਰਕਾਰ ਦੀ ਸ਼ਕਤੀ ਕਸ਼ਮੀਰ ਵਿੱਚ ਝੋਕ ਦਿੱਤੀ ਹੈ ਉਸ ਦਾ ਏਜੰਡਾ ਕਸ਼ਮੀਰ ਤੋ ਕੰਨਿਆ ਕੁਮਾਰੀ ਤੱਕ ਫਤਹਿ ਹਾਸਲ ਕਰਨ ਦਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੱਕ ਪ੍ਰਮੁੱਖ ਆਗੂ ਅਸ਼ੋਕ ਸਿੰਘਲ ਨੇ ਤਾਂ ਇਥੋ ਤੱਕ ਕਹਿ ਦਿੱਤਾ ਹੈ ਕਿ ਪ੍ਰਿਥਵੀ ਰਾਜ ਚੌਹਾਨ ਦੇ ਰਾਜ 800 ਸਾਲਾਂ ਬਾਅਦ ਦਿੱਲੀ ਵਿੱਚ ਪਹਿਲੀ ਵਾਰੀ ਹਿੰਦੂ ਰਾਜ ਸਥਾਪਤ ਹੋਇਆ ਹੈ ਜੋ ਗੈਰ ਹਿੰਦੂ ਘੱਟ ਗਿਣਤੀਆ ਲਈ ਖਤਰੇ ਦੀ ਘੰਟੀ ਹੈ।

ਭਾਜਪਾ ਨੇ ਖ਼ੁਸ਼ਫ਼ਹਿਮੀ ਪਾਲਦਿਆਂ ਜੰਮੂ ਕਸ਼ਮੀਰ ਦੀਆਂ 87 ਸੀਟਾਂ ‘ਤੇ ਇਕੱਲਿਆਂ ਚੋਣ ਲੜਨ ਦਾ ਐਲਾਨ ਕੀਤਾ ਹੈ ਭਾਵੇਂ ਕਿ ਜੰਮੂ ਖੇਤਰ ਤੋਂ ਇਲਾਵਾ ਕਸ਼ਮੀਰ ਵਾਦੀ ਵਿੱਚ ਭਾਜਪਾ ਦਾ ਕੋਈ ਜ਼ਿਆਦਾ ਜਨਤਕ ਆਧਾਰ ਨਹੀ ਹੈ ਫਿਰ ਵੀ ਇਸ ਵਾਰੀ ਮੁਸਲਮਾਨ ਭਾਈਚਾਰਾ ਵੀ ਭਾਜਪਾ ਦਾ ਭਾਈਵਾਲ ਹੈ। ਭਾਜਪਾ ਨੂੰ ਪੂਰੀ ਤਰ੍ਵਾ ਯਾਦ ਹੈ ਕਿ ਪਾਰਲੀਮਾਨੀ ਚੋਣਾਂ ਵਿੱਚ ਉਸ ਨੂੰ ਛੇ ਵਿੱਚੋਂ ਤਿੰਨ ਸੀਟਾਂ ਮਿਲੀਆਂ ਸਨ ਜਦੋਂ ਕਿ ਵਾਦੀ ਦੀਆਂ ਤਿੰਨੇ ਸੀਟਾਂ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ) ਨੇ ਜਿੱਤੀਆਂ ਸਨ, ਕਾਂਗਰਸ ਤੇ ਨੈਸ਼ਨਲ ਕਾਨਫਰੰਸ ਜੀਰੋ ਤੋ ਰਹਿ ਗਈਆ ਸਨ। ਲੱਦਾਖ ਸੀਟ ਆਜ਼ਾਦ ਚਵਾਂਗ ਸਿਰਫ਼ 36 ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ। ਵਿਧਾਨ ਸਭਾ ਚੋਣਾਂ ‘ਚ ਪੀ.ਡੀ.ਪੀ. (ਪੀਪਲਜ਼ ਡੈਮੋਕਰੈਟਿਕ ਪਾਰਟੀ)ਦੀ ਆਗੂ ਮੋਹਤਰਮਾ ਮਹਿਬੂਬਾ ਮੁਫਤੀ, ਵੱਖਵਾਦ ਸਮੱਰਥਕ ਵਿਚਾਰਧਾਰਾ ਤੋਂ ਅੱਗੇ ਨਿਕਲਣ ਲਈ ਜੀ ਤੋੜ ਯਤਨ ਕਰ ਰਹੀ ਹੈ।

ਅਨੰਤਨਾਗ ਤੋਂ ਪੀ.ਡੀ.ਪੀ. ਦੀ ਚੇਅਰਪਰਸਨ ਮਹਿਬੂਬਾ ਮੁਫ਼ਤੀ ਨੇ ਆਪਣੇ ਨੇੜਲੇ ਵਿਰੋਧੀ ਐੱਨ.ਸੀ. (ਨੈਸ਼ਨਲ ਕਾਨਫਰੰਸ) ਦੇ ਡਾ. ਮਿਰਜ਼ਾ ਮਹਿਬੂਬ ਬੇਗ਼ ਨੂੰ 65,417 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਵਿਰੋਧੀ ਪਾਰਟੀ ਪੀ.ਡੀ.ਪੀ. ਦੀ ਜਿੱਤ ਅਤੇ ਉਦਾਰ ਵੱਖਵਾਦ ਦਾ ਵਿਖਾਵਾ ਕਰਨ ਕਰਕੇ ਹਾਸ਼ੀਏ ‘ਤੇ ਧੱਕ ਦਿੱਤੇ ਗਏ ਫ਼ਾਰੂਕ ਅਬਦੁੱਲਾ ਨੇ ਨੈਸ਼ਨਲ ਕਾਨਫਰੰਸ ਦੇ ਨੇਤਾਵਾਂ ਅਤੇ ਸਰਗਰਮ ਵਰਕਰਾਂ ਨੂੰ ਚੌਕਸ ਰਹਿਣ ਲਈ ਕਿਹਾ ਸੀ ਕਿ ਨਵੀਂ ਦਿੱਲੀ ਜੰਮੂ ਕਸ਼ਮੀਰ ਦੀ ਮੁਸਲਿਮ ਪਛਾਣ ਨੂੰ ਬਦਲ ਰਹੀ ਹੈ। ਉਹਨਾਂ ਕਿਹਾ ਸੀ ਕਿ ਉਹਨਾਂ ਦੀ ਪਾਰਟੀ ਵਾਦੀ ਵਿੱਚ ਅਜਿਹੀ ਤਬਦੀਲੀ ਨੂੰ ਸਹਿਣ ਨਹੀਂ ਕਰੇਗੀ ਅਤੇ ਸੂਬੇ ਦੀ ਪਛਾਣ ਬਣਾਈ ਰੱਖਣ ਲਈ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਲਈ ਤਿਆਰ ਰਹੇਗੀ। ਉਨ੍ਹਾਂ ਧਾਰਾ 370 ਵਿਰੋਧੀ ਟਿੱਪਣੀਆਂ ਦੀ ਆਲੋਚਨਾ ਕਰਦਿਆਂ ਨਾਅਰਾ ਲਾਇਆ ਕਿ ‘‘ਅਸੀਂ ਕਸ਼ਮੀਰ ਨੂੰ ਖ਼ੂਨ ਨਾਲ ਸਿੰਜਿਆ ਹੈ ਅਤੇ ਇਹ ਸਾਡਾ ਹੈ।’’ ਵੋਟਰਾਂ ਨੂੰ ਰਿਝਾਉਣ ਲਈ ਡਾਂ ਫ਼ਾਰੂਕ ‘ਕਸ਼ਮੀਰੀ ਰਾਸ਼ਟਰਵਾਦੀ’ ਹੋਣ ਦਾ ਪ੍ਰਭਾਵ ਦੇ ਸਕਦੇ ਹਨ ਪਰ ਇਸ ਵਾਰ ਅਜਿਹਾ ਨਹੀਂ ਜਾਪਦਾ ਕਿਉਕਿ ਕਸ਼ਮੀਰੀ ਸ਼ੇਰ ਹੁਣ ਬੁੱਢਾ ਹੋ ਗਿਆ ਜਾਪਦਾ ਹੈ। ਕਾਂਗਰਸ ਤੇ ਹੁਕਮਰਾਨ ਐੱਨ.ਸੀ. ਦੀ ਸਰਕਾਰ ਨੂੰ ਹੜ੍ਹ ਲੈ ਡੁੱਬਿਆ ਹੈ ਜੋ ਕਿ ਸਾਫ਼ ਦਿਖਾਈ ਦੇ ਰਿਹਾ ਹੈ ਜਦ ਕਿ ਮੁੱਖ ਮੰਤਰੀ ਜਨਾਬ ਉਮਰ ਅਬਦੁੱਲਾ ਤਾਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹਨਾਂ ਦੀ ਸਰਕਾਰ ਹੀ ਹੜ੍ਹ ਵਿੱਚ ਰੁੜ ਗਈ ਹੈ ਅਤੇ ਲੱਗਦਾ ਹੈ ਕਿ ਵੋਟਾਂ ਦੇ ‘‘ਹੜ੍ਹ’’ ਵਿੱਚ ਹੁਣ ਪਾਰਟੀ ਵੀ ਰੁੜ੍ਹ ਜਾਵੇਗੀ।

ਪੂਰੇ ਦੇਸ ਵਿੱਚ ਜਦੋ ਸਾਲ 1977 ਵਿੱਚ ਕਾਂਗਰਸ ਵਿਰੋਧੀ ਹਨੇਰੀ ਚੱਲੀ ਸੀ ਤਾਂ ਜਨਤਾ ਪਾਰਟੀ ਦੇ ਰਾਜ ਵਿੱਚ ਜੰਮੂ ਕਸ਼ਮੀਰ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਹੋਈਆਂ ਸਨ ਤਾਂ ਨੈਸ਼ਨਲ ਕਾਨਫਰੰਸ ਨੂੰ ਬਹੁਮਤ ਮਿਲਿਆ ਜਦ ਕਿ ਦੇਸ ਦੀ ਸਭ ਤੋ ਮਜਬੂਤ ਮੰਨੀ ਜਾਂਦੀ ਕਾਂਗਰਸ ਪਾਰਟੀ ਤੀਸਰੇ ਥਾਂ ‘ਤੇ ਰਹਿਣ ਕਾਰਨ ਹਾਸ਼ੀਏ ‘ਤੇ ਚੱਲੀ ਗਈ ਸੀ। ਸਾਲ 1982 ਵਿੱਚ ਸ਼ੇਰ-ਏ-ਕਸ਼ਮੀਰ ਵਜੋਂ ਜਾਣੇ ਜਾਂਦੇ ਸ਼ੇਖ਼ ਅਬਦੁੱਲਾ ਦੀ ਮੌਤ ਹੋਣ ਮਗਰੋਂ 1983 ਵਿੱਚ ਉਨ੍ਹਾਂ ਦੇ ਪੁੱਤਰ ਡਾ. ਫ਼ਾਰੂਕ ਅਬਦੁੱਲਾ ਨੇ ਕਾਂਗਰਸ ਨਾਲ ਗੱਠਜੋੜ ਬਣਾ ਕੇ ਮੁੱਖ ਮੰਤਰੀ ਦਾ ਪਦ ਹਾਸਲ ਕੀਤਾ ਸੀ। ਸਾਲ 1987 ਦੀਆਂ ਮੱਧਕਾਲੀ ਚੋਣਾਂ ਵਿੱਚ ਬਹੁਤ ਧਾਂਦਲੀਆਂ ਹੋਈਆਂ ਸਨ ਤਾਂ ਖਾੜਕੂ ਸੁਰ ਰੱਖਣ ਵਾਲੇ ਸੱਯਦ ਸਲਾਹੁਦੀਨ, ਯਾਸੀਨ ਮਲਿਕ ਆਦਿ ਜਿੱਤ ਗਏ ਸਨ ਪਰ ਉਨ੍ਹਾਂ ਨੂੰ ਸਰਕਾਰੀ ਗੁੰਡਾਗਰਦੀ ਨਾਲ ਜਬਰੀ ਹਰਾ ਦਿੱਤਾ ਗਿਆ ਸੀ।ਜਨਵਰੀ 1990 ਤੋਂ ਅਕਤੂਬਰ 1996 ਤੱਕ ਇੱਥੇ ਰਾਸ਼ਟਰਪਤੀ ਰਾਜ ਲਾਗੂ ਰਿਹਾ ਅਤੇ ਗਵਰਨਰ ਜਗਮੋਹਨ ਨੇ ਪੂਰੀ ਤਰ੍ਹਾਂ ਮਨਮਾਨੀਆ ਕੀਤੀਆ। ਸਾਲ 1996 ‘ਚ ਐੱਨ.ਸੀ. ਨੇ ਖ਼ੁਦਮੁਖ਼ਤਿਆਰੀ ਨੂੰ ਮੁੱਦਾ ਬਣਾ ਕੇ ਚੋਣ ਲੜੀ। ਸਾਲ 2002 ਵਿੱਚ ਨੈਸ਼ਨਲ ਕਾਨਫਰੰਸ ਨੇ 28 ਤੇ ਪੀ.ਡੀ.ਪੀ. ਨੇ 16 ਸੀਟਾਂ ਜਿੱਤੀਆਂ ਸਨ। ਪੀ.ਡੀ.ਪੀ. ਨੇ ਕਾਂਗਰਸ ਦੀ ਹਮਾਇਤ ਨਾਲ ਸਰਕਾਰ ਬਣਾਈ ਸੀ। ਸਮਝੌਤੇ ਅਨੁਸਾਰ ਪਹਿਲੇ ਤਿੰਨ ਸਾਲਾਂ ਤੱਕ ਪੀ.ਡੀ.ਪੀ. ਦੇ ਮੁਫ਼ਤੀ ਮੁਹੰਮਦ ਸੱਯਦ ਮੁੱਖ ਮੰਤਰੀ ਬਣੇ ਅਤੇ ਅਗਲੇ ਤਿੰਨ ਸਾਲ ਕਾਂਗਰਾਸ ਦੇ ਗ਼ੁਲਾਮ ਨਬੀ ਆਜ਼ਾਦ ਦੀ ਅਗਵਾਈ ਵਾਲੀ ਸਾਂਝੀ ਸਰਕਾਰ ਬਣੀ।

ਹਿੰਦੂਆ ਦੇ ਇਤਿਹਾਸਕ ਤੀਰਥ ਅਸਥਾਨ ਅਮਰਨਾਥ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸੁਵਿਧਾ ਲਈ ਅਜ਼ਾਦ ਸਰਕਾਰ ਨੇ ਮੰਦਰ ਬੋਰਡ ਨੂੰ ਜ਼ਮੀਨ ਦੇਣ ਦਾ ਐਲਾਨ ਕਰ ਦਿੱਤਾ ਜਿਸ ਤੋ ਨਾਰਾਜ਼ ਹੋ ਕੇ ਲੈ ਕੇ ਪੀ.ਡੀ.ਪੀ. ਨੇ ਕਾਂਗਰਸ ਨਾਲੋ ਗੱਠਜੋੜ ਤੋੜ ਦਿੱਤਾ ਅਤੇ ਆਜ਼ਾਦ ਸਰਕਾਰ ਮੂਧੜੇ ਮੂੰਹ ਡਿੱਗ ਪਈ। ਸਾਲ 2008 ਦੀਆਂ ਚੋਣਾਂ ਵਿੱਚ ਐੱਨ. ਸੀ. ਨੇ 28, ਕਾਂਗਰਸ ਨੇ 17 ਅਤੇ ਪੀ.ਡੀ.ਪੀ. ਨੇ 21 ਅਤੇ ਭਾਜਪਾ ਨੇ 11 ਸੀਟਾਂ ਜਿੱਤੀਆਂ ਸਨ। ਕਾਂਗਰਸ ਦੀ ਹਮਾਇਤ ਨਾਲ ਉਮਰ ਅਬਦੁੱਲਾ ਦੀ ਅਗਵਾਈ ਵਾਲੀ ਐੱਨ.ਸੀ. ਦੀ ਸਰਕਾਰ ਬਣੀ ਸੀ ਪਰ ਇਸ ਦੀ ਕਾਰਗੁਜ਼ਾਰੀ ਬਹੁਤ ਹੀ ਮਾੜੀ ਰਹੀ। ਸੰਨ 2010 ਵਿੱਚ ਅੱਤਵਾਦੀ/ਵੱਖਵਾਦੀ ਆਗੂਆਂ ਤੇ ਸੰਗਠਨਾ ਵੱਲੋਂ ਗੁੰਮਰਾਹ ਨੌਜਵਾਨਾਂ ਨੂੰ ਉਕਸਾ ਕੇ ਸੁਰੱਖਿਆ ਬਲਾਂ ‘ਤੇ ਪੱਥਰਬਾਜ਼ੀ ਕਰਨ, ਜਿਸ ਵਿੱਚ 120 ਨੌਜਵਾਨ ਮਾਰੇ ਗਏ ਸਨ, ਦੇ ਮਾਮਲੇ ਨਾਲ ਨਜਿੱਠਣ ‘ਚ ਨਾਕਾਮ ਰਹਿਣ ਅਤੇ ਹਾਲੀਆ ਹੜਾਂ ਵੇਲੇ ਉਮਰ ਸਰਕਾਰ ਵੱਲੋਂ ਹੜ੍ਹ ਪੀੜਤਾਂ ਪ੍ਰਤੀ ਲਾਪਰਵਾਹੀ ਨੇ ਉਸ ਦਾ ਪ੍ਰਭਾਵ ਘਟਾਇਆ ਹੀ ਨਹੀ ਹੈ ਸਗੋ ਪੂਰੀ ਤਰ੍ਹਾਂ ਉਸ ਦੇ ਪ੍ਰਭਾਵ ਨੂੰ ਹਾਸ਼ੀਏ ਤੇ ਲੈ ਆਂਦਾ ਹੈ। ਸਥਾਨਕ ਲੋਕਾਂ ਪ੍ਰਤੀ ਰਾਜ ਸਰਕਾਰ ਨੇ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ ਜਿਸ ਕਾਰਨ ਕਸ਼ਮੀਰ ਵਾਦੀ ਦੇ ਲੋਕ ਕਾਫੀ ਨਾਰਾਜ਼ ਦਿਖਾਈ ਦੇ ਰਹੇ ਹਨ ਤੇ ਇਹ ਨਾਰਾਜਗੀ ਐਨ.ਸੀ. ਨੂੰ ਚੋਣਾਂ ਵਿੱਚ ਮਹਿੰਗੀ ਪੈ ਸਕਦੀ ਹੈ।ਹਾਕਮ ਧਿਰ ਨਾਲ ਸਬੰਧਿਤ ਕਈ ਮੰਤਰੀ ਤੇ ਵਿਧਾਇਕ ਸ੍ਰੀਨਗਰ ਛੱਡ ਕੇ ਦੌੜ ਗਏ ਸਨ ਅਤੇ ਪੀੜਤਾਂ ਦੀ ਸਾਰ ਕਿਸੇ ਨਾ ਲਈ ਜਿਸ ਕਰਕੇ ਦੁੱਖੀ ਹੋ ਕੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਕਹਿਣਾ ਪਿਆ ਸੀ ਕਿ ਹੜਾਂ ਵਿੱਚ ਤਾਂ ਉਹਨਾਂ ਦੀ ਸਰਕਾਰ ਵੀ ਰੁੜ ਗਈ ਹੈ।

ਕਾਂਗਰਸ ਪਾਰਟੀ ਜਿਸ ਦੇ ਸਿਤਾਰੇ ਇਸ ਵੇਲੇ ਪੂਰੀ ਤਰ੍ਵਾ ਗਰਦਿਸ਼ ਵਿੱਚ ਨਜ਼ਰ ਆ ਰਹੇ ਹਨ ਵੀ ਜੰਮੂ ਕਸ਼ਮੀਰ ਵਿੱਚ ਇਸ ਵੇਲੇ ਧੜੇਬੰਦੀ ਦਾ ਸ਼ਿਕਾਰ ਹੈ ਜਿਸ ਕਾਰਨ ਕਾਂਗਰਸ ਦਾ ਹਸ਼ਰ 1977 ਵਾਲਾ ਹੋ ਸਕਦਾ ਹੈ ਜਦੋ ਇਹ ਤੀਸਰੇ ਸਥਾਨ ਤੇ ਰਹੀ ਸੀ। ਕਾਂਗਰਸ ਨੂੰ ਜੰਮੂ ਖੇਤਰ ਵਿੱਚ ਭਾਜਪਾ ਪੂਰੀ ਟੱਕਰ ਦੇ ਰਹੀ ਹੈ ਪਰ ਕਸ਼ਮੀਰ ਵਾਦੀ ਵਿੱਚ ਵੀ ਕਈ ਹਲਕੇ ਹਨ ਜਿਥੇ ਭਾਜਪਾ ਵੱਲੋ ਮੁਸਲਮਾਨਾਂ ਨੂੰ ਉਮੀਦਵਾਰਾਂ ਬਣਾਇਆ ਹੈ ਜਿਹਨਾਂ ਮੋਹਤਰਮਾ ਹਿਨਾ ਪਹਿਲੇ ਨੰਬਰ ‘ਤੇ ਹੈ । ਕਸ਼ਮੀਰ ਦਾ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਗ਼ੁਲਾਮ ਨਬੀ ਆਜ਼ਾਦ ਹੀ ਕਾਂਗਰਸ ਦਾ ਅਜਿਹਾ ਆਗੂ ਹੈ ਜਿਸ ਦੀ ਕਸ਼ਮੀਰ ਦੇ ਤਿੰਨਾਂ ਖਿੱਤਿਆਂ ਜੰਮੂ, ਕਸ਼ਮੀਰ ਤੇ ਲੱਦਾਖ ਵਿੱਚ ਪਛਾਣ ਹੈ ਪਰ ਉਹ ਰਾਜ ਸਭਾ ਮੈਂਬਰ ਬਣ ਕੇ ਦਿੱਲੀ ਵਿੱਚ ਹੀ ਜੰਮ ਗਿਆ ਤੇ ਉਸ ਨੇ ਕਸ਼ਮੀਰ ਨੂੰ ਇੱਕ ਤਰ੍ਹਾਂ ਨਾਲ ਵਿਸਾਰ ਹੀ ਦਿੱਤਾ ਜਿਸ ਕਾਰਨ ਲੋਕ ਸਭਾ ਚੋਣਾਂ ਦੌਰਾਨ ਛੇ ਦੀਆ ਛੇ ਸੀਟਾਂ ਪੀ.ਡੀ.ਪੀ ਤੇ ਭਾਜਪਾ ਜਿੱਤਣ ਵਿੱਚ ਕਾਮਯਾਬ ਰਹੀਆ ਤੇ ਕਾਂਗਰਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਨੇ ਜੰਮੂ ਕਸ਼ਮੀਰ ਵਿੱਚ ਜਿਸ ਵਿਅਕਤੀ ਸੈਫ਼ੂਦੀਨ ਸੋਜ ਨੂੰ ਪਾਰਟੀ ਪ੍ਰਧਾਨ ਬਣਾਇਆ ਹੈ ਉਹ ਵੀ ਕਸ਼ਮੀਰੀਆ ਦੀ ਨਬਜ਼ ਨੂੰ ਪਛਾਣ ਨਹੀ ਸਕੇ ਤੇ ਉਹਨਾਂ ਦੀ ਅਗਵਾਈ ਵੀ ਪਾਰਟੀ ਲਈ ਸਰਾਪ ਸਿੱਧ ਹੋਈ ਜਿਸ ਕਾਰਨ ਪਾਰਟੀ ਆਪਣਾ ਅਧਾਰ ਗੁਆ ਚੁੱਕੀ ਹੈ। ਭਾਜਪਾ ਆਪਣੇ ਹੱਕ ਵਿੱਚ ‘ਮੋਦੀ ਲਹਿਰ’ ਦੱਸ ਰਹੀ ਹੈ ਅਤੇ ਲੋਕ ਚੋਣਾਂ ਦੌਰਾਨ ਜੰਮੂ ਕਸ਼ਮੀਰ ਦੇ ਕੁਲ 87 ਵਿਧਾਨ ਸਭਾ ਹਲਕਿਆ ਵਿੱਚੋ ਭਾਜਪਾ ਨੇ 37 ਅਸੈਂਬਲੀ ਹਲਕਿਆਂ ਵਿੱਚੋਂ 24 ਸੀਟਾਂ ਜਿੱਤ ਕੇ 48.2 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਜਦੋਂਕਿ ਉਸ ਦੀ ਵਿਰੋਧੀ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗੱਠਜੋੜ ਨੂੰ ਸਿਰਫ 34.4 ਫ਼ੀਸਦੀ ਵੋਟਾਂ ਹੀ ਮਿਲੀਆ ਸਨ।

ਕਸ਼ਮੀਰ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਨਾਲ ਭਾਜਪਾ ਨੇ ਨਾਅਰਾ ਦਿੱਤਾ ਹੈ ਕਿ ‘ਅਬ ਜੰਮੂ ਐਂਡ ਕਸ਼ਮੀਰ ਕੀ ਬਾਰੀ’ ਹੈ ਜੋ ਭਾਜਪਾ ਲਈ ਸਾਕਾਰ ਸਿੱਧ ਨਹੀ ਹੋ ਰਿਹਾ ਪਰ ਪੀ.ਡੀ.ਪੀ ਦੀ ਆਗੂ ਮੋਹਤਰਮਾ ਮਹਿਬੂਬਾ ਮੁਫਤੀ ਵੱਲੋ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਦੇ ਦਿੱਤੇ ਬਿਆਨ ਨੇ ਭਾਜਪਾ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ। ਪੰਜ ਗੇੜਾ ਵਿੱਚ ਸੂਬੇ ਵਿੱਚ ਹੋਣ ਵਾਲੀਆ ਚੋਣਾਂ ਲਈ ਕਾਂਗਰਸ ਨੇ 86 ਹਲਕਿਆ, ਨੈਸ਼ਨਲ ਕਾਨਫਰੰਸ ਨੇ 87 ਅਤੇ ਭਾਜਪਾ ਨੇ 87 ਅਤੇ ਪੀ.ਡੀ.ਪੀ ਨੇ ਵੀ 87 ਹਲਕਿਆ ਤੋ ਆਪਣੇ ਉਮੀਦਵਾਰ ਖੜੇ ਕੀਤੇ ਹਨ। ਅਤਿਵਾਦ/ ਵੱਖਵਾਦ, ਬਾਈਕਾਟ, ਧਾਰਾ 370 ਅਤੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਵਰਗੇ ਮੁੱਦੇ ਭਾਜਪਾ ਦਾ ਰਾਹ ਰੋਕਣ ਦਾ ਯਤਨ ਜਰੂਰ ਕਰ ਰਹੇ ਹਨ ਕਿਉਂਕਿ ਜੰਮੂ ਖੇਤਰ ਵਿੱਚ ਤਾਂ ਭਾਜਪਾ ਪੂਰੀ ਤਰ੍ਹਾਂ ਮਜਬੂਤ ਹੈ ਪਰ ਕਸ਼ਮੀਰ ਵਾਦੀ ਵਿੱਚ ਉਮੀਦਵਾਰ ਲੱਭਣ ਤੇ ਚੋਣ ਮੁਹਿੰਮ ਚਲਾਉਣ ‘ਚ ਭਾਜਪਾ ਨੂੰ ਦਿੱਕਤ ਪੇਸ਼ ਆ ਰਹੀ ਹੈ। ਐੱਨ.ਸੀ, ਕਾਂਗਰਸ ਤੇ ਪੈਂਥਰ ਪਾਰਟੀ ਮੁਕਾਬਲਾ ਬਹੁਕੋਣੀ ਬਣਾ ਸਕਦੀਆਂ ਹਨ ਜਿਸ ਦਾ ਸਿੱਧਾ ਫਾਇਦਾ ਪੀ.ਡੀ.ਪੀ ਨੂੰ ਪੁੱਜੇਗਾ।

ਕਸ਼ਮੀਰ ਘਾਟੀ ਵਿੱਚ ਵੱਖਵਾਦੀ ਵਿਚਾਰਧਾਰਾ ਛੱਡ ਚੁੱਕੀ ਜੰਮੂ ਕਸ਼ਮੀਰ ਪੀਪਲਜ਼ ਕਾਨਫਰੰਸ ਨੇ 18 ਸੀਟਾਂ ‘ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਦੇ ਮੁਖੀ ਸੱਜਾਦ ਲੋਨ ਕੁਪਵਾੜਾ ਤੋਂ ਚੋਣ ਲੜ ਰਹੇ ਹਨ। ਜੇ.ਕੇ. ਪੀਪਲਜ਼ ਕਾਨਫਰੰਸ ਵੀ ਭਾਜਪਾ ਤੇ ਪੀ.ਡੀ.ਪੀ ਦਾ ਨੁਕਸਾਨ ਕਰ ਸਕਦੀ ਹੈ ਫਿਰ ਵੀ ਵਧੇਰੇ ਹਲਕਿਆ ਵਿੱਚ ਪੀ.ਡੀ.ਪੀ ਦੀ ਸਥਿਤੀ ਮਜਬੂਤ ਹੈ।ਘਾਟੀ ‘ਚ ਪਹਿਲਾਂ 31.8 ਫ਼ੀਸਦੀ ਵੋਟਾਂ ਪੋਲ ਹੋਈਆਂ ਸਨ ਪਰ ਹੁਣ ਹੜ੍ਹ ਕਰਕੇ ਬੇਘਰ ਹੋਏ ਵੋਟਰ ਮਤਦਾਨ ‘ਤੇ ਮਾੜਾ ਅਸਰ ਪਾ ਸਕਦੇ ਹਨ। ਕੁੱਲ ਮਿਲਾ ਕੇ ਜੰਮੂ ਕਸ਼ਮੀਰ ਵਿੱਚ ਭਾਜਪਾ ਦਾ ਮਿਸ਼ਨ ਇੰਨਾ ਆਸਾਨ ਨਹੀਂ ਜਾਪਦਾ ਪਰ ਪੀ.ਡੀ.ਪੀ ਨਾਲ ਮਿਲ ਕੇ ਵੀ ਜੇਕਰ ਭਾਜਪਾ ਸਰਕਾਰ ਬਨਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਫਿਰ ਪੰਜਾਬ ਵਿੱਚ ਭਾਜਪਾ ਲਈ 2017 ਵਿੱਚ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਇਕੱਲਿਆ ਲੜਨਾ ਸੌਖਾ ਹੋ ਜਾਵੇਗਾ। ਭਾਜਪਾ ਦੀ ਨੀਤੀ ਕਸ਼ਮੀਰ ਤੋ ਕੰਨਿਆ ਕੁਮਰੀ ਤੱਕ ਭੰਗਵਾਂ ਝੰਡਾ ਝੁਲਾਉਣ ਦੀ ਹੈ ਅਤੇ ਇਸ ਸੁਫਨੇ ਨੂੰ ਸਾਕਾਰ ਕਰਨ ਲਈ ਭਾਜਪਾ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਕਿਉਕਿ ਦਿੱਲੀ ਤੋ ਬੰਬੇ ਜਾਂਦਿਆ ਰਸਤੇ ਵਿੱਚ ਆਉਣ ਵਾਲੇ ਸਾਰੇ ਹੀ ਰਾਜਾਂ ਵਿੱਚ ਅੱਜ ਭਾਜਪਾ ਦੀਆ ਸਰਕਾਰਾਂ ਹਨ ਜਿਹੜਾ ਉਸ ਦਾ ਪਹਿਲਾਂ ਮਿਸ਼ਨ ਸੀ।

Êਪੰਜਾਬ ਵਿਚਲੀ ਅਕਾਲੀ ਭਾਜਪਾ ਗਠਜੋੜ ਸਰਕਾਰ ਦਾ ਭਵਿੱਖ ਵੀ ਕਸ਼ਮੀਰ ਦੀਆ ਚੋਣਾਂ ਹੀ ਤਹਿ ਕਰਨਗੀਆ ਕਿਉਕਿ ਭਾਜਪਾ ਨੇ ਆਪਣੇ ਸਭ ਤੋ ਪੁਰਾਣੇ ਗਠਜੋੜ ਨੂੰ ਵੀ ਹੁਣ ਤੱਕ ਨਹੀ ਬਖਸ਼ਿਆ ਤੇ ਫਿਰ ਅਕਾਲੀ ਭਾਜਪਾ ਦਾ ਗਠਜੋੜ ਤਾਂ ਵੈਸੇ ਵੀ ਬੇਅਸੂਲਾਂ ਹੈ। ਕਸ਼ਮੀਰ ਵਿੱਚ ਚੰਗੀ ਕਾਰਗੁਜਾਰੀ ਸਿੱਧ ਹੋਣ ਤੋ ਬਾਅਦ ਭਾਜਪਾ ਅਕਾਲੀਆ ਨੂੰ ਧੋਬੀ ਪੱਟਕਾ ਮਾਰ ਕੇ ਵੱਖ ਕਰ ਸਕਦੀ ਹੈ ਤੇ ਪੰਜਾਬ ਵਿੱਚ ਵੀ ਇਕੱਲਿਆ ਚੋਣ ਲੜ ਕੇ ਆਪਣੀ ਕਿਸਮਤ ਅਜਮਾ ਸਕਦੀ ਹੈ। ਭਾਜਪਾ ਦੇ ਦਿਮਾਗ ਵਜੋ ਜਾਣੇ ਅਰੁਣ ਜੇਤਲੀ ਨੇ ਬੀਤੇ ਸਮੇਂ ਦੌਰਾਨ ਪੰਜਾਬ ਦੇ ਲੋਕਾਂ ਦੀ ਨਬਜ਼ ਨੂੰ ਪਛਾਣਿਆ ਹੈ ਤੇ ਉਹਨਾਂ ਨੇ ਲੋਕ ਸਭਾ ਚੋਣਾਂ ਤੋ ਉਪਰੰਤ ਹੀ ਭਾਜਪਾ ਵਰਕਰਾਂ ਤੇ ਆਗੂਆ ਦੀਆ ਗੁਪਤ ਮੀਟਿੰਗਾਂ ਕਰਕੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਵਿਧਾਨ ਸਭਾ ਚੋਣਾਂ ਭਾਜਪਾ ਇਕੱਲਿਆ ਲੜੇਗੀ। ਆਰ ਐਸ.ਐਸ ਆਗੂ ਮੋਹਨ ਭਾਗਵਤ ਨੇ ਪਿਛਲੇ ਦਿਨੀ ਪੰਜਾਬ ਦੇ ਉਹਨਾਂ ਡੇਰੇਦਾਰਾਂ ਨਾਲ ਗੁਪਤ ਮੀਟਿੰਗਾਂ ਵੀ ਕੀਤੀਆ ਹਨ ਜਿਹਨਾਂ ਕੋਲ ਵੋਟ ਬੈਂਕ ਕਾਫੀ ਜ਼ਿਆਦਾ ਹੈ ਅਤੇ ਇਹ ਵੀ ਵਿਧਾਨ ਸਭਾ ਚੋਣਾਂ ਭਾਜਪਾ ਵੱਲੋ ਇਕੱਲੇ ਲੜਨ ਦੀ ਕੜੀ ਦਾ ਇੱਕ ਹਿੱਸਾ ਹੀ ਮੰਨਿਆ ਜਾ ਸਕਦਾ ਹੈ। ਆਰ.ਐਸ,ਐਸ ਦੇ ਇੱਕ ਆਗੂ ਨੇ ਦਾਅਵਾ ਕੀਤਾ ਹੈ ਕਿ ਆਰ.ਐਸ.ਐਸ ਮਾਝੇ ਦੇ ਵੀ 120 ਪਿੰਡਾਂ ਵਿੱਚ ਆਰ.ਐਸ.ਐਸ ਆਪਣੀਆ ਸ਼ਾਖਾ ਲਗਾਉਣ ਵਿੱਚ ਕਾਮਯਾਬ ਹੋ ਚੁੱਕੀ ਹੈ ਅਤੇ ਹੋਰ ਪਿੰਡਾਂ ਨੂੰ ਵੀ ਕਾਹਲੀ ਨਾਲ ਆਪਣੇ ਕਲਾਵੇ ਵਿੱਚ ਲਿਆ ਜਾ ਰਿਹਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top