Share on Facebook

Main News Page

ਕੀ ਅਗਲੇ ਵਰ੍ਹਿਆਂ ਵਿੱਚ ਸਾਡੀ ਹਾਲਤ ਭਾਰਤ ਵਿੱਚ ਬੁੱਧ ਧਰਮ ਦੇ ਹਸ਼ਰ ਵਾਲੀ ਨਹੀਂ ਹੋਣ ਜਾ ਰਹੀ ?
-: ਡਾ. ਅਮਰਜੀਤ ਸਿੰਘ ਵਾਸ਼ਿੰਗਟਨ

* ਗੀਤਾ ਨੂੰ ਰਾਸ਼ਟਰੀ ਗ੍ਰੰਥ ਐਲਾਨਣ ਦਾ ਸਿਰਫ ਐਲਾਨ ਕਰਨਾ ਹੀ ਬਾਕੀ’ - ਸੁਸ਼ਮਾ ਸਵਰਾਜ, ਵਿਦੇਸ਼ ਮੰਤਰੀ
* ‘ਗੀਤਾ ਦਾ ਦਰਜਾ ਸੰਵਿਧਾਨ ਤੋਂ ਵੀ ਉੱਪਰ’- ਮਨੋਹਰ ਖੱਟੜ, ਮੁੱਖ ਮੰਤਰੀ ਹਰਿਆਣਾ
* "ਤਾਜ ਮਹਿਲ" ਇੱਕ ਪੁਰਾਣੇ ਮੰਦਰ "ਤੇਜੋ ਮਹਿਲਿਆ" ਮੰਦਰ ਦਾ ਹਿੱਸਾ - ਲਕਸ਼ਮੀ ਕਾਂਤ ਵਾਜਪਾਈ ਪ੍ਰਧਾਨ, ਯੂ.ਪੀ. ਬੀ.ਜੇ.ਪੀ.

ਲਗਭਗ ਛੇ ਮਹੀਨੇ ਪਹਿਲਾਂ ਤਾਕਤ ਵਿੱਚ ਆਈ ਮੋਦੀ ਸਰਕਾਰ ਨੇ, ਭਾਰਤ ਨੂੰ ਸਪੱਸ਼ਟ ਰੂਪ ਵਿੱਚ ‘ਹਿੰਦੂ ਰਾਸ਼ਟਰ’ ਐਲਾਨਣ ਦਾ ਕਾਫੀ ਸਫਰ ਤਹਿ ਕਰ ਲਿਆ ਹੈ। ਘੱਟਗਿਣਤੀ ਕੌਮਾਂ ਮੁਸਲਮਾਨਾਂ, ਈਸਾਈਆਂ, ਸਿੱਖਾਂ ਆਦਿ ਨੂੰ ਆਪਣੇ ਨਫਰਤ ਜਲਾਲ ਦਾ ਜਲਵਾ ਵਿਖਾਉਣਾ, ਸੰਸਕ੍ਰਿਤ ਨੂੰ ਰਾਸ਼ਟਰੀ ਜ਼ੁਬਾਨ ਵਜੋਂ ਸਕੂਲ ਵਿਦਿਆਰਥੀਆਂ ‘ਤੇ ਥੋਪਣਾ, ‘ਸ਼ੁੱਧੀਕਰਣ’ ਦੇ ਨਾਂ ਹੇਠ ਈਸਾਈ ਚਰਚਾਂ ਨੂੰ ਸਾੜਨਾ ਤੇ ਈਸਾਈਆਂ ਨੂੰ ਹਿੰਦੂ ਬਣਾਉਣਾ, ਕਸ਼ਮੀਰ ਵਿੱਚ ਹੜ੍ਹ ਤੇ ਫਿਰ ਚੋਣਾਂ ਰਾਹੀਂ ਇੱਕੋ-ਇੱਕ ਮੁਸਲਮਾਨਾਂ ਦੀ ਬਹੁਗਿਣਤੀ ਵਾਲੀ ਸਟੇਟ ‘ਤੇ ਕੰਟਰੋਲ ਕਰਨ ਦੇ ਨੇੜੇ ਪਹੁੰਚਣਾ, ਪੰਜਾਬ ਦੇ ਉੱਤੇ ਧਾਵਾ ਬੋਲਦਿਆਂ, ਅਕਾਲੀਆਂ ਤੋਂ ਅੱਡ ਹੋ ਕੇ ਆਪਣੀ ਸਰਕਾਰ ਬਣਾਉਣ ਦੀ ਚਾਰਾਜੋਈ ਤੇ ਸਿੱਖਾਂ ਨੂੰ ਵਾਰ-ਵਾਰ ਹਿੰਦੂ ਐਲਾਨਣਾ, ਇਸ ਸਮੇਂ ਦੀਆਂ ਕੁਝ ਕੁ ਘਟਨਾਵਾਂ, ਇਸ ਹਿੰਦੂਤਵੀ ਹਵਾ ਦੀਆਂ ਨਿਸ਼ਾਨੀਆਂ ਹਨ। ਹੁਣ ਇਹ ਹਿੰਦੂਤਵੀ ਤਾਕਤਾਂ ਹਿੰਦੂ ਧਰਮ ਗ੍ਰੰਥ ਗੀਤਾ ਨੂੰ ‘ਰਾਸ਼ਟਰੀ ਗ੍ਰੰਥ’ ਐਲਾਨਣ ਅਤੇ ਫਿਰ ਹਿੰਦੂ ਧਰਮ ਨੂੰ ‘ਰਾਸ਼ਟਰੀ ਧਰਮ’ ਐਲਾਨਣ ਲਈ ਪੱਬਾਂ ਭਾਰ ਹਨ।

ਪਿਛਲੇ ਦਿਨੀਂ ਦਿੱਲੀ ਦੀ ਲਾਲ ਕਿਲ੍ਹਾ ਗਰਾਊਂਡ ਵਿੱਚ ਆਰ. ਐਸ. ਐਸ. ਨਾਲ ਸਬੰਧਿਤ ਇੱਕ ਸੰਸਥਾ ‘ਗਲੋਬਲ ਇਨਸਪੀਰੇਸ਼ਨ ਐਂਡ ਐਨਲਾਈਟਨਮੈਂਟ ਆਰਗੇਨਾਈਜੇਸ਼ਨ’ ਵਲੋਂ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ 30 ਦੇਸ਼ਾਂ ਤੋਂ ਹਿੰਦੂ ਨੁਮਾਇੰਦੇ ਸ਼ਾਮਲ ਹੋਏ। 20 ਅੰਬੈਂਸੀਆਂ ਦੇ ਨੁਮਾਇੰਦੇ ਵੀ ਇਸ ਮੌਕੇ ਸੱਦੇ ਗਏ ਸਨ। ਇਸ ਸਮਾਗਮ ਨੂੰ ਗੀਤਾ ਉਪਦੇਸ਼ ਦੀ 5, 151ਵੀਂ ਵਰ੍ਹੇਗੰਢ ਦਾ ਨਾਮ ਦਿੱਤਾ ਗਿਆ। ਇਹ ਆਪਣੇ ਆਪ ਵਿੱਚ ਹੀ ਇੱਕ ਬਹੁਤ ਵੱਡਾ ਗਪੌੜ ਹੈ। ਇਤਿਹਾਸਕਾਰਾਂ ਵਲੋਂ, ਹਿੰਦੂਆਂ ਦਾ ਸਭ ਤੋਂ ਪੁਰਾਣਾ ਗ੍ਰੰਥ ਰਿਗ ਵੇਦ, ਲਗਭਗ 3500 ਸਾਲ ਪੁਰਾਣਾ ਗਰਦਾਨਿਆ ਗਿਆ ਹੈ। ਹਿੰਦੂਆਂ ਦੇ ਧਰਮ ਗ੍ਰੰਥਾਂ ਦੀ ਤਰਤੀਬ ਵੇਦ, ਸ਼ਾਸਤਰ, ਸਿਮ੍ਰਿਤੀਆਂ, ਪੁਰਾਣ ਬਣਦੀ ਹੈ। ਸਿਮ੍ਰਿਤੀਆਂ ਵੇਦਾਂ ਦੀ ਵਿਆਖਿਆ ਹੈ ਜਦੋਂਕਿ ਸ਼ਾਸਤਰ, ਫਿਲਾਸਫੀ ਦੇ ਨੁਕਤਾਨਿਗਾਹ ਤੋਂ ਜੀਵਨ ਨੂੰ ਵੇਖਣ-ਸਮਝਣ ਦਾ ਯਤਨ ਹੈ। ਸਭ ਤੋਂ ਛੇਕੜਲੀ ਸ਼੍ਰੇਣੀ ਵਿੱਚ ਪੁਰਾਣ ਆਉਂਦੇ ਹਨ, ਜਿਨ੍ਹਾਂ ਦੀ ਗਿਣਤੀ 18 ਹੈ। ਇਨ੍ਹਾਂ 18 ਪੁਰਾਣਾਂ ਵਿੱਚ ਇੱਕ ਪੁਰਾਣ ਮਹਾਭਾਰਤ ਪੁਰਾਣ ਹੈ, ਜਿਸ ਵਿੱਚ ਕੌਰਵਾਂ-ਪਾਂਡਵਾ ਦੀ ਲੜਾਈ ਦਾ ਜ਼ਿਕਰ ਹੈ। ਇਸੇ ਪੁਰਾਣ ਦਾ ਇੱਕ ਹਿੱਸਾ ਸ੍ਰੀਮਦ ਭਾਗਵਤ ਗੀਤਾ ਹੈ, ਜਿਹੜਾ ਕਿ ਜੰਗ ਦੇ ਮੈਦਾਨ ਵਿੱਚ ਸ੍ਰੀ ਕ੍ਰਿਸ਼ਨ ਵਲੋਂ ਅਰਜਨ ਨੂੰ ਦਿੱਤਾ ਗਿਆ ਉਪਦੇਸ਼ ਹੈ।

ਹੁਣ ਜੇ ਸਭ ਤੋਂ ਪੁਰਾਣਾ ਰਿਗਵੇਦ 3500 ਸਾਲ ਪਹਿਲਾਂ ਰਚਿਆ ਗਿਆ ਤਾਂ ਫਿਰ ਗੀਤਾ 5, 151 ਸਾਲ ਪੁਰਾਣੀ ਕਿਵੇਂ ਹੋਈ? ਜੇ ਹਿੰਦੂਆਂ ਦੀ ਯੁਗਵਾਦ ਅਤੇ ਅਵਤਾਰਵਾਦ ਅਧਾਰਿਤ ਸਮਾਂ-ਵੰਡ ਦੀ ਗੱਲ ਕਰੀਏ ਤਾਂ ਇਹ ਦਾਅਵਾ ਹੋਰ ਵੀ ਹਾਸੋਹੀਣਾ ਜਾਪਦਾ ਹੈ। ਹਿੰਦੂਤਵੀ ਵਿਦਵਾਨਾਂ ਅਨੁਸਾਰ ਸਤਿਯੁਗ, ਤ੍ਰੇਤਾ, ਦੁਆਪਰ ਅਤੇ ਕਲਯੁੱਗ ਚਾਰ ਯੁੱਗ ਹਨ। ਇਨ੍ਹਾਂ ਵਿੱਚ ਰਾਮ ਜੀ ਤ੍ਰੇਤੇ ਦੇ ਅਵਤਾਰ ਹਨ ਅਤੇ ਕ੍ਰਿਸ਼ਨ ਜੀ ਦੁਆਪਰ ਦੇ ਅਵਤਾਰ ਹਨ। ਜੇ ਕ੍ਰਿਸ਼ਨ ਜੀ ਦੀ ਹੋਂਦ 5, 151 ਸਾਲ ਪਹਿਲਾਂ ਸੀ ਤਾਂ ਫਿਰ ਰਾਮ ਚੰਦਰ ਉਸ ਤੋਂ ਵੀ ਕਈ ਹਜ਼ਾਰ ਸਾਲ ਪਹਿਲਾਂ ਹੋਏ। ਸੱਭਿਅਕ ਮਨੁੱਖੀ ਇਤਿਹਾਸ 6-7 ਹਜ਼ਾਰ ਸਾਲ ਤੋਂ ਹੀ ਹੋਂਦ ਵਿੱਚ ਆਇਆ ਹੈ। ਸੋ ਫਿਰ ਇਹ ਹਵਾਈ ਦਾਅਵੇ ਕਿਸੇ ਵੀ ਕਸਵੱਟੀ ‘ਤੇ ਪੂਰੇ ਨਹੀਂ ਉੱਤਰਦੇ। ਇਸ ਗੀਤਾ ਸਮਾਗਮ ਵਿੱਚ ਹਿੰਦੂਤਵੀਆਂ ਨੇ ਆਪਣਾ ਆਉਣ ਵਾਲੇ ਦਿਨਾਂ ਦਾ ਏਜੰਡਾ ਐਲਾਨਿਆ।

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ, ‘ਗੀਤਾ ਨੂੰ ‘ਰਾਸ਼ਟਰੀ ਗ੍ਰੰਥ’ ਐਲਾਨਣ ਦੀ ਸਿਰਫ ‘ਔਪਚਾਰਿਕਤਾ’ ਹੀ ਬਾਕੀ ਹੈ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਹੀ ਇਸ ਨੂੰ ਅਮਰੀਕੀ ਪ੍ਰਧਾਨ ਓਬਾਮਾ ਨੂੰ ਭੇਟ ਕਰਕੇ ਦੱਸ ਚੁੱਕੇ ਹਨ ਕਿ ਇਹ ਰਾਸ਼ਟਰੀ ਗ੍ਰੰਥ ਹੈ। ਮੈਂ ਦਿਮਾਗੀ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੂੰ ਵੀ ਸਲਾਹ ਦੇਵਾਂਗੀ ਕਿ ਉਹ ਡਿਪਰੈਸ਼ਨ ਦੇ ਮਰੀਜ਼ਾਂ ਨੂੰ ਇਲਾਜ ਲਈ ਗੀਤਾ ਪੜ੍ਹਨ ਦੀ ਸਲਾਹ ਦੇਣ। ਡਿਪੈਰਸ਼ਨ ਦਾ ਇਲਾਜ ਗੀਤਾ ਪੜ੍ਹਨਾ ਹੈ ਨਾਕਿ ਦਵਾਈਆਂ ਤੇ ਚਾਕਲੇਟ ਖਾਣਾ।’ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਨੁਸਾਰ, ‘ਗੀਤਾ, ਭਾਰਤੀ ਸੰਵਿਧਾਨ ਤੋਂ ਵੀ ਉੱਪਰ ਹੈ।’ ਉਸ ਨੇ ਸ਼ੁੱਧ ਹਿੰਦੀ ਵਿੱਚ ਕੀਤੇ ਆਪਣੇ ਭਾਸ਼ਣ ਵਿੱਚ ਕਿਹਾ, "ਗੀਤਾ ਕੇ ਸੰਦੋਸ਼ ਕੋ ਜਬ ਹਮ ਧਿਆਨ ਸੇ ਪੜਤੇ ਹੈਂ ਤੋ ਜੈਸਾ ਕਹਾ ਹੈ ਕਿ ਹਮਾਰੇ ਦੇਸ਼ ਕਾ ਸੰਵਿਧਾਨ ਹੀ ਗੀਤਾ ਹੈ। ਕਿਸੀ ਵੀ ਦੇਸ਼ ਕਾ ਸੰਵਿਧਾਨ ਸਮੇਂ ਔਰ ਪਰਿਸਥਿਤੀਆਂ ਕੇ ਅਨੁਸਾਰ ਬਦਲਤਾ ਰਹਿਤਾ ਹੈ, ਮਗਰ ਗੀਤਾ ਤੋਂ ਸਦੈਵ ਅਮਰ ਹੈ।"

ਖੱਟੜ ਨੇ ਇਹ ਵੀ ਕਿਹਾ ਹੈ ਕਿ ਹਰਿਆਣਾ ਸਰਕਾਰ ਨੇ ਗੀਤਾ ਦੇ ਪ੍ਰਚਾਰ ਲਈ ਆਪਣਾ ਬੱਜਟ ਦੁੱਗਣਾ ਕਰ ਦਿੱਤਾ ਹੈ। ਉਸ ਨੇ ਮੋਦੀ ਸਰਕਾਰ ਤੋਂ ਗੀਤਾ ਜਯੰਤੀ ਦੇ ਮੌਕੇ ਡਾਕ-ਟਿਕਟ ਜਾਰੀ ਕਰਨ ਦੀ ਮੰਗ ਵੀ ਕੀਤੀ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਅਸ਼ੋਕ ਸਿੰਘਲ ਨੇ ਮੰਗ ਕੀਤੀ ਹੈ ਕਿ ਗੀਤਾ ਨੂੰ ਫੌਰਨ ‘ਰਾਸ਼ਟਰੀ ਗ੍ਰੰਥ’ ਐਲਾਨਿਆ ਜਾਵੇ।

ਭਾਵੇਂ ਭਾਰਤੀ ਰਾਜ ਸਭਾ ਵਿੱਚ ਸੀ.ਪੀ.ਆਈ., ਤ੍ਰਿਣਮੂਲ ਕਾਂਗਰਸ, ਸੀ.ਪੀ.ਆਈ. (ਐਮ), ਕਾਂਗਰਸ ਆਦਿ ਦੇ ਨੁਮਾਇੰਦਿਆਂ ਨੇ ਇਸ ਦੀ ਨਿਖੇਧੀ ਕੀਤੀ ਹੈ, ਪਰ ਇਹ ਬੜੀ ਹਲਕੀ ਜ਼ੁਬਾਨ ਵਿੱਚ ਹੈ। ਯਾਦਵ ਕਬੀਲਿਆਂ (ਕ੍ਰਿਸ਼ਨ ਜੀ ਦਾ ਸਬੰਧ ਯਾਦਵ ਕਬੀਲੇ ਨਾਲ ਸੀ) ਦੀ ਬਹੁਗਿਣਤੀ ਵਾਲੀਆਂ ਮੁਲਾਇਮ ਸਿੰਘ ਯਾਦਵ, ਲਾਲੂ ਯਾਦਵ ਦੀਆਂ ਪਾਰਟੀਆਂ ਨੇ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ। ਸੋ ਜ਼ਾਹਰ ਹੈ ਕਿ ਆਰ. ਐਸ. ਐਸ. ਨੇ ਟੈਸਟ ਗੁਬਾਰਾ ਛੱਡ ਕੇ ਮੌਸਮ ਪਰਖ ਲਿਆ ਹੈ। ‘ਗੀਤਾ’ ਨੂੰ ਰਾਸ਼ਟਰੀ ਗ੍ਰੰਥ ਐਲਾਨਣ ਦਾ ਮਤਲਬ ਹੋਵੇਗਾ ਕਿ ਇਸ ਦੀ ‘ਬੇਅਦਬੀ’ ਦੇ ਬਹਾਨੇ (ਜ਼ੁਬਾਨੀ ਜਾਂ ਕਿਸੇ ਕਾਰਵਾਈ ਨਾਲ) ਕਿਸੇ ਦੇ ਖਿਲਾਫ ਵੀ ਕੇਸ ਰਜਿਸਟਰ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ।

ਪ੍ਰਸਿੱਧ ਦਲਿਤ ਲੇਖਕ ਤੇ ਚਿੰਤਕ ਕੰਵਲ ਭਾਰਤੀ ਦੀ ਇਸ ਸਬੰਧੀ ਟਿੱਪਣੀ ਬੜੀ ਅਹਿਮ ਹੈ। ਬੀ. ਬੀ. ਸੀ. ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ‘ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਦਿਆਂ, ਸੰਘ ਪਰਿਵਾਰ ਲਈ ਭਾਰਤ ਇੱਕ ਹਿੰਦੂ ਦੇਸ਼ ਬਣ ਗਿਆ ਹੈ ਅਤੇ ਭਾਰਤ ਵਿੱਚ ਪੇਸ਼ਵਾ (ਬ੍ਰਾਹਮਣ) ਰਾਜ ਵਾਪਸ ਆ ਗਿਆ ਹੈ। ਗੀਤਾ ਨੂੰ ਰਾਸ਼ਟਰੀ ਗ੍ਰੰਥ ਐਲਾਨ ਕੇ, ਸੰਘ ਪਰਿਵਾਰ ਤੇ ਭਾਜਪਾ ਦੇ ਨੇਤਾ ਭਾਰਤ ਨੂੰ ਪਾਕਿਸਤਾਨ ਬਣਾਉਣਾ ਚਾਹੁੰਦੇ ਹਨ। ਜਿਸ ਤਰ੍ਹਾਂ ਪਾਕਿਸਤਾਨ ਵਿੱਚ ਕੱਟੜਪੰਥੀਆਂ ਦੇ ਦਬਾਅ ਹੇਠ ਈਸ਼ ਨਿੰਦਾ ਕਾਨੂੰਨ ਬਣਾਇਆ ਗਿਆ ਹੈ, ਉਸ ਦੇ ਤਹਿਤ ਅੱਲ੍ਹਾ ਤੇ ਕੁਰਾਨ ਦੀ ਨਿੰਦਿਆ ਕਰਨ ਵਾਲਿਆਂ ਨੂੰ ਫਾਂਸੀ ਦੇਣ ਦੀ ਸਜ਼ਾ ਮਿੱਥੀ ਗਈ ਹੈ, ਠੀਕ ਉਹੋ ਜਿਹੇ ਹਾਲਾਤ ਹੀ ਭਾਰਤ ਵਿੱਚ ਵੀ ਪੈਦਾ ਹੋ ਸਕਦੇ ਹਨ। ਗੀਤਾ ਨੂੰ ਰਾਸ਼ਟਰੀ ਗ੍ਰੰਥ ਐਲਾਨਣ ਦਾ ਮਤਲਬ ਹੋਵੇਗਾ, ਜੋ ਵੀ ਗੀਤਾ ਦੀ ਨਿੰਦਿਆ ਕਰੇਗਾ, ਉਹ ਦੇਸ਼ਧ੍ਰੋਹ ਕਰੇਗਾ ਤੇ ਜੇਲ੍ਹ ਜਾਏਗਾ। ਇਸ ਦੇ ਤਹਿਤ ਘੱਟਗਿਣਤੀ ਕੌਮਾਂ ਮੁਸਲਮਾਨ, ਈਸਾਈ ਤੇ ਸਿੱਖ ਵੀ ਹਿੰਦੂ ਕੱਟੜਵਾਦੀਆਂ ਦੇ ਨਿਸ਼ਾਨੇ ‘ਤੇ ਆ ਜਾਣਗੇ। ਇਸ ਦਾ ਸਭ ਤੋਂ ਆਸਾਨ ਸ਼ਿਕਾਰ ਦਲਿਤ ਤੇ ਆਦਿਵਾਸੀ ਹੋਣਗੇ ਕਿਉਂਕਿ ਇਹ ਦੋਵੇਂ ਗਰੁੱਪ, ਗੀਤਾ ਦੇ ਸਮਰਥਕ ਨਹੀਂ ਹਨ।’

ਅਕਾਲੀ ਲੀਡਰਾਂ ਨੇ ਇਸ ਸਬੰਧੀ ਹਮੇਸ਼ਾ ਵਾਂਗ ਟਾਲ਼ਾ ਹੀ ਵੱਟਿਆ ਹੈ। ਅਕਾਲੀ ਲੀਡਰਸ਼ਿੱਪ ਆਪਣੀ ਚੁੱਪ ਨਾਲ ਹਮੇਸ਼ਾ ਇਹ ਹੀ ਸੁਨੇਹਾ ਦਿੰਦੇ ਹਨ ਕਿ ਤੁਸੀਂ ਜੋ ਵੀ ਕਰੋ ਅਸੀਂ ਤੁਹਾਡੇ ਨਾਲ ਸਹਿਮਤ ਹੀ ਹਾਂ। ਮੁਸਲਮਾਨ ਤੇ ਈਸਾਈ ਲੀਡਰਾਂ ਨੇ ਵੀ ਚੁੱਪ ਰਹਿਣ ਵਿੱਚ ਹੀ ਭਲਾ ਸਮਝਿਆ ਹੈ। ਸੋ ਜ਼ਾਹਰ ਹੈ, ਭਾਰਤ ਐਲਾਨ ਤੋਂ ਪਹਿਲਾਂ ਹੀ ਹਿੰਦੂ ਰਾਸ਼ਟਰ ਬਣ ਚੁੱਕਾ ਹੈ ਅਤੇ ਗੀਤਾ ਇਸ ਦਾ ‘ਪਵਿੱਤਰ ਰਾਸ਼ਟਰੀ ਗ੍ਰੰਥ’ ਐਲਾਨਿਆ ਜਾ ਚੁੱਕਾ ਹੈ।

ਹਿੰਦੂਤਵੀਆਂ ਨੇ ਸਿਰਫ ਅਯੁੱਧਿਆ, ਮਥਰਾ, ਕਾਸ਼ੀ ਅਤੇ ਹੋਰ 100 ਮਸੀਤਾਂ ਨੂੰ ਹੀ ਮੰਦਰ ਬਣਾਉਣ ਦਾ ਸੰਕਲਪ ਨਹੀਂ ਕੀਤਾ ਹੋਇਆ, ਬਲਕਿ ਉਹ ਤਾਜ ਮਹੱਲ ‘ਤੇ ਵੀ ਅੱਖ ਰੱਖਦੇ ਹਨ। ਯੂ. ਪੀ., ਬੀ.ਜੇ.ਪੀ. ਦੇ ਪ੍ਰਧਾਨ ਲਕਸ਼ਮੀ ਕਾਂਤ ਵਾਜਪਾਈ ਨੇ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਦੁਨੀਆ ਦਾ ਇੱਕ ਅਜੂਬਾ ‘ਤਾਜ ਮਹੱਲ’ ਇੱਕ ਪੁਰਾਣੇ ਮੰਦਰ ‘ਤੇਜੋ ਮਹਿਲਿਆ ਮੰਦਰ’ ਦਾ ਹਿੱਸਾ ਹੈ। ਵਾਜਾਪਾਈ ਨੇ ਦਾਅਵਾ ਕੀਤਾ ਕਿ ਸ਼ਾਹਜਹਾਂ ਨੇ ਰਾਜਾ ਜੈ ਸਿੰਘ ਤੋਂ ਤੇਜੋ ਮਹਿਲਿਆ ਮੰਦਰ ਦੀ ਜ਼ਮੀਨ ਦਾ ਇੱਕ ਟੁੱਕੜਾ ਲਿਆ ਸੀ, ਜਿਸ ਸਬੰਧੀ ਸਾਡੇ ਕੋਲ ਸਾਰੇ ਦਸਤਾਵੇਜ਼ ਮੌਜੂਦ ਹਨ।

ਪਾਠਕ ਜਨ! ਆਰ.ਐਸ.ਐਸ. ਨਿਸ਼ਚਿਤ ਤੌਰ ‘ਤੇ ਆਪਣੇ ਨਿਸ਼ਾਨੇ ਦੇ ਬਹੁਤ ਕਰੀਬ ਹੈ। ਪਰ ਵੇਖਣਾ ਇਹ ਹੈ ਕਿ 30 ਮਿਲੀਅਨ ਸਿੱਖ ਕੌਮ, ਆਪਣੀ ਅਜ਼ਾਦ ਹਸਤੀ ਦੇ ਬਚਾਅ ਲਈ ਕਿਉਂ ਚਿੰਤਤ ਨਹੀਂ ਹੈ? ਅਕਾਲੀ ਲੀਡਰ, ਧਾਰਮਿਕ ਜਥੇਦਾਰ ਤੇ ਹੋਰ ਸਿਆਸੀ ਧਿਰਾਂ ਹਲਕੀ-ਫੁਲਕੀ ਬਿਆਨਬਾਜ਼ੀ ਕਰਕੇ ਝੱਟ ਲੰਘਾ ਰਹੀਆਂ ਹਨ। ਕੀ ਅਗਲੇ ਵਰ੍ਹਿਆਂ ਵਿੱਚ ਸਾਡੀ ਹਾਲਤ ਭਾਰਤ ਵਿੱਚ ਬੁੱਧ ਧਰਮ ਦੇ ਹਸ਼ਰ ਵਾਲੀ ਨਹੀਂ ਹੋਣ ਜਾ ਰਹੀ?


ਟਿੱਪਣੀ: ਜਿਸ ਰਫ਼ਤਾਰ ਨਾਲ ਮੋਦੀ ਦੇ ਰਾਜ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਦੀਆਂ ਵਿਉਂਤਬੰਦੀ ਚਲ ਰਹੀ ਹੈ, ਤਾਜਮਹਲ ਨੂੰ ਤੇਜੋ ਮਹਿਲਿਆ (ਸ਼ਿਵਜੀ ਦਾ ਮੰਦਿਰ) ਸਾਬਿਤ ਕਰ ਰਹੇ ਨੇ, ਉਸੇ ਤਰ੍ਹਾਂ ਇਨ੍ਹਾਂ ਨੇ "ਦਰਬਾਰ ਸਾਹਿਬ" ਨੂੰ ਸਵਰਣ ਮੰਦਿਰ, ਗੋਲਡਨ ਟੈਂਪਲ ਦੇ ਨਾਮ ਹੇਠ ਵਿਸ਼ਨੂੰ ਦਾ ਮੰਦਿਰ ਸਾਬਿਤ ਕਰਨਾ ਹੈ, ਰਾਮਚੰਦਰ ਦਾ ਸਰੋਵਰ ਸਾਬਿਤ ਕਰਨਾ ਹੈ, ਫਿਰ ਘਸੁੰਨ ਅੱਖਾਂ 'ਚ ਦੇ ਕੇ ਰੋਇਓ, ਹਾਲੇ ਵੀ ਗੁਰੂ ਦੀ ਮੱਤ ਵਰਤੋ, ਕਰਮ ਕਾਂਡ ਛੱਡ ਕੇ, ਗੁਰੂ ਦੇ ਸਿੱਖ ਬਣੋ... ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top