ਬਰਨਾਲਾ,
9 ਦਸੰਬਰ (ਜਗਸੀਰ ਸਿੰਘ ਸੰਧੂ): ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਬਲਵੰਤ
ਸਿੰਘ ਨੰਦਗੜ ਨੇ ਆਰ.ਐਸ.ਐਸ ਅਤੇ ਭਾਜਪਾ ਪ੍ਰਤੀ ਕਰੜਾ ਰੁਖ ਅਪਣਾਉਂਦਿਆਂ ਸਿੱਖਾਂ ਨੂੰ ਸੁਚੇਤ
ਕੀਤਾ ਹੈ ਕਿ ਜੋ ਲੋਕ ਖਾਕੀ ਕੱਛੇ ਸਿਲਾਈ ਬੈਠੇ ਹਨ, ਉਹਨਾਂ ਨੂੰ ਇਤਿਹਾਸ ਵੀ ਪੜ ਲੈਣਾ ਚਾਹੀਦਾ
ਹੈ ਕਿ ਇਹ ਧੋਖੇਬਾਜ਼ ਤਾਕਤ ਮਿਲਣ ਅਤੇ ਮਤਲਬ ਨਿਕਲਣ ਤੋਂ ਬਾਅਦ ਕੀਤੇ ਸਾਰੇ ਵਾਅਦੇ ਤੋੜ ਕੇ ਕਹਿ
ਦਿੰਦੇ ਹਨ ਕਿ ਹੁਣ ਸਮਾਂ ਬਦਲ ਚੁੱਕਾ ਹੈ।
ਮੁੱਖ ਸੇਵਾਦਾਰ ਨੰਦਗੜ ਨੇ ਇਤਿਹਾਸ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਛੇਵੇਂ
ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਜੇਹੜੇ 52 ਰਾਜਿਆਂ
ਨੂੰ ਰਿਹਾਅ ਕਰਵਾ ਕੇ ਲਿਆਂਦਾ ਸੀ, ਉਹਨਾਂ ਦੀ ਰਾਜਿਆਂ ਦੀ ਔਲਾਦ ਬਾਈਧਾਰ ਦੇ ਰਾਜਿਆਂ ਨੇ ਦਸਵੇਂ
ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਝੂਠੀਆਂ ਕਸਮਾਂ ਖਾ ਕੇ ਉਹਨਾਂ ਤੋਂ ਆਨੰਦਪੁਰ
ਸਾਹਿਬ ਦਾ ਕਿਲਾ ਛੁਡਵਾਇਆ ਅਤੇ ਬਾਅਦ ਵਿੱਚ ਹਮਲਾ ਕਰ ਦਿੱਤਾ। ਦੇਸ਼ ਵੰਡ ਸਮੇਂ 1947 ਤੋਂ
ਪਹਿਲਾਂ ਸਿੱਖ ਕੌਮ ਨਾਲ ਕੀਤੇ ਸਾਰੇ ਵਾਅਦੇ ਭਾਰਤ ਦੇ ਨਵੇਂ ਬਣੇ ਹਿੰਦੂ ਹਾਕਮ ਭੁਲ ਗਏ ਅਤੇ
ਕਹਿਣ ਲੱਗ ਪਏ ਕਿ ਹੁਣ ਸਮਾਂ ਬਦਲ ਚੁਕਿਆ ਹੈ।
ਗਿਆਨੀ ਨੰਦਗੜ ਨੇ ਕਿਹਾ ਕਿ ਐਮਰਜੈਂਸੀ ਦੌਰਾਨ ਦੇਸ਼ ਦੀਆਂ ਜ਼ੇਲਾਂ ਵਿੱਚ
ਬੰਦ ਜੇਹੜੇ ਹਿੰਦੂ ਲੀਡਰਾਂ ਨੂੰ ਸਿੱਖ ਕੌਮ ਨੇ ਰਿਹਾਅ ਕਰਵਾਇਆ, ਉਹੀ ਹਿੰਦੂ ਲੀਡਰ ਸਿੱਖ ਕੌਮ
ਦਾ ਵੱਖਰੀ ਕੌਮ ਮੰਨਣ ਨੂੰ ਤਿਆਰ ਨਹੀਂ ਹੋਏ। ਉਹਨਾਂ ਕਿਹਾ ਜੇਹੜੇ ਅਕਾਲੀ ਆਗੂਆਂ ਨੇ ਇਹਨਾਂ
’ਤੇ ਭਰੋਸਾ ਕੀਤਾ, ਇਹਨਾਂ ਹਿੰਦੂਵਾਦੀ ਹਾਕਮਾਂ ਨੇ ਸੱਤਾ ਮਿਲਦਿਆਂ ਉਹਨਾਂ ਨਾਲ ਹੀ
ਵਿਸਵਾਸਘਾਤ ਕੀਤਾ ਹੈ।
ਮੁੱਖ ਸੇਵਾਦਾਰ ਨੰਦਗੜ ਨੇ ਕਿਹਾ ਸਿੱਖਾਂ ਨੂੰ ਪੰਥ ਅਤੇ ਪੰਜਾਬ ਦੇ ਭਲੇ
ਲਈ ਰਾਜਨੀਤਕ ਤੌਰ ’ਤੇ ਆਪਣੇ ਆਪ ਨੂੰ ਮਜਬੂਤ ਰੱਖਣਾ ਚਾਹੀਦਾ ਹੈ ਅਤੇ ਕਿਸੇ ਵੀ ਹਿੰਦੂਵਾਦੀ
ਤਾਕਤ ਦੇ ਛਲਾਵੇ ਵਿੱਚ ਨਹੀਂ ਆਉਣਾ ਚਾਹੀਦਾ, ਕਿਉਕਿ ਇਹ ਹਿੰਦੂਵਾਦੀ ਤਾਕਤਾਂ ਪੰਜਾਬ ਦੀ ਧਰਤੀ
’ਤੇ ਸਿੱਖੀ ਸਿਧਾਂਤਾਂ ਨੂੰ ਖਤਮ ਕਰਕੇ ਭਗਵਾਂ ਝੰਡਾ ਝੁਲਾਉਣ ਦੀ ਤਿਆਰੀ ਵਿੱਚ ਹਨ।