Share on Facebook

Main News Page

ਅੰਮ੍ਰਿਤ ਦੀਆਂ ਬਾਣੀਆਂ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਅੰਮ੍ਰਿਤ ਪਿਲਾਉਣ ਦੀ ਸਿੱਖੀ ਪ੍ਰੰਪਰਾ

ਧੰਨੁ ਸ਼੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਤੋਂ ਸਿੱਖੀ ਵਿੱਚ ਅੰਮ੍ਰਿਤ ਛਕਾਉਣ ਜਾਂ ਪਿਲਾਉਣ ਦੀ ਪ੍ਰੰਪਰਾ ਸ਼ੁਰੂ ਹੋਈ ਸੀ। ਗੁਰ ਬਿਲਾਸ ਪਾਤਿਸ਼ਾਹੀ 6 ਵਿੱਚ ਇਸ ਵਿਧਿ ਨੂੰ ‘ਗੁਰ ਦੀਖਿਆ’ ਲਿਖਿਆ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਲਿਖਿਆ ਹੈ-

ਚਰਨ ਧੋਇ ਰਹਰਾਸਿ ਕਰਿ ਚਰਨਾਮ੍ਰਿਤ ਸਿਖਾਂ ਪੀਲਾਇਆ। (ਵਾਰ 1 ਪਉੜੀ ਨੰਬਰ 23)

ਸਤਿਗੁਰੂ ਨਾਨਕ ਪਾਤਿਸ਼ਾਹ ਜੀ ਨੇ ਕਿਹੜੀ ਬਾਣੀ ਪੜ੍ਹੀ ਇਸ ਦਾ ਭਾਈ ਗੁਰਦਾਸ ਜੀ ਨੇ ਕਿਤੇ ਕੋਈ ਜ਼ਿਕਰ ਨਹੀਂ ਕੀਤਾ, ਪਰ ਜੋ ਭੀ ਪੜ੍ਹਿਆ ਹੋਵੇਗਾ ਆਪਣੀ ਰਚੀ ਬਾਣੀ ਵਿੱਚੋਂ ਹੀ ਪੜ੍ਹਿਆ ਹੋਵੇਗਾ ਬਾਹਰੋਂ ਨਹੀਂ। ਇਹ ਪ੍ਰੰਪਰਾ ਸੰਨ 1699 ਦੀ ਵਿਸਾਖੀ ਤੋਂ ਪਹਿਲਾਂ ਤਕ ਚੱਲਦੀ ਹੋਈ, ਵਿਸਾਖੀ ਨੂੰ, ਖੰਡੇ ਬਾਟੇ ਰਾਹੀਂ ਅੰਮ੍ਰਿਤ ਛਕਾਉਣ ਵਿੱਚ ਬਦਲ ਗਈ।

ਇਹ ਕਿਹਾ ਜਾ ਸਕਦਾ ਹੈ ਕਿ ਜਿਹੜੀ ਬਾਣੀ ਪਿਤਾ ਗੁਰੂ ਜੀ ਧੰਨੁ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਅੰਮ੍ਰਿਤ ਛਕਾਉਣ ਸਮੇਂ ਪੜ੍ਹਦੇ ਰਹੇ ਸਨ ਅਤੇ ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਗੁਰੂ ਗੋਬਿੰਦ ਰਾਇ ਦੇ ਹੁੰਦਿਆਂ ਆਪ ਪੜ੍ਹਦੇ ਰਹੇ ਸਨ ਉਹੀ ਬਾਣੀ ਸੰਨ 1699 ਦੀ ਵਿਸਾਖੀ ਤੇ ਪੜ੍ਹੀ ਹੋਵੇਗੀ। ਬਦਲਿਆ ਕੀ? ਕੇਵਲ ਅੰਮ੍ਰਿਤ ਤਿਆਰ ਕਰਨ ਦਾ ਢੰਗ, ਜਿਸ ਦਾ ਅਧਿਕਾਰ ਅੱਗੇ ਪੰਜ ਪਿਆਰਿਆਂ ਨੂੰ ਸੌਂਪ ਦਿੱਤਾ ਗਿਆ ਕਿਉਂਕਿ ਦੇਹ-ਧਾਰੀ ਗੁਰੂ ਦਾ ਸਿਲਸਿਲਾ ਬੰਦ ਕੀਤਾ ਜਾਣਾ ਸੀ।

ਮੌਜੂਦਾ ਅੰਮ੍ਰਿਤ ਦੀਆਂ ਪੰਜ ਬਾਣੀਆਂ ਕੀ ਦਸਵੇਂ ਗੁਰੂ ਜੀ ਨੇ ਨਿਯਤ ਕੀਤੀਆਂ?
- ਸਪੱਸ਼ਟ ਉੱਤਰ ਹੈ: ਨਹੀਂ

ਇਨ੍ਹਾਂ ਪੰਜ ਰਚਨਾਵਾਂ ਵਿੱਚ ਦੋ ਬਾਣੀਆਂ ਹਨ (ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹਨ) ਅਤੇ ਬਾਕੀ ਤਿੰਨ ਦਸਵੇਂ ਗੁਰੂ ਜੀ ਵਲੋਂ ਪ੍ਰਵਾਨਤ ਰਚਨਾਵਾਂ ਨਹੀਂ ਹਨ, ਭਾਵ, ਇਨ੍ਹਾਂ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਹੈ ਤੇ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹਨ। ਆਦਿ ਗ੍ਰੰਥ ਨੂੰ ਸੰਪੂਰਨ ਕਰਕੇ ਆਪ ਹੀ ਦਸਵੇਂ ਗੁਰੂ ਜੀ ਨੇ ਇਸ ਨੂੰ ਗੁਰਿਆਈ ਬਖ਼ਸ਼ ਸੀ। ਇਹ ਤਿੰਨ ਰਚਨਾਵਾਂ, ਸੰਨ 1931 ਵਿੱਚ ਬਣੀ ਇੱਕ ਸਬ-ਕਮੇਟੀ ਨੇ, ਸੰਨ 1897 ਵਿੱਚ ਬਣੇ ਦਸਮ ਗ੍ਰੰਥ ਵਿੱਚੋਂ ਲੈ ਕੇ ਤੇ ਦੋ ਬਾਣੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈ ਕੇ ਇਨ੍ਹਾਂ ਪੰਜਾਂ ਨੂੰ ‘ਪੰਜ ਬਾਣੀਆਂ’ ਦਾ ਨਾਂ ਦੇ ਦਿੱਤਾ ਅਤੇ ਸਿੱਖ ਰਹਿਤ ਮਰਯਾਦਾ ਦੇ ਬਣਾਏ ਖਰੜੇ ਵਿੱਚ ਦਰਜ ਕਰ ਦਿੱਤਾ। ਇਹ ਸਬ-ਕਮੇਟੀ ਸ਼੍ਰੋ. ਗੁ. ਪ੍ਰ. ਕਮੇਟੀ ਨੇ ਹੀ ਅੰਗ੍ਰੇਜ਼ਾਂ ਦੇ ਰਾਜ ਸਮੇਂ ਬਣਾਈ ਸੀ।

ਸੰਨ 1931 ਤੋਂ ਪਹਿਲਾਂ ਅੰਮ੍ਰਿਤ ਛਕਾਉਣ ਸਮੇਂ ਕੀ ਪੜ੍ਹਿਆ ਜਾਂਦਾ ਸੀ ਇਹ ਜ਼ਿਕਰ ਸਬ-ਕਮੇਟੀ ਨੇ ਖਰੜੇ ਵਿੱਚ ਨਹੀਂ ਕੀਤਾ।

ਸਬ-ਕਮੇਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੋਂ ਤਿੰਨ ਰਚਨਾਵਾਂ (ਸਵੱਯੇ, ਚੌਪਈ ਅਤੇ ਜਾਪੁ) ਸ਼ਾਮਲ ਕਰ ਕੇ ਸ਼ਾਇਦ ਇਹ ਸਾਬਤ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਬਾਣੀਆਂ ਨਹੀਂ ਹਨ ਜੋ ਅੰਮ੍ਰਿਤ ਤਿਆਰ ਕਰਨ ਸਮੇਂ ਪੜ੍ਹੇ ਜਾਣ ਦੇ ਯੋਗ ਨਹੀਂ। ਸਬ-ਕਮੇਟੀ ਦੇ ਇਸ ਭੁਲੇਖੇ ਨੇ ਅੱਜ ਸਿੱਖ ਪੰਥ ਵਿੱਚ ਸੱਚੀ ਅਤੇ ਕੱਚੀ ਬਾਣੀ ਦੀ ਪਛਾਣ ਬਾਰੇ ਜ਼ਬਰਦਸਤ ਵਿਵਾਦ ਖੜਾ ਕਰ ਦਿੱਤਾ ਹੈ।
ਜੇ ਇਹ ਸਬ-ਕਮੇਟੀ ਸੁਹਾਗਣਿ ਹੁੰਦੀ ਤਾਂ ਆਪਣੇ ਪਤੀ ਸ਼੍ਰੀ ਗੁਰੂ ਗੰਥ ਸਾਹਿਬ ਜੀ ਨੂੰ ਛੱਡ ਕੇ ਕਿਸੇ ਦੂਜੇ ਵਲ ਨਾ ਝਾਕਦੀ। ਪੰਨਾਂ ਗਗਸ 1384 ਉੱਤੇ ਇਹ ਸੱਚ ਲਿਖਿਆ ਹੈ- ‘ਜਿਨਾ ਨਾਉ ਸੁਹਾਗਣੀ ਤਿਨਾ ਝਾਕ ਨ ਹੋਰ॥114॥’ ਸਬ-ਕਮੇਟੀ ਸ਼ਾਇਦ ਸੱਚ ਦੀ ਇਹ ਲਛਮਣ ਰੇਖਾ ਟੱਪ ਗਈ।

ਹੁਣ ਪੁਰਾਤਨ ਲਿਖਤਾਂ ਵਿੱਚੋਂ ਅੰਮ੍ਰਿਤ ਦੀਆਂ ਬਾਣੀਆਂ/ਰਚਨਾਵਾਂ ਦੇ ਵੇਰਵੇ ਪੇਸ਼ ਕੀਤੇ ਜਾਂਦੇ ਹਨ ਜੋ ਲਿਖਾਰੀਆਂ ਅਨੁਸਾਰ ਸੰਨ 1699 ਦੀ ਵਿਸਾਖੀ ਤੇ ਖ਼ਾਲਸਾ ਸਾਜਣ ਸਮੇਂ ਕਥਿਤ ਤੌਰ ਤੇ ਪੜ੍ਹੀਆਂ ਗਈਆਂ:-

ਗੁਰਸ਼ੋਭਾ ਰਚਿਤ ਕਵੀ ਸੈਨਾਪਤੀ ਲਿਖਣ ਕਾਲ਼ ਸੰਨ 1701

ਲਿਖਣ ਕਾਲ਼ ਕਵੀ ਨੇ ਸੰਨ 1701 ਦਿੱਤਾ ਹੈ, ਪਰ ਕੁਝ ਸਮੇਂ ਬਾਅਦ ਦੀਆਂ ਘਟਨਾਵਾਂ ਲਿਖਿੀਆਂ ਦੇਖ ਕੇ ਡਾ. ਗੰਡਾ ਸਿੰਘ {ਸੰਪਾਦਕ ਗੁਰਸੋਭਾ ਪੰਜਾਬੀ ਯੂ.ਪਟਿਆਲਾ} ਨੇ ‘ਗੁਰਸੋਭਾ’ ਦਾ ਲ਼ਿਖਣ ਕਾਲ਼ ਸੰਨ 1711 ਤਕ ਮੰਨਿਆਂ ਹੈ। ਇਸ ਗ੍ਰੰਥ ਵਿੱਚ ਖ਼ਾਲਸਾ ਸਾਜਣ ਸਮੇਂ ਦਾ ਕੋਈ ਵਿਸਥਾਰ ਸਹਿਤ ਵੇਰਵਾ ਨਹੀਂ ਹੈ, ਸ਼ੀਸ਼ ਮੰਗ ਕਰਨ ਦਾ ਕੋਈ ਜ਼ਿਕਰ ਨਹੀਂ ਹੈ, ਬੱਕਰੇ ਵੱਢਣ ਤੇ ਤੰਬੂਆਂ ਵਿੱਚ ਬੱਕਰੇ ਛੁਪਾ ਕੇ ਰੱਖਣ ਦਾ ਕੋਈ ਜ਼ਿਕਰ ਨਹੀਂ ਹੈ। ਇਹ ਘਟਨਾਵਾਂ ਬਾਅਦ ਦੇ ਲਿਖਾਰੀਆਂ ਨੇ ਜੋੜੀਆਂ ਹਨ।

ਅੰਮ੍ਰਿਤ ਦੀਆਂ ਬਾਣੀਆਂ ਦਾ ਕੋਈ ਜ਼ਿਕਰ ਨਹੀਂ ਹੈ। ਕਵੀ ਸੈਨਾਪਤੀ ਖ਼ਾਲਸਾ ਸਾਜਣ ਸੰਬੰਧੀ ਲਿਖਦਾ ਹੈ-

ਹੁਐ ਦਇਆਲ ਦਰਸਨ ਦੀਓ ਕਰਨਹਾਰ ਕਰਤਾਰ॥3॥119॥
ਗੋਬਿੰਦ ਸਿੰਘ ਕਰੀ ਖੁਸੀ ਸੰਗਤ ਕਰੀ ਨਿਹਾਲ।
ਕੀਓ ਪਰਗਟ ਖਾਲਸਾ ਚੁਕਿਓ ਸਗਲ ਜੰਜਾਲ॥4॥120॥
ਸਬ ਸਮੂਹ ਸੰਗਤ ਮਿਲੀ ਸੁਭ ਸਤਿਲੁਦ੍ਰ ਕੇ ਤੀਰ
ਕੇਤਕ ਸੁਨ ਭਏ ਖਾਲਸਾ ਕੇਤਕ ਭਏ ਅਧੀਰ॥5॥121॥

ਏਨਾਂ ਨੇੜੇ ਦਾ ਗੁਰੂ ਜੀ ਦੇ 52 ਦਰਬਾਰੀ ਕਵੀਆਂ ਵਿਚੋਂ ਕਵੀ ਸੈਨਾਪਤੀ ਹੈ, ਪਰ ਉਸ ਕੋਲ਼ ਅੰਮ੍ਰਿਤ ਦੀਆਂ ਬਾਣੀਆਂ ਬਾਰੇ ਕੋਈ ਸੂਚਨਾ ਨਹੀਂ ਹੈ।

ਕਹਿ ਸਕਦੇ ਹਾਂ ਕਿ ਗੁਰੂ ਜੀ ਨੇ ਆਪਣੀ ਅੰਮ੍ਰਿਤ ਮਈ ਦਿਬਦ੍ਰਿਸ਼ਟੀ ਨਾਲ਼ ਹੀ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ ਹੋਵੇਗਾ। ਪਰ ਅਗਾਂਹ ਅੰਮ੍ਰਿਤ ਛਕਾਉਣ ਵਾਲ਼ੇ ਜਥੇ ਕਿਵੇਂ ਅੰਮ੍ਰਿਤ ਤਿਆਰ ਕਰਦੇ ਹੋਣਗੇ ਇਸ ਬਾਰੇ ਵੀ ਇਸ ਗ੍ਰੰਥ ਵਿੱਚ ਕੋਈ ਸੂਚਨਾ ਨਹੀਂ ਹੈ।

ਗੁਰਬਿਲਾਸ ਪਾ:10, ਲਿਖਣ ਕਾਲ਼ ਸੰਨ 1751 (ਖ਼ਾਲਸਾ ਸਾਜੇ ਜਾਣ ਤੋਂ 52 ਸਾਲ ਬਾਅਦ)

ਕਵੀ ਕੁਇਰ ਸਿੰਘ ਇਸ ਪੁਸਤਕ ਵਿੱਚ ਖ਼ਾਲਸਾ ਸਾਜਣ ਦਾ ਦ੍ਰਿਸ਼ ਬਿਆਨ ਕਰਦਾ ਲਿਖਦਾ ਹੈ

ਸਰਿਤਾ ਜਲ ਲੀਨ ਅਛੂਤ ਮੰਗਾਇ ਕੈ ਪਾਤ੍ਰ ਲੋਹ ਮੈ ਤਾ ਪ੍ਰਭ ਬੇਰੈ॥
ਪੜ੍ਹਤੇ ਹ੍ਵੈ ਉਦਾਸ ਹੋ ਮੰਤ੍ਰਨ ਕੋ ਪ੍ਰਭ ਠਾਢੇ ਹੈ ਆਪ ਭਏ ਸੋ ਸਵੇਰੇ॥

ਗੁਰੂ ਜੀ ਦੁਆਰਾ ਕੀ ਪੜ੍ਹਿਆ ਗਿਆ? ਕਵੀ ਅਨੁਸਾਰ ਕੇਵਲ ‘ਮੰਤ੍ਰ’ ਪੜ੍ਹੇ ਗਏ। ਉਦਾਸ ਹੋ ਕੇ ਗੁਰੂ ਜੀ ਨੇ ਮੰਤ੍ਰ ਪੜ੍ਹੇ। ਕਵੀ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਮੰਤ੍ਰ ਪੜ੍ਹੇ। ਜੇ ਇਹ ਕਹੀਏ ਕਿ ਮੂਲ਼ ਮੰਤ੍ਰ ਪੜ੍ਹਿਆ ਗਿਆ ਤਾਂ ‘ਮੰਤ੍ਰਨ’ ਸ਼ਬਦ ਇੱਕ-ਵਚਨ ਰੂਪ ‘ਮੰਤ੍ਰ’ ਲਿਖਣਾ ਚਾਹੀਦਾ ਸੀ ਤੇ ਇਸ ਤੋਂ ਪਹਿਲਾਂ ‘ਮੂਲ਼’ ਸ਼ਬਦ ਵੀ ਹੋਣਾ ਸੀ। ਗੁਰੂ ਜੀ ਨੂੰ ਉਦਾਸ ਹੋਏ ਲਿਖਿਆ ਹੈ ਜੋ ਬੇਸਮਝੀ ਵਾਲ਼ੀ ਗੱਲ ਹੈ। ਗੁਰੂ ਜੀ ਅਤੇ ਉਦਾਸੀ! ਇਹ ਮੇਲ਼ ਢੁੱਕਦਾ ਨਹੀਂ। ਕੁਇਰ ਸਿੰਘ ਨੇ ਆਪਣੇ ਹੋਰ ਨਾਂ ਬਿਸ਼ਨ ਹਰਿ ਅਤੇ ਸ਼੍ਰੀ ਕੰਤ ਹਰਿ ਵੀ ਲਿਖੇ ਹਨ ਤੇ ਉਹ ਸਹਜਧਾਰੀ ਸੀ। ਗੁਰੂ ਜੀ ਤੋਂ ਪਹਿਲੀ ਵਾਰੀ ਇਸੇ ਕਵੀ ਨੇ ਦੁਰਗਾ ਪੂਜਾ ਵੀ ਕਰਵਾਈ ਹੈ ਜੋ ਕਵੀ ਦੀ ਗੁਰਬਾਣੀ ਦੀ ਸਮਝ ਵਲੋਂ ਮਹਾਂ ਅਗਿਆਨਤਾ ਦਾ ਪ੍ਰਗਟਾਅ ਹੀ ਹੈ। ਇਹ ਕਵੀ ਸਨਾਤਨ ਮੱਤ ਦੀ ਸੋਚ ਤੋਂ ਜਾਣੂੰ ਹੈ ਤੇ ਉਸੇ ਪ੍ਰਭਾਵ ਹੇਠ ਉਸ ਨੇ ਗੁਰੂ ਜੀ ਵਲੋਂ ਦੁਰਗਾ ਪੂਜਾ ਦੀ ਗੱਲ ਕਰਕੇ ਬਹੁਤ ਹੀ ਕੋਝੀ ਤੇ ਸਿੱਖੀ ਨੂੰ ਹਿੰਦੂ ਮੱਤ ਨਾਲ਼ ਮਿਲ਼ਗੋਭਾ ਕਰਨ ਦੀ ਚਾਲ ਚੱਲੀ ਹੈ।

ਪ੍ਰਾਚੀਨ ਪੰਥ ਪ੍ਰਕਾਸ਼ ਲਿਖਣ ਕਾਲ਼ ਸੰਨ 1841

ਲੁਧਿਆਣੇ ਵਿੱਚ ਅੰਗ੍ਰੇਜ਼ ਕੈਪਟਨ ਮਰੇ(Captain Murray), ਇੱਕ ਗ਼ੈਰ-ਸਿੱਖ ਨੇ, Sir Daviz Ochterlony ਦੀ ਪ੍ਰੇਰਣਾ, ਤੇ ਆਪ ਸਿੱਖਾਂ ਦਾ ਇਤਿਹਾਸ ਭਾਈ ਰਤਨ ਸਿੰਘ ਭੜੀ ਨਿਵਾਸੀ ਨੂੰ ਲਿਖਾਇਆ। ਇਹ ਸੱਜਣ ਭਾਈ ਮਤਾਬ ਸਿੰਘ ਮੀਰਾਂਕੋਟੀਏ ਦਾ ਪੋਤਾ ਸੀ। ਇਹ ਇਤਿਹਾਸ ਬਾਅਦ ਵਿੱਚ ਛੰਦਾ-ਬੰਦੀ ਰੂਪ ਵਿੱਚ ਸੰਨ 1841( ਪਹਿਲੀ ਵਾਰ ਅੰਮ੍ਰਿਤ ਛਕਾਉਣ ਤੋਂ 142 ਸਾਲ ਬਾਅਦ) ਵਿੱਚ ‘ਪ੍ਰਾਚੀਨ ਪੰਥ ਪ੍ਰਕਾਸ਼’ ਦੇ ਨਾਂ ਹੇਠ ਛਪਿਆ ਤੇ ਭਾਈ ਰਤਨ ਸਿੰਘ ਭੰਗੂ ਦਾ ਨਾਂ ਇਸ ਨਾਲ਼ ਜੁੜਿਆ। ਇਸ ਗ੍ਰੰਥ ਵਿੱਚ ਅੰਮ੍ਰਿਤ ਛਕਾਉਣ ਸੰਬੰਧੀ ਲਿਖਿਆ ਹੈ:

ਬਹੁੜ ਸਵਯੇ 32 ਉਚਾਰੇ।
ਸ੍ਰੀ ਸਤਿਗੁਰ ਸ੍ਰੀ ਮੁਖੋਂ ਉਚਾਰੇ।
ਤੇਜ ਤੇਜ ਜੋ ਚੰਡੀ ਬਾਣੀ।
ਸੋਊ ਪਾਹੁਲ ਕੇ ਮਧੇ ਠਾਣੀ।9।
(ਦੋਹਰਾ ਨੰ 7, ਚੌਪਈ ਨੰਬਰ 9)

ਕਵੀ ਨੇ ਅੰਮ੍ਰਿਤ ਛਕਾਉਣ ਦੀ ਮਿਤੀ ਸੰਨ 1695 ਦਿੱਤੀ ਹੈ (ਜਦੋਂ ਕਿ ਇਹ ਸੰਨ 1699 ਹੈ) ਤੇ ਦਿਨ ਬੁੱਧਵਾਰ ਲਿਖਿਆ ਹੈ ਜੋ ਵਿਗਿਆਨਕ ਸਚਾਈ ਨਹੀਂ। ਇਵੇਂ ਚੱਲੀ ਅੰਗ੍ਰੇਜ਼ਾਂ ਨੇ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਕੋਝੀ ਚਾਲ।

ਕਿਹੜੀਆਂ ਰਚਨਾਵਾਂ ਪੜੀਆਂ? ਕੀ ਪੰਜ ਪੜ੍ਹੀਆਂ?

32 ਸਵਯੇ ਅਤੇ ਚੰਡੀ ਦੀ ਵਾਰ (ਵਾਰ ਦੁਰਗਾ ਕੀ ਅਸਲੀ ਨਾਂ ਹੈ ਤੇ ਧੋਖੇ ਨਾਲ਼ ਇਹ ਨਾਂ ਬਦਲ ਕੇ ‘ਚੰਡੀ ਦੀ ਵਾਰ’ ਅਤੇ ‘ਵਾਰ ਸ੍ਰੀ ਭਗਉਤੀ ਜੀ ਕੀ’ ਰੱਖੇ ਗਏ ਹਨ) ਅੱਜ ਦੀਆਂ 1931 ਸੰਨ ਵਿੱਚ ਚੁਣੀਆਂ ਅੰਮ੍ਰਿਤ ਦੀਆਂ ਪੰਜ ਰਚਨਾਵਾਂ ਵਿੱਚ ਇਹ ਸ਼ਾਮਲ ਨਹੀਂ ਹਨ, ਭਾਵ, ਅੰਮ੍ਰਿਤ ਦੀਆਂ ਇਹ ਦੋਵੇਂ ਰਚਨਾਵਾਂ ਸਬ-ਕਮੇਟੀ ਵਲੋਂ ਰੱਦ ਕੀਤੀਆਂ ਗਈਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਵਾਨਤ ਗੁਰੂ ਰੂਪ ਬਾਣੀ ਵਲੋਂ ਸਿੱਖਾਂ ਦਾ ਧਿਆਨ ਹਟਾ ਕੇ ਦੂਜੇ ਪਾਸੇ ਕਰਨ ਦੀ ਅੰਗ੍ਰੇਜ਼ਾਂ ਦੀ ਇਹ ਮਾਰੂ ਚਾਲ ਤੇ ਸ਼ੈਤਾਨੀ ਸੀ { ਇਤਿਹਾਸ ਸਿੱਖਾਂ ਨੇ ਬਣਾਇਆ ਤੇ ਸਿੱਖਾਂ ਨੂੰ ਇਤਿਹਾਸ ਲਿਖਾ ਰਿਹਾ ਹੈ ਅੰਗ੍ਰੇਜ਼, ਇੱਕ ਗ਼ੈਰ-ਸਿੱਖ ਤੇ ਸਿੱਖਾਂ ਉੱਤੇ ਰਾਜ ਕਰਨ ਵਾਲ਼ਾ!}

ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਰਚਨ-ਕਾਲ਼ ਸੰਨ 1880

ਗਿਆਨੀ ਗਿਆਨ ਸਿੰਘ ਲੌਂਗੋਵਾਲ਼ ਵਾਸੀ ਨੇ ਹੁਸ਼ਿਆਰੀ ਵਰਤ ਕੇ ਪਹਿਲਾਂ ਲਿਖੇ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿੱਚ ਵਾਧੇ ਘਾਟੇ ਕਰ ਕੇ ਅਤੇ ਕਵੀ ਨਿਹਾਲ ਸਿੰਘ ਲਾਹੌਰ ਨਿਵਾਸੀ ਦੀਆਂ ਕਾਵਿ-ਰਚਨਾਵਾਂ ਵਰਤ ਕੇ ਪਹਿਲੇ ਗ੍ਰੰਥ ਤੋਂ 39 ਸਾਲ ਪਿੱਛੋਂ ਸੰਨ 1880 (ਗੁਰੂ ਜੀ ਦੁਆਰਾ ਅੰਮ੍ਰਿਤ ਛਕਉਣ ਤੋਂ 181 ਸਾਲ ਪਿੱਛੋਂ) ਵਿੱਚ ਇੱਕ ਨਵਾਂ ਗਰੰਥ ਛਪਾਇਆ ਜੋ ‘ਪੰਥ ਪ੍ਰਕਾਸ਼’ ਪ੍ਰਸਿੱਧ ਹੋਇਆ।

ਇਸ ਗ੍ਰੰਥ ਦੇ ਕਬਿੱਤ ਨੰਬਰ 65 ਅਤੇ 66 ਵਿੱਚ ਅੰਮ੍ਰਿਤ ਦੀਆਂ ਬਾਣੀਆਂ ਬਾਰੇ ਇਉਂ ਲਿਖਿਆ ਹੈ-

ਪਾਂਚ ਪਾਂਚ ਪੌੜੀ ਪੜ੍ਹ ਜਪ ਜੀ ਔਰ ਜਾਪ ਜੀ ਕੀ,
ਦਸਹੂੰ ਸਵਯੇ ਪੁਨ ਚੌਪਈ ਅਲਾਇ ਕੈ।
65।
ਆਨੰਦ ਉਚਾਰ ਅਰਦਾਸ ਕਰ ਕੈ ਸੁਧਾਰ,
ਅੰਮ੍ਰਿਤ ਤਿਆਰ ਗੁਰੁ ਐਸ ਬਿਧਿ ਕੀਨੋ ਹੈ।
66।

ਕੋਈ ਹਵਾਲਾ ਜਾਂ ਦਲੀਲ ਦੇਣ ਤੋਂ ਬਿਨਾਂ ਹੀ ਕਵੀ ਨੇ ਕਲਪਣਾ ਕਰ ਕੇ ਅਜਿਹਾ ਲਿਖਿਆ ਹੈ। ਕਿਹੜੇ ਸਵਯੇ ਤੇ ਕਿਹੜੀ ਚੌਪਈ - ਕੋਈ ਵੇਰਵਾ ਨਹੀਂ ਹੈ। ਰਤਨ ਸਿੰਘ ਭੰਗੂ ਦੇ ਲਿਖੇ 32 ਸਵੱਯੇ ਘਟਾ ਕੇ ਦਸ ਲਿਖ ਦਿੱਤੇ ਹਨ ਜਾਂ ਇਹ ਕੋਈ ਹੋਰ ਸਵੱਯੇ ਹਨ, ਕੋਈ ਵੇਰਵਾ ਨਹੀਂ। ਬਚਿੱਤ੍ਰ ਨਾਟਕ ਵਿੱਚ ਕਈ ਚੌਪਈਆਂ ਹਨ ਤੇ ਕਿਹੜੀ ਪੜ੍ਹੀ? ਕੋਈ ਬੋਲ ਨਹੀਂ ਦਿੱਤੇ ਗਏ। ਪੰਜ-ਪੰਜ ਪਉੜੀਆਂ ‘ਜਪ’ ਅਤੇ ‘ਜਾਪ’ ਦੀਆਂ ਪੜ੍ਹੀਆਂ ਹੀ ਲਿਖੀਆਂ ਹਨ। ਜੇ ਇਹ ਵਾਕਿਆ ਹੀ ਠੀਕ ਸੀ ਤਾਂ ਫਿਰ ਸਬ-ਕਮੇਟੀ ਨੂੰ ਅੰਮ੍ਰਿਤ ਬਾਣੀਆਂ ਬਾਰੇ ਅਜਿਹਾ ਲਿਖਿਆ ਬਦਲਣ ਦਾ ਕੀ ਅਧਿਕਾਰ ਸੀ? ਸੋ ਇਹ ਉਗਾਹੀ ਵੀ ਕਮੇਟੀ ਨੇ ਪੂਰੀ ਨਹੀਂ ਮੰਨੀ।

ਗਿਆਨੀ ਗਿਆਨ ਸਿੰਘ ਦੀ ਮਹਾਂ ਅਗਿਆਨਤਾ ਦੀ ਝਲਕ ਵੀ ਜ਼ਰਾ ਦੇਖੋ!

ਲਿਖਦਾ ਹੈ ਕਿ ਗੁਰੂ ਜੀ ਨੇ 1699 ਸੰਨ ਵਿੱਚ ਵਿਸਾਖੀ ਤੇ ਪੰਜ ਪਿਆਰਿਆਂ ਨੂੰ ਉਪਦੇਸ਼ ਦਿੰਦਿਆਂ ਕਿਹਾ-

ਏਕ ਗੁਰੂ ਗ੍ਰੰਥ ਨਿਜ ਪੰਥ ਬਿਨੁ ਔਰ ਠੋਰ
ਕਾਹੂੰ ਆਗੇ ਜਾਇ ਸੀਸ ਨਾ ਨਿਵਾਈਏ।
67।

ਗਿਆਨੀ ਗਿਆਨ ਸਿੰਘ ਨੂੰ ਇਹ ਵੀ ਨਹੀਂ ਪਤਾ ਕਿ 1699 ਸੰਨ ਵਿੱਚ ਅਜੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਹੋਂਦ ਨਹੀਂ ਸੀ {ਕੇਵਲ ਪੋਥੀ ਸਾਹਿਬ ਜਾਂ ਆਦਿ ਗ੍ਰੰਥ ਹੀ ਸੀ} ਤੇ ਕਵੀ ਲਿਖਦਾ ਹੈ , ‘ਗੁਰੂ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਤੋਂ ਬਿਨਾ ਕਿਸੇ ਹੋਰ ਅੱਗੇ ਝੁਕਿਓ ਨਾ’। ਇਸ ਤਰ੍ਹਾਂ ਕਵੀ ਨੇ ਗੁਰੂ ਜੀ ਦੀ ਸ਼ਖ਼ਸੀਅਤ ਨੂੰ ਵੀ ਨਿਰਾਦਰ ਦੇਣ ਦੀ ਕੋਝੀ ਕੋਸ਼ਿਸ਼ ਕੀਤੀ ਹੈ।

ਹੋਰ ਕੀਤਾ ਅਨੱਰਥ ਦੇਖੋ!

ਚੌਪਈ ਨੰਬਰ 162 ਤੋਂ ਪਿੱਛੋਂ ਕਵੀ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾਂ ਦੁਰਗਾ ਦੇਵੀ ਦੀ ਪੂਜਾ ਕੀਤੀ ਸੀ ਤੇ ਦੇਵੀ ਗੁਰੂ ਜੀ ਨੂੰ ਅੰਮ੍ਰਿਤ ਬਣਉਣ ਲਈ ਖੰਡਾ ਦੇ ਗਈ ਸੀ। ਇਹ ਹਨ ਸਾਡੇ ਮਾਨਯੋਗ ਪੁਰਾਤਨ ਲਿਖਾਰੀਆਂ ਦੀਆਂ ਜੱਬ੍ਹਲ਼ੀਆਂ। ਦੁਰਗਾ ਪੂਜਾ ਦੇ ਕੁਝ ਵੇਰਵੇ ਬਦਲ ਕੇ ਨਕਲ ਕਵੀ ਕੁਇਰ ਸਿੰਘ ਦੀ ਕੀਤੀ ਹੈ। ਕਵੀ ਦੀ ਗੁਰਬਾਣੀ ਦੇ ਸਿਧਾਂਤਾਂ ਦੀ ਜਾਣਕਾਰੀ ਨਾ ਹੋਣ ਦੇ ਬਰਾਬਰ ਹੈ।

ਸੂਰਜ ਪ੍ਰਕਾਸ਼ ਕਵੀ ਸੰਤੋਖ ਸਿੰਘ ਲਿਖਣ ਕਾਲ਼ ਸੰਨ 1843

ਕਵੀ ਸੰਤੋਖ ਸਿੰਘ ਨੇ ਇਹ ਗ੍ਰੰਥ ਸੰਨ 1843 (ਅੰਮ੍ਰਿਤ ਛਕਾਉਣ ਤੋਂ 144 ਸਾਲ ਪਿੱਛੋਂ) ਪੂਰਾ ਕੀਤਾ। ਕਵੀ ਨੇ ਚੌਪਈ, ਅਧਿਆਇ 19, ਵਿੱਚ ਲਿਖਿਆ ਹੈ-

ਜਪੁ ਜੀ ਪਾਠ ਪ੍ਰਥਮ ਕਰ ਲੀਨਾ।
ਬਹੁਰਿ ਸਵਯੇ ਪੜ੍ਹਿਬੋ ਕੀਨਾ।
15।
ਪੌੜੀ ਪੰਚ ਅਨੰਦ ਪਢਿਓ ਹੈ।
ਅੰਮ੍ਰਿਤ ਮੈ ਬਹੁ ਤੇਜ ਬਢਯੋ ਹੈ।
16।

ਕੀ ਪੜ੍ਹਿਆ ਗੁਰੂ ਜੀ ਨੇ ਕਵੀ ਅਨੁਸਾਰ?

ਜਪੁ ਜੀ ਪੰਜ ਪਉੜੀਆਂ।
ਸਵਯੇ।
ਪੰਜ ਪੌੜੀ ਅਨੰਦ।

ਕਿਹੜੇ ਤੇ ਕਿੰਨੇ ਸਵਯੇ? ਇਹ ਕੋਈ ਵੇਰਵਾ ਨਹੀਂ ਦਿੱਤਾ। ਸਬ-ਕਮੇਟੀ ਨੇ ਕਵੀ ਦੀ ਇਹ 3 ਰਚਨਾਵਾਂ ਪੜ੍ਹੇ ਜਾਣ ਦੀ ਉਗਾਹੀ ਵੀ ਨਹੀਂ ਮੰਨੀ ਤੇ ਅੰਮ੍ਰਿਤ ਦੀਆਂ ਬਾਣੀਆਂ ਦੀ ਆਪਣੇ ਢੰਗ ਨਾਲ਼ ਚੋਣ ਕਰਕੇ ਖਰੜੇ ਵਿੱਚ ਦਰਜ ਕਰ ਦਿੱਤੀਆਂ। ਇਹ ਸਬ-ਕਮੇਟੀ ਵੀ ਸਨਾਤਨੀ ਮੱਤ ਦੀ ਸੋਚ ਦੇ ਪ੍ਰਭਾਵ ਤੋਂ ਨਹੀਂ ਬਚੀ।

ਸੰਤੋਖ ਸਿੰਘ ਕਵੀ ਨੇ ਗੁਰਬਾਣੀ ਸਿਧਾਂਤਾਂ ਨੂੰ ਨਹੀਂ ਸਮਝਿਆ ਤੇ ਧੱਕੇ ਨਾਲ਼ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਸੁੱਖਾ ਤੇ ਅਫ਼ੀਮ ਵਰਤਦਿਆਂ ਲਿਖ ਮਾਰਿਆ ਹੈ ਤੇ ਆਪਣੀ ਸ਼ੋਭਾ ਦਾਗ਼ੀ ਕੀਤੀ ਹੈ ਜਿਵੇਂ-

ਇਕ ਦਿਨ ਪ੍ਰਭੂ ਪਾਛਲੇ ਜਾਮੂ।
ਸੁਖਾ ਛਕਿ ਅਫੀਮ ਸੁਖ ਧਾਮੂ।
5। ਅਧਿਆਇ ਅੱਠਵਾਂ।

ਕਵੀ ਸੰਤੋਖ ਸਿੰਘ ਨੇ ਦੇਵੀ ਪੂਜਾ ਕਰਾਈ, ਗੁਰੂ ਜੀ ਤੋਂ, ਤੇ ਦੇਵੀ ਇਕ ਕ੍ਰਿਪਾਨ ਅੰਮ੍ਰਿਤ ਛਕਾਉਣ ਲਈ ਗੁਰੂ ਜੀ ਨੂੰ ਦੇ ਗਈ। ਦੁਰਗਾ ਪੂਜਾ ਦੀ ਇਹ ਸਾਰੀ ਵਾਰਤਾ ਲਿਖਣ ਲਈ ਕਵੀ ਸੰਤੋਖ ਸਿੰਘ ਨੇ ਛੇਵੇਂ ਤੋਂ ਗਿਆਰਵੇਂ ਅਧਿਆਇ ਤਕ ਪੱਤਰਿਆਂ ਦੇ ਪੱਤਰੇ ਫੂਕ ਦਿੱਤੇ ਹਨ ਤੇ ਸਮਾਂ ਬਰਬਾਦ ਕੀਤਾ ਹੈ। ਕਵੀ ਨੂੰ ਗੁਰਮਤ ਦੀ ਜਿੰਨੀ ਕੁ ਸੂਝ ਹੈ, ਇਸ ਦੁਰਗਾ ਪੂਜਾ ਦੀ ਲਿਖੀ ਘਟਨਾ ਤੋਂ ਹੀ ਪਤਾ ਲੱਗ ਜਾਂਦਾ ਹੈ। ਕਵੀ ਕੁਇਰ ਸਿੰਘ ਦੀ ਹੀ ਨਕਲ ਕਰ ਕੇ ਇਸ ਕਵੀ ਨੇ ਵੀ ਗੁਰੂ ਜੀ ਵਲੋਂ ਦੁਰਗਾ ਪੂਜਾ ਕੀਤੀ ਲਿਖੀ ਹੈ ਤੇ ਆਪਣੀ ਚੂੜਾਮਣੀ ਦਿਮਾਗ਼ ਵਾਲ਼ੀ ਸਮਝ ਘੱਟੇ ਵਿੱਚ ਰੋਲ਼ ਕੇ ਸਨਾਤਨੀ ਮੱਤ ਵਾਲ਼ੀ ਸੋਚ ਪ੍ਰਵਾਨ ਕੀਤੀ ਹੈ।

ਰਹਿਤਨਾਮਿਆਂ ਵਿੱਚ ਅੰਮ੍ਰਿਤ ਦੀਆਂ ਬਾਣੀਆਂ

ਇਹ ਸੂਚਨਾ ਡਾ. ਪਿਆਰਾ ਸਿੰਘ ਪਦਮ ਦੀ ਪੁਸਤਕ ‘ਰਹਿਤਨਾਮੇ’ ਤੇ ਆਧਾਰਤ ਹੈ।

ਰਹਿਤਨਾਮਾ ਭਾਈ ਦਇਆ ਸਿੰਘ ਪਿਆਰਾ-

ਜਪੁ ਜੀ, ਚੌਪਈ (ਕਿਹੜੀ? ਕੋਈ ਵੇਰਵਾ ਨਹੀਂ), ਪੰਜ ਸਵੱਯੇ ਅਤੇ ਪੰਜ ਪਉੜੀ ਅਨੰਦ। ‘ਜਾਪੁ’ ਪੜ੍ਹੇ ਦਾ ਜ਼ਿਕਰ ਨਹੀਂ ਹੈ।

ਰਹਿਤਨਾਮਾ ਭਾਈ ਚੌਪਾ ਸਿੰਘ ਦਰਬਾਰੀ ਕਵੀ-

ਸਵੱਯੇ ਪੜ੍ਹੇ। ਹੋਰ ਕੋਈ ਬਾਣੀ ਨਹੀਂ ਪੜ੍ਹੀ। ਅੰਮ੍ਰਿਤ ਛਕਾ ਕੇ ਗੁਰੂ ਜੀ ਨੇ ‘ਦੇਹ ਸਿਵਾ ਬਰ---’। ਸਵੱਯਾ ਪੜ੍ਹਿਆ।

ਨੋਟ: ਇਹ ਰਹਿਤਨਾਮਾ ਕਿਸੇ ਪੰਥ ਦੋਖੀ ਨੇ ਭਾਈ ਚੌਪਾ ਸਿੰਘ ਦੇ ਨਾਂ ਹੇਠ ਲਿਖਿਆ ਜਾਪਦਾ ਹੈ। ਗੁਰੂ ਜੀ ਦੁਰਗਾ ਦੇਵੀ ਤੋਂ ਬਰ ਮੰਗਣ ਵਾਲ਼ਾ ਸਵੱਯਾ ਨਹੀਂ ਪੜ੍ਹ ਸਕਦੇ। ਡਾ. ਪਦਮ ਨੂੰ ਹੋਰ ਖੋਜ ਕਰਨੀ ਚਾਹੀਦੀ ਸੀ ਜਾਂ ਚੰਡੀ ਚਰਿਤ੍ਰ ਵਿੱਚਲੇ ਪੜ੍ਹੇ ਸਵੱਯੇ ਦੇ ਅਰਥ ਪੜ੍ਹਨੇ ਚਾਹੀਦੇ ਸਨ।

ਕੁਝ ਹੋਰ ਲਿਖਾਰੀ-

ਕੇਸਰ ਸਿੰਘ ਛਿੱਬਰ ਨੇ ਬੰਸਾਵਲੀ ਨਾਮੇ (ਰਚਨ ਕਾਲ਼ ਸੰਨ 1769-70)ਵਿੱਚ ‘ਜਪੁ’ ਅਤੇ ‘ਅਨੰਦੁ’(5 ਪਉੜੀਆਂ) ਬਾਣੀਆਂ ਪੜ੍ਹੀਆਂ ਲਿਖੀਆਂ ਹਨ ਅਤੇ ਖ਼ੁਸ਼ਵੰਤ ਰਾਇ (History of the Sikhs, 1754 ਈਸਵੀ, ਪੰਨਾਂ 63) ਨੇ 5 ਸਵੱਯੇ ਪੜ੍ਹੇ ਲਿਖੇ ਹਨ। ਭਾਈ ਵੀਰ ਸਿੰਘ ਨੇ ਕਲਗੀਧਰ ਚਮਤਕਾਰ ਵਿੱਚ ਅੰਮ੍ਰਿਤ ਦੀਆਂ ਬਾਣੀਆਂ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ।

 - ਸਿੱਟਾ -

ਉਪਰੋਕਤ ਲਿਖਾਰੀਆਂ ਦੇ ਵਿਚਾਰ ਅੰਮ੍ਰਿਤ ਦੀਆਂ ਬਾਣੀਆਂ ਬਾਰੇ ਨਹੀਂ ਮਿਲ਼ਦੇ। ਬਹੁਤਿਆਂ ਨੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਤੇ ਵਡਿਆਈ ਨੂੰ ਅੱਖੋਂ ਪਰੋਖੇ ਕਰ ਕੇ ਮਨ ਮਰਜ਼ੀ ਨਾਲ਼ ਬਾਹਰਲੀਆਂ ਰਚਨਾਵਾਂ ਸ਼ਾਮਲ ਕੀਤੀਆਂ ਹਨ, ਜੋ ਗੁਰੂ ਜੀ ਵਲੋਂ ਅੰਮ੍ਰਿਤ ਤਿਆਰ ਕਰਨ ਵੇਲੇ ਲਿਖਾਰੀਆਂ ਅਨੁਸਾਰ ਕਥਿਤ ਤੌਰ 'ਤੇ ਪੜ੍ਹੀਆਂ ਗਈਆਂ ਲਿਖੀਆਂ ਹਨ। ਸੋਨਾ ਕੋਲ਼ ਪਿਆ ਤਿਆਗ ਕੇ ਇਸ ਦੇ ਵੱਟੇ ਕੋਈ ਲੋਹਾ ਕਿਵੇਂ ਲੈ ਸਕਦਾ ਹੈ?

ਸਨਾਤਨੀ ਮੱਤ ਦੇ ਪ੍ਰਭਾਵ ਨੂੰ ਤਿਆਗ ਕੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਧਾਰ ਬਣਾ ਕੇ ਅੰਮ੍ਰਿਤ ਦੀਆਂ ਬਾਣੀਆਂ ਚੁਣੀਆਂ ਜਾਣੀਆਂ ਚਾਹੀਦੀਆਂ ਸਨ, ਪਰ ਅਜਿਹਾ ਨਹੀਂ ਹੋ ਸਕਿਆ। ਹੁਣ ਅਜਿਹਾ ਕਰਨ ਦੀ ਲੋੜ ਹੈ। ਜ਼ਰੂਰੀ ਨਹੀਂ ਪੰਜ ਬਾਣੀਆਂ ਚੁਣੀਆਂ ਹੀ ਜਾਣ, ਇਕੱਲੀ ‘ਜਪੁ’ ਜੀ ਵਿੱਚ ਹੀ ਏਨੀ ਸ਼ਕਤੀ ਹੈ ਜੋ ਬਾਹਰਲੀਆਂ ਅਪ੍ਰਵਾਨਤ ਦੂਰਗਾ ਪੂਜਾ ਵਾਲ਼ੀਆਂ ਰਚਨਾਵਾਂ ਵਿੱਚ ਨਹੀਂ ਹੈ।

ਹਾਂ, ਜੇ ਪੰਜ ਹੀ ਪੜ੍ਹਨੀਆਂ ਹੋਣ ਤਾਂ ਜਪੁ, ਸੋ ਦਰੁ, ਸੋ ਪੁਰਖੁ, ਸੋਹਿਲਾ ਅਤੇ ਅਨੰਦੁ ਸਿਰਲੇਖ ਵਾਲ਼ੀਆਂ 5 ਰਚਨਾਵਾਂ ਵੀ ਪੜ੍ਹੀਆਂ ਜਾ ਸਕਦੀਆਂ ਹਨ। ਪੰਜ ਬਾਣੀਆਂ ਵਾਲ਼ੇ ਅੰਮ੍ਰਿਤ ਤੋਂ ਇਕੱਲੀ ‘ਜਪੁ’ ਜੀ ਪੜ੍ਹ ਕੇ ਤਿਆਰ ਕੀਤਾ ਅੰਮ੍ਰਿਤ ਕਿਸੇ ਤਰ੍ਹਾਂ ਵੀ ਅਯੋਗ ਨਹੀਂ। ਬਹੁਤੇ ਪੁਰਾਤਨ ਲਿਖਾਰੀਆਂ ਨੇ ਪੰਜ ਬਾਣੀਆਂ ਪੜ੍ਹੀਆਂ ਨਹੀਂ ਲਿਖੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੜ੍ਹੀ ਬਾਣੀ ਦੇ ਨਾਲ਼ ਨਾਲ਼ ਪੰਜਾਂ ਪਿਆਰਿਆਂ ਦੇ ਉੱਚੇ-ਸੁੱਚੇ ਜੀਵਨ ਤੇ ਗੁਰਸ਼ਬਦ ਦੀ ਕਮਾਈ ਨੇ ਵੀ ਅੰਮ੍ਰਿਤ ਅਭਿਲਾਸ਼ੀਆਂ ਦੇ ਜੀਵਨ ਵਿੱਚ ਨਾਮ ਦੀ ਚੜ੍ਹਦੀ ਕਲਾ ਵਰਤਾਉਣੀ ਹੁੰਦੀ ਹੈ।

ਸਹਾਇਕ ਸਮੱਗਰੀ:

- ਗੁਰ ਬਿਲਾਸ ਪਾ.10 ਸੰਪਾਦਕ ਸ਼ਮਸ਼ੁਰ ਸਿੰਘ ਅਸ਼ੋਕ ਤੇ ਨਿਗਰਾਨ ਡਾ. ਫ਼ੌਜਾ ਸਿੰਘ
- ਗੁਰਸੋਭਾ ਕਵੀ ਸੈਨਾਪਤੀ ਸੰਪਾਦਕ ਡਾ. ਗੰਡਾ ਸਿੰਘ
- ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ
- ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ
- ਸੂਰਜ ਪ੍ਰਕਾਸ਼ ਕਵੀ ਸੰਤੋਖ ਸਿੰਘ
- ‘ਖ਼ਾਲਸਾ ਨਿਊਜ਼’ ਅਤੇ ‘ਸਿੱਖ ਮਾਰਗ’ ਵੈਬ ਸਾਈਟ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top