Share on Facebook

Main News Page

ਨਵਜੋਤ ਸਿੱਧੂ ਨੂੰ ਅਕਾਲ ਤਖਤ ਸਾਹਿਬ ‘ਤੇ ਤਲਬ ਨਹੀਂ ਕੀਤਾ ਜਾ ਸਕਦਾ; ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਰੀਕ ਪੰਜ ਜਨਵਰੀ ਨਿਰਧਾਰਤ ਕੀਤੀ ਜਾਵੇ
-: ਗਿਆਨੀ ਭਗਵਾਨ ਸਿੰਘ

ਅੰਮ੍ਰਿਤਸਰ 27 ਨਵੰਬਰ (ਜਸਬੀਰ ਸਿੰਘ): ਗਿਆਨੀ ਭਗਵਾਨ ਸਿੰਘ ਸਾਬਕਾ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਨੇ ਭਾਜਪਾ ਆਗੂ ਤੇ ਸਾਬਕ ਸੰਸਦ ਮੈਂਬਰ ਸ੍ਰ ਨਵਜੋਤ ਸਿੰਘ ਸਿੱਧੂ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕਰਨ ਦੀ ਪੂਰੀ ਤਰ੍ਹਾਂ ਵਿਰੋਧਤਾ ਕਰਦਿਆਂ ਕਿਹਾ ਕਿ ਜਿਥੇ ਇੱਕ ਪਤਿਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨਾ ਮਰਿਆਦਾ ਤੇ ਪਰੰਪਰਾਵਾਂ ਦੇ ਖਿਲਾਫ ਹੈ, ਉਥੇ ਚੋਣਾਂ ਸਮੇਂ ਵੱਖ ਵੱਖ ਸਿਆਸੀ ਆਗੂਆ ਵੱਲੋਂ ਗੁਰਬਾਣੀ ਦੀਆਂ ਤੁਕਾਂ ਇੱਕ ਦੀ ਦੂਜੇ ਤੇ ਸਿਆਸੀ ਚਿੱਕੜ ਸੁੱਟਣ ਲਈ ਵਤਰਣ ‘ਤੇ ਰੋਕ ਲਗਾਈ ਜਾਣੀ ਵੀ ਬਹੁਤ ਜ਼ਰੂਰੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਭਗਵਾਨ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਭਾਜਪਾ ਨੇ ਚੌਥੀ ਵਾਰੀ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਟਿਕਟ ਨਾ ਦੇ ਕੇ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ ਹੈ, ਕਿਉਂਕਿ ਜਿਸ ਵਿਅਕਤੀ ਨੂੰ ਇੱਕ ਸੰਸਦ ਮੈਂਬਰ ਹੋਣ ਦੀ ਮਰਿਆਦਾ ਤੇ ਨਿਯਮਾਂ ਬਾਰੇ ਹੀ ਕੋਈ ਜਾਣਕਾਰੀ ਨਹੀਂ, ਉਸ ਨੂੰ ਤਾਂ ਸੰਸਦ ਮੈਂਬਰ ਬਣਾਇਆ ਜਾਣਾ ਹੀ ਗਲਤ ਹੈ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਸਿਰਫ ਇੱਕ ਨੱਚਣ ਵਾਲਾ ਹੀ ਹੈ ਤੇ ਉਸ ਦੀ ਔਕਾਤ ਇੱਕ ਸੰਸਦ ਮੈਂਬਰ ਨਹੀਂ, ਸਗੋਂ ਇੱਕ ਭੰਡ ਦੀ ਹੀ ਹੋ ਸਕਦੀ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਸਿੱਧੂ ਨੂੰ ਜਿੱਤਾ ਕੇ ਪਾਰਲੀਮੈਂਟ ਵਿੱਚ ਲੋਕ ਮਸਲੇ ਉਠਾਉਣ ਲਈ ਭੇਜਿਆ ਸੀ, ਪਰ ਜਦੋਂ ਸੰਸਦ ਦਾ ਇਜਲਾਸ ਚੱਲਦਾ ਹੁੰਦਾ ਸੀ, ਤਾਂ ਸਿੱਧੂ ਸੰਸਦ ਵਿੱਚ ਜਾਣ ਦੀ ਬਜਾਏ ਵੱਖ ਵੱਖ ਟੀ.ਵੀ. ਚੈਨਲਾਂ ਦੇ ਕਮੇਡੀਅਨ ਪ੍ਰੋਗਰਾਮਾਂ ਵਿੱਚ ਵੱਖ ਵੱਖ ਨੱਚਣ ਵਾਲੀਆਂ ਕੁੜੀਆਂ ਨਾਲ ਭਾਗ ਲੈ ਕੇ ਜੋ ਜਲੂਸ ਕੱਢਦਾ ਸੀ, ਉਹ ਵੀ ਬਿਆਨ ਤੋਂ ਬਾਹਰ ਹੈ। ਉਹਨਾਂ ਕਿਹਾ ਕਿ ਸੰਸਦ ਮੈਂਬਰ ਇੱਕ ਬਹੁਤ ਹੀ ਸੁਲਝਿਆ ਤੇ ਸਿਆਣਾ ਵਿਅਕਤੀ ਹੋਣਾ ਚਾਹੀਦਾ ਹੈ, ਪਰ ਸਿੱਧੂ ਵਿੱਚ ਗੰਭੀਰਤਾ ਤੇ ਸਿਆਣਪ ਵਾਲੀ ਕੋਈ ਗੱਲ ਨਜਰ ਨਹੀਂ ਆ ਰਹੀ। ਉਹਨਾਂ ਕਿਹਾ ਕਿ ਸਿੱਧੂ ਨੂੰ ਸੰਸਦ ਮੈਂਬਰ ਦੇ ਆਹੁਦੇ ਦਾ ਕੋਈ ਗਿਆਨ ਨਹੀਂ ਤੇ ਭਾਜਪਾ ਉਸ ਨੂੰ ਭਵਿੱਖ ਵਿੱਚ ਅਜਿਹੀ ਕੋਈ ਜਿੰਮੇਵਾਰੀ ਸੋਂਪਣ ਤੋਂ ਸੰਕੋਚ ਕਰੇ ਤਾਂ ਭਾਜਪਾ ਲਈ ਬਿਹਤਰ ਹੋਵੇਗਾ।

ਸਿੱਧੂ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕੀਤੇ ਜਾਣ ਬਾਰੇ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਇੱਕ ਪਤਿਤ ਤੇ ਨੱਚਣ ਵਾਲੇ ਨੂੰ ਕਦੇ ਵੀ ਅਕਾਲ ਤਖਤ ਸਾਹਿਬ 'ਤੇ ਤਲਬ ਨਹੀਂ ਕੀਤਾ ਜਾ ਸਕਦਾ, ਪਰ ਗੁਰਬਾਣੀ ਦੀ ਤੁੱਕ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੇ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਅਤੇ ਸਿੱਧੂ ਨੂੰ ਸਜ਼ਾ ਦੇਣ ਦੇ ਹੋਰ ਵੀ ਬਹੁਤ ਤਰੀਕੇ ਹਨ। ਉਹਨਾਂ ਕਿਹਾ ਕਿ ਸਿਆਸੀ ਆਗੂ ਚੋਣਾਂ ਸਮੇਂ ਗੁਰਬਾਣੀ ਦੀਆਂ ਤੁਕਾਂ ਦੀ ਵਰਤੋਂ ਸਿਰਫ ਇੱਕ ਦੂਜੇ ‘ਤੇ ਚਿੱਕੜ ਉਛਾਲਣ ਲਈ ਕਰਦੇ ਹਨ, ਇਸ ਲਈ ਸਿਆਸੀ ਆਗੂਆਂ 'ਤੇ ਗੁਰਬਾਣੀ ਦੀਆਂ ਤੁਕਾਂ ਵਤਰਣ 'ਤੇ ਮੁਕੰਮਲ ਰੋਕ ਲੱਗਾਈ ਜਾਣੀ ਬਹੁਤ ਜ਼ਰੂਰੀ ਹੈ।

ਨਾਨਕਸ਼ਾਹੀ ਕੈਲੰਡਰ ਬਾਰੇ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਬਦਲਣ ਦਾ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ ਤੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਪ੍ਰਵਾਨਗੀ ਦੇਣ ਦੇ ਹੁਕਮਨਾਮੇ 'ਤੇ ਗਿਆਨੀ ਗੁਰਬਚਨ ਸਿੰਘ ਦੇ ਵੀ ਦਸਤਖਤ ਹਨ।

ਉਹਨਾਂ ਕਿਹਾ ਕਿ 2010 ਵਾਲਾ ਸੋਧਿਆ ਕੈਲੰਡਰ ਦਰੁਸਤ ਨਹੀਂ ਹੈ ਅਤੇ ਇਸ ਕੈਲੰਡਰ ਬਾਰੇ ਤਾਂ ਤਖਤਾਂ ਦੇ ਜਥੇਦਾਰ ਵੀ ਇੱਕਮੱਤ ਨਹੀਂ ਹਨ। ਉਹਨਾਂ ਕਿਹਾ ਕਿ ਇਸ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਤੇ ਛੋਟੇ ਸ਼ਾਹਿਬਜਾਂਦਿਆਂ ਦੀ ਸ਼ਹੀਦੀ ਦਿਹਾੜੇ ਦੇ ਸਮਾਗਮ ਇਕੱਠੇ ਇੱਕ ਦਿਨ 28 ਦਸੰਬਰ ਨੂੰ ਆ ਗਏ ਸਨ, ਜਿਹਨਾਂ ਵਿੱਚ ਤਬਦੀਲੀ ਪੰਜ ਸਿੰਘ ਸਾਹਿਬਾਨ ਨੇ ਕਰਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸੱਤ ਜਨਵਰੀ ਨੂੰ ਮਿੱਥ ਦਿੱਤਾ ਸੀ, ਪਰ ਗਿਆਨੀ ਗੁਰਬਚਨ ਸਿੰਘ ਨੇ ਇੱਕ ਵਾਰੀ ਫਿਰ ਪੰਜ ਸਿੰਘ ਸਾਹਿਬਾਨ ਦਾ ਆਦੇਸ਼ ਇਕੱਲਿਆਂ ਹੀ ਬਦਲ ਕੇ ਪ੍ਰਕਾਸ਼ ਦਿਹਾੜਾ 28 ਦਸੰਬਰ ਨੂੰ ਫਿਰ ਇਸ ਕਰਕੇ ਕਰ ਦਿੱਤਾ ਸੀ, ਕਿਉਂਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਸਪੱਸ਼ਟ ਕਹਿ ਦਿੱਤਾ ਸੀ ਕਿ ਦਿੱਲੀ ਕਮੇਟੀ ਦਾ ਲੱਖੀ ਸ਼ਾਹ ਵਣਜਾਰਾ ਹਾਲ ਸੱਤ ਜਨਵਰੀ ਨੂੰ ਬੁੱਕ ਹੈ, ਇਸ ਲਈ ਦਿੱਲੀ ਕਮੇਟੀ ਤਾਂ 28 ਦਸੰਬਰ ਨੂੰ ਹੀ ਪ੍ਰਕਾਸ਼ ਦਿਹਾੜਾ ਮਨਾਏਗੀ।

ਉਹਨਾਂ ਕਿਹਾ ਕਿ ਜਥੇਦਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ, ਕਿਉਂਕਿ ਇਸ ਨਾਲ ਪੰਜ ਸਿੰਘ ਸਾਹਿਬਾਨਾਂ ਵਿੱਚ ਵੀ ਦਰਾੜ ਖੜੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਜੇਕਰ ਇੱਕ ਵਿਅਕਤੀ ਦੇ ਕਹਿਣ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ 'ਤੇ ਸੰਦੇਸ਼ ਬਦਲੇ ਜਾਂਦੇ ਹਨ, ਤਾਂ ਫਿਰ ਜਥੇਦਾਰ ਦੀ ਹੈਸ਼ੀਆਤ 'ਤੇ ਮਾਣਾ ਮਰਿਆਦਾ ਨੂੰ ਭਾਰੀ ਠੇਸ ਪੁੱਜਣੀ ਸੁਭਾਵਕ ਹੀ ਹੈ।

ਉਹਨਾਂ ਕਿਹਾ ਕਿ ਜਦੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਨ, ਤਾਂ ਉਹ ਵੀ ਮੀਟਿੰਗਾਂ ਵਿੱਚ ਬੈਠਦੇ ਸਨ, ਤਾਂ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇੱਕ ਸਾਲ ਵਿੱਚ ਇੱਕ ਵਾਰੀ ਹੀ ਆਵੇ, ਇਸ ਲਈ ਉਹਨਾਂ ਨੇ ਪੰਜ ਜਨਵਰੀ ਤਰੀਕ ਪੱਕੀ ਕਰ ਦਿੱਤੀ ਸੀ ਤੇ ਕਈ ਸਾਲ ਸੰਗਤਾਂ ਪੰਜ ਜਨਵਰੀ ਨੂੰ ਹੀ ਮਨਾਉਦੀਆਂ ਰਹੀਆਂ ਹਨ, ਇਸ ਲਈ ਪੰਜ ਜਨਵਰੀ ਦੁਬਾਰਾ ਪੱਕੀ ਕਰ ਦਿੱਤੀ ਜਾਵੇ, ਤਾਂ ਝਮੇਲੇ ਹੀ ਖਤਮ ਹੋ ਜਾਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top