Share on Facebook

Main News Page

ਜਥੇਦਾਰ ਸਿੱਖ ਫਲਸਫੇ ਨੂੰ ਫੁੱਟਬਾਲ ਨਾ ਬਣਾਉਣ
-: ਹਰਵਿੰਦਰ ਸਿੰਘ ਸਰਨਾ

ਅੰਮ੍ਰਿਤਸਰ 25 ਨਵੰਬਰ (ਜਸਬੀਰ ਸਿੰਘ) ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਵੱਲੋ ਇੱਕ ਵਾਰੀ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਤਰੀਕ ਬਦਲਣ ਦਾ ਕੜਾ ਨੋਟਿਸ ਲੈਦਿਆ ਕਿਹਾ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਉਹ ਚਿੱਠੀਆ, ਈਮੇਲਾਂ ਤੇ ਫੈਕਸਾਂ ਜਨਤਕ ਕਰਨੀਆ ਚਾਹੀਦੀਆ ਹਨ ਜਿਹਨਾਂ ਨੂੰ ਮੁੱਖ ਰੱਖ ਤੇ ਪਹਿਲਾਂ ਗੁਰਪੁਰਬ ਸੱਤ ਜਨਵਰੀ 23 ਪੋਹ ਤੇ ਫਿਰ ਦੁਬਾਰਾ ਆਪਣੇ ਹੀ ਆਦੇਸ਼ਾਂ ਨੂੰ ਬਦਲ ਕੇ 28 ਦਸੰਬਰ ਪੋਹ ਸੁਦੀ ਸੱਤ ਕਰ ਦਿੱਤਾ ਗਿਆ ਹੈ।

ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਰਵ ਉਚ ਪਵਿੱਤਰ ਅਸਥਾਨ ਹੈ ਜਿਸ ਦੀ ਉਸਾਰੀ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਬਾਬਾ ਬੁੱਢਾ ਦੀ ਤੇ ਭਾਈ ਗੁਰਦਾਸ ਜੀ ਦੇ ਸਹਿਯੋਗ ਨਾਲ ਕੀਤੀ ਸੀ ਪਰ ਅੱਜ ਇਸ ਪਵਿੱਤਰ ਅਸਥਾਨ ਦਾ ਜਿਸ ਤਰੀਕੇ ਨਾਲ ਜਥੇਦਾਰਾਂ ਵੱਲੋ ਸਿਆਸੀਕਰਨ ਕਰਕੇ ਇਸ ਦੀ ਮਹੱਤਤਾ ਨੂੰ ਘਟਾਇਆ ਜਾ ਰਿਹਾ ਹੈ ਉਹ ਕਿਸੇ ਵੀ ਰੂਪ ਵਿੱਚ ਜਾਇਜ ਨਹੀਂ ਹੈ।

ਉਹਨਾਂ ਕਿਹਾ ਕਿ ਖਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਵਿੱਚ ਬਾਰ ਬਾਰ ਤਬਦੀਲੀ ਕਰਕੇ ਜਿਹੜਾ ਭੰਬਸਭੂਸਾ ਸੰਗਤਾਂ ਵਿੱਚ ਪਾਇਆ ਰਿਹਾ ਹੈ ਉਸ ਨੂੰ ਲੈ ਕੇ ਸੰਗਤਾਂ ਕਾਫੀ ਖਫਾ ਹਨ। ਉਹਨਾਂ ਕਿਹਾ ਕਿ ਪਹਿਲਾਂ ਸਿੱਖਾਂ ਦੇ ਨਾਨਕਸ਼ਾਹੀ ਕੈਂਲੰਡਰ ਨੂੰ ਬਦਲ ਕੇ ਸਤਿਆਨਾਸ ਕਰ ਦਿੱਤਾ ਤੇ ਹੁਣ ਤੁਗਲਕੀ ਆਦੇਸ਼ ਜਾਰੀ ਕਰਕੇ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵੱਲੋ ਇਹ ਬਿਆਨ ਦਿੱਤਾ ਗਿਆ ਹੈ ਕਿ ਉਹਨਾਂ ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਸੱਤ ਜਨਵਰੀ ਨੂੰ ਇਸ ਕਰਕੇ ਕੀਤਾ ਸੀ ਕਿਉਕਿ 28 ਦਸੰਬਰ ਨੂੰ ਛੋਟੇ ਸਾਹਿਬਜਾਂਦਿਆ ਦੇ ਸ਼ਹੀਦੀ ਜੋੜ ਮੇਲੇ ਇੱਕੋ ਦਿਨ ਆ ਗਏ ਸਨ ਅਤੇ ਸ਼ਹੀਦੀ ਦਿਹਾੜਾ ਤੇ ਪ੍ਰਕਾਸ਼ ਦਿਹਾੜਾ ਸੰਗਤਾਂ ਇਕੱਠੇ ਨਹੀਂ ਮਨਾ ਸਕਦੀਆ ਅਤੇ ਸ਼੍ਰੋਮਣੀ ਕਮੇਟੀ ਨੇ ਸੱਤ ਜਨਵਰੀ ਨੂੰ ਸਰਕਾਰ ਨੂੰ ਛੁੱਟੀ ਕਰਨ ਲਈ ਵੀ ਲ੍ਰਿਖ ਵੀ ਦਿੱਤਾ ਸੀ।

ਉਹਨਾਂ ਕਿਹਾ ਕਿ ਉਹਨਾਂ ਨੇ ਉਸ ਵੇਲੇ ਵੀ ਕਿਹਾ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੇ ਸੱਤ ਜਨਵਰੀ ਦਿਹਾੜੇ ਨੂੰ ਪੱਕੇ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਜਾਵੇ ਤਾਂ ਕਿ ਬਾਰ ਬਾਰ ਤਰੀਕ ਬਦਲਣ ਦਾ ਝੰਜਟ ਹੀ ਖਤਮ ਹੋ ਜਾਵੇ, ਪਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਹ ਕਹਿ ਕੇ ਪਹਿਲੀ ਮਿਤੀ 28 ਦਸੰਬਰ ਦੁਬਾਰਾ ਗੁਰਪੁਰਬ ਦੀ ਹੀ ਕਰ ਦਿੱਤੀ ਹੈ ਕਿ ਉਹਨਾਂ ਨੂੰ ਦੇਸਾਂ ਵਿਦੇਸ਼ਾਂ ਤੋ ਸੰਗਤਾਂ ਦੀਆ ਈਮੇਲਾਂ, ਫੈਕਸਾਂ ਆਈਆ ਸਨ, ਕਿ ਤਰੀਕ ਵਿੱਚ ਤਬਦੀਲੀ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਜਥੇਦਾਰ ਜੀ ਦੇ ਇਸ ਬਿਆਨ ਵਿੱਚ ਕੋਈ ਵਜ਼ਨ ਨਹੀਂ ਹੈ ਤੇ ਸਾਰੇ ਜਾਣਦੇ ਹਨ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਬਹਿਰੂਨੀ ਦਬਾ ਕਰਕੇ ਹੋ ਰਿਹਾ ਹੈ। ਉਹਨਾਂ ਕਿਹਾ ਕਿ ਈਸਾਈਆ ਵਿੱਚ ਕਦੇ ਉਹਨਾਂ ਦੇ ਤਿਉਹਾਰ ਨਹੀਂ ਬਦਲੇ ਗਏ। ਕਦੇ ਵੀ ਕ੍ਰਿਸਮਿਸ ਦੇ ਤਿਉਹਾਰ 25 ਦਸੰਬਰ ਦੀ ਤਰੀਕ ਨੂੰ ਅੱਗੇ ਪਿੱਛੇ ਕਰਨ ਦੀ ਹਿੰਮਤ ਨਹੀਂ ਪਈ, ਇਸ ਲਈ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਸਿੱਖ ਫਲਸਫੇ ਨੂੰ ਫੁੱਟਬਾਲ ਨਾ ਬਣਾਉਣ ਤੇ ਉਹ ਵੀ ਗੁਰੂ ਸਾਹਿਬਾਨ ਦੇ ਗੁਰਪੁਰਬਾਂ ਦੀਆ ਤਰੀਕਾ ਉਹੀ ਰਹਿਣ ਦੇਣ ਜਿਹੜੀਆ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਿਰਧਾਰਿਤ ਕੀਤੀਆ ਗਈਆ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top