Share on Facebook

Main News Page

ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜ਼ੁਲਮੀ ਨਿਜ਼ਾਮ ਦੇ ਵਿਰੋਧ ਤੋਂ ਆਰੰਭ ਹੋਕੇ, ਅੱਜ ਹਕੂਮਤ ਦੇ ਹਮਾਇਤੀ ਦਸਤਾਵੇਜ਼ ਬਣਦੇ ਨਜਰ ਆ ਰਹੇ ਹਨ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਅਕਾਲ ਤਖਤ ਦੀ ਸਿਰਜਨਾ ਨਾ ਤਾ ਕੋਈ ਇਤਫਾਕ ਸੀ ਅਤੇ ਨਾ ਹੀ ਕੋਈ ਕਰਿਸ਼ਮਾ ਸੀ। ਸਗੋਂ ਛੇਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਨਾਨਕਸ਼ਾਹੀ ਵਿਚਾਰਧਾਰਾ (ਸਿੱਖ ਵਿਚਾਰਧਾਰਾ) ਦੇ ਏਜੰਡੇ ਦੀ ਅਗਲੀ ਮੱਦ ਨੂੰ ਲਾਗੂ ਕਰਦਿਆਂ, ਸਮੇ ਦੇ ਹਾਕਮਾਂ ਦੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਅਤੇ ਧਾਰਮਿਕ ਹਾਨੀ ਵਾਲੇ ਤੇਵਰਾਂ ਨੂੰ ਧਿਆਨ ਵਿੱਚ ਰੱਖਦਿਆਂ ਬੜੀ ਹੀ ਦੂਰਅੰਦੇਸ਼ਤਾ ਅਤੇ ਦੀਰਘ ਸੋਚ ਪਿਛੋਂ, ਅਕਾਲ ਤਖਤ ਸਾਹਿਬ ਦੀ ਸਿਰਜਨਾ ਦਾ ਨਿਰਨਾ ਲਿਆ ਸੀ। ਤਾਂ ਕਿ ਇੱਕ ਅਜਿਹਾ ਸਰੋਤ ਕਾਇਮ ਕਰ ਦਿੱਤਾ ਜਾਵੇ, ਜੋ ਹਮੇਸ਼ਾਂ ਅਜਿਹੇ ਬਿੱਖੜੇ ਸਮੇਂ ਜਾਂ ਔਖੀ ਘੜੀ, ਜਦੋਂ ਧਰਮ ਜਾਂ ਕੌਮ ਤੇ ਭੀੜ ਬਣੇ ਜਾਂ ਕੌਮ ਨੂੰ ਮਿਟਾਉਣ ਦਾ ਯਤਨ ਹੋਵੇ ਤਾਂ ਨਿਆਸਰੇ, ਨਿਤਾਣੇ ਲੋਕ ਕੋਈ ਆਸਰਾ ਤੱਕ ਸਕਣ।

ਅਕਾਲ ਤਖਤ ਸਾਹਿਬ ਦੀ ਸਿਰਜਨਾ ਨੂੰ ਬਹੁਤ ਸਾਰੇ ਮਹਾਨ ਲੇਖਕਾਂ ਨੇ ਬੜੇ ਹੀ ਖੂਬ ਸੂਰਤ ਲਫਜਾਂ ਵਿੱਚ ਬਿਆਨ ਕੀਤਾ ਹੈ। ਲੇਕਿਨ ਉਹਨਾਂ ਦੀ ਬੌਧਿਕ ਸ਼ਬਦਾਵਲੀ ਆਮ ਸਧਾਰਨ ਸਿੱਖ ਜਾਂ ਕਿਸੇ ਹੋਰ ਜਗਿਆਸੂ ਦੇ ਸਿਰ ਉਪਰੋਂ ਲੰਘ ਜਾਂਦੀ ਹੈ। ਜਿਥੇ ਮੈਂ ਅਜਿਹੇ ਵਿਦਵਾਨ ਲੇਖਕਾਂ ਦੀਆਂ ਸੁੱਚੀਆਂ ਕਲਮਾਂ ਨੂੰ ਸਿਜਦਾ ਕਰਦਾ ਹਾਂ, ਉਥੇ ਪਾਠਕਾਂ ਦੀ ਜਾਣਕਾਰੀ ਵਾਸਤੇ ਬੜੇ ਸਿੱਧੇ ਅਲਫਾਜ਼ ਲਿਖ ਰਿਹਾ ਹਾਂ ਤਾਂ ਕਿ ਹਰ ਕਿਸੇ ਨੂੰ ਸਮਝ ਆ ਜਾਵੇ ਕਿ ਅਕਾਲ ਤਖਤ ਸਾਹਿਬ ਦੀ ਸਿਰਜਨਾ ਕਿਉਂ ਹੋਈ ਤੇ ਹੁਕਮਨਾਮਾਂ ਕੀਹ ਹੁੰਦਾ ਹੈ।

ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਵੇਲੇ ਜਹਾਂਗੀਰ ਮੁਗਲ ਬਾਦਸ਼ਾਹ ਦਾ ਰਾਜ ਜੋਬਨ ਤੇ ਸੀ ਅਤੇ ਉਸਨੇ ਆਪਣੀ ਹਕੂਮਤੀ ਸ਼ਕਤੀ ਦੇ ਗਰੂਰ ਵਿਚ ਆਪਣੀ ਕੌਮ ਦੇ ਲੋਕਾਂ ਨੂੰ ਖੁੱਲ੍ਹਾ ਅਧਿਕਾਰ ਦੇਣ ਵਾਸਤੇ ਤਾਂ ਕਿ ਕਿਸੇ ਵੀ ਗੈਰ ਮੁਸਲਿਮ ਵਿਰੁੱਧ ਜੋ ਵੀ ਜ਼ੁਲਮ ਕੀਤਾ ਜਾਵੇ ਉਸਨੂੰ ਸਰਕਾਰੀ ਪ੍ਰਵਾਨਗੀ ਦੇਣ ਲਈ ਇੱਕ ਸ਼ਾਹੀ ਫੁਰਮਾਨ ਜਾਰੀ ਕੀਤਾ, ਜਿਸ ਇਹ ਲਿਖਿਆ ਗਿਆ ''ਅੱਜ ਤੋਂ ਬਾਅਦ ਕੋਈ ਵੀ ਗੈਰ ਮੁਸਲਿਮ ਕਿਸੇ ਚਬੂਤਰੇ ਤੇ ਖੜ੍ਹਾ ਹੋਕੇ ਆਪਨੇ ਧਰਮ ਦਾ ਪ੍ਰਚਾਰ ਨਹੀਂ ਕਰ ਸਕਦਾ, ਘੋੜੇ 'ਤੇ ਨਹੀਂ ਚੜ੍ਹ ਸਕਦਾ, ਆਪਣੇ ਸਿਰ 'ਤੇ ਪੱਗ ਨਹੀਂ ਬੰਨ੍ਹ ਸਕਦਾ, ਆਪਣੇ ਕੋਲ ਕੋਈ ਸ਼ਸਤਰ ਭਾਵ ਹਥਿਆਰ ਨਹੀਂ ਰੱਖ ਸਕਦਾ, ਅਖੀਰਲੀ ਲਾਈਨ ਵਿੱਚ ਤਾਂ ਹੱਦ ਹੀ ਮੁਕਾ ਦਿੱਤੀ ਕਿ ਜੇ ਕਿਸੇ ਮੁਗਲ ਨੇ ਪਾਨ ਥੁੱਕਣਾ ਹੋਵੇ ਤਾਂ ਹਿੰਦੂ ਦਾ ਮੂੰਹ ਸਭ ਤੋਂ ਵਧੀਆ ਉਗਲਦਾਨ ਹੋਵੇਗਾ।''

ਜਦੋਂ ਕਿਸੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਇਹ ਸ਼ਾਹੀ ਫੁਰਮਾਨ ਲਿਆ ਕੇ ਰੱਖਿਆ, ਤਾਂ ਸਤਿਗੁਰੁ ਜੀ ਅੱਜ ਦੇ ਆਗੂਆਂ ਵਰਗੇ ਨਹੀਂ ਸਨ, ਉਹਨਾਂ ਨੇ ਤਰੁੰਤ ਨੋਟਿਸ ਲੈਂਦਿਆਂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ ਕਿ ਦਿੱਲੀ ਅਤੇ ਲਹੌਰ ਦੇ ਸ਼ਾਹੀ ਤਖਤਾਂ ਤੋਂ ਉੱਚਾ ਇੱਕ ਪਾਤਸ਼ਾਹੀ ਚਬੂਤਰਾ ਉਸਾਰਿਆ ਜਾਵੇ, ਜਿਸਨੂੰ "ਅਕਾਲ ਬੁੰਗੇ" ਦਾ ਨਾਮ ਦਿੱਤਾ ਗਿਆ। ਅੱਜ ਇਸਨੂੰ ਅਕਾਲ ਤਖਤ ਸਾਹਿਬ ਵਜੋਂ ਸਨਮਾਨਿਆ ਜਾਂਦਾ ਹੈ। ਛੇਵੇਂ ਸਤਿਗੁਰੂ ਜੀ ਖੁੱਦ ਇਸ ਅਕਾਲ ਬੁੰਗੇ 'ਤੇ ਬਿਰਾਜਮਾਨ ਹੋਏ ਅਤੇ ਗਲ ਦੋ ਤਲਵਾਰਾਂ ਪਹਿਨ ਲਈਆਂ, ਸਿਰ 'ਤੇ ਦੂਹਰੀ ਦਸਤਾਰ ਸਜਾਈ ਅਤੇ ਹੁਕਮ ਕੀਤਾ ਕਿ ਅੱਜ ਤੋਂ ਜਿਹੜਾ ਵੀ ਸਿੱਖ ਗੁਰੂ ਨਾਨਕ ਦੇ ਦਰ 'ਤੇ ਆਵੇ ਸਿਰ 'ਤੇ ਦੋਹਰੀ ਦਸਤਾਰ ਸਜਾਕੇ, ਸ਼ਸਤਰ ਪਹਿਨਕੇ ਘੋੜੇ ਦੀ ਸਵਾਰੀ ਕਰਕੇ ਆਵੇ। ਜਿਥੇ ਪਹਿਲਾਂ ਰਸਦਾਂ ਅਤੇ ਮਾਇਆ ਦੀ ਭੇਟਾ ਲਿਆਂਦੀ ਜਾਂਦੀ ਸੀ, ਹੁਣ ਨਾਲ ਨਾਲ ਸ਼ਸਤਰ, ਘੋੜੇ ਆਦਿਕ ਦੀ ਭੇਟਾ ਵੀ ਲਿਆਂਦੀ ਜਾਵੇ ਅਤੇ ਜਵਾਨ ਗਭਰੂ ਆਪਣੇ ਆਪ ਨੂੰ ਧਰਮ ਤੋਂ ਕੁਰਬਾਨ ਹੋਣ ਦੀ ਬਿਰਤੀ ਨਾਲ ਤਿਆਰ ਹੋਕੇ ਆਉਣ। ਇਹ ਅਕਾਲ ਤਖਤ ਸਾਹਿਬ ਦਾ ਪਹਿਲਾ ਹੁਕਮਨਾਮਾਂ ਸੀ।

ਉਂਝ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਤੋਂ ਲੈਕੇ ਗੁਰੂਆਂ ਦੇ ਮੁਖਾਰਬਿੰਦ ਵਿਚੋਂ ਉਚਾਰਣ ਹੋਇਆ, ਹਰ ਸ਼ਬਦ ਸਿੱਖ ਵਾਸਤੇ ਹੁਕਮਨਾਮਾਂ ਸੀ ਅਤੇ ਹੈ। ਲੇਕਿਨ ਮੀਰੀ ਪੀਰੀ ਦੇ ਸਿਧਾਂਤ ਨੂੰ ਲਾਗੂ ਕਰਦਿਆਂ ਅਕਾਲ ਤਖਤ ਸਾਹਿਬ ਤੋਂ ਗੁਰੂ ਸਾਹਿਬ ਵੱਲੋਂ ਜਾਰੀ ਪਹਿਲਾ ਹੁਕਮਨਾਮਾ ਇਸਨੂੰ ਹੀ ਮੰਨਿਆ ਜਾਵੇਗਾ। ਇਸ ਹੁਕਮ ਨੂੰ ਹਰ ਸਿੱਖ ਤੱਕ ਪਹੁੰਚਾਉਣ ਅਤੇ ਇਸ ਹੁਕਮ ਦੀ ਹੋ ਰਹੀ ਪਾਲਣਾ ਜਾਂ ਹੁਕਮ ਅਦੂਲੀ ਤੇ ਨਜ਼ਰਸਾਨੀ ਰੱਖਣ ਵਾਸਤੇ ਭਾਈ ਗੁਰਦਾਸ ਜੀ ਨੂੰ ਸੇਵਾ ਅਤੇ ਸੰਭਾਲ ਕਰਨ ਦੀ ਆਗਿਆ ਕੀਤੀ ਸੀ। ਜਿਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਵੀ ਆਖਿਆ ਜਾਂਦਾ ਹੈ। ਗੁਰੂ ਸਾਹਿਬ ਦੇ ਵੇਲੇ ਦਰਬਾਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦੇ ਨਿਤਨੇਮ ਦੀ ਸਮਾਪਤੀ, ਪਿਛੋਂ ਸਿੱਖਾਂ ਦੇ ਆਪਸੀ ਝਗੜਿਆਂ ਅਤੇ ਹੋਰ ਮਸਲਿਆਂ ਦਾ ਹੱਲ ਅਤੇ ਵਿਚਾਰ ਚਰਚਾ ਵੀ ਹੁੰਦੀ ਸੀ। ਇਸ ਤਰਾਂ ਅਕਾਲ ਤਖਤ ਸਾਹਿਬ ਸਿੱਖਾਂ ਦੀਆਂ ਰਾਜਸੀ ਅਤੇ ਸਮਾਜਿਕ ਗਤੀਵਿਧੀਆਂ ਦਾ ਮੁੱਖ ਕੇਂਦਰ ਸੀ ਅਤੇ ਗੁਰੂ ਸਾਹਿਬ ਦਾ ਪਹਿਲਾ ਹੁਕਮ ਹੀ ਧਰਮ ਦੀ ਰਾਖੀ ਦੇ ਨਾਲ ਰਾਜਸੀ ਸ਼ਕਤੀ ਦਾ ਅਹਿਸਾਸ ਵੀ ਸੀ। ਇਸ ਕਰਕੇ ਹੀ ਮੀਰੀ ਪੀਰੀ ਦਾ ਸੁਮੇਲ ਸਿੱਖ ਧਰਮ ਦਾ ਫਲਸਫਾ ਹੈ। ਸੰਨ 1635 ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਰਤਾਰਪੁਰ ਚਲੇ ਜਾਣ ਪਿਛੋਂ 1699 ਤੱਕ ਅਕਾਲ ਤਖਤ ਅਤੇ ਦਰਬਾਰ ਅਹਿਬ ਦਾ ਪ੍ਰਬੰਧ ਪਿਰਥੀ ਚੰਦ ਦਾ ਪਰਿਵਾਰ ਹੀ ਕਰਦਾ ਰਿਹਾ ਅਤੇ 1699 ਵਿਚ ਭਾਈ ਮਨੀ ਸਿੰਘ ਜੀ ਨੇ ਆਕੇ ਇਸ ਸੇਵਾ ਨੂੰ ਸੰਭਾਲਿਆ।

ਖਾਲਸਾ ਪੰਥ ਔਖੇ ਸਮਿਆਂ ਵਿੱਚ ਵੀ ਅਕਾਲ ਤਖਤ ਸਾਹਿਬ ਤੇ ਇਕੱਤਰ ਹੋਕੇ ਅਹਿਮ ਕੌਮੀ ਫੈਸਲੇ ਲੈਂਦਾ ਰਿਹਾ ਹੈ। ਸਾਲ ਵਿਚ ਵੈਸਾਖੀ ਅਤੇ ਦਿਵਾਲੀ ਨੂੰ ਸਰਬੱਤ ਖਾਲਸਾ ਬੁਲਾਏ ਜਾਣ ਦੀ ਰਵਾਇਤ ਦੀ ਜਾਣਕਾਰੀ ਇਤਿਹਾਸ ਵਿਚੋਂ ਮਿਲਦੀ ਹੈ। 14 ਅਕਤੂਬਰ 1745 ਨੂੰ ਵੀ ਅਕਾਲ ਤਖਤ ਤੇ ਸਰਬੱਤ ਖਾਲਸਾ ਨੇ ਸਿੱਖ ਪੰਥ ਬਿਹਤਰੀ ਵਾਸਤੇ ਪੰਝੀ ਜਥੇ ਕਾਇਮ ਕੀਤੇ ਸਨ। ਇੰਜ ਹੀ 29 ਮਾਰਚ1748 ਨੂੰ ਦਲ ਖਾਲਸਾ ਦੀ ਸਥਾਪਨਾ ਕਰਕੇ ਸਿੱਖਾਂ ਦੀਆਂ 11 ਮਿਸਲਾਂ ਕਾਇਮ ਕੀਤੀਆਂ ਗਈਆਂ। ਅਕਾਲ ਤਖਤ ਤੇ ਸਿੱਖ ਸਿਰਫ ਸਿੱਖ ਮਸਲਿਆਂ ਵਾਸਤੇ ਹੀ ਨਹੀਂ, ਸਗੋਂ ਕਿਸੇ ਵੀ ਇਨਸਾਨ ਤੇ ਹੋ ਰਹੇ ਜ਼ੁਲਮ ਨੂੰ ਵੀ ਗੰਭੀਰਤਾ ਨਾਲ ਲੈਂਦੇ ਸਨ। ਇਸ ਕਰਕੇ ਹੀ 10 ਅਪ੍ਰੈਲ 1763 ਨੂੰ ਇੱਕ ਗਰੀਬ ਬ੍ਰਾਹਮਨ ਦੀ ਫਰਿਆਦ 'ਤੇ ਉਸਦੀ ਪਤਨੀ ਨੂੰ ਕਸੂਰ ਦੇ ਹਾਕਮ ਕੋਲੋ ਛੁਡਵਾਉਣ ਦਾ ਫੈਸਲਾ ਕੀਤਾ ਗਿਆ, 5 ਫਰਵਰੀ 1762 ਨੂੰ ਵੱਡੇ ਘੱਲੂਘਰੇ ਵਿਚ ਅੱਧੀ ਕੌਮ ਨੂੰ ਸ਼ਹੀਦ ਕਰਨ ਉਪਰੰਤ ਅਬਦਾਲੀ ਨੇ ਜਾਂਦੇ ਜਾਂਦੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀਆਂ ਇਮਾਰਤਾਂ ਵੀ ਢਾਹ ਦਿੱਤੀਆਂ ਸਨ, ਤਾਂ ਖਾਲਸੇ ਨੇ ਅਕਾਲ ਤਖਤ ਸਾਹਿਬ ਤੇ ਇਕੱਤਰ ਹੋਕੇ ਅਬਦਾਲੀ ਨਾਲ ਦੋ ਹੱਥ ਕਰਨ ਦਾ ਫੈਸਲਾ ਲਿਆ ਅਤੇ ਗੁਰੂ ਦੀ ਕਿਰਪਾ ਨਾਲ ਖਾਲਸਾ ਰਾਜ ਕਾਇਮ ਕਰਨ ਵਿਚ ਸਫਲਤਾ ਮਿਲੀ।

ਬਹੁਤ ਸਮਾਂ ਅਕਾਲ ਤਖਤ ਸਾਹਿਬ 'ਤੇ ਕਿਸੇ ਜਥੇਦਾਰ ਜਾਂ ਸੇਵਾਦਰ ਦੀ ਕਿਸੇ ਪਦਵੀ ਜਾਂ ਨਿਯੁਕਤੀ ਦਾ ਇਤਿਹਾਸਕ ਵੇਰਵਾ ਨਹੀਂ ਮਿਲਦਾ। ਆਮ ਤੌਰ 'ਤੇ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਜਥੇਦਾਰ ਆਖਿਆ ਜਾਂਦਾ ਹੈ, ਪਰ ਉਹਨਾਂ ਦੀ ਨਿਯੁਕਤੀ ਦਾ ਕੋਈ ਸਰੋਤ ਨਹੀਂ ਮਿਲਦਾ। ਓਹ ਓਸ ਵੇਲੇ ਆਪਣੇ ਜਥੇ ਦੇ ਜਥੇਦਾਰ ਸਨ। ਪਰ ਬਹੁਤ ਹੀ ਉਚਾ ਕਿਰਦਾਰ ਅਤੇ ਸਿੱਖ ਪੰਥ ਵਿਚ ਮਾਨ ਸਨਮਾਨ ਵਾਲੀ ਸ਼ਖਸੀਅਤ ਸਨ। ਜਿਸ ਪ੍ਰਭਾਵ ਅਧੀਨ ਉਹਨਾਂ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਗੁਰੂ ਪੰਥ ਦੇ ਕਹਿਣ 'ਤੇ ਤਲਬ ਕਰ ਲਿਆ ਅਤੇ ਤਨਖਾਹ ਲਾਈ। ਇਥੇ ਇਹ ਵਰਣਨ ਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਖਾਲਸਾ ਰਾਜ ਜਾਂ ਸਿੱਖ ਰਾਜ ਦਾ ਬੇਸ਼ੱਕ ਸਾਰਾ ਪ੍ਰਬੰਧ ਲਾਹੌਰ ਤੋਂ ਚਲਦਾ ਸੀ। ਪਰ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਅਮ੍ਰਿਤਸਰ ਸਾਹਿਬ ਹੀ ਹੁੰਦਾ ਸੀ ਅਤੇ ਖਾਲਸਾ ਸਰਕਾਰ ਦੀ ਕੋਈ ਦਖਲ ਅੰਦਾਜੀ ਨਹੀਂ ਸੀ। ਜੇ ਹੁੰਦੀ ਤਾਂ ਸ਼ੇਰੇ-ਏ-ਪੰਜਾਬ ਨੂੰ ਕਦੇ ਤਲਬ ਨਹੀਂ ਕੀਤਾ ਜਾ ਸਕਦਾ ਸੀ।

ਸਿੱਖ ਰਾਜ ਦਾ ਪਤਨ ਹੋਇਆ ਸਿੱਖ ਰਾਜਸੀ ਤੌਰ 'ਤੇ ਫਿਰ ਉੱਖੜ ਗਏ, ਸਮੇਂ ਦੀਆਂ ਜਾਲਮ ਤੇ ਜਾਬਰ ਹਕੂਮਤਾਂ ਨੇ ਸਿੱਖਾਂ ਵਿਚ ਦੁਬਿਧਾ ਪੈਦਾ ਕਰਨ ਵਾਸਤੇ ਅਤੇ ਖਾਨਾਂਜੰਗੀ ਕਰਵਾਉਣ ਦੀ ਨੀਯਤ ਨਾਲ ਅਕਾਲ ਤਖਤ ਨੂੰ ਵੀ ਵਰਤਿਆ। ਜਿਸ ਕਰਕੇ ਬਹੁਤ ਵਾਰ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇਂ ਇੰਜ ਪ੍ਰਤੀਤ ਹੁੰਦੇ ਹਨ, ਜਿਵੇ ਹੁਕਮਨਾਮਾਂ ਜਾਰੀ ਕਰਨਵਾਲੇ ਦਾ ਸਿੱਖੀ ਨਾਲ ਕੋਈ ਸਰੋਕਾਰ ਹੀ ਨਾ ਹੋਵੇ। ਮਾਰਚ ਮਹੀਨੇ ਦੀ ਅਠਾਰਾਂ ਤਰੀਕ ਸੰਨ 1887 ਨੂੰ ਸਿੰਘ ਸਭਾ ਲਹਿਰ ਦੇ ਬਾਨੀ ਪ੍ਰੋ.ਗੁਰਮੁਖ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਤੇ ਬੈਠੇ ਲੋਕਾਂ ਨੇ ਪੰਥ ਵਿਚੋਂ ਛੇਕ ਦਿੱਤਾ ਸੀ। ਬੇਸ਼ੱਕ ਇੱਕ ਸਦੀ ਬਾਅਦ 25 ਸਤੰਬਰ 1995 ਨੂੰ ਇਸ ਗਲਤੀ ਦਾ ਸੁਧਾਰ ਕਰਦਿਆਂ ਅਕਾਲ ਚਲਾਣੇ ਉਪਰੰਤ ਪ੍ਰੋ. ਗੁਰਮੁਖ ਸਿੰਘ ਜੀ ਨੂੰ ਮੁੜ ਪੰਥ ਵਿਚ ਸ਼ਾਮਲ ਕਰ ਲਿਆ ਸੀ। ਅਕਾਲ ਤਖਤ ਸਾਹਿਬ ਤੋਂ ਹੀ ਅਕਾਲੀ ਦਲ ਦੀ ਸਥਾਪਨਾ ਤੇ ਪੱਕੀ ਮੋਹਰ ਲੱਗੀ। ਸਮਾਂ ਬਦਲਦਾ ਗਿਆ ਅੰਗਰੇਜ ਦੇ ਰਾਜ ਵਿਚ ਅਕਾਲ ਤਖਤ ਦੇ ਸਰਬਰਾਹ ਅਰੂੜ ਸਿੰਘ ਨੇ ਜਰਨਲ ਅਡਵਾਇਰ ਨੂੰ ਸਿਰੋਪਾ ਦੇਕੇ ਨਿਮੋਸ਼ੀ ਵਾਲਾ ਇਤਿਹਾਸ ਸਿਰਜਿਆ। ਭਾਰਤ ਅਜਾਦ ਹੋਇਆ ਸਿੱਖਾਂ ਨੂੰ ਜਦੋਂ ਹੱਕ ਨਾ ਮਿਲੇ ਤਾਂ ਸਿਖਾਂ ਨੇ ਜਦੋ ਜਹਿਦ ਅਰੰਭ ਕੀਤੀ ਜਿਸਦਾ ਅਧਾਰ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਹੀ ਰਿਹਾ। ਖਾਸ ਕਰਕੇ ਧਰਮਯੁੱਧ ਮੋਰਚਾ ਅਤੇ ਅਕਾਲ ਤਖਤ ਸਾਹਿਬ ਤੇ ਸੰਤ ਜਰਨੈਲ ਸਿੰਘ ਦਾ ਟਿਕਾਣਾ ਹੋਣਾ ਅਤੇ ਫਿਰ ਹਿੰਦ ਫੌਜ ਵੱਲੋਂ ਹਮਲਾ ਕਰਕੇ ਅਕਾਲ ਤਖਤ ਨੂੰ ਢਾਹ ਦੇਣ ਉਪਰੰਤ ਇੱਕ ਵਾਰ ਅਕਾਲ ਤਖਤ ਦੀ ਗੱਲ ਸੰਸਾਰਿਕ ਚਰਚਾ ਦਾ ਵਿਚ ਮੁੱਖ ਵਿਸ਼ਾ ਬਣੀ। ਜਿਥੇ ਸਿੱਖਾਂ ਦੇ ਇਕਠੇ ਹੋਣ ਦੀ ਆਸ ਬਣੀ ਹੋਈ ਸੀ। ਸਮੇਂ ਦੀ ਸਰਕਾਰ ਨੇ ਅਕਾਲ ਤਖਤ ਢਾਹ ਕੇ ਵੀ ਵੇਖੇ, ਪਰ ਸਿੱਖਾਂ ਤੇ ਕੋਈ ਬਹੁਤਾ ਅਸਰ ਨਾ ਹੋਇਆ, ਸਗੋਂ ਰੋਹ ਵਿੱਚ ਆਕੇ ਸਿੱਖ ਹੋਰ ਪ੍ਰਪੱਕ ਹੋਏ।

ਅਖੀਰ ਸਰਕਾਰ ਨੇ ਕਿਸੇ ਤਰੀਕੇ ਸਿੱਖਾਂ ਦੀ ਅਸਥਾ ਨੂੰ ਡੁਲਾਉਣ ਵਾਸਤੇ ਸਿੱਧੀ ਦਖਲ ਅੰਦਾਜੀ ਦਾ ਰਸਤਾ ਤਲਾਸ਼ਿਆ, ਸਿਧੇ ਹਮਲੇ ਦੀ ਥਾਂ ਅਸਿਧੇ ਤੇ ਲੁਕਵੇ ਹਮਲੇ ਦੀ ਨੀਤੀ ਬਣਾਈ।

ਪ੍ਰੋ. ਦਰਸ਼ਨ ਸਿੰਘ ਵੱਲੋਂ ਪੰਜਾਬ ਦੇ ਅਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਤਲਬ ਕਰਨ ਦਾ ਹੀਆ ਕੀਤਾ ਅਤੇ ਨਾ ਆਉਣ 'ਤੇ ਪੰਥ ਵਿਚੋਂ ਛੇਕ ਦਿੱਤਾ। ਪਰ ਜਦੋਂ ਪੇਸ਼ ਹੋਏ ਤਾਂ ਥਮ੍ਹਲੇ ਨਾਲ ਬੰਨ੍ਹ ਕੇ, ਗਲ ਤਖਤੀ ਪਾਕੇ, ਸਿੱਖੀ ਪਰੰਪਰਾਵਾਂ ਦਾ ਅਹਿਸਾਸ ਕਰਵਾ ਦਿੱਤਾ।

ਉਸ ਸਮੇਂ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਖੁੱਲੇ ਪੰਡਾਲ 'ਚ ਤਲਬ ਕੀਤਾ ਗਿਆ, ਨਾ ਕਿ ਕਿਸੇ ਬੰਦ ਕਮਰੇ 'ਚ ਅਤੇ ਸ. ਬਰਨਾਲਾ ਨੂੰ ਆਪਣਾ ਪੱਖ ਰੱਖਣ ਦੀ ਇਜਾਜ਼ਤ ਪਹਿਲਾਂ ਦਿੱਤੀ ਗਈ ਸੀ।

ਇਸ ਪਿਛੋਂ ਭਾਈ ਮਨਜੀਤ ਸਿੰਘ ਨੇ ਅਕਾਲੀ ਏਕਤਾ ਕਰਵਾਉਣ ਦੇ ਯਤਨ ਅਤੇ ਪ੍ਰੋ.ਗੁਰਮੁਖ ਸਿੰਘ ਦੀ ਪੰਥ ਵਾਪਸੀ ਕਰਕੇ ਕੁੱਝ ਅਹਿਸਾਸ ਕਰਵਾਇਆ

ਉਸ ਪਿਛੋਂ ਜਦੋ ਭਾਈ ਰਣਜੀਤ ਸਿੰਘ ਜਥੇਦਾਰ ਬਣੇ ਤਾਂ ਉਹਨਾਂ ਵੱਲੋਂ ਬਾਦਲ ਟੌਹੜਾ ਨੂੰ ਖਾਲਸੇ ਦੇ ਤਿੰਨ ਸੌ ਸਾਲਾ ਸਮਾਗਮ ਤੱਕ ਏਕਤਾ ਬਣਾਈ ਰਖਣ ਦੇ ਹੁਕਮਨਾਮੇਂ ਨੂੰ ਰੱਦ ਕਰਦਿਆਂ, ਬਾਦਲੀ ਨਿਜ਼ਾਮ ਨੇ ਜਥੇਦਾਰ ਦੀ ਪਦਵੀ ਨੂੰ ਸਿੱਧਾ ਹੱਥ ਪਾ ਲਿਆ ਅਤੇ ਹੁਕਮਨਾਮੇ ਦੀ ਐਸੀ ਤੈਸੀ ਫੇਰ ਦਿੱਤੀ।

ਉਸ ਦਿਨ ਤੋਂ ਬਾਅਦ ਜਿਹੜਾ ਵੀ ਜਥੇਦਾਰ ਬਣਿਆ ਉਸਨੂੰ ਬਾਦਲੀ ਰੰਗ ਵਿਚ ਰਹਿਣਾ ਪਿਆ ਅਤੇ ਆਪਣੀ ਜਮੀਰ ਮਾਰਕੇ ਸ.ਬਾਦਲ ਵਰਗੇ ਜਨਸੰਘੀ ਨੂੰ ਫਖਰ-ਏ-ਕੌਮ ਦਾ ਖਿਤਾਬ ਦੇ ਦਿੱਤਾ। ਹੋਰ ਤਾਂ ਕੁਝ ਜਥੇਦਾਰ ਬਾਦਲੀ ਰੰਗ ਤੋਂ ਵੀ ਅੱਗੇ ਲੰਘ ਗਏ, ਜਿਹਨਾਂ ਨੇ ਸਿੱਖਾਂ ਨੂੰ ਲਵਕੁਸ਼ ਦੀ ਔਲਾਦ ਹੀ ਗਰਦਾਨ ਦਿੱਤਾ। ਉਸ ਸਮੇਂ ਤਾਂ ਅਖੀਰ ਹੀ ਹੋ ਗਈ, ਜਦੋਂ ਅਕਾਲ ਤਖਤ ਦੇ ਮੌਜੂਦਾ ਜਥੇਦਾਰ ਨੇ ਸੋਧ ਦੇ ਨਾਮ ਹੇਠ ਅਕਾਲ ਤਖਤ ਸਾਹਿਬ ਤੋਂ ਲਾਗੂ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ। ਹੁਣ ਇਹਨਾਂ ਦਿਨਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਗੁਰਪੁਰਬ ਨੂੰ ਲੈਕੇ ਜਥੇਦਾਰ ਅੱਕੀ ਪਲਾਹੀ ਹੱਥ ਮਾਰਦੇ ਫਿਰਦੇ ਹਨ। ਕਦੇ ਕੋਈ ਤਰੀਕ, ਕਦੇ ਕੋਈ ਤਰੀਕ ਆਖਕੇ ਦੁਬਿਧਾ ਵਾਲੀ ਸਥਿਤੀ ਅਤੇ ਹੁਕਮਨਾਮੇ ਨੂੰ ਹਾਸੋਹੀਣਾਂ ਬਣਾ ਦਿੱਤਾ ਹੈ। ਕਦੇ ਗੁਰੂ ਦਾ ਹੁਕਮਨਾਮਾਂ ਸੀ ਕਿ ਨੜੀ ਮਾਰ, ਕੁੜੀ ਮਾਰ ਨਾਲ ਨਹੀਂ ਵਰਤਣਾ, ਪਰ ਅੱਜ ਇੱਕ ਕੁੜੀ ਮਾਰਨ ਹੀ ਨਹੀਂ, ਸਗੋਂ ਨਾਲ ਭਰੂਣ ਹੱਤਿਆ ਦੇ ਦੋਸ਼ ਵਿੱਚ ਕੈਦ ਕੱਟ ਰਹੀ ਬੀਬੀ ਜਗੀਰ ਕੌਰ, ਸਿੱਖ ਵਿਰੋਧੀ ਡੇਰਿਆਂ ਦੀ ਸੇਵਾ ਕਰਦਾ ਸ. ਪ੍ਰਕਾਸ਼ ਸਿੰਘ ਬਾਦਲ, ਸ਼ਿਵਲਿੰਗ ਦੀ ਪੂਜਾ ਕਰਦੀ ਬਾਦਲ ਪਰਿਵਾਰ ਦੀ ਨੂੰਹ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਹੁ ਚਾਵਲਾ ਮਾਤਾ ਦੀਆਂ ਭੇਟਾਂ ਜਗਰਾਤੇ ਵਿਚ ਗਾਉਂਦਾ ਹੈ, ਅਕਾਲੀ ਮੰਤਰੀ ਸੁਚਾ ਸਿੰਹੁ ਲੰਗਾਹ ਰਮਾਇਣ ਦੇ ਇਕੋਤਰ ਸੌ ਪਾਠ ਕਰਵਾਉਂਦਾ ਹੈ, ਕੁੱਝ ਸ਼੍ਰੋਮਣੀ ਕਮੇਟੀ ਮੈਂਬਰ ਦਾਹੜੀ ਰੰਗਦੇ ਹਨ ਅਤੇ ਹੁਣ ਅਕਾਲੀ ਦਲ ਬਾਦਲ ਦੀ ਸ਼ਰੇਆਮ ਨੜੀਮਾਰਾਂ ਨਾਲ ਸਾਂਝ ਹੈ, ਨੂੰ ਹੁਣ ਤੱਕ ਕਿਉਂ ਕਿਸੇ ਜਥੇਦਾਰ ਨੇ ਤਲਬ ਨਹੀਂ ਕੀਤਾ? ਜੇ ਕਾਉਣੀ ਦਾ ਮੈਂਬਰ ਸ਼੍ਰੋਮਣੀ ਕਮੇਟੀ ਸਰਸੇ ਵਾਲੀਆਂ ਦੀ ਨਾਮ ਚਰਚਾ ਵਿੱਚ ਸ਼ਾਮਲ ਹੋਣ 'ਤੇ ਤਲਬ ਕੀਤਾ ਜਾ ਸਕਦਾ ਹੈ, ਤੇ ਜਦੋਂ ਬਾਦਲ ਸਰਸੇ ਜਾਂ ਆਸ਼ੁਤੋਸ਼ ਦੇ ਡੇਰੇ ਜਾਂਦਾ ਹੈ, ਓਦੋਂ ਜਥੇਦਾਰਾਂ ਵੱਲੋਂ ਜਾਰੀ ਹੁਕਮਨਾਮਾਂ ਕਿਥੇ ਜਾਂਦਾ ਹੈ?

ਸੋ, ਕਹਿਣ ਤੋਂ ਭਾਵ ਹੈ ਕਿ ਅੱਜ ਬਾਕੀ ਸਭ ਕੁੱਝ ਛੱਡੋ, ਸਿਰਫ ਨਾਨਕਸ਼ਾਹੀ ਕੈਲੰਡਰ ਦੇ ਕਤਲ ਕਰਕੇ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਬਾਰੇ ਹੀ ਕੋਈ ਫੈਸਲਾ ਨਹੀਂ ਲੈ ਸਕਦੇ, ਤਾਂ ਹੁਕਮਨਾਮਿਆਂ ਬਾਰੇ ਕੀਹ ਕਿਹਾ ਜਾ ਸਕਦਾ ਹੈ ਜਾਂ ਕਿੰਨੀ ਕੁ ਭਰੋਸੇਯੋਗਤਾ ਬਾਕੀ ਹੈ। ਹੁਣ ਤਾਂ ਇਥੇ ਹੀ ਗੱਲ ਮੁੱਕਦੀ ਹੈ ਕਿ ਗੁਰੂ ਸਾਹਿਬ ਨੇ ਨਿਜ਼ਾਮ ਦੇ ਵਿਰੁਧ ਲੋਕਾਂ ਦੇ ਹੱਕਾਂ ਬੇਸ਼ੱਕ ਓਹ ਧਾਰਮਿਕ, ਸਮਾਜਿਕ, ਬੁਨਿਆਦੀ ਜਾਂ ਰਾਜਸੀ ਹੋਣ, ਦੀ ਰਾਖੀ ਵਾਸਤੇ ਅਕਾਲ ਤਖਤ ਦੀ ਸਿਰਜਨਾ ਕਰਕੇ ਹੁਕਮਨਾਮਾਂ ਜਾਰੀ ਕੀਤਾ ਸੀ। ਜਿਸਨੂੰ ਅੱਜ ਦੇ ਮੌਡਰਨ ਅਤੇ ਭਗਵੇ ਪਰਛਾਵੇਂ ਵਾਲੇ ਜਥੇਦਾਰਾਂ ਨੇ ਹਕੂਮਤ ਦੇ ਥੱਲੇ ਲਾਕੇ ਗੁਰੂ ਸਿਧਾਂਤਾਂ ਦਾ ਅਪਮਾਨ ਅਤੇ ਸਿੱਖ ਇਤਿਹਾਸ ਨੂੰ ਕਲੰਕਤ ਕਰਕੇ ਰੱਖ ਦਿੱਤਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top