ਹੈਰੀ ਬਵੇਜਾ ਦੀ ਐਨੀਮੇਸ਼ਨ ਧਾਰਮਿਕ ਫ਼ਿਲਮ ‘ਚਾਰ ਸਾਹਿਬਜ਼ਾਦੇ’ ਨੇ ਸਾਰੀ
ਦੁਨੀਆਂ ਵਿਚ ਧੁੰਮਾਂ ਮਚਾਈਆਂ ਹਨ ਤੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਇਸ ਫ਼ਿਲਮ ਦੀ ਸਫ਼ਲਤਾ
ਨੂੰ ਵੇਖ ਕੇ ਮੈਨੂੰ ਜਾਪਦਾ ਹੈ ਕਿ ਹੁਣ ਹੋਰ ਨਿਰਮਾਤਾ ਵੀ ਇਸ ਪ੍ਰਕਾਰ ਦੇ ਵਿਸ਼ਿਆਂ ‘ਤੇ
ਧੜਾਧੜ ਫ਼ਿਲਮਾਂ ਦਾ ਨਿਰਮਾਣ ਸ਼ੁਰੂ ਕਰ ਦੇਣਗੇ, ਕਿਉਂਕਿ ਇਹਨਾਂ
‘ਚੋਂ ਬਹੁਤਿਆਂ ਨੇ ਸਿੱਖੀ ਪਰਚਾਰ ਦੀ ਬਜਾਇ ਇਸ ਫ਼ਿਲਮ ਵਲੋਂ ਕੀਤੀ ਕਮਾਈ ਵਲ ਹੀ ਝਾਕਣਾ ਹੈ।
ਸਿੱਖ ਕੌਮ ਨੂੰ ਬਹੁਤ ਹੀ ਜਾਗਰੂਕ ਹੋਣਾ ਪਵੇਗਾ ਤਾਂ ਕਿ ਕੱਚੇ ਪਿੱਲੇ
ਨਿਰਮਾਤਾ ਸਿੱਖ ਇਤਿਹਾਸ ਨਾਲ ਖਿਲਵਾੜ ਨਾ ਕਰ ਸਕਣ। ਸਿੱਖ ਸਿਧਾਂਤਾਂ ਦੇ ਦੋਖੀ ਵੀ ਇਸ ਤੋਂ
ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰਨਗੇ। ਜੇ ਉਹ ਸਿੱਖ ਇਤਿਹਾਸ ਨੂੰ ਤੋੜ
ਮਰੋੜ ਕੇ ਤੇ ਗੁਰੂ ਸਾਹਿਬਾਨ ਦਾ ਨਿਰਾਦਰ ਕਰਨ ਵਾਲ਼ੀਆਂ ਕਿਤਾਬਾਂ ਧੜਾ ਧੜ ਸਿੱਖੀ ਦੇ ਵਿਹੜੇ
‘ਚ ਸੁੱਟ ਸਕਦੇ ਹਨ, ਤਾਂ ਫ਼ਿਲਮਾਂ ਕਿਉਂ ਨਹੀਂ ਬਣਾ ਸਕਦੇ। ਸ਼੍ਰੋਮਣੀ ਕਮੇਟੀ ਦਾ ਬਿਆਨ
ਆਇਆ ਹੈ ਕਿ ਉਹ ਵਿਦਵਾਨਾਂ ਦਾ ਇਕ ਅਜਿਹਾ ਪੈਨਲ ਤਿਆਰ ਕਰੇਗੀ ਜੋ ਕਿ ਅਜਿਹੀਆਂ ਫ਼ਿਲਮਾਂ ਵਿਚ
ਦਰਸਾਏ ਜਾਣ ਵਾਲ਼ੇ ਇਤਿਹਾਸ ਨੂੰ ਪਹਿਲਾਂ ਘੋਖਿਆ ਕਰੇਗਾ।
ਪਹਿਲੀ ਗੱਲ ਕਿ ਸ਼੍ਰੋਮਣੀ ਕਮੇਟੀ ਲੂਣ ਦੀ ਉਸ
ਖਾਣ ਵਰਗੀ ਹੈ, ਜਿੱਥੇ ਜਾ ਕੇ ਹਰੇਕ ਵਿਅਕਤੀ ਲੂਣ ਵਰਗਾ ਹੀ ਹੋ ਜਾਂਦਾ ਹੈ, ਜਾਂ ਉਸ
ਨੂੰ ਕਰ ਲਿਆ ਜਾਂਦਾ ਹੈ ਭਾਵੇਂ ਕਿ ਇਹ ਨੁਕਤਾ ਹਰੇਕ ਵਿਅਕਤੀ ’ਤੇ ਲਾਗੂ ਨਹੀਂ ਹੁੰਦਾ, ਪਰ ਜੋ
ਕੁਝ ਉੱਥੇ ਹੋ ਰਿਹਾ ਹੈ ਉਹ ਕਿਸੇ ਤੋਂ ਗੁੱਝਾ ਨਹੀਂ। ਬਿਨਾਂ
ਪ੍ਰਕਾਸ਼ਕ ਅਤੇ ਲੇਖਕ ਦੇ ਨਾਮ ਵਾਲੀ ਗੁਰੂ ਸਾਹਿਬਾਨ ਦੀ ਅਜ਼ਮਤ ‘ਤੇ ਚਿੱਕੜ ਸੁੱਟਣ ਵਾਲ਼ੀ ਕਿਤਾਬ
ਦੀ ਸਰਪ੍ਰਸਤੀ ਜੇ ਸ਼੍ਰੋਮਣੀ ਕਮੇਟੀ ਕਰ ਸਕਦੀ ਹੈ, ਤਾਂ ਇਸ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ
ਹੈ।
ਅੱਜ ਹਰ ਸਿੱਖ ਨੂੰ ਪਹਿਰੇਦਾਰ ਬਣਨ ਦੀ ਲੋੜ ਹੈ। ਪਿਛਲੇ ਕੁਝ ਦਿਨਾਂ
ਤੋਂ ਭਾਰਤ ਵਿਚ ਵਾਪਰ ਰਹੀਆਂ ਘਟਨਾਵਾਂ ਘੱਟ ਗਿਣਤੀਆਂ ਲਈ ਸ਼ੁੱਭ ਸੰਕੇਤ ਨਹੀਂ ਹੈ।