ਅੰਮ੍ਰਿਤਸਰ 1 ਦਸੰਬਰ (ਜਸਬੀਰ ਸਿੰਘ): ਗਿਆਨੀ ਗੁਰਬਚਨ ਸਿੰਘ ਨੇ ਤਰਨ
ਤਾਰਨ ਦੇ ਨਜਦੀਕ ਪਿੰਡ ਜੋਧਪੁਰ ਵਿਖੇ ਇੱਕ ਗੁਰੂਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ
ਸਰੂਪ ਨੂੰ ਅਗਨ ਭੇਂਟ ਕਰਨ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀ ਘਿਨਾਉਣੀ ਹਰਕਤ
ਕਰਨ ਵਾਲੇ ਵਿਅਕਤੀ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ
ਸਰੂਪਾਂ ਨੂੰ ਅਗਨ ਭੇਂਟ ਕਰਨ ਦੀਆਂ ਵੱਧ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਗੁਰੂ
ਸਾਹਿਬ ਦੇ ਸਰੂਪਾਂ ਦੀ ਸੇਵਾ ਸੰਭਾਲ ਸਹੀ ਢੰਗ ਨਾਲ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਸਬੰਧੀ
ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਵੀ ਜਾਰੀ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਹੁਣ ਤੱਕ ਦੀ
ਪੜਤਾਲ ਮੁਤਾਬਕ ਜੋਧਪੁਰ ਪਿੰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅਗਨੀ ਭੇਂਟ
ਕਿਸੇ ਸਾਜਿਸ਼ ਤਹਿਤ ਕੀਤਾ ਗਿਆ ਹੈ ਜੋ ਅੱਤ ਘਿਨਾਉਣੀ ਕਾਰਵਾਈ ਹੈ।
ਉਹਨਾਂ ਕਿਹਾ ਕਿ ਪ੍ਰਬੰਧਾਂ ਵਿੱਚ ਢਿੱਲ ਵਤਰਣ ਵਾਲੇ ਪ੍ਰਬੰਧਕਾਂ ਦੀ
ਕਲਾਸ ਲਗਾਈ ਜਾਵੇਗੀ ਅਤੇ ਦੋਸ਼ੀਆਂ ਦਾ ਪਤਾ ਲਗਾ ਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ।
ਉਹਨਾਂ ਪੁਲੀਸ ਪ੍ਰਸ਼ਾਸ਼ਨ ਨੂੰ ਵੀ ਤਾੜਨਾ ਕਰਦਿਆਂ ਕਿਹਾ ਕਿ ਉਹ ਵੀ ਤੁਰੰਤ ਮਾਮਲਾ ਦਰਜ ਕਰਕੇ
ਦੋਸ਼ੀਆਂ ਦੀ ਭਾਲ ਕਰਕੇ ਦੋਸ਼ੀਆਂ ਨੂੰ ਕਾਨੂੰਨ ਦੇ ਹਵਾਲੇ ਕਰੇ, ਤਾਂ ਕਿ ਸੰਗਤਾਂ ਦੇ ਹਿਰਦੇ
ਸ਼ਾਂਤ ਹੋ ਸਕਣ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ 80 ਫੀਸਦੀ ਜਲ ਚੁੱਕਾ
ਹੈ, ਜਿਸ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਹਨਾਂ ਕਿਹਾ ਕਿ ਮਿਲੀ ਰਿਪੋਰਟ
ਮੁਤਾਬਕ ਕਿਸੇ ਸ਼ਰਾਰਤੀ ਨੇ ਬਕਾਇਦਾ ਤੌਰ 'ਤੇ ਗੁਰੂ ਘਰ ਦੀਆ ਪੌੜੀਆਂ ਚੜ੍ਹ ਕੇ ਕਿਸੇ ਕੱਪੜੇ
ਨੂੰ ਅੱਗ ਲਗਾ ਤੇ ਅੰਦਰ ਸੁੱਟੀ ਹੈ, ਤਾਂ ਕਿ ਸਰੂਪ ਨੂੰ ਪੂਰਣ ਰੂਪ ਵਿੱਚ ਸਾੜਿਆ ਜਾ ਸਕੇ।
ਉਹਨਾਂ ਕਿਹਾ ਕਿ ਅਜਿਹੀਆਂ ਹਿਰਦੇਵੇਦਕ ਘਟਨਾਵਾਂ ਨੂੰ ਰੋਕਣ ਲਈ ਗੁਰੂ ਘਰਾਂ ਵਿੱਚ 24 ਘੰਟੇ
ਪਹਿਰੇ ਦਾ ਬੰਦੋਬਸਤ ਕੀਤਾ ਜਾਵੇ, ਤਾਂ ਕਿ ਕਿਸੇ ਵੀ ਸ਼ਰਾਰਤੀ ਨੂੰ ਸ਼ਰਾਰਤ ਕਰਨ ਦਾ ਮੌਕਾ ਹੀ
ਨਾ ਮਿਲ ਸਕੇ।