ਜਿਵੇਂ ਜਿਵੇਂ ਮਨੁੱਖ ਵਧ ਪੜ੍ਹ ਲਿੱਖ ਗਿਆ ਹੈ, ਓਵੇਂ ਓਵੇਂ ਵਹਿਮਾਂ
ਭਰਮਾਂ ਦਾ ਸ਼ਿਕਾਰ ਵੀ ਵਧੇਰੇ ਹੁੰਦਾ ਜਾ ਰਿਹਾ ਹੈ। ਲੋਕਾਂ ਦੀ ਇਸ ਕਮਜ਼ੋਰੀ ਨੂੰ ਸਮਝਦਿਆਂ
ਕੁੱਝ ਸ਼ਾਤਰ ਲੋਕਾਂ ਨੇ ਡੇਰੇਦਾਰੀ ਨੂੰ ਹੋਂਦ ਵਿਚ ਲਿਆਕੇ ਲੋਕਾਂ ਦਾ ਸੋਸ਼ਣ ਕਰਨਾ ਆਰੰਭ ਦਿੱਤਾ
ਹੈ। ਬੇਸ਼ੱਕ ਇਹ ਸਿਲਸਿਲਾ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਪਰ ਸਿੱਖ ਗੁਰੂ ਸਹਿਬਾਨ ਨੇ ਆਪਣੀ
ਢਾਈ ਸਦੀਆਂ ਲੰਬੀ ਰੂਹਾਨੀ ਘਾਲਣਾਂ ਕਰਕੇ ਅਤੇ ਸ਼ਹਾਦਤਾਂ ਦੇਕੇ ਇਸ ਲੋਕਾਈ ਨੂੰ ਦੰਭੀ ਬੰਦੇ ਦੀ
ਲੁੱਟ ਤੋਂ ਬਚਾਉਣ ਦਾ ਰਸਤਾ ਵਿਖਾਇਆ ਸੀ ਅਤੇ ਸਿੱਖ ਪੰਥ ਨੂੰ ਰੂਪਮਾਨ ਕਰਕੇ ਇਸ ਦੀ ਅਗਵਾਈ
ਕਰਨ ਦੀ ਸੇਵਾ ਜਿੰਮੇ ਲਾਈ ਸੀ। ਲੇਕਿਨ ਅਫਸੋਸ ਕਿ ਅੱਜ ਸਿੱਖ ਪੰਥ ਦੀ ਅਗਵਾਈ ਵੀ ਕਮਜ਼ੋਰ ਤੇ
ਲਾਲਚੀ ਲੋਕਾਂ ਦੇ ਹੱਥ ਆ ਗਈ ਹੈ। ਜਿਥੇ ਸਿੱਖ ਪੰਥ ਲੋਕਾਂ ਨੂੰ ਬਚਾਉਣ ਦਾ ਜਿੰਮਾਂ ਨਿਭਾਉਣ
ਦੀ ਬਜਾਇ ਖੁਦ ਡੇਰੇਦਾਰ ਦੇ ਚੁੰਗਲ ਵਿੱਚ ਫਸ ਗਿਆ ਪ੍ਰਤੱਖ ਦਿੱਸ ਰਿਹਾ ਹੈ।
ਇੱਕ
ਸੋਚ ਜਿਹੜੀ ਬਾਬੇ ਨਾਨਕ ਦੇ ਵੇਲੇ ਤੋਂ ਆਪਣੀ ਝੂਠ ਦੀ ਦੁਕਾਨ ਬੰਦ ਹੋ ਜਾਣ ਦੇ ਡਰ ਤੋਂ ਸਿੱਖੀ
ਨੂੰ ਨਿਗਲ ਜਾਣ ਵਾਸਤੇ ਬਿੱਲੀ ਵਾਂਗੂੰ ਸ਼ਹਿ ਲਾਈ ਬੈਠੀ ਸੀ, ਉਸਨੇ ਸਿੱਖਾਂ ਦੀ ਸ਼ਬਦ ਗੁਰੂ ਵਾਲੀ
ਆਸਥਾ ਅਤੇ ਵਿਚਾਰ ਪ੍ਰਧਾਨ ਬਿਰਤੀ ਨੂੰ ਖਤਮ ਕਰਨ ਵਾਸਤੇ ਡੇਰੇਦਾਰੀ ਨੂੰ ਬਹੁਤ ਬੜਾਵਾ ਦਿੱਤਾ
ਹੈ। ਜਦੋਂ ਡੇਰੇਦਾਰ ਨੂੰ ਇਹ ਪਤਾ ਲੱਗਾ ਕਿ ਮੈਨੂੰ ਸਰਕਾਰਾਂ ਟੇਢੇ ਤਰੀਕੇ ਨਾਲ ਵਰਤ ਰਹੀਆਂ
ਹਨ ਤਾਂ ਡੇਰੇਦਾਰ ਵੀ ਚੇਤਨ ਹੋ ਗਿਆ ਅਤੇ ਉਸਨੇ ਪਾਰਟੀਆਂ ਦੀ ਰਾਜਨੀਤੀ ਵਿੱਚ ਆਪਣੀ ਹੋਂਦ
ਵਿਖਾਉਣ ਵਾਸਤੇ ਆਪਣਾ ਸਿੱਕਾ ਚੱਲਦਾ ਰੱਖਣ ਲਈ ਰਾਜਨੀਤੀ ਦੀ ਨਰਦਾਂ ਨੂੰ ਸਮਝਕੇ ਵਕਤੀ ਪਾਸਾ
ਖੇਡਣਾ ਸ਼ੁਰੂ ਕਰ ਦਿੱਤਾ। ਅਖੀਰ ਰਾਜਨੀਤੀ ਨੇ ਆਪਣੀ ਲੋੜ ਅਤੇ ਮੁਫਾਦ ਨੂੰ ਮੁੱਖ ਰਖਦੇ
ਡੇਰੇਦਾਰ ਨਾਲ ਸਮਝੌਤੇ ਦੀ ਨੀਤੀ ਅਪਣਾਉਣੀ ਆਰੰਭ ਦਿੱਤੀ। ਜਿਸ ਨਾਲ ਇੱਕ ਤਾਂ ਸਥਾਪਤ ਡੇਰੇਦਾਰ
ਭੂਏ ਚੜ੍ਹ ਗਿਆਾ ਅਤੇ ਕੁੱਝ ਹੋਰ ਵੇਲੜ੍ਹ, ਪਰ ਸ਼ਰਾਰਤੀ ਦਿਮਾਗ ਲੋਕਾਂ ਨੂੰ ਮੌਕਾ ਮਿਲ ਗਿਆ,
ਜਿਹੜੇ ਸਮਾਜ ਵਿਚ ਹਰ ਪੱਖੋਂ ਫੇਲ੍ਹ ਸਨ, ਓਹ ਡੇਰੇਦਾਰ ਜਾਂ ਸੰਤ ਸਾਧ ਬਣਕੇ ਦੁਨੀਆ ਦੇ ਬਾਬੇ
ਬਣ ਬੈਠੇ ਅਤੇ ਆਪਣੀਆਂ ਵੋਟਾਂ ਵਿਖਾਕੇ ਰਾਜਨੀਤੀਵਾਨਾਂ ਨੂੰ ਆਪਣੇ ਡੇਰਿਆਂ ਤੇ ਗੇੜੇ ਮਾਰਨ
ਵਾਸਤੇ ਮਜਬੂਰ ਕਰਨ ਦੇ ਨਾਲ ਨਾਲ ਲੋਕਾਂ ਅਤੇ ਪ੍ਰਸਾਸ਼ਨ ਤੇ ਇਹ ਪ੍ਰਭਾਵ ਪਾਉਣ ਵਿੱਚ ਕਾਮਜਾਬ
ਹੋ ਗਏ ਕਿ ਸਰਕਾਰ ਡੇਰੇ ਜਾਂ ਡੇਰੇਦਾਰ ਦੇ ਆਸ਼ੀਰਵਾਦ ਨਾਲ ਹੀ ਚਲਦੀ ਹੈ। ਇਸ ਪ੍ਰਭਾਵ ਤੋਂ
ਸਿੱਖ ਵੀ ਕਿਵੇਂ ਬਚ ਸਕਦੇ ਸਨ, ਸਿੱਖਾਂ ਵਿੱਚ ਵੀ ਕੁਝ ਬੰਦਿਆਂ ਨੇ ਡੇਰੇਦਾਰੀ ਦਾ ਕੰਮ ਆਰੰਭ
ਦਿੱਤਾ ਅਤੇ ਜਦੋਂ ਇੱਕ ਡੇਰੇਦਾਰ ਕੋਲ ਦੋ ਸਿੰਲੰਸਰਾਂ ਵਾਲੀ ਕਾਰ ਵੇਖੀ ਤਾਂ ਦੂਜੇ ਨੇ ਪੂਛ
ਚੁੱਕ ਲਈ ਸ਼ੁਰੂ ਸ਼ੁਰੂ ਵਿਚ ਇੱਕ ਦੂਜੇ ਨਾਲ ਈਰਖਾ ਵੀ ਰਹੀ, ਪਰ ਸਮੇਂ ਦੇ ਤੇਵਰ ਵੇਖਕੇ ਤੂੰ
ਮੇਰੇ ਬਾਬਾ ਮੈਂ ਤੇਰਾ ਬਾਬਾ ਲੋਕਾਂ ਨੂੰ ਲੁੱਟਣ ਦਾ ਏਜੰਡਾ ਸਾਂਝਾ ਦੇ ਮੁੱਦੇ 'ਤੇ ਸਭ ਬ੍ਰਹਮ
ਗਿਆਨੀ ਹੋ ਨਿਬੜੇ ਤੇ ਸਿੱਖ ਵੀ ਬਾਬੇ ਨਾਨਕ ਦੀ ਉਂਗਲੀ ਛਡਕੇ ਇਸ
ਮੇਲੇ ਵਿੱਚ ਗਵਾਚ ਗਿਆ।
ਜਦੋਂ ਸਿੱਖ ਡੇਰੇਦਾਰਾਂ ਨੂੰ ਸਿੱਖਾਂ ਨੇ ਸਹਿਜੇ ਹੀ ਪ੍ਰਵਾਨ ਕਰ
ਲਿਆ ਤਾਂ ਬਿਪਰਵਾਦ ਨੂੰ ਸਮਝ ਆ ਗਈ ਕਿ ਖਾਲਸੇ ਦੇ ਕਿਲੇ ਨੂੰ ਪਾੜ ਲੱਗ ਗਿਆ ਹੈ। ਫਿਰ
ਮੋਰੇ ਰਾਹੀ ਭਾਰਤੀ ਨਿਜ਼ਾਮ ਅਤੇ ਬਿਪਰਵਾਦ ਦੀ ਮਾਤਾ ਆਰ.ਐਸ.ਐਸ. ਨੇ ਸਾਂਝੀ ਤਰਕੀਬ ਨਾਲ ਕੁੱਝ
ਅਜਿਹੇ ਡੇਰੇਦਾਰਾਂ ਨੂੰ ਪੰਜਾਬ ਦੇ ਵੇਹੜੇ ਤੰਬੂ ਗਡਵਾਉਣ ਵਿੱਚ ਮਦਦ ਕਰਕੇ ਉਹਨਾਂ ਦੀ ਹੌਸਲਾ
ਅਫਜਾਈ ਕਰਨੀ ਆਰੰਭ ਦਿੱਤੀ। ਜਦੋਂ ਕਿ ਡੇਰੇਦਾਰਾਂ ਨੂੰ ਇਹ ਨਹੀਂ ਪਤਾ ਕਿ ਇਸ ਤੰਬੂ ਵਿਚਲੇ
ਵਾਂਸ ਤਾਂ ਸਰਕਾਰੀ ਹਨ, ਖਿਸਕਦਿਆਂ ਪਤਾ ਵੀ ਨਹੀਂ ਲਗਣਾ, ਜਿਵੇ ਕੂਕਿਆਂ ਦੇ ਗੁਰੂ ਰਾਮ ਸਿੰਘ
ਦਾ ਗੜਵਈ ਮੌਕੇ ਤੇ ਜਵਾਬ ਦੇ ਗਿਆ ਸੀ। ਪਰ ਚੱਕੀ ਹੋਈ ਲੰਬੜਾਂ ਥਾਨੇਦਾਰ ਦੇ ਬਰਾਬਰ ਬੋਲੇ
ਵਾਂਗੂੰ ਅੱਜ ਹਰ ਇੱਕ ਡੇਰੇਦਾਰ ਰੱਬ ਬਣਿਆ ਬੈਠਾ ਹੈ।
ਇਹਨਾਂ
ਵਿਚੋਂ ਹੀ ਇੱਕ ਡੇਰੇਦਾਰ ਸੀ ਆਸ਼ੁਤੋਸ਼ ਮਹਾਰਾਜ ਜਿਹੜਾ ਦਿਵਿਆ ਜਿਓਤੀ ਸੰਸਥਾਨ ਦੇ ਨਾਮ ਨਾਲ
ਪੰਜਾਬ ਵਿਚ ਬੜੇ ਜ਼ੋਰਸ਼ੋਰ ਨਾਲ ਉਭਰਿਆ ਸੀ ਅਤੇ ਲੋਕਾਂ ਨੂੰ ਰੱਬ ਦਾ ਸਿੱਧਾ ਤੇ ਪਲਾਂ
ਵਿੱਚ ਗਿਆਨ ਜਾਂ ਦਰਸ਼ਨ ਕਰਵਾਉਣ ਦਾ ਠੇਕਾ ਚੁੱਕੀ ਫਿਰਦਾ ਸੀ। ਪਰ ਉਸਨੂੰ ਇਹ ਪਤਾ ਨਹੀਂ ਸੀ ਕਿ
ਮੇਰੀ ਮੌਤ ਕਦੋਂ ਹੋਣੀ ਹੈ ਤੇ ਕਿੰਨੇ ਦਿਨ ਫਰਿਜ਼ ਵਿਚ ਲਾਸ਼ ਬੰਦ ਰਹਿਣੀ ਹੈ ਤੇ ਮੇਰਾ ਮਰਨਾਂ
ਅਦਾਲਤਾਂ ਵਿਚ ਰੁਲੇਗਾ। ਇਸਨੇ ਵੀ ਆਪਣੀ ਅਜਿਹੀ ਥਾਂ ਪੰਜਾਬ ਵਿਚ
ਬਣਾਈ ਅਤੇ ਸਿੱਖਾਂ ਨੂੰ ਗੁੰਮਰਾਹ ਕਰਨ ਵਾਸਤੇ ਆਪ ਨੰਗੇ ਸਿਰ ਅਤੇ ਆਪਨੇ ਪਿਛਲੇ ਪਾਸੇ ਪੰਜ
ਅਮ੍ਰਿਤਧਾਰੀ ਭੇਖ ਵਾਲੇ ਸਿੰਘ ਖੜ੍ਹੇ ਕਰਕੇ ਆਪਣੇ ਆਪ ਨੂੰ ਸਿੱਖ ਪੰਥ ਤੋਂ ਉੱਚਾ ਪੇਸ਼ ਕਰਦਾ
ਸੀ। ਸਿੱਖ ਵਿਰੋਧੇ ਢਾਂਚੇ ਨੇ ਇਸ ਦੀਆਂ ਅਜਿਹਾਂ ਹਰਕਤਾਂ ਵੇਖਕੇ ਇਸਦੀ ਮਦਦ ਆਰੰਭ
ਦਿੱਤੀ ਅਤੇ ਦਿਨਾਂ ਵਿਚ ਹੀ ਡੇਰਾ ਨੂਰਮਹਿਲ ਬੁਲੰਦੀਆਂ ਤੇ ਪਹੁੰਚ ਗਿਆ ਅਤੇ ਵੋਟਾਂ ਵੀ ਦਿੱਸਣ
ਲੱਗ ਪਈਆਂ। ਸਿੱਖਾਂ ਵਿਚੋਂ ਸਭ ਤੋਂ ਵੱਧ ਤਾਕਤ ਦਾ ਭੁੱਖਾ ਇਨਸਾਨ ਸ.ਪ੍ਰਕਾਸ਼ ਸਿੰਘ ਬਾਦਲ ਫਿਰ
ਕਿਵੇਂ ਡੇਰੇ ਦੇ ਆਸ਼ੀਰਵਾਦ ਤੋਂ ਵਾਂਝਾ ਰਹਿ ਸਕਦਾ ਸੀ। ਸ. ਬਾਦਲ ਨੇ ਵੀ ਇਸ ਦੰਭੀ ਬਾਬੇ ਨਾਲ
ਸਾਂਝ ਜਾ ਪਾਈ। ਅਜਿਹੇ ਲੋਕ ਲੀਡਰਾਂ ਦੀ ਕਮਜ਼ੋਰੀ ਨੂੰ ਬੜਾ ਬਰੀਕੀ ਨਾਲ ਸਮਝਦੇ ਵੀ ਹਨ ਅਤੇ
ਫਿਰ ਲਾਹਾ ਲੈਣਾ ਵੀ ਬਖੂਬੀ ਜਾਣਦੇ ਹਨ। ਬਾਦਲ ਦੇ ਘਰ ਵਿਚ ਆਪਣੀਆਂ
ਜੜ੍ਹਾਂ ਪੱਕੀਆਂ ਕਰਨ ਵਾਸਤੇ ਆਸ਼ੁਤੋਸ਼ ਨੇ ਬੀਬੀ ਬਾਦਲ ਨੂੰ ਆਪਣੀ ਪੱਕੀ ਸੇਵਕ ਬਣਾ ਲਿਆ
ਆਸ਼ੁਤੋਸ਼ ਦੇ ਕੰਮ ਹੋਣ ਲੱਗ ਪਏ, ਸਰਕਾਰੇ ਸਿੱਧੀ ਪਹੁੰਚ ਹੋ ਗਈ ਅਤੇ ਬਾਦਲ ਸਾਹਿਬ ਨੂੰ ਵੋਟਾਂ
ਦੀ ਖਾਣ ਮਿਲ ਗਈ, ਪੰਥ ਪਵੇ ਖੂਹ ਵਿੱਚ।
ਸ.
ਬਾਦਲ ਨੇ ਸਮਝ ਲਿਆ ਕਿ ਐਵੇਂ ਸਿੱਖਾਂ ਦੇ ਤਰਲੇ ਕਰਦੇ ਫਿਰਨ ਨਾਲੋ ਦੋ ਚਾਰ ਡੇਰੇਦਾਰਾਂ ਦੇ
ਪੈਰੀ ਹੱਥ ਲਾਓ ਤੇ ਸਰਕਾਰ ਬਣਾਓ। ਇੱਕ ਨਹੀਂ ਬਹੁਤ ਸਾਰੇ ਡੇਰੇ ਜਿਹਨਾਂ ਵਿਚ ਸੰਤ ਜਰਨੈਲ
ਸਿੰਘ ਭਿੰਡਰਾਂਵਾਲਿਆਂ ਤੋਂ ਪਿਛੋਂ ਡੇਰਾ ਬਣੀ ਦਮਦਮੀ ਟਕਸਾਲ ਸਮੇਤ ਬਹੁਤ ਸਾਰੇ ਸਿੱਖ
ਡੇਰੇਦਾਰ ਅਤੇ ਸਿੱਖ ਵਿਰੋਧੀ ਡੇਰੇਦਾਰਾਂ ਦੇ ਵਿਚੋਂ ਖਾਸ ਕਰਕੇ ਡੇਰਾ ਸਰਸਾ ਅਤੇ ਆਸ਼ੁਤੋਸ਼ ਦੇ
ਆਖੇ ਲੱਗਕੇ ਸ. ਬਦਲ ਨੇ ਤਿੰਨ ਚਾਰ ਸਿੱਖਾਂ ਨੂੰ ਸ਼ਹੀਦ ਵੀ ਕੀਤਾ ਅਤੇ ਹਜ਼ਾਰਾਂ ਦੇ ਮੌਰ ਪੁਲਿਸ
ਤੋਂ ਕੁੱਟਵਾਏ ਅਤੇ ਸੈਕੜਿਆਂ ਤੇ ਨਜਾਇਜ ਕੇਸ ਇਸ ਕਰਕੇ ਬਣਵਾਏ ਕਿ ਡੇਰੇਦਾਰ ਖੁਸ਼ ਰਹਿਣ ਤੇ
ਵੋਟਾਂ ਨਾ ਖਰਾਬ ਹੋ ਜਾਣ।
ਪਰ ਕੁਦਰਤ ਨੂੰ ਕੁੱਝ ਹੋਰ ਮਨਜੂਰ ਜੀ ਸਿੱਖਾਂ
ਦੇ ਜੜ੍ਹੀਂ ਤੇਲ ਦਿੰਦਾ ਦਿੰਦਾ ਆਸ਼ੁਤੋਸ਼ ਆਪ ਹੀ ਜਮਪੁਰੀ ਸਿਧਾਰ ਗਿਆ ਅਤੇ ਹੁਣ ਉਸਦੀ ਮੌਤ 'ਤੇ
ਤਮਾਸ਼ਾ ਹੋ ਰਿਹਾ ਹੈ। ਆਰੰਭ ਵਿੱਚ ਕੁੱਝ ਜਾਗ੍ਰਿਤ ਸਿੱਖਾਂ ਨੇ ਆਸ਼ੁਤੋਸ਼ ਦਾ ਪਿਛੋਕੜ
ਲੱਭਕੇ ਲਿਆਂਦਾ ਕਿ ਇਹ ਇੱਕ ਅਪਰਾਧੀ ਪੂਰਬੀਆ ਹੈ, ਜੋ ਕੇਸਾਂ ਤੋਂ ਡਰਦਾ ਇਥੇ ਭੇਸ ਬਦਲਕੇ
ਡੇਰੇਦਾਰ ਬਣ ਬੈਠਿਆ ਹੈ। ਪਰ ਕਿਸੇ ਨੇ ਸੁਣੀ ਨਹੀਂ ਕਿਉਂਕਿ ਕਿ ਸਰਕਾਰ ਦੀ ਸਰਪ੍ਰਸਤੀ ਸੀ। ਪਰ
ਹੁਣ ਉਸਦਾ ਮੁੰਡਾ ਵੀ ਆਕੇ ਵਾਰਸ ਬਣ ਰਿਹਾ ਤੇ ਕੋਈ ਸ਼ੱਕ ਨਹੀਂ ਕਿ ਇਹ ਕੌਣ ਸੀ।
ਅਸਲ ਵਿਚ ਆਸ਼ੁਤੋਸ਼ ਦੇ ਸਮਾਧੀ ਵਿਚ ਹੋਣ ਜਾਂ ਮਰਨ ਬਾਰੇ ਭੁਲੇਖਾ ਕਿਸੇ ਨੂੰ ਨਹੀਂ ਸਭ ਜਾਣਦੇ
ਹਨ ਕਿ ਓਹ ਮਰ ਚੁੱਕਾ ਹੈ। ਪਰ ਇੱਕ ਤਾਂ ਉਸ ਵੇਲੇ ਲੋਕ ਸਭਾ ਚੋਣਾਂ ਸਨ ਜਿਸ ਕਰਕੇ ਬਾਦਲ
ਸਾਹਿਬ ਨੇ ਆਪਣਾ ਰਸੂਖ ਵਰਤਕੇ ਮਾਮਲੇ ਨੂੰ ਸਮਾਧੀ ਵਿੱਚ ਰੱਖਣ ਵਿੱਚ ਹੀ ਭਲਾਈ ਸਮਝੀ ਤੇ
ਅਚਾਨਕ ਸੰਖ ਪੂਰਿਆ ਜਾਣ ਕਰਕੇ ਜਾਨਸ਼ੀਨ ਲਭਣਾ ਵੀ ਔਖਾ ਹੋ ਰਿਹਾ ਸੀ। ਪਰ ਜਦੋਂ ਇਹ ਮਾਮਲਾ
ਅੰਨ੍ਹੀਂ ਸ਼ਰਧਾ ਦੇ ਢਹੇ ਚੜ੍ਹ ਗਿਆ ਤਾਂ ਸਮਾਧੀ ਪੱਕੀ ਹੋ ਗਈ ਤੇ ਮਹਾਰਜ ਜੀ ਦਾ ਫਰਿਜ਼ ਵਿਚ
ਟਿਕਾਣਾ ਪੱਕਾ ਹੋ ਗਿਆ।
ਪਰ ਹੁਣ ਜਦੋ ਗੱਲ ਅਦਾਲਤ ਵਿਚ ਪੁੱਜੀ ਤਾਂ ਬਾਦਲ ਸਰਕਾਰ ਨੇ ਥੋੜਾ
ਬਹੁਤ ਤਾਂ ਲਮਕਾਇਆ ਤਾਂ ਕਿ ਸ਼ਰਧਾਲੂਆਂ ਨੂੰ ਕੁੱਝ ਸਮਝਾਕੇ ਰਾਜ਼ੀ ਕਰ ਲਿਆ ਜਾਵੇ। ਪਰ ਹੁਣ
ਅਦਾਲਤ ਕਿੰਨੇ ਦਿਨ ਹੋਰ ਉਡੀਕ ਕਰ ਸਕਦੀ ਸੀ ਅਤੇ ਮਾਨਯੋਗ ਅਦਾਲਤ ਨੇ ਪੰਦਰਾਂ ਦਿਨਾਂ ਵਿੱਚ
ਮਹਾਰਾਜ਼ ਜੀ ਨੂੰ ਫਰਿਜ਼ ਵਿਚੋ ਕੱਢਕੇ ਅਗਨ ਕੁੰਢ ਲਿਜਾਣ ਦੇ ਹੁਕਮ ਕਰ ਦਿੱਤੇ ਹਨ।
ਬੇਸ਼ੱਕ ਆਸ਼ੁਤੋਸ਼ ਦੇ ਸ਼ਰਧਾਲੂ ਅੱਜ ਵੀ ਅੜੇ ਹੋਏ ਹਨ ਕਿ ਅਸੀਂ ਸੰਸਕਾਰ ਨਹੀਂ ਕਰਨਾ ਬਾਬਾ ਜੀ
ਨੂੰ ਇੰਜ ਹੀ ਸਮਾਧੀ ਵਿੱਚ ਰਖਣਾ ਹੈ ਅਤੇ ਓਹ ਉਦਹਾਰਣ ਵੀ ਦੇ ਸਕਦੇ ਹਨ ਕਿ ਜੇ ਲੈਨਿਨ ਅਤੇ
ਸਟਾਲਿਨ ਦੇ ਸਰੀਰ ਰੱਖੇ ਜਾ ਸਕਦੇ ਹਨ ਤਾਂ ਆਸ਼ੁਤੋਸ਼ ਮਹਾਰਾਜ਼ ਜੀ ਦਾ ਸਰੀਰ ਕਿਵੇ ਨਹੀਂ ਰੱਖਿਆ
ਜਾ ਸਕਦਾ। ਪਰ ਇਸ ਪਿਛੇ ਵੀ ਕੀਹ ਤਰਕ ਹੋ ਸਕਦਾ ਹੈ ਜੇ ਜਿਉਂਦੇ ਜ਼ੀਅ ਬੰਦਾ ਕੋਈ ਵਿਚਾਰਧਾਰਾ
ਪੈਦਾ ਨਹੀਂ ਕਰ ਸਕਿਆ ਤਾਂ ਉਸਦੀ ਮਿਰਤਕ ਦੇਹ ਕਿਹੜੀ ਸੁਗੰਧ ਪੈਦਾ ਕਰੇਗੀ। ਸਰੀਰ ਉਹਨਾਂ ਲੋਕਾਂ
ਦੇ ਹੀ ਸਾਂਭੇ ਜਾਂਦੇ ਹਨ, ਜਿਹਨਾਂ ਦੇ ਵਿਚਾਰਾਂ ਵਿਚ ਅਮੀਰੀ ਨਾ ਹੋਵੇ ਜਾਂ ਜਿਹਨਾਂ ਦੇ
ਵਿਚਾਰ ਕਿਸੇ ਵਿਸ਼ੇਸ਼ ਸਮੇਂ ਸੀਮਾ ਤੋਂ ਅੱਗੇ ਰੋਸ਼ਨੀ ਨਾ ਕਰਦੇ ਹੋਣ। ਸੋ ਅੱਜ ਡੇਰਾ ਆਸ਼ੁਤੋਸ਼ ਦੇ
ਪੈਰੋਕਾਰਾਂ ਨੂੰ ਦਿਵਿਆ ਜੋਯਤੀ ਰਾਹੀ ਚਾਨਣ ਵਿਖਾਉਣ ਵਾਲੇ ਮਹਾਰਾਜ ਦੀ ਸਰੀਰਕ ਜਿਓਤੀ ਗਾਇਬ
ਹੋ ਜਾਣ ਤੇ ਹਨੇਰਾ ਹੀ ਪਸਰਦਾ ਨਜਰ ਆਉਂਦਾ ਹੈ। ਪਰ ਅਦਾਲਤੀ ਹੁਕਮਾਂ ਤੇ ਹੁਣ ਸਰਕਾਰ ਨੂੰ
ਪਹਿਰਾ ਦੇਣਾ ਹੀ ਪਵੇਗਾ ਅਤੇ ਆਸ਼ੁਤੋਸ਼ ਦਾ ਸੰਸਕਾਰ ਕਰਨਾ ਪਵੇਗਾ ਜਾਂ ਸਨੇ ਫਰਿਜ਼ ਧਰਤੀ ਵਿਚ
ਦੱਬਕੇ ਸਮਾਧੀ ਬਣਾਉਣੀ ਪਵੇਗੀ ਕੋਈ ਕਿਰਿਆ ਕ੍ਰਮ ਤਾਂ ਹੋਣਾ ਹੀ ਹੈ।
ਹੁਣ ਤੱਕ ਸ. ਬਾਦਲ ਜਾਂ ਉਸਦੀ ਸਰਕਾਰ ਜਿਸ ਡੇਰੇ ਦੀਆਂ ਵੋਟਾਂ ਲੈਕੇ ਖੁਸ਼ ਹੁੰਦੇ ਸਨ ਅਤੇ
ਮਹਾਰਾਜ ਦੀ ਫਰਿਜ਼ ਵਿਚਲੀ ਸਮਾਧੀ ਤੇ ਰਾਜਨੀਤੀ ਕਰ ਰਹੇ ਸਨ। ਹੁਣ ਉਸ ਸਰਕਾਰ ਨੂੰ ਡੰਡੇ ਦੀ
ਵਰਤੋਂ ਕਰਕੇ ਭਾਵੇ ਹੋਰ ਵੀ ਦੋ ਚਾਰ ਲਾਸ਼ਾਂ ਜਾਂਦੀ ਵਾਰ ਆਸ਼ੁਤੋਸ਼ ਜ਼ੀ ਨੂੰ ਗਿਫਟ ਕਰਨੀਆਂ ਪੈਣ,
ਪਰ ਸੰਸਕਾਰ ਤਾਂ ਕਰਵਾਉਣਾ ਹੀ ਪਵੇਗਾ। ਹੁਣ ਗੱਲ ਸਿਰਫ ਇਹ ਹੀ ਨਹੀਂ ਕਿ ਆਸ਼ੁਤੋਸ਼ ਦਾ ਅੰਤਿਮ
ਸੰਸਕਾਰ ਕਰ ਦਿੱਤਾ ਜਾਵੇ ਗੱਲ ਸੱਚ ਅਤੇ ਅਸਲੀਅਤ ਨੂੰ ਸਾਹਮਣੇ ਲਿਆਉਣ ਦੀ ਹੈ ਪਹਿਲੀ ਗੱਲ ਤਾਂ
ਇਹ ਕਿ ਆਸ਼ੁਤੋਸ਼ ਜਿਹੋ ਜਿਹਾ ਮਰਜ਼ੀ ਸੀ ਭਾਵੇ ਸਿੱਖਾਂ ਨੂੰ ਦੁੱਖ ਦਿੰਦਾ ਰਿਹਾ, ਪਰ ਸਾਡਾ
ਵਿਰੋਧ ਤਾਂ ਜਿਉਂਦੇ ਨਾਲ ਸੀ ਮਰ ਗਿਆ ਤਾਂ ਦੁਸ਼ਮਨੀ ਖਤਮ। ਸਿੱਖ ਲਾਸ਼ਾਂ ਨਾਲ ਵੈਰ ਨਹੀਂ ਵਿਆਝਦਾ,
ਹੁਣ ਅਸੀਂ ਤਾਂ ਆਸ਼ੁਤੋਸ਼ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਣ ਤੋਂ ਰੋਕਣ ਵਾਸਤੇ
ਇਹ ਵੀ ਚਾਹੁੰਦੇ ਹਾ ਕਿ ਆਸ਼ੁਤੋਸ਼ ਦੇ ਮਿਰਤਕ ਸਰੀਰ ਦਾ ਪੋਸਟਮਾਰਟਮ ਕਰਵਾਇਆ ਜਾਵੇ ਅਤੇ ਇਹ ਪਤਾ
ਤਾਂ ਲੱਗੇ ਕਿ ਓਹ ਸਮਾਧੀ ਵਿੱਚ ਤਾਂ ਨਹੀਂ ਹਨ ਅਤੇ ਜੇ ਮੌਤ ਹੋਈ ਹੈ ਤਾਂ ਕਿਵੇ ਹੋਈ ਹੈ ਅਤੇ
ਕੀਹ ਕਾਰਨ ਹੈ। ਕਿਸੇ ਨੇ ਕੋਈ ਜਹਿਰ ਦੇਕੇ ਜਾਂ ਗੱਲ ਘੁੱਟਕੇ ਜਾ ਕਿਸੇ ਹੋਰ ਤਰੀਕੇ ਕਤਲ ਤਾਂ
ਨਹੀਂ ਕੀਤਾ। ਇਸ
ਸੱਚ ਸਾਹਮਣੇ ਆਉਣਾ ਬੜਾ ਜਰੂਰੀ ਹੋ ਗਿਆ ਹੈ। ਸੋ ਅਜਿਹੇ ਹਲਾਤਾਂ ਵਿੱਚ ਅੱਜ
ਬਾਦਲ ਸਰਕਾਰ ਨੂੰ ਆਪਨੇ ਹੱਥਾਂ ਨਾਲ ਦਿੱਤੀਆਂ ਗੰਢਾਂ ਮੁੰਹ ਨਾਲ ਖੋਲ੍ਹਣੀਆਂ ਪੈਣੀਆਂ ਹਨ।