Share on Facebook

Main News Page

ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ
-: ਸ. ਦਲਬੀਰ ਸਿੰਘ ਦਿੱਲੀ (93111 18590), ਸ. ਬਲਦੇਵ ਸਿੰਘ, ਦਿੱਲੀ (93122 20035)
   
ਸ੍ਰੀ ਨਾਨਕ ਅੰਗਦਿ ਕਰਿ ਮਾਨਾ॥ ਅਮਰਦਾਸ ਅੰਗਦ ਪਹਿਚਾਨਾ॥
ਅਮਰਦਾਸ ਰਾਮਦਾਸ ਕਹਾਯੋ॥ ਸਾਧਨਿ ਲਖਾ ਮੂੜ ਨਹਿ ਪਾਯੋ॥ 9॥
ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨਿ ਹੇਤ ਇਤੀ ਜਿਨਿ ਕਰੀ॥ ਸੀਸ ਦੀਆ ਪਰ ਸੀ ਨ ਉਚਰੀ॥ 13॥
ਭਿੰਨ ਭਿੰਨ ਸਭਹੂੰ ਕਰਿ ਜਾਨਾ॥ ਏਕ ਰੂਪ ਕਿਨਹੂੰ ਪਹਿਚਾਨਾ॥
ਜਿਨ ਜਾਨਾ ਤਿਨ ਹੀ ਸਿਧ ਪਾਈ॥ ਬਿਨ ਸਮਝੇ ਸਿਧ ਹਾਥ ਨ ਆਈ॥ 10॥
ਧਰਮ ਹੇਤ ਸਾਕਾ ਜਿਨਿ ਕੀਆ॥ ਸੀਸ ਦੀਆ ਪਰੁ ਸਿਰਰੁ ਨ ਦੀਆ॥
ਨਾਟਕ ਚੇਟਕ ਕੀਏ ਕੁਕਾਜਾ॥ ਪ੍ਰਭ ਲੋਗਨ ਕਹ ਆਵਤ ਲਾਜਾ॥ 14॥
ਰਾਮਦਾਸ ਹਰਿ ਸੋ ਮਿਲ ਗਏ॥ ਗੁਰਤਾ ਦੇਤ ਅਰਜਨਹਿ ਭਏ॥
ਜਬ ਅਰਜਨ ਪ੍ਰਭਲੋਕ ਸਿਧਾਏ॥ ਹਰਿਗੋਬਿੰਦ ਤਿਹ ਠਾਂ ਠਹਰਾਏ॥ 11॥
ਦੋਹਰਾ॥ ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ॥ 15॥
ਹਰਗੋਬਿੰਦ ਪ੍ਰਭਲੋਕ ਸਿਧਾਰੇ॥ ਹਰੀਰਾਇ ਤਿਹ ਠਾਂ ਬੈਠਾਰੇ॥
ਹਰੀਕ੍ਰਿਸਨ ਤਿਨ ਕੇ ਸੁਤ ਵਏ॥ ਤਿਨ ਤੇ ਤੇਗ ਬਹਾਦਰ ਭਏ॥ 12॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ॥ 16॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਪਾਤਸਾਹੀ ਬਰਨਨੰ ਨਾਮ ਪੰਚਮੋ ਧਿਆਇ ਸਮਾਪਤਮਸਤ ਸੁਭਮਸਤ॥ 5॥ ਅਫਜੂ॥ 215॥

ਅਖੀਰ 'ਤੇ ਲਿਖੇ ਸਮਾਪਤੀ ਸੰਕੇਤ ਤੋਂ ਸਿੱਧ ਹੁੰਦਾ ਹੈ, ਕਿ ਇਹ ਰਚਨਾ ਬਚਿਤ੍ਰ ਨਾਟਕ ਗ੍ਰੰਥ ਦੀ ਹੈ। ਇਸ ਲੇਖ ਦੇ ਲਿਖਾਰੀ ਕੋਲ ਇਸ ਗ੍ਰੰਥ ਦੀ 1967 ਵਿੱਚ ਛਪੀ ਬੀੜ ਦਾ ਨਾਂ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਮੁਢਲੇ ਪੰਨੇ 'ਤੇ ਲਿਖਿਆ ਹੈ। ਚੂੰਕਿ ਇਸ ਗ੍ਰੰਥ ਨੂੰ ਗੁਰਤਾ-ਗੱਦੀ ਪ੍ਰਦਾਨ ਨਹੀਂ ਕੀਤੀ ਗਈ, ਵਿਵਾਦ ਖੜਾ ਹੋ ਗਿਆ। ਤਾਂ ਭੁਲੇਖਾ-ਪਾਊ ਨਾਂ ਵਿਚੋਂ ਗੁਰੂ-ਪਦ ਹਟਾ ਕੇ ਬਦਲ ਦਿੱਤਾ ਗਿਆ ਤੇ ਹੁਣ ਇਸ ਗ੍ਰੰਥ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ। ਅੰਦਰਲੀਆਂ ਰਚਨਾਵਾਂ ਦੀ ਡੂੰਘੀ ਘੋਖ ਕੀਤਿਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਤੁਲਨਾ ਕੀਤਿਆਂ ਸਪਸ਼ਟ ਹੁੰਦਾ ਹੈ ਕਿ ਇਸ ਗ੍ਰੰਥ ਵਿੱਚ ਇਸ਼ਟ ਦਾ ਸਰੂਪ ੴ ਸਤਿਨਾਮੁ... ਅਰਥਾਤ ਨਿਰਾਕਾਰ ਪਰਮਾਤਮਾ ਨਹੀਂ, ਬਲਕਿ ਸ਼ਰੀਰਧਾਰੀ ਮਹਾਕਾਲ-ਕਾਲਕਾ ਨਾਂ ਦੇ ਦੇਵੀ-ਦੇਵਤਾ ਹਨ, ਜੈਸਾ ਕਿ ਇਸ ਗ੍ਰੰਥ ਦੇ ਪੰਨਾ 73 ਤੇ ਲਿਖਿਆ ਹੈ:

ਸਰਬਕਾਲ (ਮਹਾਕਾਲ) ਹੈ ਪਿਤਾ ਅਪਾਰਾ॥ ਦੇਬਿ ਕਾਲਕਾ ਮਾਤ ਹਮਾਰਾ॥

ਇਹ ਸਾਕਤ-ਮਤੀਏ, ਵਿਭਚਾਰੀ, ਨਸ਼ੇ ਪੀਣ ਵਾਲੇ, ਜਾਦੂ ਟੂਣੇ ਕਰਣ ਵਾਲੇ ਤਾਂਤ੍ਰਿਕਾਂ ਦਾ ਇਸ਼ਟ ਹੈ; ਗੁਰਸਿੱਖਾਂ ਦਾ ਹਰਗਿਜ਼ ਨਹੀਂ।

ਜਿਹੜਾ ਗ੍ਰੰਥ ੴ ਸਤਿਨਾਮੁ ਨਾਲੋਂ ਤੋੜ ਕੇ ਦੇਵੀ-ਦੇਵਤਿਆਂ ਨਾਲ ਜੋੜੇ, ਕੀ ਉਹ ਗ੍ਰੰਥ ਦਸਮ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਰਚਿਆ ਹੋ ਸਕਦਾ ਹੈ?

ਉਪਰ-ਲਿਖੀ ਰਚਨਾ ਬਚਿਤ੍ਰ ਨਾਟਕ ਗ੍ਰੰਥ ਦੇ ਪੰਨਾ 54 'ਤੇ ਅੰਕਿਤ ਹੈ। ਇਸ ਰਚਨਾ ਨੂੰ ਵੀਚਾਰ ਕੇ ਹੇਠ ਲਿਖੇ ਤੱਥ (Facts) ਨੋਟ ਕੀਤੇ ਜਾਣ:

1. ਜਿਸਨੇ ਸਭ ਗੁਰੂ-ਜੋਤਾਂ ਨੂੰ ਇੱਕ ਕਰਕੇ ਜਾਣਿਆ ਹੈ, ਉਸਨੇ ਹੀ ਸਿਧ ਪਾਈ। ਸਿਧਾਂਤ ਬਿਲਕੁਲ ਠੀਕ ਹੈ, ਪਰ ਇਸ ਗ੍ਰੰਥ ਦੇ ਲਿਖਾਰੀ ਕਵੀ ਸਯਾਮ, ਕਵੀ ਰਾਮ ਨੇ ਪੰਨਾ 54 'ਤੇ ਹੀ ਲਿਖੀ ਅਗਲੀ ਰਚਨਾ ‘ਅਬ ਮੈ ਅਪਨੀ ਕਥਾ ਬਖਾਨੋ॥’ ਵਿੱਚ ਪਿਛੇ ਹੋ ਚੁਕੇ ਕਿਸੇ ਤਪਸਵੀ ਦੀ ਨਕਲੀ ਕਥਾ ਦਸਮ ਨਾਨਕ ਨਾਲ ਜਬਰਦਸਤੀ ਜੋੜ ਕੇ ਨਿਰੰਕਾਰ (ੴ ਸਤਿਨਾਮੁ) ਦੇ ਉਪਾਸਕ ਦਸਮ ਨਾਨਕ ਨੂੰ ਮਹਾਕਾਲ-ਕਾਲਕਾ (ਦੇਵਤਾ ਸ਼ਿਵ, ਦੇਵੀ ਸ਼ਿਵਾ, ਦੁਰਗਾ) ਦਾ ਉਪਾਸਕ ਕਿਵੇਂ ਬਣਾ ਦਿੱਤਾ?

2. ਗੁਰੂ ਅਰਜਨ ਸਾਹਿਬ ਜੀ ਦੀ ਪੰਜ ਦਿਨ ਤਕ ਅਤਿ ਦੁਖਦਾਈ ਤਸੀਹੇ ਝੱਲ ਕੇ ਦਿਤੀ ਸ਼ਹਾਦਤ ਦਾ ਸਾਰੇ ਗ੍ਰੰਥ ਵਿੱਚ ਕਿਤੇ ਵੀ ਜ਼ਿਕਰ ਨਹੀਂ, ਕਿਉਂ? ਜੇ ਇਹ ਲਿਖਤ ਦਸਮ ਨਾਨਕ ਸਾਹਿਬ ਜੀ ਦੀ ਹੁੰਦੀ ਤਾਂ ਇਹ ਅਣਗਹਿਲੀ ਕਦੇ ਨਾ ਹੁੰਦੀ।

3. ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਔਰੰਗਜ਼ੇਬ ਬਾਦਸ਼ਾਹ ਦੇ ਜ਼ੁਲਮ ਦੀ ਸ਼ਿਕਾਰ ਲੋਕਾਈ ਨੂੰ ਧਾਰਮਿਕ ਆਜ਼ਾਦੀ ਲਈ ਜੂਝਣ ਦਾ ਆਤਮਕ ਬਲ ਪ੍ਰਦਾਨ ਕਰਨ ਲਈ ਸੀ। ਸਤਿਗੁਰੂ ਜੀ ਨੇ ਸਰਣ ਵਿੱਚ ਆਉਣ ਵਾਲੇ ਕਸ਼ਮੀਰੀ ਪੰਡਿਤਾਂ/ ਹਿੰਦੂਆਂ ਦੀ ਪੈਜ ਰਖੀ ਸੀ:

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥ (ਗੁਰੂ ਗ੍ਰੰਥ ਸਾਹਿਬ, ਅੰਕ 544)

ਚਾਰ ਸਾਹਿਬਜ਼ਾਦਿਆਂ, ਪੰਜਾਂ ਪਿਆਰਿਆਂ ਅਤੇ ਅਨੇਕਾਂ ਸਿੰਘਾਂ-ਸਿੰਘਣੀਆਂ ਦੀਆਂ ਸ਼ਹਾਦਤਾਂ ਬ੍ਰਾਹਮਣਾਂ ਦੇ ਧਾਰਮਕ ਚਿੰਨ੍ਹਾਂ ਤਿਲਕ-ਜਨੇਊ ਦੀ ਖਾਤਰ ਨਹੀਂ, ਬਲਕਿ ਧਾਰਮਿਕ ਅਤੇ ਰਾਜਨੀਤਕ ਆਜ਼ਾਦੀ ਲਈ ਸ਼ਹਾਦਤ ਸੀ। ਨੌਵੇਂ ਨਾਨਕ ਜੀ ਨੇ, ਪੰਜਵੇਂ ਨਾਨਕ ਜੀ ਵਾਂਗੂ, ਧਰਮ ਦੀ ਖਾਤਰ ਸੀਸ ਦਿੱਤਾ ਪਰ ਸਿਖੀ-ਸਿਦਕ ਨਹੀਂ ਹਾਰਿਆ। ਕੋਈ ਬੁਜ਼ਦਿਲਾਂ ਵਾਲਾ ਨਾਟਕ-ਚੇਟਕ ਨਹੀਂ ਕੀਤਾ।

4. ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸ਼ਰੀਰ ਰੂਪੀ ਠੀਕਰਾ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਤੇ ਭੰਨ ਕੇ ਪਰਲੋਕ ਪਯਾਨਾ ਕੀਤਾ। ਪਰ ਜੇ ਅਸੀਂ ਇਹ ਮੰਨ ਲਈਏ ਕਿ ਗੁਰੂ ਤੇਗ ਬਹਾਦਰ ਸਾਹਿਬ ਵਰਗੀ ਸ਼ਹਾਦਤ ਹੋਰ ਕਿਸੇ ਨਹੀਂ ਕੀਤੀ, ਤਾਂ ਅਸੀ ਗੁਰੂ ਅਰਜਨ ਸਾਹਿਬ ਜੀ ਦੀ ਮਹਾਨ ਕੁਰਬਾਨੀ ਅਤੇ ਗੁਰੂ ਕੇ ਸਿੱਦਕੀ ਸਿੱਖਾਂ ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਨਜ਼ਰ-ਅੰਦਾਜ਼ ਕਰਣ ਵਾਲੇ ਅਕ੍ਰਿਤਘਣ ਹੋਵਾਂਗੇ।

ਜ਼ਰਾ ਧੀਰਜ ਨਾਲ ਵੀਚਾਰ ਕਰੀਏ ਕਿ ‘ਠੀਕਰਿ ਫੋਰਿ…’ ਦੋਹਰਾ ਪੜ੍ਹਨਾ ਗੁਰੂ ਅਰਜਨ ਸਾਹਿਬ ਜੀ ਦੀ ਘੋਰ ਨਿਰਾਦਰੀ ਹੈ ਜਾਂ ਨਹੀਂ।

5. ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਲੋਕ ਪਯਾਨਾ ਕਰਨ ਤੇ ਗੁਰੂ ਕੇ ਸਿਖਾਂ ਦੇ ਮਨ ਵਿੱਚ ਹਾਹਾਕਾਰ ਮਚੀ ਪਰ ਦੇਵਤੇ ਬੜੇ ਪ੍ਰਸੰਨ ਹੋਏ।

ਇਸ ਬਚਿਤ੍ਰ ਨਾਟਕ ਗ੍ਰੰਥ ਦੇ ਪੰਨਾ 155 'ਤੇ ਲਿਖੀਆਂ ਪੰਕਤੀਆਂ:

ੴ ਵਾਹਿਗੁਰੂ ਜੀ ਕੀ ਫਤੇ॥ ਪਾਤਸ਼ਾਹੀ 10॥ ਅਥ ਚੋਬੀਸ ਅਵਤਾਰ॥
ਚਉਪਈ॥ ਅਬ ਚੋਬੀਸ ਉਚਰੋਂ ਅਵਤਾਰਾ॥ ਜਿਹ ਬਿਧ ਤਿਨ ਕਾ ਲਖਾ ਅਪਾਰਾ॥ ਸੁਨੀਅਹੁ ਸੰਤ ਸਭੈ ਚਿਤ ਲਾਈ॥ ਬਰਨਤ ‘ਸਯਾਮ’ ਜਥਾ ਮਤ ਭਾਈ॥ 1॥

ਅਰਥਾਤ, ਸਯਾਮ ਕਵਿ ਹੀ ਪਾਤਸਾਹੀ 10 ਬਣੀ ਬੈਠਾ ਹੈ।

ਧੋਖਾ ਹੈ! ਸਾਵਧਾਨ!! ਸਯਾਮ ਕਵਿ ਦੀ ਛਾਪ ਹੋਰ ਅਨੇਕਾਂ ਪੰਨਿਆਂ 'ਤੇ ਲਿਖੀ ਮਿਲਦੀ ਹੈ। ਪਰ ‘ਨਾਨਕ’ ਛਾਪ (ਤਖ਼ੱਲਸ) ਕਿਸੇ ਰਚਨਾ ਵਿੱਚ ਨਹੀਂਕਿਵੇਂ ਮੰਨੀਏ ਇਸ ਬ੍ਰਾਹਮਣੀ ਗ੍ਰੰਥ ਨੂੰ ਦਸਮ ਨਾਨਕ ਦੀ ਰਚਨਾ? (*** ਨੋਟ - ਅਖੌਤੀ ਦਸਮ ਗ੍ਰੰਥ 'ਚ ਸਯਾਮ ਕਵੀ ਬਾਰੇ ਸ. ਇੰਦਰਜੀਤ ਸਿੰਘ ਕਾਨਪੁਰ ਨੇ ਆਪਣੇ ਲੇਖ - ਮੇਰੇ ਵੀਰੋ ! ਇਹ "ਦਸਮ ਬਾਣੀ" ਨਹੀਂ, ਇਹ ਤਾਂ "ਸਯਾਮ ਬਾਣੀ" ਹੈ, 'ਚ ਪੂਰਾ ਖੁਲਾਸਾ ਕੀਤਾ ਹੈ, ਪਾਠਕ ਪੜ੍ਹ ਸਕਦੇ ਹਨ... ਸੰਪਾਦਕ ਖ਼ਾਲਸਾ ਨਿਊਜ਼)

ਇਸ ਗ੍ਰੰਥ ਵਿੱਚ ਇਸ਼ਟ:-

- ਦੇਵਤਾ ਸਰਬਕਾਲ ਤੇ ਦੇਵੀ ਕਾਲਕਾ (ਪੰ: 73) ਜਿਸਦਾ ਸਿੱਖ ਬਣਨ ਲਈ ਭੰਗ ਤੇ ਸ਼ਰਾਬ ਪੀਣੀ ਲਾਜ਼ਮੀ ਹੈ (ਪੰਨਾ 1210)
- ਸਰਬਕਾਲ (ਮਹਾਕਾਲ) ਸ਼ਰੀਰਧਾਰੀ ਹੈ, ਜਿਸਨੂੰ ਪਸੀਨਾ ਵੀ ਆਂਉਦੈ (ਪੰ: 1367) ਅਤੇ ਜੋ ਕੰਨਾਂ ਚੋਂ ਮੈਲ ਕੱਢ ਕੇ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ (ਪੰਨਾ 47)
- ਇਸਤ੍ਰੀ ਜਾਤਿ ਦੀ ਨਿੰਦਕ ਅਨੇਕਾਂ ਪੰਕਤੀਆਂ (ਆਧਾਰ ਸ਼ਿਵ ਪੁਰਾਣ); ਅਸ਼ਲੀਲ, ਵਿਭਚਾਰੀ ਅਤੇ ਬੇਸ਼ਰਮ ਲੋਕਾਂ ਦੀ ਸ਼ਬਦਾਵਲੀ (ਤ੍ਰਿਯਾ ਚਰਿਤ੍ਰ, ਚਰਿਤ੍ਰੋ ਪਾਖਯਾਨ ਅਤੇ ਹਿਕਾਯਤਾਂ) ਆਦਿਕ ਪ੍ਰਸੰਗਾਂ ਨਾਲ ਭਰਪੂਰ ਗ੍ਰੰਥ।

ਪਾਠਕ ਵੀਚਾਰ ਕਰਣ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਵਿਰੋਧੀ ਬਚਿਤ੍ਰ ਨਾਟਕ ਗ੍ਰੰਥ ਦਸਮ ਨਾਨਕ ਸਾਹਿਬ ਜੀ ਦਾ ਲਿਖਿਆ ਹੋ ਸਕਦਾ ਹੈ?

ਇਸ ਬਚਿਤ੍ਰ ਨਾਟਕ ਗ੍ਰੰਥ ਦੇ 1428 ਪੰਨੇ ਹਨ, ਪਰ ਕਿਸੇ ਇੱਕ ਵੀ ਪੰਨੇ ਤੇ ਸੰਪੂਰਣ ਮੂਲ-ਮੰਤਰ: ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ ਨਹੀਂ ਲਿਖਿਆ ਹੋਇਆ, ਜਦਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਹਿਲੇ ਅੰਕ ਤੇ ਅਤੇ ਹੋਰ ਥਾਂਈਂ 32 ਵਾਰੀ ਲਿਖਿਆ ਹੈ।

ਯਕੀਨਨ ਬਚਿਤ੍ਰ ਨਾਟਕ ਗ੍ਰੰਥ ਗੁਰੂ-ਨਿੰਦਕ ਗ੍ਰੰਥ ਹੈ। ਗੁਰਸਿੱਖਾਂ ਨੂੰ ਨਿਰੰਕਾਰ ਨਾਲੋਂ ਤੋੜ ਕੇ ਦੇਵੀ-ਦੇਵਤੇ-ਪੂਜਕ ਬਣਾਉਣ ਵਾਲਾ ਬ੍ਰਾਹਮਣੀ ਗ੍ਰੰਥਾਂ (ਮਾਰਕੰਡੇਯ ਪੁਰਾਣ, ਸ਼ਿਵ ਪੁਰਾਣ ਅਤੇ ਸ੍ਰੀਮਦ ਭਾਗਵਤ ਪੁਰਾਣ) 'ਤੇ ਆਧਾਰਤ ਗ੍ਰੰਥ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top