ਅੰਮ੍ਰਿਤਸਰ
4 ਦਸੰਬਰ (ਜਸਬੀਰ ਸਿੰਘ ) ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ, ਮੀਤ
ਪ੍ਰਧਾਨ ਵਿਰਸਾ ਸਿੰਘ ਬਹਿਲਾ, ਸਪੋਕਸਮੈਂਨ ਸਤਵਿੰਦਰ ਸਿੰਘ ਪਲਾਸੌਰ ਅਤੇ ਪ੍ਰਚਾਰ ਸਕੱਤਰ
ਡਾਂ ਕਾਬਲ ਸਿੰਘ ਤੇ ਸਤਵੰਤ ਸਿੰਘ ਮਾਣਕ ਨੇ
ਸਿੱਖ ਸੰਗਤਾਂ ਦੇ ਨਾਮ ਇੱਕ ਖੁੱਲੀ ਚਿੱਠੀ
ਲਿਖ ਕੇ 10 ਦਸੰਬਰ 2014 ਨੂੰ ਕੌਂਮਾਂਤਰੀ ਪੱਧਰ ਤੇ ਮਨੁੱਖੀ ਅਧਿਕਾਰ ਦਿਵਸ ਮਨਾਉਣ ਦੀ
ਅਪੀਲ ਕਰਦਿਆ ਪਿਛਲੇ ਸਮੇਂ ਦੌਰਾਨ ਸਿੱਖ ਨੌਜਵਾਨਾਂ ਦੇ ਹੋਏ ਘਾਣ ਦੀ ਇੱਕ ਰਿਪੋਰਟ ਪੇਸ਼
ਕੀਤੀ ਹੈ ਜਿਸ ਦਾ ਬਿਊਰਾ ਇਸ ਪ੍ਰਕਾਰ ਹੈ:-
ਗੁਰੂ ਨਾਨਕ ਸਾਹਿਬ ਨੇ ਅਣਖ ਨਾਲ ਜਿਊਣਵਾਲੇ ਨੂੰ, ਸੱਚ ਤੇ ਪਹਿਰਾ
ਦੇਣ ਵਾਲੇ ਨੂੰ, ਪਾਪੀਆਂ ਦਾ ਵਿਰੋਧ ਕਰਨ ਵਾਲੇ ਨੂੰ, ਨਿਮਾਣਿਆ ਦਾ ਮਾਣ ਬਣਨ ਵਾਲੇ ਨੂੰ,
ਨਿਆਸਰਿਆਂ ਦਾ ਆਸਰਾ ਬਣਨ ਵਾਲੇ ਨੂੰ, ਭੇਖੀਆਂ ਦਾ ਵਿਰੋਧ ਕਰਨ ਵਾਲੇ ਨੂੰ ਸਚਿਆਰਾ ਅਤੇ
ਧਰਮੀ ਮਨੁੱਖ ਮੰਨਿਆ ਸੀ। ਉਹਨਾ ਨੇ ਮਾਨਵਤਾ ਨੂੰ ਵੰਡਣ ਵਾਲੀ ਵਰਣਵੰਡ ਵਿਚਾਰਧਾਰਾ, ਮੂਰਤੀ
ਪੂਜਾ, ਅਵਤਾਰਵਾਦ ਦੇ ਖਿਲਾਫ ਜੋਰਦਾਰ ਅਵਾਜ ਬੁਲੰਦ ਕੀਤੀ। ਬਾਬਰ ਵਰਗੇ ਹਾਕਮਾਂ ਨੂੰ
ਜਾਬਰ ਕਹਿ ਕੇ ਲਲਕਾਰਿਆਂ। ਬਸ ਇਹੋ ਸੇਧ ਸੀ ਜਿਸ ਕਾਰਣ ਸਾਕਾ ਨੀਲਾ ਤਾਰਾ ਵਾਪਰਿਆ,
ਨਵੰਬਰ 84 ਵਿੱਚ ਦਿੱਲੀ ਤੇ ਹੋਰਨਾ ਥਾਵਾਂ ਤੇ ਸਿੱਖ ਨਸਲਕੁਸੀ ਹੋਈ ਅਤੇ ਪੰਜਾਬ ਅੰਦਰ
ਚੱਪੇ ਚੱਪੇ ਤੇ 25000 ਸਿੱਖਾ ਦੇ ਝੂਠੇ ਮੁਕਾਬਲਿਆ ਨਾਲ ਧਰਤੀ ਰੰਗੀ ਗਈ।
ਭਾਈ ਜਸਵੰਤ ਸਿੰਘ ਖਾਲੜਾ ਨੇ 25000 ਤੋ
ਉਪਰ ਸਿੱਖ ਨੂੰ ਝੂਠੇ ਮੁਕਾਬਲਿਆ ਵਿੱਚ ਮਾਰਨ ਦੀ ਸਾਜਿਸ਼ ਜਦੋ ਸੰਸਾਰ ਪੱਧਰ ਤੇ ਬੇਨਕਾਬ
ਕੀਤੀ ਤਾਂ ਜੁਲਮ ਦੇ ਇੰਚਾਰਜ ਡੀ.ਜੀ.ਪੀ ਪੰਜਾਬ ਕੇ.ਪੀ ਐਸ ਗਿੱਲ ਨੇ ਆਪਣੇ ਪਾਪਾਂ
ਤੇ ਪੜਦਾ ਪਾਉਣ ਦਾ ਨਾਕਾਮ ਯਤਨ ਕੀਤਾ ਅਤੇ ਕਿਹਾ ਕਿ ‘‘ਨੌਜਵਾਨਾ ਨੂੰ ਝੂਠੇ ਮੁਕਾਬਲਿਆ
ਵਿੱਚ ਮਾਰਨ ਦੀ ਗੱਲ ਝੂਠੀ ਹੈ ਨੌਜਵਾਨ ਤਾਂ ਜਾਅਲੀ ਨਾਵਾਂ ਥੱਲੇ ਵਿਦੇਸ਼ਾ ਵਿੱਚ ਦਿਹਾੜੀਆਂ
ਕਰ ਰਹੇ ਹਨ। ਇਸੇ ਸਮੇਂ ਦੌਰਾਨ ਤਰਨ ਤਾਰਨ ਦੇ ਉਸ ਸਮੇਂ ਦੇ ਐਸ.ਐਸ.ਪੀ ਅਜੀਤ ਸਿੰਘ ਸੰਧੂ
ਨੇ ਵੀ ਅਖਬਾਰਾਂ ਵਿੱਚ ਬਿਆਨਬਾਜੀ ਕਰਦਿਆਂ ਕਿਹਾ ਕਿ ਖਾਲੜਾ ਪੁਲਿਸ ਖਿਲਾਫ ਝੂਠਾ ਪ੍ਰਚਾਰ
ਕਰ ਰਿਹਾ ਹੈ। ਅਦਾਲਤਾਂ ਨੇ ਵੀ ਇਹਨਾ ਵੱਲੋ ਪਾਈਆਂ ਰਿੱਟਾ ਵੀ ਖਾਰਜ ਕਰ ਦਿੱਤੀਆਂ ਹਨ।
ਭਾਈ ਖਾਲੜਾ ਨੂੰ ਸੁਨੇਹੇ ਭੇਜੇ ਗਏ ਕਿ ਉਹ 25000 ਲਾਸ਼ਾਂ ਦਾ ਹਿਸਾਬ ਮੰਗਣਾ ਬੰਦ ਕਰੇ ਨਹੀਂ
ਤਾਂ ਉਹ ਜਿੱਥੇ 25000 ਦਾ ਹਿਸਾਬ ਦੇਣਗੇ ਉਥੇ 25001 ਦਾ ਵੀ ਦੇ ਦੇਣਗੇ। ਗੁਰੂਆਂ ਦੀ ਓਟ
ਲੈ ਕੇ ਚੱਲਿਆਂ ਖਾਲੜਾ ਨਾ ਰੁਕਿਆ ਤੇ ਨਾ ਝੁਕਿਆ, ਸ਼ਮਸ਼ਾਨਘਾਟਾਂ ਦੀ ਖਾਕ ਛਾਣਦਿਆਂ ਉਹਨਾ
ਨੇ ਬਾਬਾ ਗੁਰਬਚਨ ਸਿੰਘ ਮਾਣੋਚਾਹਲ ਦੇ 34 ਜੀਆਂ ਨੂੰ ਲਾਪਤਾ ਕਰਨ ਦਾ ਸੱਚ ਸਾਹਮਣੇ ਲਿਆਦਾਂ।
ਉਹਨਾ ਨੇ ਬਹਿਲਾ ਗੋਲੀ ਕਾਂਡ ਵਿੱਚ ਮਨੁੱਖੀ ਸ਼ੀਲਡ ਬਣਾ ਕੇ ਮਾਰੇ ਗਏ 7 ਵਿਅਕਤੀਆਂ ਬਾਰੇ
ਆਵਜ ਬੁਲੰਦ ਕਰਦਿਆਂ ਨਿਰਪੱਖ ਪੜਤਾਲ ਦੀ ਮੰਗ ਕੀਤੀ। ਉਹਨਾ ਕਿਹਾ ਕਿ ਸੈਂਕੜੇ ਬੀਬੀਆਂ
ਨੂੰ ਵੀ ਥਾਣਿਆਂ ਅੰਦਰ ਤਸੱਦਦ ਦਾ ਸ਼ਿਕਾਰ ਬਣਾ ਕੇ ਲਾਪਤਾ ਕਰ ਦਿਤਾ ਗਿਆ ਹੈ। ਜਦੋ ਉਹਨਾ
ਦੇ ਵਿਰੋਧ ਨੇ ਜਾਲਮਾਂ ਨੂੰ ਕੰਬਣੀਆਂ ਛੇੜ ਦਿੱਤੀਆਂ ਅਤੇ ਆਖਰ ਦੁਸੳਟ ਕੇ.ਪੀ.ਐਸ ਗਿੱਲ
ਅਤੇ ਹਾਂਕਮਾਂ ਦੇ ਇਸ਼ਾਰੇ ਦੇ ਭਾਈ ਖਾਲੜਾ ਨੂੰ 6 ਸਤੰਬਰ 1995 ਨੂੰ 8 ਕਬੀਰ ਪਾਰਕ
ਅੰਮ੍ਰਿਤਸਰ ਤੋ ਅਜੀਤ ਸਿੰਘ ਸੰਧੂ ਤੇ ਉਸਦੀ ਕਾਤਲੀ ਟੀਮ ਨੇ ਘਰੋ ਚੁੱਕ ਕੇ ਸ਼ਹੀਦ ਕਰ
ਦਿੱਤਾ।
"ਪਾਪੀ ਕੋ ਮਾਰਨੇ ਕੇ ਲੀਏ ਪਾਪ ਮਹਾਂਬਲੀ
ਹੈ"। ਸ੍ਰ ਖਾਲੜਾ ਦੇ ਕਤਲ ਕੇਸ ਵਿੱਚ ਅਜੀਤ ਸਿੰਘ ਸੰਧੂ ਜਦੋ ਦੋਸ਼ੀ ਬਣਿਆ ਤਾਂ
ਵਰਦੀ ਵਿੱਚ ਸ਼ੇਰ ਨਜਰ ਆਉਦਾ ਦੁਸ਼ਟ ਗਿੱਦੜ ਦਾ ਰੂਪ ਧਾਰ ਗਿਆ ਅਤੇ ਰੇਲ ਗੱਡੀ ਥੱਲੇ ਆ ਕੇ
ਆਤਮ ਹੱਤਿਆ ਕਰ ਲਈ। ਸੁਪਰੀਮ ਕੋਰਟ ਵੱਲੋਂ ਭਾਈ ਖਾਲੜਾ ਦੇ ਕਤਲ ਦੀ ਪੜਤਾਲ ਸੀ.ਬੀ.ਆਈ
ਨੂੰ ਸੌਂਪੀ ਗਈ ਅਤੇ ਨਾਲ ਹੀ ਸੁਪਰੀਮ ਕੋਰਟ ਨੇ ਉਹਨਾ ਦੇ ਬਿਆਨ ਦੇ ਆਧਾਰ ਤੇ 3
ਸ਼ਮਸ਼ਾਨਘਾਟਾਂ ਦੀ ਪੜਤਾਲ ਦਾ ਹੁੱਕਮ ਸੀ.ਬੀ.ਆਈ ਨੂੰ ਦਿੱਤਾ। ਸੀ.ਬੀ.ਆਈ ਨੇ ਆਪਣੀ ਪੜਤਾਲ
ਵਿੱਚ ਅੰਮ੍ਰਿਤਸਰ, ਤਰਨ ਤਾਰਨ, ਪੱਟੀ, ਦੀਆਂ ਸ਼ਮਸ਼ਾਨਘਾਟਾਂ ਦੀ ਪੜਤਾਲ ਕਰਦੇ ਸਮੇਂ ਮੰਨਿਆ
ਕਿ 585 ਲਾਸ਼ਾ ਪੂਰੀ ਤਰਾਂ ਪਛਾਣੀਆਂ ਗਈਆਂ ਹਨ, 274 ਅੱਧ-ਪਚੱਧੀਆਂ ਅਤੇ 1238 ਲਾਸ਼ਾ ਦੀ
ਪਛਾਣ ਨਹੀਂ ਹੋ ਸਕੀ।
ਸੀ.ਬੀ.ਆਈ
ਨੇ ਅੱਗੇ ਤੋ ਕਾਰਵਾਈ ਕਰਨ ਤੋ ਇਨਕਾਰ ਕਰਨ ਤੇ ਸੁਪਰੀਮ ਕੋਰਟ ਨੇ ਬਾਕੀ ਕੰਮ ਕੌਮੀ ਮਨੁੱਖੀ
ਅਧਿਕਾਰ ਕਮਿਸ਼ਨ ਨੂੰ ਸੋਂਪ ਦਿੱਤਾ। ਐਨ. ਐਚ ਆਰ ਸੀ ਨੇ ਡੰਗ ਟਪਾਊ ਮੁਆਵਜਾ ਦੇ ਕੇ ਕੰਮ
ਸਾਰ ਲਿਆ ਅਤੇ ਪੂਰੇ ਮਾਮਲੇ ਤੇ ਪੜਦਾਪੋਸ਼ੀ ਕਰਨ ਦਾ ਹਰ ਯਤਨ ਕੀਤਾ। 532 ਲਾਸ਼ਾ ਦੀ ਅੱਜ
ਤੱਕ ਵੀ ਪਛਾਣ ਕਰਨ ਵਿੱਚ ਐਨ.ਐਚ.ਆਰ.ਸੀ ਅਸਫਲ ਰਿਹਾ ਭਾਵੇ ਕਿ ਇਹਨਾ ਲਾਸ਼ਾ ਦੇ ਵਾਰਸਾਂ
ਨੇ ਕਮਿਸ਼ਨ ਸਾਹਮਣੇ ਲੱਖ ਦਾਅਵੇ ਕੀਤੇ। ਭਾਰਤ ਦੀ ਸੁਪਰੀਮ ਕੋਰਟ ਸਾਹਮਣੇ 195 ਕੇਸਾ ਵਿੱਚ
ਮੰਨਿਆ ਗਿਆ ਕਿ ਇਹ ਲੋਕ ਪੁਲਿਸ ਦੀ ਹਿਰਾਸਤ ਵਿੱਚ ਕਤਲ ਹੋਏ ਹਨ, ਪਰ ਕਾਤਲਾ ਖਿਲਾਫ
ਕਾਰਵਾਈ ਫਿਰ ਵੀ ਨਾ ਹੋਈ। ਆਖਰ ਸੁਪਰੀਮ ਕੋਰਟ ਨੇ ਐਨ.ਐਚ.ਆਰ.ਸੀ ਦੇ ਇਸ ਸਟੈਡ ਲੈਣ ਤੇ
ਕਿ ਸਮੁੱਚੇ ਸਪੰਜਾਬ ਅੰਦਰ ਲਵਾਰਿਸ ਲਾਸ਼ਾਂ ਦੀ ਪੜਤਾਲ ਕਰਨ ਸਮੇਂ ਪੈਸੇ ਦੀ ਅਤੇ ਸਮੇ ਦੀ
ਬਰਬਾਦੀ ਹੋਵੇਗੀ, ਸਮੁੱਚੇ ਪੰਜਾਬ ਅੰਦਰ ਪੜਤਾਲ ਦੇ ਹੁਕਮ ਦੇਣੋ ਇਨਕਾਰ ਕਰ ਦਿੱਤਾ।
ਚੰਡੀਗੜ ਵਿੱਚ ਪੰਜਾਬ ਪੁਲਿਸ ਦੇ ਮੁਖੀਆਂ ਕੇ.ਪੀ.ਐਸ ਗਿੱਲ ਅਤੇ ਐਸ.ਐਸ.ਵਿਰਕ ਨੇ ਪ੍ਰੈਸ
ਕਾਨਫਰੰਸ ਕਰਦਿਆ ਜੁਰਮਾ ਦਾ ਇਕਬਾਲ ਕਰਦਿਆਂ ਕਿਹਾ ਕਿ "ਖਾੜਕੂਵਾਦ
ਸਮੇ ਦੌਰਾਨ ਉਹਨਾਂ ਨੇ ਕਈ ਗੈਰਕਾਨੂੰਨ ਕਾਰੇ ਕੀਤੇ ਹਨ ਅਤੇ ਅਜੇ ਵੀ 300 ਪੁਲਿਸ ਕੈਂਟ
ਪੁਲਿਸ ਦੀ ਹਿਰਾਸਤ ਵਿੱਚ ਹਨ"।
ਖਾਲਸਾ ਜੀਓ ਸਿੱਖ ਪੰਥ ਨਾਲ ਬਾਦਲ ਕੇ ਠੱਗੀ ਮਾਰ ਕੇ ਰਾਜ ਭਾਗ ਦੇ
ਮਾਲਕ ਬਣ ਗਏ ਹਨ ਚੋਣਾ ਦੌਰਾਨ ਵਾਅਦੇ ਕਰਦੇ ਰਹੇ ਕਿ ਮਨੁੱਖੀ ਅਧਿਕਾਰਾਂ ਦੀ ਪੜਤਾਲ ਕਰਾਈ
ਜਾਵੇਗੀ। ਸੱਜਣ ਠੱਗ ਦਾ ਰੂਪ ਧਾਰਦਿਆਂ ਪੜਤਾਲ ਕਰਾਉਣੀ ਤਾਂ ਇੱਕ ਪਾਸੇ ਸਗੋ ਜਸਟਿਸ
ਕੁਲਦੀਪ ਸਿੰਘ ਦੀ ਅਗਵਾਈ ਵਿੱਚ ਬਣਿਆ ਲੋਕ ਕਮਿਸ਼ਨ ਵੀ ਬੰਦ ਕਰਵਾ ਦਿੱਤਾ। ਉਸਨੇ ਸਾਬਤ ਕਰ
ਦਿੱਤਾ ਕਿ "ਭੋਲਿਓ ਸਿੱਖੋ ਤੁਸੀ ਇੱਲ ਦੇ ਆਲਣੇ ਵਿੱਚੋ ਮਾਸ
ਭਾਲਦੇ ਹੋ, ਮੈਂ ਤਾਂ ਝੂਠੇ ਮੁਕਾਬਲਿਆਂ ਦੇ ਗੁਨਾਹਗਾਰਾਂ ਦਾ ਸਾਥੀ ਹਾਂ।" ਬਾਦਲ
ਸਰਕਾਰ ਨੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਲਈ ਲਿੱਟੀਗੇਸ਼ਨ ਸੈੱਲ ਕਾਇਮ ਕਰ ਦਿੱਤਾ।
ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਨੂੰ ਤੇ ਪੰਥ ਨੂੰ ਲਗਾਤਾਰ ਧੋਖਾ ਦਿੱਤਾ ਗਿਆ। ਬਾਦਲਕਿਆ
ਨੇ ਹੋਰ ਭਾਜੀ ਚਾੜਦਿਆ ਝੂਠੇ ਮੁਕਾਬਲਿਆ ਦੇ ਮਾਹਿਰ ਸਾਬਕਾ ਡੀ.ਜੀ.ਪੀ ਇਜਹਾਰ ਆਲਮ ਨੂੰ
ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾ ਕੇ ਉਹਨਾਂ ਦੀ ਪਤਨੀ ਵਿਧਾਨ ਸਭਾ ਦਾ ਮੈਂਬਰ ਬਣਾ ਦਿੱਤਾ।
ਉਮਰਾਨੰਗਲ ਵਰਗੇ ਪੁਲਿਸ ਅਧਿਕਾਰੀ
ਜੋ ਸਖਪਾਲ ਸਿੰਘ ਅਤੇ ਹੋਰਨਾ ਦੇ ਝੂਠੇ ਮੁਕਾਬਲੇ ਬਣਾਉਣ ਦੇ ਦੋਸ਼ੀ ਹਨ ਨੂੰ ਲਗਾਤਾਰ
ਤਰੱਕੀਆਂ ਦਿੱਤੀਆਂ ਗਈਆਂ। ਬਾਦਲਕਿਆਂ ਦੀਆਂ ਨਜਰਾਂ ਵਿੱਚ ਪੰਜਾਬ ਦੇ ਮੌਜੂਦਾ ਡੀ.ਜੀ.ਪੀ
ਜੋ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਦੋਸ਼ੀ ਹੈ ਉਹ ਸਤਵਾਦੀ ਹੈ ਅਤੇ ਭਾਈ ਦਵਿੰਦਰਪਾਲ ਸਿੰਘ
ਭੁੱਲਰ ਬਾਰੇ ਸੁਪਰੀਮ ਕੋਰਟ ਵਿੱਚ ਹਲਫੀਆ ਬਿਆਨ ਦੇ ਕੇ ਕਿਹਾ ਗਿਆ ਕਿ ਭੁੱਲਰ ਅੱਤਵਾਦੀ
ਹੈ, ਉਹ ਫਾਂਸੀ ਦੀ ਸਜਾ ਤੋ ਬਚਣ ਲਈ ਸ਼੍ਰੀ ਸੈਣੀ ਉਪਰ ਆਪਣੇ ਰਿਸ਼ਤੇਦਾਰਾਂ ਨੂੰ ਮਾਰਨ ਦਾ
ਦੋਸ਼ ਲਾ ਰਿਹਾ ਹੈ। ਹੁਣੇ ਹੁਣੇ ਸੁਖਦੇਵ ਸਿੰਘ ਢੀਡਸਾ ਜੋ ਬਾਦਲ ਦਲ ਦਾ ਆਗੂ ਹੈ ਨੇ ਮੰਗੀ
ਕੀਤੀ ਹੈ ਕਿ ਸਾਕਾ ਨੀਲਾ ਤਾਰਾ ਦੇ ਦੋਸ਼ੀਆਂ ਨੂੰ ਦਿੱਤੇ ਗਈ ਸਨਮਾਨ ਵਾਪਿਸ ਲਏ ਜਾਣ, ਜਦੋ
ਕਿ ਬਾਦਲਕਿਆਂ ਨੇ ਖੁਦ ਜੂਨ 84 ਵਿੱਚ ਹਰਿਮੰਦਰ ਸਾਹਿਬ ਅੰਦਰ ਫੌਜ ਨੂੰ ਲਿਖਤੀ ਰੂਪ ਵਿੰਚ
ਅੰਦਰ ਜਾਣ ਦੀ ਆਗਿਆ ਦੇਣ ਵਾਲੇ ਉਸ ਸਮੇਂ ਦੇ ਡੀ.ਸੀ ਰਮੇਸ਼ਇੰਦਰ ਸਿੰਘ ਨੂੰ ਲਗਾਤਾਰ
ਤਰੱਕੀਆ ਦਿੱਤੀਆਂ। ਹਰਿਮੰਦਰ ਸਾਹਿਬ ਸਮੂਹ ਅੰਦਰੋ ਫੌਜੀ ਹਮਲੇ ਦੇ ਸਾਰੇ ਨਿਸ਼ਾਨ ਮਿਟਾ
ਦਿੱਤੇ ਗਏ ਅਤੇ ਸਾਕਾ ਨੀਲਾ ਤਾਰਾ ਬਾਰੇ ਨਾ ਕੋਈ ਪੜਤਾਲ ਕਰਵਾਈ ਨਾ ਦੋਸ਼ੀਆਂ ਖਿਲਾਫ
ਐਫ.ਆਈ.ਆਰ ਦਰਜ ਕੀਤੀ। ਇਹਨਾਂ ਆਗੂਆਂ ਨੇ ਕੇਂਦਰੀ ਆਗੂਆਂ ਨੂੰ ਗੁਪਤ ਚਿੱਠੀਆਂ ਲਿਖ ਕੇ
ਅਤੇ ਗੁਪਤ ਮੀਟਿੰਗਾਂ ਕਰ ਕੇ ਇੰਦਰਾਕਿਆਂ, ਭਾਜਪਾਕਿਆਂ ਨਾਲ ਰਲ ਕੇ ਸਾਕਾ ਨੀਲਾ ਤਾਰਾ ਤੋ
ਪਹਿਲਾਂ ਫੌਜ ਭੇਜਣ ਲਈ ਸਾਂਝੀ ਯੋਯਨਾਬੰਦੀ ਕੀਤੀ। ਕਿਉਕਿ ਆਪਣਾ ਰਾਜਨੀਤਿਕ ਜੀਵਨ ਬਚਾਉਣ
ਲਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਦਾ ਜੀਵਨ ਖਤਮ ਕਰਨਾਂ ਜਰੂਰੀ ਸੀ। ਗੁਨਾਹਗਾਰਾਂ
ਨੂੰ ਆਪਣੀ ਬੁੱਕਲ ਵਿੱਚ ਛੁਪਾਕੇ ਕਿਹੜੇ ਮੂੰਹ ਨਾਲ ਬਾਦਲ ਕੇ ਸਾਕਾ ਨੀਲਾ ਤਾਰਾ ਦੇ
ਦੋਸ਼ੀਆਂ ਬਾਰੇ ਬਿਆਨਬਾਜੀ ਕਰ ਰਹੇ ਹਨ।
ਜੁਲਮ ਦੀ ਸਿਖਰ ਬਾਰੇ 1994 ਵਿੱਚ ਗ੍ਰਹਿ ਰਾਜ ਮੰਤਰੀ ਰਾਜੇਸ
ਪਾਇਲਟ ਦੱਸਦਾ ਹੈ ਕਿ 67000 ਲੋਕ ਪੰਜਾਬ ਵਿੱਚੋ ਟਾਂਡਾ ਅਧੀਨ ਬੰਦੀ ਬਣਾਏ ਗਏ ਅਤੇ
50000 ਕੇਸਾ ਵਿੱਚ ਗਲਤ ਟਾਂਡਾ ਲਾਗੂ ਕੀਤਾ ਗਿਆ। ਸਿਰਫ 725 ਕੇਸਾਂ ਵਿੱਚ ਹੀ ਸਜਾ ਹੋਈ।
ਅੱਜ ਵੀ ਸਿੱਖ ਨੌਜਵਾਨ 24-25 ਸਾਲ ਤੋ ਜੇਲਾਂ ਵਿੱਚ ਜਵਾਨੀਆਂ ਗਾਲ ਰਹੇ ਹਨ ਅਤੇ ਪੰਜਾਬ
ਸਰਕਾਰ ਕਹਿ ਰਹੀ ਹੈ ਸਾਡੇ ਵਸ ਦੀ ਗੱਲ ਨਹੀਂ। ਕਾਨੂੰਨ ਦੇ ਰਖਵਾਲਿਆ ਕੋਲੋ ਪੁੱਛਦਾ ਬਣਦਾ
ਹੈ ਕਿ ਬੀਬੀ ਗੁਰਮੇਜ ਕੌਰ ਮਾਣੋਚਾਹਲ ਦਾ ਕਸੂਰ ਕੀ ਸੀ ? ਜੁਲਮ ਦੀ ਹੱਦ ਉਦੋ ਹੋ ਗਈ ਜਦੋ
ਬੀਬੀ ਸੁਰਿੰਦਰ ਕੌਰ ਤਰਨ ਤਾਰਨ ਜੋ ਕਿਸੇ ਸਕੂਲ ਦੀ ਪ੍ਰਿੰਸੀਪਲ ਸੀ ਨੂੰ ਜਿਊਂਦੀ ਨੂੰ
ਨਹਿਰ ਵਿੱਚ ਰੋੜ ਦਿੱਤਾ ਗਿਆ ਪਰ ਉਹ ਵਿਚਾਰੀ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਭਾਣਾ
ਮੰਨ ਰਹੀ ਸੀ। ਲਗਭੱਗ 950 ਬੀਬੀਆਂ ਸਰਕਾਰੀ ਅੱਤਵਾਦ ਦਾ ਸ਼ਿਕਾਰ ਹੋਈਆਂ ਅਤੇ ਘਰਾਂ ਤੋ
ਗ੍ਰਿਫਤਾਰ ਕਰਕੇ ਲਾਪਤਾ ਕਰ ਦਿੱਤੀਆ ਗਈਆਂ। ਪਿੱਛੇ ਜਿਹੇ ਤਰਨ ਤਾਰਨ ਜਿਲੇ ਦੇ ਸੁਰਜੀਤ
ਸਿੰਘ ਨਾ ਦੇ ਸਬ ਇੰਸਪੈਕਟਰ ਨੇ 83 ਝੂਠੇ ਮੁਕਾਬਲਿਆ ਦਾ ਖੁਲਾਸਾਂ ਕਰਦਿਆ ਉੱਚ ਅਧਿਕਾਰੀਆਂ
ਨੂੰ ਜਿੰਮੇਵਾਰ ਠਹਿਰਾਇਆ ਸੀ ਨਾ ਕਿਸੇ ਅਦਾਲਤ ਨੇ ਅਤੇ ਨਾ ਕਿਸੇ ਕਮਿਸ਼ਨ ਨੇ ਇਸ ਦਾ
ਨੌਟਿਸ ਲਿਆ।
ਜੁਲਮ ਦੀ ਇੱਥ ਹੋਰ ਵਾਰਤਾ ਇਸ ਤਰ੍ਹਾਂ ਹੈ ਕਿ 23 ਅਪ੍ਰੈਲ 1998
ਨੂੰ ਸੁਰਜੀਤ ਸਿੰਘ ਨਾਂ ਦੇ ਨਹਿਰੀ ਮਹਿਕਮੇ ਦੇ ਮੁਲਾਜਮ ਨੇ ਸੀ ਬੀ ਆਈ ਨੂੰ ਆਪਣਾ ਬਿਆਨ
ਦਰਜ ਕਰਾਉਂਦਿਆ ਇੰਕਸੳਾਫ ਕੀਤਾ ਕਿ ‘‘ਉਹ ਲਗਾਤਾਰ ਰਾਜਸਥਾਨ ਨਹਿਰ ਵਿੱਚ ਲਾਸ਼ਾ ਰੁੜੀਆ
ਜਾਂਦੀਆ ਵੇਖਦਾ ਸੀ ਪਰ ਇਸ ਬਾਰੇ ਕੋਈ ਕਾਰਵਾਈ ਆਪਣੇ ਉੱਚ ਅਧਿਕਾਰੀ ਦੀ ਮਰਜੀ ਤੋ ਬਿਨ੍ਹਾਂ
ਨਹੀਂ ਸੀ ਕਰ ਸਕਦਾ। ਉਸ ਨੇ ਅਹਿਮ ਪ੍ਰਗਟਾਵਾ ਕਰਦਿਆਂ ਕਿਹਾ ਕਿ ਵੱਡੀਆ ਵੱਡੀਆ ਮੱਛੀਆਂ
ਲਾਸ਼ ਨੂੰ ਨਹਿਰ ਵਿੱਚ ਰੋੜੇ ਜਾਣ ਦੇ 3-4 ਘੰਟੇ ਅੰਦਰ ਹੀ ਖਾ ਜਾਂਦੀਆਂ ਹਨ ਅਤੇ ਉਹਨਾਂ
ਦੀਆ ਹੱਡੀਆਂ ਰਾਜਸਥਾਨ ਪਹੁੰਚ ਜਾਂਦੀਆਂ ਹਨ। ਉਸ ਨੇ ਦਿਲ ਕੰਬਾਊ ਘਟਨਾ ਦੇ ਵੇਰਵੇ
ਦਿੰਦਿਆਂ ਕਿਹਾ ਕਿ ਇਹ ਵਾਰ ਐਸ.ਐਸ.ਪੀ ਅਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਪੁਲਿਸ ਅਫਸਰਾਂ
ਦੀ ਟੀਮ ਨੇ 19 ਲਾਸ਼ਾਂ ਹਰੀਕੇ ਨਹਿਰ ਵਿੰਚ ਰੋੜਣ ਲਈ ਲਿਆਦੀਆਂ। ਸ਼ਾਮ ਦਾ ਸਮਾਂ ਸੀ ਉਹ
ਕੰਮ ਤੋ ਘਰ ਨੂੰ ਪਰਤ ਰਿਹਾ ਸੀ ਐਸ.ਐਸ.ਪੀ ਨੇ ਉਸ ਨੂੰ ਰੋਕਿਆ ਉਸ ਨੂੰ ਚਿਹਰਾ ਢੱਕਣ ਅਤੇ
ਅੱਖਾਂ ਬੰਦ ਕਰਨ ਦੇ ਹੁਕਮ ਦਿੱਤੇ ਗਏ, ਇਹ ਵੀ ਕਿਹਾ ਗਿਆ ਕਿ ਜੇ ਕੋਈ ਰੌਲਾ ਰੱਪਾ ਪਾਇਆ
ਤਾਂ ਗੋਲੀ ਮਾਰ ਕੇ ਉਸਦੀ ਲਾਸ਼ ਵੀ ਨਹਿਰ ਵਿੱਚ ਰੋੜ ਦਿਤੀ ਜਾਵੇਗੀ। ਘੰਟਾ-ਡੇਢ ਘੰਟਾ ਉਥ
ਖੜਾ ਰਹਿਣ ਤੋ ਬਾਅਦ ਉਸ ਨੂੰ ਜਾਣ ਦੀ ਆਗਿਆ ਦਿੱਤੀ ਗਈ।
ਖਾਲਸਾ ਜੀਓ ਬਾਦਲ ਸਰਕਾਰ ਪੰਜਾਬ ਦੇ ਸਾਬਕਾ ਗਵਰਨਰ ਐਸ.ਐਸ ਰੇਅ ਜੋ
ਝੂਠੇ ਮੁਕਾਬਲਿਆ ਦਾ ਦੋਸ਼ੀ ਮੰਨਿਆਂ ਜਾਂਦਾ ਹੈ ਦੀ ਮੌਤ ਤੇ ਪੰਜਾਬ ਸਰਕਾਰ ਦਾ ਝੰਡਾਂ ਨੀਵਾ
ਕਰਦੀ ਹੈ। ਪਰ 6 ਜੂਨ 1984, 1ਨਵੰਬਰ 1984, 6 ਸਬਤੰਬਰ 1995 ਨੂੰ ਅਜਿਹਾ ਨਹੀਂ ਕੀਤਾ
ਜਾਂਦਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ
ਥਾਣੇ ਅੰਦਰ ਜਬਰ-ਜੁਲਮ ਦਾ ਸ਼ਿਕਾਰ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ। ਪੁਲਸ ਅੱਜ ਵੀ ਕਹਿ ਰਹੀ
ਕਿ ਭਾਈ ਕਾਉਂਕੇ ਪੁਲਿਸ ਦੀ ਹਿਰਾਸਤ ਵਿੱਚੋ ਭਗੋੜਾ ਹੈ। ਇਸ ਕਤਲ ਦੀ ਪੜਤਾਲ ਲਈ ਬਣੀ
ਬੀ.ਪੀ ਤਿਵਾੜੀ ਕਮੇਟੀ ਦੀ ਰਿਪੋਰਟ ਬਾਦਲ ਸਰਕਾਰ ਨੇ ਅੱਜ ਤੱਕ ਨੱਪੀ ਹੋਈ ਹੈ। ਸ਼੍ਰੀ
ਅਕਾਲ ਤਖਤ ਸਾਹਿਬ ਤੇ ਸੇਵਾ ਨਿਭਾ ਰਹੇ ਜਥੇਦਾਰ ਵੀ ਅੱਜ ਤੱਕ ਭਾਈ ਕਾਉਂਕੇ ਦੀ ਸ਼ਹੀਦੀ ਦਾ
ਨਿਆ ਨਹੀਂ ਪ੍ਰਾਪਤ ਕਰ ਸਕੇ। ਕਿੱਲੀ ਬੋਤਲਾਂ ਕਾਂਡ ਦੀ ਕਹਾਣੀ ਸੁਣਦਿਆ ਕਲੇਜਾ ਮੂੰਹ ਨੂੰ
ਆ ਜਾਂਦਾ ਹੈ। ਜਿਸ ਵਿੱਚ ਬੀਬੀਆਂ ਨੂੰ ਗਰਮ ਲੁੱਕ ਪਾ ਕੇ ਤਸੀਹੇ ਦਿੱਤੇ ਜਾਂਦੇ ਰਹੇ ਅਤੇ
ਕਿਹਾ ਗਿਆ ਕਿ ਇਸ ਪਰਿਵਾਰ ਦੇ ਜੀਅ ਕਰਾਸ-ਫਾਇੰਰਿੰਗ ਵਿੰਚ ਮਾਰੇ ਗਏ ਹਨ। ਧੱਕੇਸ਼ਾਹੀ ਦੀ
ਸ਼ਿਖਰ ਹੈ ਕਿ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੀ ਪੜਤਾਲ ਨਾ ਕਿਸੇ ਸਰਕਾਰੀ ਕਮਿਸ਼ਨ ਨੇ
ਕੀਤੀ ਅਤੇ ਨਾ ਪ੍ਰਾਈਵੇਟ ਕਮਿਸ਼ਨ ਨੂੰ ਕਰਨ ਦਿੱਤੀ ਗਈ।
ਸੋ ਖਾਲਸਾ ਜੀ ਆਖਰ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ
ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਪਾਲ ਸਿੰਘ ਫਰਾਂਸ, ਅਤੇ ਬੇਅੰਤ ਕਾਂਡ
ਵਿੱਚ ਸ਼ਾਮਿਲ ਸਿੱਖ ਨਜਰਬੰਦਾਂ ਦੀ ਰਿਹਾਈ ਲਈ ਜੋਰਦਾਰ ਆਵਾਜ ਬੁਲੰਦ ਕਰਦੇ ਹੋਏ ਪਾਪੀਆਂ
ਨੂੰ ਨੰਗਾ ਕਰਦੇ ਹੋਏ ਇਹਨਾਂ ਦਾ ਸਮਾਜਿਕ ਬਾਈਕਾਟ ਕਰੀਏ।
‘‘ਗੁਰਾਂ ਦੇ ਨਾਮ ਤੇ ਵੱਸਦਾ ਪੰਜਾਬ,
ਮੰਗਦਾ ਹੈ ਲੁੱਟ ਤੇ ਕੁੱਟ ਦਾ ਹਿਸਾਬ’’