ਫਰਿਜਨੋ (06 ਦਸੰਬਰ 14,
ਡਾ. ਗੁਰਮੀਤ ਸਿੰਘ ਬਰਸਾਲ): ਕੁਝ ਮਹੀਨੇ ਪਹਿਲਾਂ
04 Oct 2014 ਨੂੰ ਗੁਰਮਤਿ ਪ੍ਰਚਾਰ ਸੋਸਾਈਟੀ ਅਮਰੀਕਾ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ
ਸਮਰਪਿਤ ਵਿਸ਼ੇਸ਼ ਅੰਤਰ ਰਾਸ਼ਟਰੀ ਕਾਨਫਰੰਸ਼ ਕਰਕੇ ਤੱਤ ਗੁਰਮਤਿ ਸਬੰਧੀ ਕੁੱਝ ਮਤੇ ਪਾਸ ਕੀਤੇ ਸਨ।
ਆਪਣੇ ਮਤਿਆਂ 'ਤੇ ਪਹਿਰਾ ਦੇਂਦਿਆ ਇਸ ਸੋਸਾਇਟੀ ਨੇ ਜਲਦੀ ਹੀ
ਨਾਨਕਸ਼ਾਹੀ ਕੈਲੰਡਰ 'ਤੇ ਵੱਖਰਾ ਸੈਮੀਨਾਰ ਕਰ ਮਿੱਡ-ਵੈਸਟ ਦੀਆਂ ਕਈ ਗੁਰਦਵਾਰਾ ਕਮੇਟੀਆਂ ਨਾਲ
ਰਾਬਤਾ ਬਣਾਕੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਬੰਧਤ ਗੁਰਦਵਾਰਿਆਂ ਵਿੱਚ ਪੂਰਨ ਤੌਰ 'ਤੇ ਲਾਗੂ
ਕਰਨ ਦਾ ਐਲਾਨ ਕਰ ਦਿੱਤਾ।
ਕਾਨਫਰੰਸ ਵਿੱਚ ਵਿਚਾਰੇ ਗਏ ਸਿਕਲੀਗਰ-ਵਣਜਾਰੇ ਸਿੱਖਾਂ ਦੀ ਮਦਦ ਦੇ ਤੈਅ
ਕੀਤੇ ਉਪਰਾਲੇ ਸ਼ੁਰੂ ਕਰਦਿਆਂ ਭਾਰਤ ਵਿੱਚ ਨੌਜਵਾਨ ਪ੍ਰਚਾਰਕ ਭਾਈ
ਪਰਮਜੀਤ ਸਿੰਘ ਉੱਤਰਾਖੰਡ ਨੂੰ ਇਸ ਸੇਵਾ ਦਾ ਕਨਵੀਨਰ ਬਣਾ ਵੱਖ ਵੱਖ ਪਹਿਲੂਆਂ ਤੇ ਸੇਵਾ ਦੀ
ਲੋੜ ਵਾਰੇ ਪੜਚੋਲ ਆਰੰਭ ਦਿੱਤੀ ਗਈ। ਜਿਸ ਵਿੱਚ ਭਾਰਤ ਵਿੱਚ ਅਜਿਹੇ ਲੋੜਵੰਦ ਇਲਾਕਿਆਂ
ਨੂੰ ਧਿਆਨ ਵਿੱਚ ਰੱਖ ਕੁੱਝ ਪਿੰਡਾਂ ਦੇ ਸੈਂਟਰਾਂ ਵਿੱਚ ਅਧਿਆਪਕ ਨਿਯੁਕਤ ਕਰ, ਉਹਨਾਂ ਦੀਆਂ
ਲੋੜਾਂ ਅਨੁਸਾਰ ਸਕੂਲੀ ਅਤੇ ਗੁਰਮਤਿ ਸਿਖਿਆ ਦੇ ਪ੍ਰਬੰਧ ਕਰਨ ਦੀ ਲੋੜ ਵਿਚਾਰੀ ਗਈ। ਪਹਿਲ ਦੇ
ਅਧਾਰ 'ਤੇ ਅਤਿ ਗਰੀਬ ਲੋਕਾਂ ਲਈ ਕੰਨਟੇਨਰਾਂ ਰਾਹੀਂ ਡੋਨੇਟਿਡ ਕੱਪੜੇ ਪਹੁੰਚਾਉਣ ਹਿੱਤ ਵੱਖ
ਵੱਖ ਗੁਰਦਵਾਰਿਆਂ ਵਿੱਚ ਕੰਨਟੇਨਰ ਰੱਖੇ ਜਾ ਰਹੇ ਹਨ, ਜਿਸ ਦਾ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ
ਦਿੱਤਾ ਜਾ ਰਿਹਾ ਹੈ।
ਇਸੇ ਸਬੰਧ ਵਿੱਚ ੬ ਦਸੰਬਰ ਨੂੰ ਕੈਲੇਫੋਰਨੀਆ
ਦੇ ਸਿੰਘ ਸਭਾ ਗੁਰਦਵਾਰਾ ਫਰਿਜਨੋ ਵਿੱਚ ਸੇਵਾਦਾਰਾਂ ਦੀ ਇਕ ਮੀਟਿੰਗ ਹੋਈ, ਜਿਸ ਵਿੱਚ
ਕੱਪੜਿਆਂ ਦੀ ਚੈਕਿੰਗ, ਪੈਕਿੰਗ, ਕੰਨਟੇਨਰਾਂ ਦੀ ਢੋਆ-ਢੁਆਈ, ਸ਼ਿਪਿੰਗ, ਰਸੀਵਿੰਗ, ਕਸਟਮ ਅਤੇ
ਡਿਸਟਰੀਬਿਊਸਨ ਤੇ ਖੁੱਲਕੇ ਵਿਚਾਰਾਂ ਹੋਈਆਂ। ਸ. ਰਸ਼ਪਾਲ ਸਿੰਘ ਬਾਹੋਵਾਲ, ਅਵਤਾਰ ਸਿੰਘ ਮਿਸ਼ਨਰੀ,
ਬੀਬੀ ਹਰਸਿਮਰਤ ਕੌਰ ਖਾਲਸਾ, ਕੈਪਟਨ ਜੁਗਰਾਜ ਸਿੰਘ, ਡਾ. ਗੁਰਮੀਤ ਸਿੰਘ ਬਰਸਾਲ, ਭਾਈ ਸੁਖਦੇਵ
ਸਿੰਘ ਲੈਥਰੋਪ, ਅਵਤਾਰ ਸਿੰਘ ਰੰਧਾਵਾ (ਲੋਡਾਈ), ਮਨਜੀਤ ਸਿੰਘ ਪੱਤੜ, ਸਰਦੂਲ ਸਿੰਘ ਬਾਸੀ,
ਅਮੋਲਕ ਸਿੰਘ, ਕੁਲਵੀਰ ਸਿੰਘ ਫਰਿਜਨੋ, ਮਨਜੀਤ ਸਿੰਘ, ਜਗਜੀਤ ਸਿੰਘ ਧਾਲੀਵਾਲ, ਜਸਵਿੰਦਰ ਸਿੰਘ,
ਗੁਰਦੀਪ ਸਿੰਘ ਸ਼ੇਰਗਿੱਲ, ਹਰਪਰੀਤ ਸਿੰਘ, ਨਰਿੰਦਰ ਕੌਰ ਗਿੱਲ ਆਦਿ ਸ਼ਾਮਿਲ ਹੋਏ।
ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਸ.
ਦਲਜੀਤ ਸਿੰਘ (ਇੰਡੀਆਨਾ) ਅਤੇ ਮਲਕੀਤ ਸਿੰਘ ਬਾਸੀ (ਬਾਲਟੀਮੋਰ) ਸ਼ਾਮਿਲ ਹੋਏ। ਇਸੇ
ਵਿਸ਼ੇ 'ਤੇ ਕੁੱਝ ਹੋਰ ਮੀਟਿੰਗਾਂ ਵੀ ਹੋਈਆਂ, ਜਿਨਾਂ ਵਿੱਚ ਗੁਰਪਰੀਤ ਸਿੰਘ ਮਾਨ, ਹਰਨੇਕ ਸਿੰਘ
ਬਾਗੜੀ, ਡਾ. ਲਵਨੀਤ ਸਿੰਘ ਅਤੇ ਕੁੱਝ ਗੁਰਦਵਾਰਾ ਕਮੇਟੀਆਂ ਦੇ ਮੈਂਬਰ ਸ਼ਾਮਿਲ ਹੋਏ। ਇਨ੍ਹਾਂ
ਮੀਟਿੰਗਾਂ ਦੌਰਾਨ ਸ. ਦਲਜੀਤ ਸਿੰਘ ਇੰਡੀਆਨਾ ਅਤੇ ਹੋਰ ਸੇਵਾਦਾਰਾਂ ਨੇ ਐਤਵਾਰ ਦੇ ਦਿਵਾਨ ਸਮੇਂ
ਸਮੂੰਹ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਮਤਿ ਪ੍ਰਚਾਰ ਅਤੇ ਸੇਵਾ ਦੀ ਇਸ ਲਹਿਰ ਵਿੱਚ ਸ਼ਾਮਿਲ
ਹੋਣ ਦੀ ਬੇਨਤੀ ਕੀਤੀ। ਉਹਨਾਂ ਸਿਕਲੀਗਰ-ਵਣਜਾਰੇ ਲੋਕਾਂ ਵਾਰੇ ਦੱਸਦਿਆਂ ਕਿਹਾ ਕਿ ਇਹਨਾਂ ਲੋਕਾਂ
ਨੂੰ ਭਾਰਤ ਦੇ ਅਖੌਤੀ ਉੱਚ ਵਰਗਾਂ ਨੇ ਦੂਰ ਰੱਖਿਆ ਹੋਇਆ ਹੈ, ਇਹਨਾਂ ਲੋਕਾਂ ਨੂੰ ਜਿੰਦਗੀ ਦੀਆਂ
ਮੁੱਢਲੀਆਂ ਲੋੜਾਂ ਵੀ ਨਸੀਬ ਨਹੀਂ ਹੁੰਦੀਆਂ। ਇਹਨਾਂ ਵਿੱਚੋਂ ਜਿਆਦਾਤਰ ਲੋਕ ਗੁਰੂ ਨਾਨਕ
ਸਾਹਿਬ ਨੂੰ ਆਪਣਾ ਸਭ ਕੁੱਝ ਮੰਨਦੇ ਹਨ। ਉਹ ਲੋਕ ਜਿਆਦਾਤਰ ਸਾਬਤ ਸੂਰਤ ਹਨ ਅਤੇ ਆਪਣੇ ਜੀਵਨ
ਸੰਸਕਾਰ ਗੁਰਬਾਣੀ ਦਾ ਗੁੱਟਕਾ ਰੱਖਕੇ ਕਰਦੇ ਹਨ। ਅਜਿਹੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਦੀ
ਪੂਰਤੀ ਦੇ ਨਾਲ ਨਾਲ ਉਹਨਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਦੀ ਬਹੁਤ ਲੋੜ ਹੈ। ਗੁਰਮਤਿ
ਪ੍ਰਚਾਰ ਸੋਸਾਇਟੀ ਦੇ ਕੰਮਾਂ ਨੂੰ ਦੇਖਕੇ ਭਵਿੱਖ ਵਿੱਚ ਇਸ ਲਹਿਰ ਤੋਂ ਵੱਡੀਆਂ ਆਸਾਂ ਲਾਈਆਂ
ਜਾ ਸਕਦੀਆਂ ਹਨ।