* ਸਾਧਵੀ ਨੂੰ ਸਿਰੋਪਾ ਦੇਣ ਵਾਲੇ ਮਨਜਿੰਦਰ
ਸਿੰਘ ਸਿਰਸਾ ਨੂੰ ਅਕਾਲੀ ਦਲ ਵਿੱਚੋ ਬਰਖਾਸਤ ਕਰਕੇ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ
ਅੰਮ੍ਰਿਤਸਰ
3 ਦਸੰਬਰ (ਜਸਬੀਰ ਸਿੰਘ) ਸ੍ਰ ਹਰਵਿੰਦਰ ਸਿੰਘ ਸਰਨਾ ਨੇ ਭਾਜਪਾ ਦੀ ਕੇਂਦਰੀ ਮੰਤਰੀ ਨਿਰੰਜਨ
ਸਾਧਵੀ ਵੱਲੋ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਇੱਕ ਸਮਾਗਮ ਵਿੱਚ ਸਮੂਹ ਗੈਰ ਹਿੰਦੂ ਧਰਮਾਂ
ਦੇ ਲੋਕਾਂ ਤੇ ਭਾਜਪਾ ਤੋ ਇਲਾਵਾ ਬਾਕੀ ਸਾਰੀਆ ਪਾਰਟੀਆ ਦੇ ਆਗੂਆ ਤੇ ਵਰਕਰਾਂ ‘ਤੇ ਕੀਤੀ ਗਈ
ਭੱਦੀ ਟਿੱਪਣੀ ਦੀ ਨਿਖੇਧੀ ਕਰਦਿਆ ਕਿਹਾ ਕਿ ਜਿਸ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦੇ
ਸਮਾਗਮ ਵਿੱਚ ਸਾਧਵੀ ਵੱਲੋ ਭੱਦੀ ਟਿੱਪਣੀ ਕੀਤੀ ਗਈ ਹੈ ਉਸ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ)
ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਬਿਨਾਂ ਕਿਸੇ ਦੇਰੀ ਤੋ ਬਰਖਾਸਤ ਕਰਕੇ ਗੁਰੂ ਸਾਹਿਬ
ਦੁਆਰਾ ਸਾਜੇ ਗਏ ਨਿਆਰੇ ਸਿੱਖ ਪੰਥ ਦੀਆ ਪਰੰਪਰਾਵਾਂ ਤੇ ਪਹਿਰਾ ਦੇਣ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ਼੍ਰੋਮਣੀ
ਅਕਾਲੀ ਦਲ ਦੀ ਸਿਰਜਣਾ ਉਸ ਸ੍ਰੀ ਅਕਾਲ ਤਖਤ ਸਾਹਿਬ ਤੋ ਅਰਦਾਸ ਕਰਕੇ ਕੀਤੀ ਗਈ ਸੀ ਜਿਸ ਦੀ
ਬੁਨਿਆਦ ਮੀਰੀ ਪੀਰੀ ਦੇ ਮਾਲਕ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਕਰ ਕਮਲਾਂ
ਨਾਲ ਕੀਤੀ ਸੀ। ਉਹਨਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ
ਨਵੀਨਤਮ ਸਿੱਖ ਧਰਮ ਦੀ ਬੁਨਿਆਦ ਰੱਖੀ ਜਦ ਕਿ ਦਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ
ਖਾਲਸਾ ਪੰਥ ਦੀ ਸਿਰਜਣਾ ਕਰਕੇ ਇਸ ਨੂੰ ਨਿਆਰੇ ਪੰਥ ਦਾ ਦਰਜਾ ਦਿੱਤਾ। ਉਹਨਾਂ ਕਿਹਾ ਕਿ ਅਕਾਲੀ
ਦਲ ਦੀ ਸਟੇਜ ਤੋ ਜੋ ਕੁਝ ਉਲ ਜਲੂਲ ਸਾਧਵੀ ਨੇ ਬੋਲ ਕੇ ਸਮੂਹ ਘੱਟ ਗਿਣਤੀਆ ਤੇ ਵਿਰੋਧੀ ਸਿਆਸੀ
ਪਾਰਟੀਆ ਨੂੰ ਠੇਸ ਪਹੁੰਚਾਈ
ਹੈ ਉਸ ਲਈ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੀ ਬਰਾਬਰ ਦੇ ਜਿੰਮੇਵਾਰ
ਹਨ। ਉਹਨਾਂ ਕਿਹਾ ਕਿ ਸਿੱਖ ਪੰਥ ਦੇ ਮੁੱਢਲੇ ਸਿਧਾਂਤ ਅਨੁਸਾਰ ਜੋ
ਕੁਝ ਸਾਧਵੀ ਨੇ ਕਿਹਾ ਹੈ ਉਹ ਪੂਰੀ ਤਰਾ ਪੰਥਕ ਰਵਾਇਤਾਂ ਦੇ ਉਲਟ ਹੈ ਅਤੇ ਅਜਿਹੀ ਭੱਦੀ ਭਾਸ਼ਾਂ
ਵਤਰਣ ਵਾਲੀ ਸਾਧਵੀ ਨੂੰ ਸਿਰੋਪਾ ਪਾ ਕੇ ਸਿਰਸੇ ਨੇ ਜਿਹੜੀ ਬੱਜਰ ਗਲਤੀ ਕੀਤੀ ਹੈ ਉਸ
ਲਈ ਸਿਰਸੇ ਨੂੰ ਬਿਨਾਂ ਕਿਸੇ ਦੇਰੀ ਤੋ ਅਕਾਲੀ ਦਲ ‘ਚੋ ਬਰਖਾਸਤ ਕੀਤਾ ਜਾਵੇ ਅਤੇ ਪੰਥਕ ਮਰਿਆਦਾ
ਅਨੁਸਾਰ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਸਿਰੋਪਾ ਸਿਰਫ ਉਸ ਵਿਅਕਤੀ ਨੂੰ ਹੀ ਦਿੱਤਾ ਜਾ
ਸਕਦਾ ਹੈ ਜਿਸ ਨੇ ਪੰਥ ਲਈ ਕੋਈ ਕੁਰਬਾਨੀ ਕੀਤੀ ਹੋਵੇ ਪਰ ਸਿਰਸੇ ਨੇ ਤਾਂ ਘੱਟ ਗਿਣਤੀਆ ਪ੍ਰਤੀ
ਭੱਦੀ ਭਾਸ਼ਾ ਵਰਤਣ ਵਾਲੀ ਸਾਧਵੀ ਨੂੰ ਸਿਰੋਪਾ ਦੇ ਕੇ ਸਿਰੋਪਾ ਪਰੰਪਰਾ ਨੂੰ ਵੀ ਨੁਕਸਾਨ
ਪਹੁੰਚਾਇਆ ਹੈ।
ਪੰਥਕ ਪਰੰਪਰਾਵਾਂ ਤੇ ਮਰਿਆਦਾ ਤੇ ਪਹਿਰਾ ਦੇਣ ਵਾਲੀਆ ਸੰਸਥਾਵਾਂ ਸ੍ਰੀ
ਅਕਾਲ ਤਖਤ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਚੁੱਪ ਤੇ ਵੀ ਹੈਰਾਨੀ ਪ੍ਰਗਟ ਕਰਦਿਆ
ਸ੍ਰ ਸਰਨਾ ਨੇ ਕਿਹਾ ਕਿ ਮਾਮੂਲੀ ਮਾਮੂਲੀ ਮੁੱਦਿਆ ਨੂੰ ਲੈ ਕੇ ਤਾੜਨਾ ਕਰਨ ਵਾਲੇ ਸ਼੍ਰੋਮਣੀ
ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਤੇ ਬਾਦਲ ਵਿਰੋਧੀਆ ਨੂੰ ਬਾਰ ਬਾਰ ਅਕਾਲ ਤਖਤ ਸਾਹਿਬ
ਤੇ ਤਲਬ ਕਰਨ ਵਾਲੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਦੀ ਚੁੱਪ ਵੀ ਇਸ ਮੁੱਦੇ ਨੂੰ ਲੈ
ਕੇ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦੀ ਹੈ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਇਹ ਦੋਵੇ
ਪੰਥਕ ਸੰਸਥਾਵਾਂ ਤੁਰੰਤ ਕਾਰਵਾਈ ਕਰਕੇ ਸਿਰਸੇ ਦੇ ਖਿਲਾਫ ਫਤਵਾ ਜਾਰੀ ਕਰਦੀਆ ਪਰ ਚੁੱਪ ਰਹਿਣਾ
ਵੀ ਗੁਨਾਹਗਾਰ ਨੂੰ ਹੋਰ ਸ਼ਹਿ ਦੇਣਾ ਹੈ ਜਿਸ ਨੂੰ ਸਿੱਖ ਪੰਥ ਕਦੇ ਵੀ ਬਰਦਾਸ਼ਤ
ਨਹੀਂ ਕਰੇਗਾ।