Share on Facebook

Main News Page

"ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ" ਹੱਥ ਲਿਖਤ ਸਰੂਪ ਲੜੀਵਾਰ ਸਰੂਪ ਲਿਖਕੇ ਸੰਸ਼ਾਰ ਦੀ ਪਹਿਲੀ ਸਿੱਖ ਇਸਤਰੀ ਬੀਬੀ ਕਮਲਜੀਤ ਕੌਰ ਨਾਲ ਰੂ-ਬ-ਰੂ

ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।

ਪ੍ਰਸ਼ਨ
: ਬੀਬੀ ਜੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਘਾਲਣਾ ਅਤੇ ਸਿਦਕ ਦਿਲੀ ਨਾਲ ਹੱਥ ਦੁਆਰਾ ਲਿਖ ਕੇ ਮਹਾਨ ਕਾਰਜ ਕੀਤਾ ਹੈ । ਇਸ ਮਹਾਨ ਸੇਵਾ ਨਾਲ ਜੁੜੇ ਇਤਿਹਾਸ, ਪ੍ਰੇਰਨਾ ਬਾਰੇ ਗੱਲ ਕਰਨ ਤੋਂ ਪਹਿਲਾ ਆਪ ਜੀ ਆਪਣੇ ਬਾਰੇ ਜਾਣਕਾਰੀ ਦਿਉਂ ?
ਉਤਰ:- ਪ੍ਰਿੰ: ਸਾਹਿਬ ਮੇਰਾ ਜਨਮ ੨੪.੦੧.੧੯੭੬ ਨੂੰ ਆਗਰੇ ਦੇ ਗੁਰੂ ਅਰਜਨ ਨਗਰ ਵਿਖੇ ਪਿਤਾ ਸ: ਕੁਲਦੀਪ ਸਿੰਘ ਮਤਵਾਲਾ ਦੇ ਗ੍ਰਹਿ ਮਾਤਾ ਪਰਮਜੀਤ ਕੌਰ ਦੇ ਕੁੱਖੋ ਹੋਇਆ ਸੀ।

ਮੁੱਢਲੀ ਵਿਦਿਆ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਂਮ ਏ ਗੁਰਮਤਿ ਸੰਗੀਤ, ਡਿਪਲੋਮਾ ਕਪਿਉਟਰ ਸਾਫਟਵੇਅਰ ਅਤੇ ਡਿਪਲੋਮਾ-ਇਨ-ਫੈਸ਼ਨ ਡਿਜਾਈਨਿੰਗ ਆਦਿ ਕੋਰਸ ਪੁਰੇ ਕੀਤੇ।

ਫਿਰ ਇੰਜਿਨੀਅਰ ਗੁਰਚਰਨ ਸਿੰਘ ਨਾਲ ੦੨.੦੨.੨੦੦੨ ਨੂੰ ਮੇਰਾ ਅੰਨਦ ਕਾਰਜ ਹੋ ਗਿਆ, ਹੁਣ ਆਪਣੇ ਪਤੀ ਇੰਜੀਨੀਅਰ ਗੁਰਚਰਨ ਸਿੰਘ ਤੇ ਦੋ ਬੱਚਿਆਂ ਬੇਟੀ ਇਸਟਪ੍ਰੀਤ ਕੌਰ (ਉਮਰ ੧੨ ਸਾਲ) ਬੇਟਾ ਪਰਬਲਵੀਰ ਸਿੰਘ (ਉਮਰ ੪ ਸਾਲ) ਨਾਲ ਰੋਪੜ ਵਿਖ ਰਹਿ ਰਹੀ ਹਾਂ।

ਪ੍ਰਸ਼ਨ: ਤੁਹਾਡੇ ਮਨ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਹਥਾਂ ਨਾਲ ਲਿਖਣ ਦੀ ਰੁਚੀ ਕਿਵੇਂ ਪੈਂਦਾ ਹੋਈ ?
ਉਤਰ:- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ-ਪਾਠ ਕਰਦਿਆਂ ਗੁਰਬਾਣੀ ਦੀ ਪੰਕਤੀ "ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ" .......... ਭਾਵ ਸੁੰਦਰ ਹਨ ਉਹ ਹੱਥ ਜੋ ਸਾਂਈ ਦੀਆਂ ਅਨੰਤ ਸਿਫਤਾਂ ਲਿਖਦੇ ਹਨ, ਮੇਰੀ ਪ੍ਰੇਰਨਾ ਦਾ ਮੁੱਖ ਕਾਰਨ ਬਣੀ।

ਇਸ ਪਉੜੀ ਦਾ ਪੂਰਾ ਪਾਠ ਤੇ ਅਰਥ ਦੱਸੋ?  
ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ।। ਚਰਨ ਪੁਨੀਤ ਪਵਿਤ੍ਰ ਚਾਲਹਿ ਪ੍ਰਭ ਪਥਾ।।
ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰ ਕਥਾ।। ਸੰਤਾਂ ਸੰਗਿ ਉਧਾਰੁ ਸਗਲਾ ਦੁਖੁ ਲਥਾ।।

ਭਾਵ:- ਸੁੰਦਰ ਹਨ ਉਹ ਹੱਥ ਜੋ ਸਾਂਈ ਦੀ ਅਨੰਤ ਸਿਫਤਾਂ ਲਿਖਦੇ ਹਨ । ਪਾਵਨ ਤੇ ਪਾਕ ਹਨ, ਉਹ ਪੰਥ ਜਿਹੜੇ ਪ੍ਰਭੂ ਦੇ ਮਾਰਗਾਂ ਉਤੇ ਤੁਰਦੇ ਹਨ । ਮੈਂ ਉਹਨਾਂ ਤੋਂ ਸਦੀਵੀ ਹੀ ਸਦਕੇ ਵੱਝਦਾ ਹਾਂ। ਜੋ ਪ੍ਰਭੂ ਦੀ ਕਥਾਂ-ਵਾਰਤਾ ਸੁਣਦੇ ਹਨ । ਸਾਧੂਆਂ ਦੇ ਨਾਲ ਉਹਨਾ ਦਾ ਪਾਰ-ਉਤਾਰਾ ਹੋ ਜਾਦਾ ਹੈ ਅਤੇ ਉਹਨਾਂ ਦੇ ਸਾਰੇ ਦੁਖੜੇ ਦੂਰ ਹੋ ਜਾਦੇ ਹਨ

ਪ੍ਰਸ਼ਨ: ਸ੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪ ਕਦੋਂ ਲਿਖਣਾ ਸੁਰੂ ਕੀਤਾ ?
ਉਤਰ:- ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਮੌਕੇ ਇਸ ਕਾਰਜ ਨੂੰ ਸ਼ੁਰੂ ਕੀਤਾ ਸੀ । ਮੇਰੇ ਪਿਤਾ ਸ: ਕੁਲਦੀਪ ਸਿੰਘ ਜੀ ਦਾ ਸਹਿਯੋਗ ਮੇਰੇ ਲਈ ਵਰਦਾਨ ਸਾਬਤ ਹੋਇਆ, ਕਿਉਂਕਿ ਮੇਰੇ ਅੰਦਰ ਹਥ ਲਿਖਤ ਸਰੂਪ ਲਿਖਣ ਦੀ ਪੈਦਾ ਹੋਈ ਵੇਦਨਾ ਸਭ ਤੋਂ ਪਹਿਲਾ ਮੈਂ ਆਪਣੇ ਪਿਤਾ ਜੀ ਨੂੰ ਦੱਸੀ ਸੀ । ਉਨ੍ਹਾਂ ਪਹਿਲਾ ਮੈਨੂੰ ਜੁਪ ਜੀ ਸਾਹਿਬ ਲਿਖ ਦੇ ਦਸਾ" ਬਾਰੇ ਕਿਹਾ, ਕਈ ਵੇਰ ਲਿਖਿਆ ਬਾਰ-ਬਾਰ ਅਭਿਆਸ ਕਰਨ ਤੋਂ ਬਾਅਦ ਮੇਰੀ ਲਿਖਾਈ ਸਾਫ ਹੋਈ । ਫਿਰ ੧੩ ਜੁਲਾਈ ੨੦੦੧ ਨੂੰ ਬਕਾਇਦਾ ਸਰੂਪ ਲਿਖਣ ਸ਼ੁਰੂ ਕੀਤਾ । ਤੇ ਇਸ ਦੌਰਾਨ ਹੀ ਮੇਰਾ ਰਿਸ਼ਤਾ ਇੰਜੀਨੀਅਰ ਸ: ਗੁਰਚਰਨ ਸਿੰਘ ਨਾਲ ਹੋ ਗਿਆ ਸੀ । ਅਜੇ ੧੪੦ ਕੁ ਅੰਕ ਹੀ ਲਿਖੇ ਸਨ ਕਿ ਮੇਰੇ ਅੰਨਦ-ਕਾਰਜ ਦਾ ਦਿਹਾੜਾ ਨੇੜੇ ਆ ਗਿਆ।

ਪ੍ਰਸ਼ਨ: ਅੰਨਦ ਕਾਰਜ ਤੋਂ ਬਾਅਦ ਇਹ ਕੰਮ ਨੇਪਰੇ ਕਿਵੇਂ ਚੜਿਆ, ਕੀ ਰੁਕਾਵਟ ਨਹੀ ਆਈ ?
ਉਤਰ:- ਮੇਰੇ ਪਿਤਾ ਜੀ ਨੇ  ਰਿਸ਼ਤੇ ਵੇਲੇ ਸਪੱਸ਼ਟ ਕਹਿ ਦਿਤਾ ਸੀ ਕਿ ਬੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖ ਰਹੀ ਹੈ। ਇਸ ਵਿਚ ਰੁਕਾਵਟ ਨਾਹ ਆਵੇ । ਇਸ ਲਈ ਮੈਨੂੰ ਮੇਰੇ ਪਰਿਵਾਰ ਨੇ ਪੂਰਾ-ਪੂਰਾ ਸਾਥ ਦਿਤਾ ।

ਪ੍ਰਸ਼ਨ: ਤੁਸੀਂ ਅੰਮ੍ਰਿਤ ਕਦੋਂ ਛਕਿਆ ਸੀ ? 
ਉਤਰ:- ਇਹ ਵਾਰਤਾ ਬੜੀ ਰੋਚਿਕ ਹੈ । ਓਦੋ ਮੈ ੧੬ ਕੁ ਸਾਲ ਦੀ ਸਾਂ, ਆਪਣੇ ਪਿਤਾ ਅਤੇ ਪਰਿਵਾਰ ਨਾਲ ਪਹਿਲੀ ਵੇਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਈ, ਕਿਉਂਕਿ ਮੇਰੇ ਮਨ ਅੰਦਰ ਸ੍ਰੀ ਅਕਾਲ ਤਖਤ ਤੇ ਸ੍ਰੀ ਦਰਬਾਰ ਸਾਹਿਬ ਚ' ਹੋਏ ਭਾਰਤੀ ਫੌਜੀ ਹਮਲੇ ਬਾਰੇ ਬਹੁਤ ਕੁਝ ਜਾਨਣ ਦੀ ਇਛਾਂ ਸੀ । ਕਿਉਂਕਿ ਮੈਂ ਪੜਿਆ ਤੇ ਸੁਣਿਆ ਸੀ ਕਿ ਭਾਰਤੀ ਫੌਜ ਨੇ ਇੰਦਰਾ ਗਾਂਧੀ ਦੀ ਸਰਕਾਰ ਵੇਲੇ ਹਜ਼ਾਰਾਂ ਬੇਦੋਸੇ ਸਿੱਖ, ਬਜ਼ੁਰਗਾ, ਬੱਚਿਆਂ ਅਤੇ ਔਰਤਾ ਉਪਰ ਜੁਲਮ ਕੀਤੇ ਸਨ । ਸ੍ਰੀ ਦਰਬਾਰ ਸਾਹਿਬ ਪ੍ਰਕਰਮਾ ਵਿਚ ਸਿੱਖ ਨੌਜਵਾਨ ਦੇ ਪਿੱਠ ਪਿੱਛੇ ਹੱਥ ਬੰਨ ਕੇ ਭਾਰੀ ਤਸ਼ਦਦ ਕੀਤਾ ਸੀ ਅਤੇ ਉਨ੍ਹਾਂ ਨੂੰ ਗੋਲੀਆਂ ਨਾਲ ਦਾਣਿਆਂ ਵਾਗੂ ਭੁੰਨ ਦਿਤਾਂ ਸੀ । ਦੁੱਧ ਪੀਦੇ ਛੋਟੇ ਬੱਚਿਆਂ ਨੂੰ ਮਾਵਾਂ ਦੇ ਕੋਲੋ ਖੋਹ ਕੇ ਭਾਰਤੀ ਫੌਜੀਆਂ ਨੇ ਗੋਲੀਆ ਮਾਰੀਆਂ ਸਨ ਅਤੇ ਹਜ਼ਾਰਾਂ ਬੇਗੁਨਾਹ ਸਿੱਖ ਸੰਗਤਾਂ ਨੂੰ ਸਹੀਦ ਕੀਤਾ ਸੀ । ਉਦੋਂ ਗੁਰੂ ਅਰਜਨ ਦੇਵ ਸਹੀਦੀ ਗੁਰੁਪੁਰਬ ਸੀ, ਜੂਨ ੧੯੮੪ ਦਾ ਮਹੀਨਾ ਸੀ ਹਿੰਦੋਸਤਾਨ ਦੀ ਜ਼ਾਲਮ ਹਕੂਮਤ ਨੇ ਇਹ ਦਿਨ ਜਾਣ-ਬੁਝ ਕੇ ਸਿੱਖਾ ਦਾ ਕਤਲੇਆਮ ਕਰਨ ਲਈ ਚੁਣਿਆ ਸੀ । ਮੈਂ ਅਕਸਰ ਆਪਣੇ ਪਿਤਾ ਪਾਸੋਂ ਇਸ ਸਬੰਧੀ ਸਵਾਲ ਕਰ ਕੇ ਜਾਨਣ ਦੀ ਕੋਸ਼ਿਸ਼ ਕਰਦੀ ਹੁੰਦੀ ਸੀ । ਪ੍ਰਿੰ: ਸਾਹਿਬ ਜਦੋਂ ਮੈਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਲਗੇ ਗੋਲੀਆਂ ਦੇ ਨਿਸ਼ਾਨ ਵੇਖੇ ਤਾਂ ਮੇਰੇ ਰੋਗਟੇਂ ਖੜ੍ਹੇ ਹੋ ਗਏ । ਮੈਨੂੰ ਇਹ ਵੀ ਪਤਾ ਲਗਾ ਕੇ ਇਕ ਗੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੀਨੇ ਨੂੰ ਚੀਰਦੀ ਹੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਅੰਦਰੋਂ ਲੰਘ ਕੇ ਆਰ-ਪਾਰ ਹੋ ਗਈ ਸੀ । ਕਿੰਨੇ ਹੀ ਪਾਵਨ ਇਤਿਹਾਸਕ ਸਰੂਪ, ਇਤਿਹਾਸਕ ਪੁਸਤਕਾਂ ਜੋ ਸਿੱਖ ਰਿਫਰੈਸ ਲਾਇਬ੍ਰੇਰੀ ਵਿਚ ਸੁਰਖਿਅਤ ਪਈਆ ਸਨ । ਭਾਰਤੀ ਫੌਜੀਆਂ ਨੇ ਹਿੰਦੂ ਹਕੂਮਤ ਦੇ ਕਹੇ ਤੇ ਸ੍ਰੀ ਦਰਬਾਰ ਸਾਹਿਬ ਕੰਪਲੈਂਕਸ ਤੇ ਕਬਜਾ ਕਰਨ ਤੋਂ ਬਾਅਦ ੭ ਜੂਨ ੧੯੮੪ ਨੂੰ ਅਗਨ ਭੇਟ ਕਰ ਦਿੱਤਾ । ਮੈਂ ਇਹ ਸਾਰੀਆਂ ਘਟਨਾਵਾਂ ਤੋਂ ਪ੍ਰਭਾਵਤ ਹੋ ਕੇ ਅੰਮ੍ਰਿਤ ਛੱਕਣ ਉਪਰੰਤ ਕੇਸਕੀ ਸਜਾ ਲਈ ਸੀ । ਤੇ ਸਿੱਖ ਕੌਮ ਦੀ ਸੇਵਾ ਕਰਨ ਦਾ ਮੰਨ ਬਣਾ ਲਿਆਂ । ਉਦੋਂ ਤੋਂ ਹੀ ਨੇਮ ਨਾਲ ਕੀਰਤਨ ਸੁਨਣਾ, ਨਿਤਨੇਮ ਕਰਨਾ ਸੁਰੂ ਕੀਤਾ ਸੀ । 

ਪ੍ਰਸ਼ਨ: ਤੁਸੀਂ ਕੀਰਤਨ ਸੇਵਾ 'ਚ' ਕਿਵੇਂ ਲਗੇ ?
ਉਤਰ:- ਮੈਂ ਚੰਡੀਗੜ੍ਹ ਸੈਂਕਟਰ ੩੪ ਦੇ ਗੁਰਦੁਅਰਾ  ਸਾਹਿਬ ਅੰਦਰ ਬੀਬੀ ਹਰਦੀਪ ਕੌਰ ਜੀ ਦੇ ਪਾਸੋਂ ਕੀਰਤਨ ਦੀ ਸਿੱਖਲਾਈ ਸ਼ੁਰੂ ਕੀਤੀ ਸੀ । ਗੁਰੂ ਦੀ ਕਿਰਪਾ ਨਾਲ ਹੁਣ ਨਿਰਧਾਰਤ ਰਾਗਾ ਅੰਦਰ ਕੀਰਤਨ ਸੇਵਾ ਵੀ ਕਰਦੀ ਹਾਂ । ਮੇਰੇ ਪਤੀ ਇੰਜੀਨੀਅਰ ਗੁਰਚਰਨ ਸਿੰਘ ਮੇਰੇ ਨਾਲ ਕੀਰਤਨ ਕਰਨ ਵੇਲੇ ਤਬਲੇ ਤੇ ਸਾਥ ਦਿੰਦੇ ਹਨ । ਤੁਸੀਂ ਬੜੇ ਹੈਰਾਨ ਹੋਵੋਗੇ ਕਿ ਮੇਰਾ ਬੇਟਾ ਹਲੇ ਪਰਬਲਵੀਰ ਸਿੰਘ ਖਾਲੀ ਇਕ ਸਾਲ ਦਾ ਸੀ, ਉਦੋ ਤੋਂ ਹੀ ਬੜੇ ਸੁੰਦਰ ਅੰਦਾਜ ਵਿਚ ਤਬਲੇ ਉਪਰ ਹੱਥ ਧਰਕੇ ਤਬਲਾ ਵਜਾਉਣ ਦੀ ਕੋਸ਼ਿਸ਼ ਕਰਨ ਲੱਗ ਪਿਆ ਸੀ। ਕਿੰਨੀ- ਕਿੰਨੀ ਦੇਰ ਵਾਹਿਗੁਰੂ-ਵਾਹਿਗੁਰੂ ਕਰਨ ਲੱਗ ਗਿਆ ਸੀ । ਮੈਨੂੰ ਲੱਗਦਾ ਹੈ ਕਿ ਗੁਰੂ ਮਹਾਰਾਜ ਦੀ ਕ੍ਰਿਪਾ ਹੈ। ਮੇਰੀ ਇਛਾ ਹੈ ਕਿ ਮੇਰਾ ਇਹ ਬੇਟਾ ਜੋ ਅੱਜੇ ੪ ਕੁ ਸਾਲ ਦਾ ਹੈ, ਵੱਡਾ ਹੋ ਕੇ ਤਬਲਾ-ਵਾਦਕ ਬਣੇ । ਮੇਰੀ ਬੇਟੀ ੧੨ ਕੁ ਸਾਲ ਦੀ ਹੈ ਉਹ ਵੀ ਕੀਰਤਨ ਕਰਦੀ ਹੈ। ਮੈਂ ਸੋਚਦੀ ਹਾਂ ਕਿ ਉਚੀ ਵਿਦਿਆ ਦੇ ਨਾਲ-ਨਾਲ ਹਰ ਸਿੱਖ ਮਾਂ-ਬਾਪ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਕੀਰਤਨ ਤੇ ਤਬਲਾ ਸਿਖਾਉਣ, ਗੁਰਬਾਣੀ ਪੜਾਉਣ ਇਹ ਉਨ੍ਹਾਂ ਦੀ ਉਤਮ ਸੇਵਾ ਹੋਵੇਗੀ ਮੇਰੀ ਇਛਾ ਹੈ ਕਿ ਮੇਰੇ ਬੱਚੇ ਮੇਰੇ ਵਾਗ ਕੀਰਤਨ- ਕਾਰ ਬਣਨ ਅਤੇ ਸਿੱਖ ਧਰਮ ਦੀ ਸੇਵਾ ਕਰਨ ।

ਪ੍ਰਸ਼ਨ: ਤੁਸੀਂ ਹੱਥ ਲਿਖਤ ਲੜੀਵਾਰ ਸਰੂਪ ਲਿਖਕੇ ਸੰਸ਼ਾਰ ਦੀ ਪਹਿਲੀ ਸਿੱਖ ਇਸਤਰੀ ਹੋ, ਕੀਰਤਨ-ਕਾਰ ਵੀ ਹੋ ਕਿਵੇਂ ਮਹਿਸੂਸ ਕਰਦੇ ਹੋ ?
ਉਤਰ:- ਪ੍ਰਿੰਸੀਪਲ ਸਾਹਿਬ, ਗੁਰੂ ਦੀ ਕਿਰਪਾ ਹੈ । ਇਸ ਵਿਚ ਮੇਰਾ ਕੋਈ ਜਿਆਦਾ ਯੋਗਦਾਨ ਨਹੀ ਹੈ  ਅਸਲ ਵਿਚ ਮੈਨੂੰ ਘਰ ਵਿਚ ਆਪਣੇ ਮਾਪਿਆਂ ਰਾਹੀ ਅਜਿਹਾ ਮਾਹੌਲ ਮਿਲਿਆ ਜਿਸ ਸਦਕਾ ਚੰਗੀ ਉਚੀ ਵਿਦਿਆਂ ਪ੍ਰਾਪਤ ਹੋ ਸਕੀ, ਸਾਧ ਸੰਗਤ ਵਿਚ ਜਾ ਕੇ ਕੀਰਤਨ, ਵਿਚਾਰ ਸੁਣਨ ਦਾ ਸੁਹਾਵਣਾ ਸਮਾਂ ਮਿਲਿਆਂ, ਚੰਗੀ ਸੰਗਤ ਮਿਲੀ, ਪਿਤਾ ਸ: ਕੁਲਦੀਪ ਸਿੰਘ ਮਤਵਾਲਾ ਅਤੇ ਮਾਤਾ ਪਰਮਜੀਤ ਕੌਰ ਦਾ ਢੇਰ ਸਾਰਾ ਪਿਆਰ, ਧਾਰਮਿਕ ਰੁਚੀਆਂ ਨੂੰ ਪ੍ਰਫੁਲਤ ਕਰਨ ਦੇ ਰੂਪ ਵਿਚ ਪ੍ਰਾਪਤ ਹੋਇਆ, ਇਕ ਚੰਗਾ ਪਿਤਾ, ਚੰਗੀ ਮਾਂ ਅਤੇ ਚੰਗੇ ਪਤੀ ਤੇ ਉਨ੍ਹਾਂ ਦਾ ਚੰਗਾ ਸੌਹਰਾ ਪਰਿਵਾਰ ਅਤੇ ਚੰਗੇ ਬੱਚੇ, ਇਹ ਸਭ ਕਾਰਨ ਹਨ ਕਿ ਮੈਂ ਘਰ ਗਰਸਤੀ ਦੇ ਨਾਲ-ਨਾਲ ਉਚੀ ਵਿਦਿਆ ਹਾਸਲ ਕਰਨ ਤੋਂ ਬਾਅਦ ਇਕ ਕੀਰਤਨ-ਕਾਰ ਦੇ ਰੂਪ ਵਿਚ ਸੇਵਾ ਕਰ ਰਹੀ ਹਾਂ ।

ਪ੍ਰਸ਼ਨ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੜੀਵਾਰ ਸਰੂਪ ਲਿਖਣ 'ਚ' ਕਿਸ-ਕਿਸ ਨੇ ਆਪ ਨੂੰ ਸਹਿਯੋਗ ਦਿੱਤਾ ਤੇ  ਵਡਿਆਇਆ ?
ਉਤਰ:- ਮੇਰੇ ਪਿਤਾ ਸ: ਕੁਲਦੀਪ ਸਿੰਘ  ਜੀ ਮੈਨੂੰ ਲੁਧਿਆਣੇ, ਸ: ਰਾਮ ਸਿੰਘ ਢਿਲੋਂ ਦੁਆਰਾ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਕਰਵਾਏ ਜਿੰਨਾ ਪਾਸੋਂ ਸਰੂਪ ਲਿਖਣ ਸੰਬੰਧੀ ਸਾਰੀ ਜਾਣਕਾਰੀ ਪ੍ਰਾਪਤ ਹੋਈ । ਮੇਰੇ ਪਿਤਾ ਜੀ ਨੇ ਭਾਈ ਆਰ ਪੀ ਸਿੰਘ ਤੇ ਭਾਈ ਐਂਚ ਪੀ ਸਿੰਘ ਨਾਲ ਮੁਲਾਕਾਤ ਕਰਵਾਈ ਜੋ ਮਨੁੱਖਤਾ ਦੀ ਭਲਾਈ ਲਈ "ਸਿੱਖ ਰਲੀਫ" ਰਾਹੀ ਸੇਵਾ ਕਰਦੇ ਹਨ। ਇਨ੍ਹਾਂ ਨੇ ਮੈਨੂੰ ਬਹੁਤ ਉਤਸ਼ਾਹ ਦਿੱਤਾ ਤੇ ਸਰੂਪ ਲਿਖਣ ਲਈ ਸਾਰਾ ਕਾਗਜ ਭੇਟਾ ਰਹਿਤ ਦਿੱਤਾ ।

ਪ੍ਰਸ਼ਨ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿੰਤਸਰ ਵਲੋਂ ਵੀ ਹੁੰਗਾਰਾ ਮਿਲਿਆ?
ਉਤਰ:- ਹਾਂ ਜੀ ਮੈਨੂੰ ਇਸ ਕਾਰਜ ਲਈ ਕਮੇਟੀ ਨੇ ਸਰਟੀਫਿਕੇਟ ਦਿੱਤਾ ਜਿਸ ਵਿਚ ਉਨ੍ਹਾ ਇਸ ਬੇਮਿਸਾਲ ਸੇਵਾ ਨੂੰ ਤਸਦੀਕ ਕਰਦਿਆਂ ਕਿਹਾ ਕਿ ਇਹ ਹੱਥ ਲਿਖਤ ਬੀੜ ਦੀ ਵੱਡਮੁਲੀ ਸੇਵਾ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਵੀ ਲਿਖਿਆ ਕਿ ਸਾਡੀ ਜਾਣਕਾਰੀ ਅਨੂਸਾਰ ਮੈਂ ਪਹਿਲੀ ਇਸਤਰੀ ਹਾਂ ਜਿਸ ਨੇ ਇਹ ਸੇਵਾ ਨਿਭਾਈ ।

ਪ੍ਰਸ਼ਨ: ਸ੍ਰੀ ਗੁਰੂ ਗ੍ਰੰਥ ਜੀ ਦਾ ਹੱਥ ਲਿਖਤ ਸਰੂਪ  ਕਦੋਂ ਤੇ ਕਿਵੇਂ ਮੁਕੰਮਲ ਹੋਇਆਂ ?
ਉਤਰ:- ਇਹ ਸਰੂਪ ੭ ਸਾਲ ਬਾਅਦ ੧੩ ਜੁਲਾਈ ੨੦੦੮ ਨੂੰ ਮੁੰਕਮਲ ਹੋਇਆਂ ਸੀ । ਲਿਖਣ ਵੇਲੇ ਹਰੇਕ ਅੰਕ ਤੇ ੧੯ ਲਾਇਨਾਂ ਲਿਖ ਕੇ ਇਸ ਕਾਰਜ ਨੂੰ ਨਪੇਰੇ ਚੜਾਇਆਂ ਮੈਂ ਲਗਭਗ ਦੋਂ ਘੰਟੇ ਨਿਰੰਤਰ ਇਸ ਸੇਵਾ ਨੂੰ ਕਰਦੀ ਹੁੰਦੀ ਸਾਂ । ਸਰੂਪ ਲਿਖਣ ਸੰਬੰਧੀ ਪਾਬੰਦੀ ਲਗਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਿਹਾ ਜਾਣਾ ਬੜੀ ਮੰਦਭਾਗੀ ਗੱਲ ਹੈ । ਇਹ ਪਾਬੰਦੀ ਗੁਰਬਾਣੀ ਦੇ ਇਸ ਮਹਾਵਾਕ "ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ" ਦੇ ਉਲਟ ਹੈ ਮੇਰੇ ਪਿਤਾ ਕੁਲਦੀਪ ਸਿੰਘ ਨੇ ਮੇਰੇ ਦੁਆਰਾ ਲਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਸਦੀਕ ਕਰਨ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਪਹੁੰਚ ਕੀਤੀ ਸੀ. ਪਰ ਕੋਈ ਤਸੱਲੀ ਬੱਖਸ ਜਵਾਬ ਨਹੀ ਮਿਲਿਆ।

ਪ੍ਰਸ਼ਨ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਤੁਹਾਡੇ ਕੀ ਵਿਚਾਰ ਹਨ?
ਉਤਰ:- ਸ਼੍ਰੋਮਣੀ ਕਮੇਟੀ ਬਾਰੇ ਮੇਰੇ ਵਿਚਾਰ ਹਨ ਕਿ ਇਹ ਸੇਵਾ ਕਰਨ ਵਾਲੀ ਸੰਸਥਾਂ ਹੁਣ ਵਪਾਰਕ (ਕਮੰਰਸੀਅਲ) ਬਣ ਗਈ ਹੈ, ਇਸ ਲਈ ਸ਼੍ਰੋਮਣੀ ਕਮੇਟੀ ਸੇਵਾ ਕਰਨ ਵਾਲਿਆ ਦੀ ਕੋਈ ਕਦਰ ਨਹੀ ਕਰਦੀ, ਸ਼੍ਰੋਮਣੀ ਕਮੇਟੀ ਸਿੱਖ ਅੋਰਤਾ ਨੂੰ ਬਰਾਬਰ ਦਾ ਹੱਕ ਨਹੀ ਦਿੰਦੀ ਇਹ ਸਿਰਫ ਲੈਂਕਚਰ ਜਾ ਅਖਬਾਰਾਂ ਵਿਚ ਵੱਡੇ-ਵੱਡੇ ਬਿਆਨ ਦਾਗਣ ਨੂੰ ਹੀ ਸੇਵਾ ਸਮਝਦੀ  ਹੈ, ਸਿੱਖ ਰਹਿਤ ਮਰਿਆਦਾ ਦੇ ਪੰਨਾਂ ਨੂੰ ੨੭ ਤੇ ਅਮ੍ਰਿੰਤ ਸੰਸਕਾਰ ਦੇ ਸਿਰਲੇਖ ਹੇਠ ਲਿਖਿਆ ਹੈ ਕਿ ਉਇੰਨਾ ਵਿਚ ਸਿਘਣੀਆਂ ਵੀ ਸ਼ਾਮਲ ਹੋ ਸਕਦੀਆਂ ਹਨ"। ਮੈਂ ਸ਼੍ਰੋਮਣੀ ਕਮੇਟੀ ਕੋਲੋਂ ਪੁੱਛਦੀ ਹਾਂ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਅੱਜ ਤੱਕ ਤੁਸੀਂ ਕਿਥੇਂ ਤੇ ਕਦੋਂ ਸਿੱਖ ਇਸਤਰੀਆਂ ਨੂੰ ਅਮ੍ਰਿੰਤ ਛਕਾਉਣ ਵਾਲੇ ਪੰਜਾਂ ਪਿਆਰਿਆਂ ਵਿਚ ਸ਼ਾਮਲ ਕੀਤਾ ਹੈ । ਹੋਰ ਤਾ ਹੋਰ ਸ੍ਰੀ ਦਰਬਾਰ ਅਮ੍ਰਿੰਤਸਰ ਅਤੇ ਹੋਰਨਾ ਤਖਤਾ ਅਤੇ ਕਈ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਵਿਚ ਸਿੱਖ ਇਸਤਰੀ ਨੂੰ ਕੀਰਤਨ-ਕਰਨ ਦੀ ਮਨਾਹੀ ਹੈ । ਸਿੱਖ ਇਸਤਰੀਆਂ ਨੂੰ ਸਿੱਖ ਪ੍ਰਚਾਰਕ, ਗ੍ਰੰਥੀ, ਪਾਠੀ ਜਾਂ ਕੀਰਤਨ ਕਾਰ ਬਣਾਉਣ ਲਈ ਹਲਾ ਤੱਕ ਕੋਈ ਵਿਦਿਆਲਾ ਕਿਉਂ ਨਹੀ ਆਰੰਭ ਕੀਤਾ । ਇਥੇ ਹੀ ਬਸ ਨਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਸਿਸਟਮ ਦਾ ਦੀਵਾਲਾ ਨਿਕਲਿਆ ਪਿਆ ਹੈ, ਦਰਬਾਰ ਸਾਹਿਬ ਨਾਲ ਲੱਗਦੀਆਂ ਸਰਾਵਾਂ ਦੇ ਬਾਹਰ ਕਿੰਨੀਆਂ ਬੀਬੀਆਂ ਰਾਤ ਠਹਿਰਨ ਲਈ ਕਮਰਾ ਆਦਿ ਲਈ ਤਰਲੋਂ ਮੱਛੀ ਹੋ ਰਹੀਆਂ ਹੁੰਦੀਆਂ ਹਨ । 

ਪ੍ਰਸ਼ਨ:- ਕੋਈ ਹੋਰ ਗੱਲ ਸਿੱਖ ਭੈਣਾਂ ਨੂੰ ਕਰਨਾ ਚਾਹੋਗੇ ?
ਉਤਰ:- ਹਾਂ ਸਿੱਖ ਭੈਣਾਂ ਨੂੰ ਗੁਰਬਾਣੀ ਲਿਖਣ, ਕੰਠ ਕਰਨ ਦੇ ਖੇਤਰ 'ਚ ਅੱਗੇ ਆਉਣਾ ਚਾਹੀਦੀ ਹੈ ।  ਘਰ ਵਿੱਚ ਸਿੱਖ ਔਰਤਾਂ ਕੋਲ ਬਹੁਤ ਸਮਾਂ ਹੁੰਦਾ ਹੈ, ਫਜ਼ੂਲ ਦਾ ਸਮਾਂ ਗੱਲ ਮਾਰ ਕੇ ਜਾਂ ਟੀ.ਵੀ. ਆਦਿਕ ਸੀਰੀਅਲ ਦੇਖ ਕੇ ਬੇਕਾਰ ਨਹੀਂ ਕਰਨਾ ਚਾਹੀਦਾ । ਬੱਚਿਆਂ ਨੂੰ ਚੰਗੀ ਤਾਲੀਮ ਦੇਣਾ, ਸਾਧ ਸੰਗਤ ਵਿੱਚ ਲੈ ਕੇ ਜਾਣਾ ਅਤੇ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਤ ਕਰਨਾ ਚਾਹੀਦਾ ਹੈ । ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਕਿਰਪਾ ਨਾਲ ਜੋ ਸਰੂਪ ਲਿਖਣ ਦੀ ਕੋਸ਼ਿਸ ਕੀਤੀ ਇਸ ਤੋਂ ਪ੍ਰੇਰਤ ਹੋ ਕੇ ਕਈ ਵੀਰਾਂ ਭੈਣਾਂ ਅਤੇ ਬੱਚਿਆਂ ਨੂੰ ਸੁਖਮਨੀ ਸਾਹਿਬ ਦੇ ਗੁਟਕੇ ਤੇ ਭਾਈ ਗੁਰਦਾਸ ਦੀਆਂ ਵਾਰਾਂ ਹੱਥਾਂ ਨਾਲ ਲਿਖੀਆਂ ਹਨ । ਸਿੱਖ ਸੰਸਥਾਵਾਂ ਨੂੰ ਅਜਿਹੇ ਨੌਜੁਆਨਾਂ ਤੇ ਬੱਚਿਆਂ ਨੂੰ ਸਨਮਾਨਤ ਕਰਨਾ ਚਾਹੀਦਾ ਹੈ । ਹੋਰ ਵੀ ਜੇ ਕੋਈ ਵੀਰ ਭੈਣ ਗੁਰਬਾਣੀ ਲਿਖਣਾ ਚਾਹੁੰਣ ਤਾਂ ਮੈਂ ਉਹਨਾਂ ਨੂੰ ਹਰ ਵੇਲੇ ਸਹਿਯੋਗ ਦੇਣ ਲਈ ਤਿਆਰ ਹਾਂ । ਮੈਂ ਚਾਹੁੰਦੀ ਹਾਂ ਕਿ ਘੱਟੋ-ਘੱਟ ਹਰ ਸਿੱਖ ਦੇ ਘਰ ਆਪਣੇ ਦੁਆਰਾ ਲਿਖੇ ਨਿੱਤਨੇਮ ਦੇ ਗੁਟਕੇ ਹੋਣੇ ਚਾਹੀਦੇ ਹਨ। ਇਸ ਖੇਤਰ 'ਚ ਸੇਵਾ ਕਰਨ ਵਾਲੇ ਬੱਚਿਆਂ ਨੂੰ ਤੁਸੀਂ ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਵੱਲੋਂ ਪਹਿਲਾ ਹੀ ਉਤਸ਼ਾਹ ਦੇ ਰਹੇ ਹੋ  ਜੋ ਕਿ ਸ਼ਲਾਘਾ ਯੋਗ ਗੱਲ ਹੈ। ਦਰਅਸਲ ਇਹ ਸਿੱਖੀ ਖੇਤਰ 'ਚ ਪ੍ਰਚਾਰ ਦਾ ਅਹਿਮ ਕਾਰਜ ਹੈ। 

ਪ੍ਰਸ਼ਨ:- ਕੀ ਇਹ ਸ਼੍ਰੋਮਣੀ ਕਮੇਟੀ ਦਾ ਮੋਜੂਦਾ ਸਿੱਖ ਵਿਰੋਧੀ ਸਿਸਟਮ ਠੀਕ ਹੋ ਸਕਦਾ ਹੈ ?
ਉਤਰ:- ਜੀ ਹਾਂ, ਸਿੱਖ ਇਸਤਰੀਆਂ ਨੂੰ ਮਾਈ ਭਾਗੋ ਬਣ ਕੇ ਮੈਦਾਨ 'ਚ' ਨਿਤਰਨਾ ਪਏਗਾ । ਮਰਦ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਸਹੀ ਕਰਨ ਲਈ ਸਿੱਖ ਇਸਤਰੀਆਂ ਨੂੰ ਅੱਗੇ ਆਉਣ ਦੇਣਾ ਤਾਂ ਇਕ ਪਾਸੇ ਅੱਜ ਇਕ ਕੁਰਹਿਤ ਕਰਨ ਵਾਲੀ ਔਰਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ । ਸਿੱਖ ਹੱਕਾ ਦੀ ਰੱਖਵਾਲੀ ਕਰਨ ਵਾਲੀ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਘੋਨੇ-ਮੋਨੇ ਨਸ਼ੇੜੀ, ਭਿਸ਼ਟਾਚਾਰ ਬੰਦਿਆਂ ਨੂੰ ਅਹੁਦੇਦਾਰ ਬਣਾਇਆ ਗਿਆ ਹੈ । ਪੜ੍ਹੀਆਂ ਲਿਖੀਆਂ ਸਿੱਖ ਔਰਤਾ ਨੂੰ ਧਰਮ ਰਾਜਨੀਤਕ ਖੇਤਰ ਵਿਚ ਅੱਗੇ ਆਉਣਾ ਪਵੇਗਾ ।

ਪ੍ਰਸ਼ਨ:- ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੇ ਬਣਤਰ ਬਾਰੇ ਜਾਣਕਾਰੀ ਦਿਓ ? 
ਉਤਰ:- ਪੰਜਵੇਂ ਪਾਤਸ਼ਾਹ ਨੇ ਸਾਰੀ ਬਾਣੀ ਇੱਕਤ੍ਰ ਕੀਤੀ ਸੀ ਇਸ ਨੂੰ ਰਾਗਾ ਅਨੁਸਾਰ ਤਰਤੀਬ ਕਰਕੇ ਸਭ ਤੋਂ ਪਹਿਲਾਂ ਮੂਲ ਮੰਤਰ,ੴ  ਤੋਂ ਲੈ ਕੇ ਗੁਰ ਪ੍ਰਸਾਦਿ ਤੱਕ ਹੈ । ਜਪੁ ਬਾਣੀ ਉਪਰੰਤ ਸੋਦਰੁ, ਸੋ ਪੁਰਖ ਦੇ ਨੌ ਸ਼ਬਦ ਅਤੇ "ਸੋਹਿਲਾ" ਸਿਰਲੇਖ ਹੇਠ ਪੰਜ ਸ਼ਬਦ ਅੰਕਿਤ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੧ ਤੋਂ ੧੩ ਤੋਂ ਬਾਅਦ ਫਿਰ ੧੪ ਤੋਂ ਲੈ ਕੇ ੧੩੫੨ ਅੰਗਾਂ ਤੱਕ ੩੧ ਰਾਗਾ ਵਿਚ ਬਾਣੀ ਦਰਜ ਹੈ । ਪਹਿਲਾ ਰਾਗ ਸ੍ਰੀ ਰਾਗ ਹੈ। ਆਖਰੀ ਸ਼ਬਦ ਜੈਜਾਵੰਤੀ ਰਾਗ ਵਿਚ ਦਰਜ ਹੈ। ਫਿਰ ਸਲੋਕ ਸਹਿਸਕ੍ਰਿਤੀ, ਗਾਥਾਂ, ਫੁਨਹੇ, ਚਉਬੋਲੇ, ਸਲੋਕ ਕਬੀਰ ਜੀ, ਸਲੋਕ ਫਰੀਦ ਜੀ, ਸਵੱਯੇ ਸ੍ਰੀ ਮੁਖਵਾਕ, ਭੱਟਾ ਦੇ ਸਵੱਯੇ, ਸਲੋਕ ਵਾਰਾਂ ਦੇ ਵਧੀਕ, ਸਲੋਕ ਮਹਲਾ ਨਾਵਾਂ, ਮੁੰਦਾਵਣੀ, ਸਲੋਕ ਮਹਲਾ ਪੰਜਵਾਂ ਬਾਣੀਆਂ ਅਤੇ ਰਾਗ ਮਾਲਾ ਦਰਜ ਹਨ। 

ਬਾਣੀ 'ਚ' ਸ਼ਬਦ ਦੇ ਆਰੰਭ ਤੋਂ ਪਹਿਲਾ ਲਿਖਿਆ ਮਹਲਾ ñ, ਮਹਲਾ ò, ਮਹਲਾ ó,....  ਆਦਿ ਤੋਂ ਕੀ ਭਾਵ ਹੈ । 

ਹਰ ਗੁਰੂ ਵਿਅਕਤੀ ਲਿਖਣ ਦੀ ਬਜਾਏ ਮਹਲਾ ਮਹਲਾ , ਮਹਲਾ ......  ਆਦਿ ਸੰਕੇਤਕ ਸ਼ਬਦ ਵਰਤੋਂ ਗਏ ਹਨ । ਹਰੇਕ ਸ਼ਬਦ ਦੇ ਅੰਤ ਵਿਚ ਸ਼ਬਦ ਦੇ ਬੰਦਾ ਅਤੇ ਸ਼ਬਦਾ ਦਾ ਗਿਣਤੀ ਵੀ ਦਰਜ ਹੈ। ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸ਼ਬਦਾਂ ਵਿਚ ਵਾਧਾ-ਘਾਟਾ ਕਰਨ ਦੀ ਸੰਭਾਵਨਾ ਨੂੰ ਖਤਮ ਕਰ ਦਿੱਤਾ ਹੈ।

ਪ੍ਰਸ਼ਨ:- ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਬਾਣੀ ਦੇ ਸਬਦਾਂ ਦੀ ਗਿੱਣਤੀ ਕਿੰਨੀ ਹੈ? 
ਉਤਰ:- ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਬਾਣੀ 'ਚ' ੧੦੨੪੦੦੦ ਅੱਖਰ, ੨੦੨੬ ਸ਼ਬਦ, ੩੦੫ ਅਸਟਪਟੀਆਂ, ੨੨ ਵਾਗ ੪੭੧ ਪੌੜੀਆਂ, ੬੬੪ ਸਲੋਕ, ੧੪੫ ਛੰਦ ਹਨ।

ਪ੍ਰਸ਼ਨ:- ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੂਲ ਮੰਤਰ ਕਿੰਨੀ ਕੁ ਵਾਰ ਵਰਤਿਆਂ ਗਿਆਂ ਹੈ ?
ਉਤਰ:- ਗੁਰੂ ਗ੍ਰੰਥ ਸਾਹਿਬ 'ਚ ਮੂਲ- ਮੰਤਰ ਦੇ ਵੱਖੋ-ਵੱਖ ਚਾਰ ਰੂਪ ਹਨ । ਜਿਵੇਂ ੴ  ਤੋਂ ਗੁਰ ਪ੍ਰਸ਼ਾਦਿ ਤੱਕ ੩੩ ਵਾਰ, ਫਿਰ ੴ  ਸਤਿਗੁਰੁ ਪ੍ਰਸ਼ਾਦਿ ੫੨੫ ਵਾਰ, ੴ  ਸਤਿਨਾਮ ਕਰਤਾ ਪੁਰਖ ਗੁਰ ਪ੍ਰਸ਼ਾਦਿ ਤੱਕ ੮ ਵਾਰ, ੴ  ਸਤਿਨਾਮ ਗੁਰ ਪ੍ਰਸ਼ਾਦਿ ਤੱਕ ੩ ਵਾਰ।

ਪ੍ਰਸ਼ਨ:- ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਸ਼ਖਸੀਅਤਾਂ ਜਾਂ ਮਹਾਂ ਪੁਰਖਾਂ ਦੀ ਬਾਣੀ ਦਰਜ ਹੈ ?
ਉਤਰ:- ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ੬ ਗੁਰੂ ਸਾਹਿਬਾਨ, ਪਹਿਲੇ ੫ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਹੈ । ਇਸ ਤੋਂ ਇਲਾਵਾ ੪ ਸਿੱਖਾਂ, ੧੫ ਭਗਤਾਂ, ੧੧ ਭੱਟਾ ਦੀ ਬਾਣੀ ਵੀ ਦਰਜ ਹੈ । ਤਕਰੀਬਨ ੧੪ ਪ੍ਰਦੇਸ਼ਕ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਹੈ । 

ਪ੍ਰਸ਼ਨ:- ਪ੍ਰਦੇਸ਼ਕ ਭਾਸ਼ਾਵਾਂ ਕਿਹੜੀਆਂ - ਕਿਹੜੀਆਂ ਹਨ ?
ਉਤਰ:- ੧੪ ਪ੍ਰਦੇਸ਼ਕ ਭਾਸ਼ਾਵਾਂ ਵਿੱਚ ਬ੍ਰਿਜ ਭਾਸ਼ਾਂ, ਹਿੰਦਵੀ, ਭੱਟ, ਰੇਕਤਾ, ਸਹਸ ਕ੍ਰਿਤੀ, ਗਾਥਾ, ਅਪਭ੍ਰੰਸ, ਪੰਜਾਬੀ, ਲਹਿੰਦੀ, ਫਾਰਸੀ, ਸੰਸਕ੍ਰਿਤ, ਸਿੰਧੀ, ਮਰਾਠੀ, ਬੰਗਾਲੀ ਆਦਿ ਦੀ ਵਰਤੋਂ ਮਿਲਦੀ ਹੈ ਕਿਉਂਕਿ ਕਿ ਸਾਰੀ ਬਾਣਕਾਰੀ ਵੱਖ-ਵੱਖ ਪ੍ਰਾਤਾਂ, ਕੌਮਾਂ ਅਤੇ ਸੱਭਿਆਚਾਰ ਨਾਲ ਸਬੰਧਤ ਹਨ । ਉਹਨਾਂ ਦਾ ਜੀਵਨ ਕਾਲ ਤੇ ਭਾਸ਼ਾਂ ਵੱਖ ਸੀ । ਭਾਵੇਂ ਭਾਸ਼ਾਵਾਂ ਅਨੇਕ ਵਰਤੀਆਂ ਗਈਆਂ ਹਨ ਪਰ ਸਾਰੀ ਬਾਣੀ ਗੁਰਮੁੱਖੀ ਲਿੱਪੀ ਵਿੱਚ ਲਿਖੀ ਗਈ ਹੈ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top