ਅੱਜ ਸਿੱਖ ਕੌਮ ਵਿੱਚ ਦੋ ਕਿਸਮਾਂ ਦੇ ਸਿੱਖ ਦੇਖਣ ਨੂੰ ਮਿਲਦੇ ਹਨ।
ਇੱਕ ਉਹ ਜੋ ਦਿਖਣ ਨੂੰ ਸਿੱਖ
ਹੀ ਲਗਦੇ ਹਨ, ਮੂੰਹ 'ਤੇ ਲੱਮਾਂ ਦਾੜਾ, ਗਲ ਵਿੱਚ ਕਿਰਪਾਨ ਤੇ ਸਿਰ 'ਤੇ ਪੱਗ। ਪਰ ਪਗ ਹੇਠਾਂ
ਸਿਰ ਵਿੱਚ ਮਤਿ ਗੁਰੂ ਵਾਲੀ ਨਹੀਂ, ਬ੍ਰਾਹਮਣ ਦੀ ਚੱਲ ਰਹੀ ਹੋਂਦੀ ਹੈ। ਅਜਿਹੇ ਸਿੱਖ ਪਰਿਵਾਰਾਂ
ਦੇ ਘਰ ਜੰਮਣ ਤੋਂ ਲੈ ਕੇ ਮੌਤ ਤੱਕ ਦੇ ਸੰਸਕਾਰ ਬਿਪਰਵਾਦੀ ਸੋਚ ਅਨੁਸਾਰ ਹੀ ਹੋਂਦੇ ਹਨ,
ਕਿਉਂਕਿ ਇਹੋ ਜਿਹੇ ਲੋਕ ਆਪਣੇ ਆਂਢ-ਗੁਆਂਢ, ਰਿਸ਼ਤੇਦਾਰ ਜਾਂ ਅਨਮਤੀ ਸਮਾਜ ਤੋਂ ਪ੍ਰਭਾਵਿਤ ਹੋਏ
ਹੋਂਦੇ ਹਨ, ਜਾਂ ਆਪਣੇ ਦਿਖਾਵੇ ਦਾ ਪ੍ਰਭਾਵ ਪਾ ਰਹੇ ਹੋਂਦੇ ਹਨ।
ਦੁਸਰੇ ਕਿਸਮ
ਦੇ ਉਹ ਪਰਿਵਾਰ ਹਨ ਜਿੰਨ੍ਹਾਂ ਦੇ ਘਰ ਕੇਵਲ ਗੁਰੂ ਸ਼ਬਦ ਦੇ ਵੀਚਾਰ
ਦੀ ਮਹਿਕ ਹੀ ਖਿਲਰੀ ਹੋਂਦੀ ਹੈ, ਇਹੋ ਜਹੇ ਸਿੱਖ ਪਰਿਵਾਰਾਂ ਵਿੱਚ ਗੁਰਮਤਿ ਵੀਚਾਰ ਦੇ ਝਾੜੂ
ਨਾਲ ਬਿਪਰਵਾਦ ਵੱਲੋਂ ਪਾਏ ਕੂੜੇ ਨੂੰ ਬਾਹਰ ਸੁੱਟਣ ਦੀ ਹਿੰਮਤ ਹੋਂਦੀ ਹੈ। ਜਿਨ੍ਹਾਂ ਦੇ ਘਰ
ਚਾਰੋਂ ਸੰਸਕਾਰ ਗੁਰਮਤਿ ਨੂੰ ਪਰਣਾਏ ਹੀ ਹੋਂਦੇ ਨੇ।
ਜੋ ਇਹ ਕਹਿੰਦੇ ਸੁਣੀਦੇ ਹਨ ਕਿ ਪ੍ਰਚਾਰ ਪ੍ਰਚੂਰ ਨਾਲ ਕੁੱਛ ਨਹੀਂ ਹੋਣਾ,
ਇਹ ਤਾਂ ਰੱਬ ਹੀ ਕ੍ਰਿਪਾ ਕਰੇ ਤਾਂ ਸੁਧਾਰ ਹੋਂਣਾ ਏ, ਉਹ ਇਹ ਨਹੀਂ ਜਾਣਦੇ ਕਿ ਗੁਰਮਤਿ ਦੀ
ਵੀਚਾਰਧਾਰਾ ਨੂੰ ਆਪਣੀ ਜ਼ਿੰਦਗੀ ਵਿੱਚ ਵਰਤਣਾ ਹੀ ਰੱਬੀ ਕ੍ਰਿਪਾ ਸਮਝੀ ਜਾਂਦੀ ਹੈ। ਗੁਰਮਤਿ ਦੇ
ਪ੍ਰਚਾਰ ਨਾਲ ਹੀ ਕੋਈ ਸੋਚਣ 'ਤੇ ਮਜ਼ਬੂਰ ਹੋ ਸਕਦਾ ਹੈ, ਨਹੀਂ ਤਾਂ ਸੁਪਣੇ ਵਿੱਚ ਕੋਈ ਭਾਈ ਮੰਝ
ਨਹੀਂ ਬਣਦਾ।
ਬ੍ਰਾਹਮਣਵਾਦੀ ਸੋਚ ਨੂੰ ਸਦਾ ਵਾਸਤੇ ਦਫਨਾਕੇ, ਗੁਰੂ ਆਸ਼ੇ ਅਨੁਸਾਰ ਜੀਵਨ
ਬਤੀਤ ਕਰਣ ਦੀ ਹਿੰਮਤ ਦਿਖਾਈ ਇੱਕ ਅਨੰਦ ਕਾਰਜ ਵਿੱਚ ਦੋ ਪਰਿਵਾਰਾਂ ਨੇ।
ਇਹ ਦੋਨੋਂ ਪਰਿਵਾਰ ਗੁਰਮਤਿ ਦੇ ਪ੍ਰਚਾਰ ਤੋਂ ਕੇਵਲ ਪ੍ਰਭਾਵਿਤ ਹੀ ਨਹੀਂ
ਹੋਏ, ਬਲਕਿ ਅੱਜ ਗੁਰਮਤਿ ਦਾ ਪ੍ਰਚਾਰ ਕਰ ਵੀ ਰਹੇ ਹਨ। ਇੱਕ ਪਰਿਵਾਰ ਉਤਰਾਖੰਡ ਤੋਂ ਹੈ ਤੇ
ਦੁੱਜਾ ਟਾਟਾ ਨਗਰ (ਝਾਰਖੰਡ) ਦਾ ਰਹਿਣ ਵਾਲਾ ਹੈ। ਬੀਬੀ ਅਮਨਦੀਪ
ਕੌਰ (ਉਤਰਾਖੰਡ) ਤੇ ਵੀਰ ਮਨਿੰਦਰ ਸਿੰਘ (ਟਾਟਾ
ਨਗਰ) ਦੇ ਆਨੰਦ ਕਾਰਜ ਵਿੱਚ ਇੱਕ ਵੀ ਮਨਮਤਿ ਨਹੀਂ ਹੋਣ ਦਿੱਤੀ ਗਈ,
ਜਿਸ ਵਿੱਚ ਰਿਸ਼ਤੇਦਾਰਾਂ ਦੀ ਨਰਾਜ਼ਗੀ ਨੂੰ ਮੁੱਖ ਨਾ ਰੱਖ ਕੇ, ਕੇਵਲ ਗੁਰਮਤਿ ਦੀ ਪ੍ਰਧਾਨਤਾ ਹੀ
ਕਬੂਲੀ ਗਈ।
ਆਨੰਦ ਕਾਰਜ ਦੇ ਅਰੰਭਤਾ ਦੀ ਅਰਦਾਸ ਲੜਕੇ
ਪਰਿਵਾਰ ਵੱਲੋਂ ਆਪ ਵੀਰ ਮਨਿੰਦਰ ਸਿੰਘ ਦੇ ਛੋਟੇ ਭਰਾ ਨੇ ਕੀਤੀ। ਉਪਰੰਤ ਗੁਰਮਤਿ ਵੀਚਾਰਾਂ
ਹੋਈਆਂ ਤੇ ਲਾਵਾਂ ਗੁਰੂ ਦੇ ਸਾਹਮਣੇ ਖਲੋ ਕੇ ਕੀਤੀਆਂ ਗਈਆਂ। ਸਮਾਪਤੀ ਦੀ ਅਰਦਾਸ ਬੀਬੀ
ਅਮਨਦੀਪ ਕੌਰ ਨੇ ਆਪ ਕੀਤੀ। ਦੋਨੋਂ ਪਰਿਵਾਰਾਂ ਵੱਲੋਂ ਆਏ ਰਿਸ਼ਤੇਦਾਰਾਂ ਤੇ ਸੰਗਤ
ਵਾਸਤੇ ਬਹੁਤ ਹੀ ਸਾਧਾਰਣ ਵਰਤੀਵੇ ਨਾਲ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਕੋਈ
ਦੇਖ ਦਿਖਾਵਾ ਸ਼ਾਮਿਲ ਨਹੀਂ ਸੀ ਤੇ ਨਾ ਹੀਂ ਕੋਈ ਅਸ਼ਲੀਲ ਗਾਣੇ ਵਜਾਏ ਤੇ ਨਾ ਹੀਂ ਕੋਈ ਨਾਚ ਗਾਣਾ
ਹੋਇਆ। ਗੁਰਮਤਿ 'ਤੇ ਪਹਿਰਾ ਦਿਤਿਆਂ ਦੋਨੋਂ ਪਰਿਵਾਰਾਂ ਨੂੰ ਟਾਟਾ ਨਗਰ ਦੀ ਸੰਗਤ ਤੇ ਨੌਜਵਾਨਾਂ
ਨੇ ਸਲਾਹੁਦਿਆਂ ਏਹੀ ਕਿਹਾ ਕਿ ਇਨ੍ਹਾਂ ਪਰਿਵਾਰਾਂ ਵਾਂਗ ਅਸੀਂ ਵੀ ਆਪਣੇ ਆਨੰਦ ਕਾਰਜ ਇਸੇ ਤਰਾਂ
ਕਰਾਂਗੇ।
ਮਤ ਕੋ ਭਰਮਿ ਭੁਲੈ ਸੰਸਾਰਿ ॥
ਗੁਰ ਬਿਨੁ ਕੋਇ ਨ ਉਤਰਸਿ ਪਾਰਿ ॥
ਭੂਲੇ ਕਉ ਗੁਰਿ ਮਾਰਗਿ ਪਾਇਆ ॥
ਅਵਰ ਤਿਆਗਿ ਹਰਿ ਭਗਤੀ ਲਾਇਆ ॥ (ਪੰਨਾ 864)