
ਆਨੰਦਪੁਰ
ਸਾਹਿਬ, 24 ਨਵੰਬਰ - ‘ਸਮੁੱਚੀ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਉਹ ਗੁਰੂ ਸਾਹਿਬ ਦੇ ਸ਼ਹੀਦੀ
ਦਿਹਾੜਿਆਂ ਨੂੰ ਵੈਰਾਗਮਈ ਸੁਰ ਵਿੱਚ ਹੀ ਮਨਾਏ ਤਾਂ ਜੋ ਸ਼ਹੀਦੀ ਦਿਹਾੜਿਆਂ ਮੌਕੇ ਉਹੀ ਵੈਰਾਗ
ਮਾਹੌਲ ਬਣ ਸਕੇ ਜੋ ਅਸਲੀਅਤ ਵਿੱਚ ਰਿਹਾ ਹੋਵੇਗਾ, ਨਾ ਕਿ ਸਿਰੋਪੇ ਵੰਡ ਕੇ ਦਿਹਾੜੇ ਮਨਾਏ ਜਾਣ।’
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ
ਜਥੇਦਾਰ ਗਿਆਨੀ ਮੱਲ ਸਿੰਘ ਨੇ ਕੌਮ ਨੂੰ ਅਪੀਲ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਕਿਸੇ ਵੀ ਸ਼ਹੀਦੀ
ਦਿਹਾੜੇ ਮੌਕੇ ਸਿਰੋਪਾਓ ਨਹੀਂ ਦੇਣਗੇ।
ਇਸ ਲਈ ਮੈਂ ਸਮੁੱਚੀ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਚਾਹੇ ਉਹ ਗੁਰੂ
ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ ਹੋਵੇ, ਚਮਕੌਰ ਸਾਹਿਬ ਜਾਂ ਫਤਿਹਗੜ੍ਹ ਸਾਹਿਬ ਵਿਖੇ ਹੋਣ ਵਾਲੇ
ਸ਼ਹੀਦੀ ਜੋੜ ਮੇਲੇ ਹੋਣ ਪਰ ਕੌਮ ਜਾਂ ਕੌਮ ਦੇ ਆਗੂ ਇਨ੍ਹਾਂ ਸਮਾਗਮਾਂ ਮੌਕੇ ਸਿਰੋਪਾਓ ਨਾ ਵੰਡਣ
ਤੇ ਨਾ ਹੀ ਪ੍ਰਾਪਤ ਕਰਨ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਅਜਿਹੇ ਦਿਹਾੜਿਆਂ ਨੂੰ ਵੈਰਾਗਮਈ ਢੰਗ
ਨਾਲ ਹੀ ਮਨਾਈਏ।
ਇੱਕ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਨੇ ਕਿਹਾ ਕਿ ਜੇ ਨਵਜੋਤ ਸਿੱਧੂ ਨੇ
ਗੁਰਬਾਣੀ ਨਾਲ ਆਪਣੇ ਨਿੱਜੀ ਸੁਆਰਥਾਂ ਲਈ ਕੋਈ ਛੇੜਛਾੜ ਕੀਤੀ ਹੈ ਤਾਂ ਉਹ ਗ਼ਲਤ ਹੈ। ਸਾਡੇ ਕੋਲ
ਵੱਡੀ ਗਿਣਤੀ ਸਿੱਖ ਸੰਗਤਾਂ ਦੇ ਦੇਸ਼-ਵਿਦੇਸ਼ਾਂ ਤੋਂ ਫੋਨ ਤੇ ਚਿੱਠੀਆਂ ਆ ਰਹੀਆਂ ਹਨ, ਜਿਨ੍ਹਾਂ
ਵਿੱਚ ਸੰਗਤਾਂ ਵੱਲੋਂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਸ਼ਿਕਾਇਤ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ
ਪੰਜ ਮੁੱਖ ਪੁਜਾਰੀਆਂ ਦੀ ਬੈਠਕ ਵਿੱਚ ਸਿੱਧੂ ਵੱਲੋਂ ਗੁਰਬਾਣੀ ਨਾਲ ਛੇੜਛਾੜ ਕਰਨ ਵਾਲੇ ਬਿਆਨ
ਨੂੰ ਸੁਣਿਆ ਜਾਵੇਗਾ ਤੇ ਗੰਭੀਰਤਾ ਨਾਲ ਵਿਚਾਰ ਕਰਨ ਉਪਰੰਤ ਕੋਈ ਫੈਸਲਾ ਲਿਆ ਜਾਵੇਗਾ।