ਸ਼ਹੀਦ ਭਾਈ ਦਰਸ਼ਨ ਸਿੰਘ ਬੋਪਾਰਾਏ ਦਾ ਜੱਦੀ ਪਿੰਡ ਘੁੜਾਨੀ
ਨੇੜੇ ਰਾੜਾ ਸਾਹਿਬ ਵਿਖੇ ਹੈ। ਪ੍ਰੰਤੂ ਉਹ ਆਪਣੀ ਕਿਰਤ ਕਮਾਈ ਕਰਨ ਦੀ ਸਹੂਲਤ ਕਾਰਨ
ਪਿਛਲੇ 16 ਸਾਲਾਂ ਤੋਂ ਲੁਧਿਆਣਾ ਨੇੜੇ ਪਿੰਡ ਲੋਹਾਰਾ ਵਿਖੇ ਰਹਿ ਰਹੇ ਸਨ। ਆਪਣੇ
ਪਰਿਵਾਰ ਦਾ ਪੇਟ ਪਾਲਣ ਲਈ ਉਹ ਆਟੋ ਰਿਕਸ਼ਾ ਚਲਾਉਂਦੇ ਸਨ। ਉਨ੍ਹਾਂ ਦੇ ਦੋ ਸਪੁੱਤਰ
ਵੱਡਾ ਗੁਰਪ੍ਰੀਤ ਸਿੰਘ ਅਤੇ ਛੋਟਾ ਜਸਵੰਤ ਸਿੰਘ ਹੈ। ਲੜਕੀ ਅਮਨਪ੍ਰੀਤ ਕੌਰ ਵਿਆਹੀ
ਹੋਈ ਹੈ ਅਤੇ ਮੁੱਲਾਂਪੁਰ ਵਿਖੇ ਰਹਿ ਰਹੀ ਹੈ। ਭਾਈ ਦਰਸ਼ਨ ਸਿੰਘ ਬੋਪਾਰਾਏ ਦਾ ਇਕ
ਭਰਾ ਮੁਖਤਿਆਰ ਸਿੰਘ ਬੋਪਾਰਾਏ ਯੂ.ਪੀ. ਵਿੱਚ ਜ਼ਿਲ੍ਹਾ ਛਾਇਆਪੁਰ ਦੇ ਪਿੰਡ ਬੰਡਾ
ਵਿਖੇ ਰਹਿ ਰਿਹਾ ਹੈ ਅਤੇ ਖੇਤੀਬਾੜੀ ਦੇ ਕੰਮ ਵਿੱਚ ਰੁਝਿਆ ਹੋਇਆ ਹੈ। ਉਸ ਦੇ ਵੀ ਦੋ
ਪੁੱਤਰ ਹਨ ਜਸਵਿੰਦਰ ਸਿੰਘ ਅਤੇ ਕੁਲਵਿੰਦਰ ਹਨ।
ਭਾਈ ਦਰਸ਼ਨ ਸਿੰਘ ਬੀਤੇ 15 ਸਾਲਾਂ ਤੋਂ ਲੁਧਿਆਣਾ ਵਿਖੇ
ਆਟੋ ਰਿਕਸ਼ਾ ਚਲਾ ਰਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਸਿੱਖੀ ਪ੍ਰਤੀ ਵੀ
ਅਤੁੱਟ ਸ਼ਰਧਾ ਸੀ। ਆਪਣੀ ਸਿੱਖੀ ਸੇਵਾ ਸਿਮਰਨ ਦੀ ਰੂਹਾਨੀ ਖੁਰਾਕ ਦੀ ਪੂਰਤੀ ਲਈ ਉਹ
ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਜਾਣਨ ਅਤੇ ਵੱਧ ਤੋਂ ਵੱਧ ਗੁਰੂ ਜਸ ਸੁਣਨ ਲਈ
ਦੇਸ਼-ਵਿਦੇਸ਼ ਵਿੱਚ ਸਿੱਖੀ ਪ੍ਰਚਾਰ ਲਈ ਪ੍ਰਮੁੱਖ ਸਥਾਨ ਰੱਖਦੇ ਸਨ।
ਲੁਧਿਆਣਾ ਵਿਖੇ ਰੋਸ ਮਾਰਚ ਬਾਰੇ ਵੀ ਜਦੋਂ ਉਨ੍ਹਾਂ ਨੇ
ਅਪੀਲ ਪੜ੍ਹੀ ਤਾਂ ਉਹ ਆਪਣੇ-ਆਪ ਨੂੰ ਰੋਕ ਨਹੀਂ ਸਕੇ ਅਤੇ ਉਸ ਜੱਥੇ ਦੀ ਪਹਿਲੀ ਕਤਾਰ
ਵਿੱਚ ਸ਼ਾਮਿਲ ਹੋ ਗਏ ਜੋ ਪੁਲਿਸ ਦੀਆਂ ਗੋਲੀਆਂ ਅਤੇ ਖਿੱਚ ਧੂਹ ਦਾ ਸਭ ਤੋਂ
ਪਹਿਲਾਂ ਸ਼ਿਕਾਰ ਹੋਇਆ। ਭਾਈ ਦਰਸ਼ਨ ਸਿੰਘ ਦੀ ਸ਼ਹੀਦੀ ਨੇ ਇਤਿਹਾਸ ਦੇ ਉਨ੍ਹਾਂ
ਵਰਕਿਆਂ ਨੂੰ ਫੇਰ ਦੁਹਰਾਇਆ ਹੈ ਕਿ ਸਿੱਖੀ ਦੀ ਜੜ੍ਹ ਗ਼ਰੀਬ ਸਿੱਖਾਂ ਵਿੱਚ ਹੈ ਅਤੇ
ਇਨ੍ਹਾਂ ਗ਼ਰੀਬ ਸਿੱਖਾਂ ਦੀ ਬਦੌਲਤ ਹੀ ਸਿੱਖੀ ਹੋਰ ਧਰਮਾਂ ਤੋਂ ਵਧੇਰੇ ਆਤਮਿਕ ਅਤੇ
ਅਧਿਆਤਮਕ ਤੌਰ ’ਤੇ ਮਜਬੂਤ ਹੋ ਰਹੀ ਹੈ। ਸ਼ਹੀਦ ਭਾਈ ਦਰਸ਼ਨ ਸਿੰਘ ਦੇ ਪਰਿਵਾਰ ਵੱਲੋਂ
ਜੋ ਸਿਦਕ ਅਤੇ ਸਬਰ ਵਿਖਾਇਆ ਜਾ ਰਿਹਾ ਹੈ, ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਸਮੁੱਚੇ
ਪਰਿਵਾਰ ਵਿੱਚ ਸਿੱਖੀ ਦੀ ਮੂਲ ਭਾਵਨਾ ਤਿਆਗ ਅਤੇ ਕੁਰਬਾਨੀ ਕੁੱਟ-ਕੁੱਟ ਕੇ ਭਰੀ ਹੋਈ
ਹੈ।