Share on Facebook

Main News Page

ਜਬਲਪੁਰ ਸ਼ਹਿਰ ਵਿੱਚ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਵਲੋਂ ਗੁਰਬਾਣੀ ਕੀਰਤਨ ਅਤੇ ਸੰਗਤਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ

ਜਬਲਪੁਰ, 24 ਨਵੰਬਰ (ਮਨਜੀਤ ਸਿੰਘ, ਜਬਲਪੁਰ): ਸਿੱਖ ਸੇਵਕ ਜੱਥਾ, ਜਬਲਪੁਰ ਵਲੋਂ ਮਨਾਏ ਜਾ ਰਹੇ ਗੁਰਮਤ ਸਮਾਗਮਾਂ ਵਿਚ ਦੂਜੇ ਦਿਨ ਮਿਤੀ 23 ਨਵੰਬਰ 2014 ਦੀ ਸਵੇਰੇ, ਸ਼ਬਦ ਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਸਹਿਤ ਦੀਵਾਨ ਸਜਾਏ ਗਏ। ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰੋਫੇਸਰ ਸਾਹਿਬ ਨੇ ਗੁਰਬਾਣੀ ਸ਼ਬਦ "ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥" ਅੰਕ 220 ਦਾ ਕੀਰਤਨ ਕੀਤਾ। ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਤੋਂ ਗੁਰਬਾਣੀ ਦਾ ਕੀਰਤਨ ਸੁਨਣ ਲਈ ਜਿਵੇਂ ਸੰਗਤਾਂ ਦਾ ਸੈਲਾਬ ਜਿਹਾ ਉਮੜ ਪਿਆ ਸੀ।

ਸ਼ਾਮ ਦੇ ਦੀਵਾਨ ਵਿਚ ਗੁਰਬਾਣੀ ਸ਼ਬਦ "ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ ॥੧॥" ਅੰਕ 219 ਦਾ ਕੀਰਤਨ ਕਰਦਿਆਂ ਪ੍ਰੋਫੇਸਰ ਸਾਹਿਬ ਨੇ ਸੰਗਤਾਂ ਨੂੰ ਨਿਹਾਲ ਕੀਤਾ ।

ਅੱਜ 24 ਨਵੰਬਰ ਦੇ ਸਵੇਰ ਦੇ ਪ੍ਰੋਗ੍ਰਾਮ ਵਿਚ ਸੰਗਤਾਂ ਦਾ ਉਤਸਾਹ ਅਤੇ ਗੁਰਬਾਣੀ ਕੀਰਤਨ ਪ੍ਰਤੀ ਸਤਕਾਰ ਦੇਖਦਿਆਂ ਹੀ ਬਣਦਾ ਸੀ। ਅੱਜ ਪ੍ਰੋਫੇਸਰ ਦਰਸ਼ਨ ਸਿੰਘ ਜੀ ਨੇ ਗੁਰਬਾਣੀ ਸ਼ਬਦ, "ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ ॥" ਅੰਕ 727 ਦਾ ਕੀਰਤਨ ਗਾਇਨ ਕੀਤਾ। ਸੰਗਤਾਂ ਦਾ ਇਕੱਠ ਅਤੇ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਪ੍ਰਤੀ ਸੰਗਤਾਂ ਦਾ ਸਤਕਾਰ ਅਤੇ ਪਿਆਰ, ਉਨ੍ਹਾਂ ਨਿੰਦਕਾ ਨੂੰ ਇਹ ਸੁਨੇਹਾ ਦੇ ਰਿਹਾ ਸੀ ਕਿ "ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥"

ਕੀਰਤਨ ਤੋਂ ਬਾਅਦ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਸਟੇਜ ਦੇ ਪਿੱਛੇ ਲੱਗੇ ਪੋਸਟਰ ਵਿੱਚ ਅਖੌਤੀ ਦਸਮ ਗ੍ਰੰਥ ਵਿੱਚੋਂ ਲਿਖੀਆਂ ਗਈਆਂ ਪੰਕਤੀਆਂ "ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥... ਦੋਹਰਾ॥ ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ॥ ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ॥ ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥ ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ॥" ਬਾਰੇ ਪ੍ਰਬੰਧਕਾਂ ਨੂੰ ਜਾਣੂ ਕਰਵਾਇਆ ਅਤੇ ਅੱਗੇ ਤੋਂ ਇਸ ਗੱਲ ਦਾ ਖਿਆਲ ਰੱਖਣ ਲਈ ਕਿਹਾ।

ਅਜ ਜਬਲਪੁਰ ਦੀਆਂ ਸੰਗਤਾਂ ਦੀਆਂ ਸ਼ੰਕਾਵਾਂ ਅਤੇ ਸਵਾਲਾਂ ਦੇ ਜਵਾਬ ਦੇਣ ਲਈ ਪ੍ਰੋਫੇਸਰ ਦਰਸ਼ਨ ਸਿੰਘ ਜੀ ਨਾਲ ਇਕ "ਵਿਚਾਰ ਗੋਸ਼ਟੀ" ਦਾ ਵੀ ਆਯੋਜਨ ਕੀਤਾ ਗਿਆ ਸੀ। ਇਸ ਗੋਸਟੀ ਵਿਚ ਸੰਗਤਾਂ ਨੇ ਪ੍ਰੋਫੇਸਰ ਸਾਹਿਬ ਤੋਂ ਕਈ ਪ੍ਰਕਾਰ ਦੇ ਸਵਾਲ ਕੀਤੇ। ਜਿਸ ਵਿੱਚ ਬਹੁਤ ਸਾਰੇ ਸਵਾਲ ਅਖੌਤੀ ਦਸਮ ਗ੍ਰੰਥ ਦੀਆਂ ਲਿਖਤਾਂ, ਅਤੇ ਉਨ੍ਹਾਂ ਦੇ ਨਿਜੀ ਜੀਵਨ ਨਾਲ ਸੰਬੰਧਿਤ ਸਵਾਲ ਵੀ ਸਨ।

ਇਸ ਗੋਸ਼ਟੀ ਦਾ ਸੰਚਾਲਨ ਸਰਦਾਰ ਮੰਜੀਤ ਸਿੰਘ, ਜਬਲਪੁਰ ਵਾਲੇ ਕਰ ਰਹੇ ਸਨ। ਪ੍ਰੋਫੇਸਰ ਸਾਹਿਬ ਦੇ ਨਾਲ ਜੋ ਪੈਨਲ ਬੈਠਾ ਸੀ, ਉਸ ਵਿੱਚ ਸਿੱਖ ਸੇਵਕ ਜੱਥਾ, ਜਬਲਪੁਰ ਦੇ ਪ੍ਰਧਾਨ ਸਰਦਾਰ ਗਜਿੰਦਰ ਸਿੰਘ, ਪਰਮਜੀਤ ਸਿੰਘ, ਪ੍ਰੇਮ ਨਗਰ ਸਿੰਘ ਸਭਾ ਦੇ ਪ੍ਰਧਾਨ ਸ. ਮਨੋਹਰ ਸਿੰਘ, ਭੋਪਾਲ ਦੇ ਵੀਰ ਸਰਦਾਰ ਜਸਵਿੰਦਰ ਸਿੰਘ ਜੀ, ਅਤੇ ਸਿੱਖ ਸੇਵਕ ਜੱਥਾ ਦੇ ਸਰਦਾਰ ਰਜਿੰਦਰ ਸਿੰਘ ਆਦਿਕ ਪਤਵੰਤੇ ਸੱਜਣ ਵੀ ਸ਼ਾਮਿਲ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top