ਗੁਰਬਾਣੀ ਦਾ ਫੁਰਮਾਨ ਹੈ:
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ
ਸਾਥ ॥
ਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ
ਢੇਰਾਂ ਦੇ ਢੇਰ ਲਗਾਏ ਜਾ ਸਕਣ;
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ
॥
ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ
ਸਕਣ;
ਇਹ ਸਭ ਕੁਝ ਕਰਨ ਦਾ ਤਾਂ ਹੀ ਫਾਇਦਾ ਹੈ, ਜੇਕਰ ਗੁਰਬਾਣੀ ਨੂ ਵਿਚਾਰ ਕੇ
ਉਸ 'ਤੇ ਅਮਲ ਕੀਤਾ ਜਾਵੇ ਅਤੇ ਗੁਰਮਤਿ ਦੇ ਰਸਤੇ 'ਤੇ ਚਲਿਆ ਜਾਵੇ।
ਪਰ ਅਜ ਕਲ ਠੱਗ ਸਾਧ ਟੋਲੇ ਨੇ ਗੁਰਬਾਣੀ ਨੂੰ
ਗਿਣਤੀਆਂ ਮਿਣਤੀਆਂ ਵਿਚ ਪਾਕੇ ਲੋਕਾਈ ਨੂੰ ਉਲਝਾ ਲਿਆ ਹੈ। ਗੁਰਬਾਣੀ ਨੂੰ ਮੰਤਰਾਂ ਦੀ
ਰਟਣ ਵੱਲ ਪ੍ਰੇਰਿਆ ਜਾ ਰਿਹਾ ਹੈ। ਗੁਰਬਾਣੀ ਨੂੰ ਸਹੀ ਪੜਨ ਦਾ ਤਰੀਕਾ ਸਹਿਜ ਪਾਠ, ਭਾਵ ਸਹਿਜ
ਸਹਿਜ ਨਾਲ ਗੁਰਬਾਣੀ ਨੂੰ ਪੜ ਕੇ ਵਿਚਾਰਨਾ। ਫੇਰ ਪੁਜਾਰੀ ਵਰਗ ਨੇ ਅਖੰਡ ਪਾਠ ਸ਼ੁਰੂ ਕਰ ਦਿੱਤੇ
ਅਤੇ ਅਸੀਂ ਪੈਸੇ ਦੇਕੇ ਅਖੰਡ ਪਾਠ ਕਰਵਾਉਣੇ ਸ਼ੁਰੂ ਕਰ ਦਿੱਤੇ, ਕਿਉਂਕਿ ਅਸੀਂ ਰੇਡੀਮੇਡ ਸਮਾਨ
ਖਰੀਦਣ ਦੇ ਆਦੀ ਹੋ ਗਏ ਹਾਂ, ਅਰਦਾਸਾਂ ਮੁੱਲ ਦੀਆਂ, ਹੁਕਮਨਾਮੇ ਡਾਕ ਰਾਹੀਂ, ਅਖੰਡ ਪਾਠ ਪੈਸੇ
ਦੇਕੇ ਕਰਵਾਉਣੇ ਜਾਂ ਕੀਤੇ ਕਰਵਾਏ ਪਾਠ...
ਹੁਣ
ਨਵਾਂ ਠੱਗੀ ਦਾ ਕੰਮ ਸ਼ੁਰੂ ਹੋਇਆ ਹੈ... ਸੰਪਟ ਪਾਠ... ਗੁਪਤ ਸੰਪਟ ਪਾਠ... ਲੱਖਾਂ ਦੀ ਗਿਣਤੀ
ਵਿੱਚ ਮੂਲ ਮੰਤਰ, ਗੁਰਬਾਣੀ ਦੇ ਨਾਮ 'ਤੇ ਕਿੰਨੇ ਵੱਡੇ ਵੱਡੇ ਕਰਮਕਾਂਡ ਕੀਤੇ ਜਾ ਰਹੇ ਹਨ।
ਗੁਰਬਾਣੀ ਆਪ ਪੜੋ ਤੇ ਵਿਚਾਰੋ, ਇਹਨਾਂ ਠੱਗਾਂ
ਨੂੰ ਪੈਸੇ ਦੇਕੇ ਆਪਣੀ ਲੁੱਟ ਨਾ ਕਰਵਾਓ। ਗੁਰਬਾਣੀ ਕੋਈ ਮੰਤਰ ਨਹੀਂ ਹੈ। ਇਨ੍ਹਾਂ
ਲੋਕਾਂ ਨੇ ਬ੍ਰਾਹਮਣਾਂ ਦੀ ਤਰ੍ਹਾਂ ਗੁਰਬਾਣੀ ਨੂੰ ਗਿਣਤੀ ਮਿਣਤੀ ਵਿੱਚ ਪਾਕੇ ਮੰਤਰ ਦੀ ਤਰ੍ਹਾਂ
ਬਣਾ ਦਿੱਤੀ ਹੈ, ਜੋ ਗੁਰਬਾਣੀ ਦਾ ਨਿਰਾਦਰ ਹੈ। ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਗੁਰਬਾਣੀ
ਵਿੱਚ ਸੰਪਟ ਪਾਠ ਦੀ ਆੜ ਵਿੱਚ ਗੁਰਬਾਣੀ ਦੀਆਂ ਤੁਕਾਂ ਵਿਚ ਵਾਧ ਘਾਟ ਕਰਨ ਦੀ, ਅਸੀਂ ਆਪ ਪੈਸੇ
ਦੇਕੇ ਗੁਰਬਾਣੀ ਦਾ ਨਿਰਾਦਰ ਕਰਵਾ ਰਹੇ ਹਾਂ। ਇਹ ਲੋਕ ਗੁਰਬਾਣੀ ਦੀਆਂ ਤੁਕਾਂ ਵਿੱਚ ਆਪਣੇ ਕੋਲੋਂ
ਲਾਕੇ ਗੁਰੂ ਦਾ ਨਿਰਾਦਰ ਕਰ ਰਹੇ ਹਾਂ, ਪਰ ਪੁੱਛਣ ਵਾਲਾ ਕੋਈ ਨਹੀਂ।
ਆਹ ਫੋਟੋ ਵਿਚ ਦੇਖੋ ਨੰਦ ਸਿੰਘ ਦੇ ਨਾਮ 'ਤੇ
ਕਿਨਾਂ ਵੱਡਾ ਅਡੰਬਰ ਰਚਿਆ ਜਾ ਰਿਹਾ ਹੈ। ਲੋਕਾਂ ਨੂੰ ਗਿਣਤੀ ਮਿਣਤੀ ਵਿੱਚ ਪਾਕੇ ਠੱਗੀ
ਦਾ ਨਵਾਂ ਧੰਦਾ ਚਲਾਇਆ ਜਾ ਰਿਹਾ ਹੈ। ਇਸ ਸਾਰੇ ਪੋਸਟਰ ਵਿੱਚ ਜੇਕਰ ਕੋਈ ਗੁਰਮਤਿ ਦੀ ਕੋਈ ਗੱਲ
ਦਿਸੀ ਹੋਵੇ, ਤਾਂ ਜ਼ਰੂਰ ਦਸਿਓ। ਕਿੰਨਾ ਪੈਸਾ ਜੋ ਇਥੇ ਬਰਬਾਦ ਕੀਤਾ ਜਾਣਾ ਹੈ, ਪਰ ਇਹਨਾ ਕਿਹੜਾ
ਆਪਣੀ ਜੇਬ੍ਹ ਵਿਚੋਂ ਲਾਉਣਾ ਹੈ, ਲੋਕਾਂ ਦੇ ਪੈਸੇ ਨਾਲ ਸਟੇਜ 'ਤੇ ਬੈਠ ਕੇ ਇਕ ਦੂਜੇ ਨੂੰ
ਬ੍ਰਹਮਗਿਆਨੀ ਦੀਆਂ ਉਪਾਧੀਆਂ ਦੇਈ ਜਾਣੀਆਂ ਹਨ, ਅਖੌਤੀ ਜਥੇਦਾਰ ਨੂੰ ਲਿਫ਼ਾਫ਼ਾ ਮਿਲ ਜਾਣਾ ਹੈ,
ਲੋਕਾਂ ਨੂੰ ਕਈ ਪ੍ਰਕਾਰ ਦੇ ਲੰਗਰ ਮਿਲ ਜਾਣੇ ਨੇ, ਬੱਸ ਹੋ ਗਿਆ ਸਿੱਖੀ ਦਾ ਪ੍ਰਚਾਰ...
ਬਚੋ ਸਿੱਖੋ, ਬਚੋ ਇਸ ਚਿੱਟੀ ਸਿਉਂਕ ਤੋਂ,
ਜੋ ਸਿੱਖੀ ਨੂੰ ਖਾ ਰਹੀ ਹੈ...