Share on Facebook

Main News Page

ਸਿੱਖ ਸੰਕਲਪ ਬਨਾਮ ਜਾਤ-ਪਾਤ ਦਾ ਵਰਤਾਰਾ - 2
-: ਡਾ. ਧਰਮਵੀਰ ਗਾਂਧੀ, 90138 69336

ਸਾਡੇ ਲਈ ਇਸ ਤੋਂ ਵੱਡੀ ਨਮੋਸ਼ੀ ਦੀ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ ਕਿ ਗੁਰੂ ਸਾਹਿਬਾਨਾਂ ਵੱਲੋਂ ਜਾਤ-ਪਾਤ ਦੇ ਕੋਹੜ ਦਾ ਮੁੱਢੋਂ ਹੀ ਫਾਹਾ ਵੱਢ ਦੇਣ ਵਾਲੀ ਦਿੱਤੀ ਸਿੱਖਿਆ ਦੇ ਬਾਵਜੂਦ ਅਸੀਂ ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਦਿੱਤੀ ਮਹਾਨ ਸਿੱਖਿਆ ਨੂੰ ਮੂਲੋਂ ਤਿਲਾਂਜਲੀ ਦੇ ਕੇ ਮੁੜ ਸਮਾਜ ਨੂੰ ਵੰਡਣ ਅਤੇ ਟੁਕੜੇ-ਟੁਕੜੇ ਕਰਨ ਵਾਲੀ ਪਿਛਾਂਹਖਿੱਚੂ ਸੋਚ ਦੇ ਰਾਹ ਪੈ ਚੁੱਕੇ ਹਾਂ। ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਰਾਹੀਂ ਮਨੁੱਖਤਾ ਨੂੰ ਜਗਾਉਣ ਅਤੇ ਧਰਮ, ਜਾਤ, ਇਲਾਕੇ, ਬੋਲੀ ਅਤੇ ਆਰਥਿਕ ਨਾ-ਬਰਾਬਰੀ ਵਿੱਚ ਫਸੇ ਲੋਕਾਂ ਨੂੰ ਮਨੁੱਖੀ ਬਰਾਬਰੀ, ਸਾਂਝੀਵਾਲਤਾ ਅਤੇ ਭਾਈਚਾਰੇ ਦੀ ਜਿਹੜੀ ਮਹਾਨ ਸਿੱਖਿਆ ਸਾਰੀ ਉਮਰ ਦਿੱਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਕੇ ‘ਗ਼ਰੀਬ ਸਿੰਘਾਂ’ ਨੂੰ ਜਿਹੜੀ ਪਾਤਸ਼ਾਹੀ ਦਿੱਤੀ ਸੀ, ਉਸ ਨੂੰ ਅਸੀਂ ਭੁੱਲੀ ਬੈਠੇ ਹਾਂ।

ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਵਿੱਚ ਨੀਵੀਆਂ ਸਮਝੀਆਂ ਜਾਣ ਵਾਲੀਆਂ ਜਾਤਾਂ ਵਿੱਚੋਂ ਪੰਜ ਸਿੰਘਾਂ ਨੂੰ ਚੁਣ ਕੇ ਨਾ ਕੇਵਲ ਕੁੱਲ, ਜਾਤ ਦੇ ਵਿਤਕਰੇ ਨੂੰ ਖ਼ਤਮ ਕੀਤਾ ਸਗੋਂ ਇਨ੍ਹਾਂ ਨੀਚ ਸਮਝੇ ਜਾਣ ਵਾਲੇ ਸਿੰਘਾਂ ਤੋਂ ਖ਼ੁਦ ਮੰਗ ਕੇ ਅੰਮ੍ਰਿਤ ਛਕਿਆ। ਇੰਜ ਗੁਰੂ-ਚੇਲੇ ਵਿਚਲੇ ਫ਼ਰਕ ਨੂੰ ਸਮਾਪਤ ਕਰਦਿਆਂ ‘‘ਆਪੇ ਗੁਰ ਚੇਲਾ’’ ਬਣ ਕੇ ਵਿਖਾਇਆ। ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਨੇ ਗੁਰੂ-ਚੇਲੇ ਵਿਚਲੇ ਫ਼ਰਕ ਨੂੰ ਗੁਰੂ ਜੀ ਵੱਲੋਂ ਖ਼ਤਮ ਕਰ ਦੇਣ ਬਾਰੇ ਬਿਲਕੁਲ ਸਹੀ ਲਿਖਿਆ ਹੈ ਕਿ:

ਮੈਂ ਏਸੇ ਲਈ ਸੀ ਜੰਗ ਗੜ੍ਹੀ ਚਮਕੌਰ ਦਾ ਲੜਿਆ,
ਕਿ ਕੱਚੇ ਕੋਠੇ ਸਾਹਵੇਂ ਮਹਿਲ ਤੇ ਮੀਨਾਰ ਝੁਕ ਜਾਵੇ।
ਮੈਂ ਇਸੇ ਲਈ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ,
ਕਿ ਰਿਸ਼ਤਾ ਜੱਗ ਤੋਂ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ।


ਅੱਜ ਇੰਨੀ ਵੱਡੀ ਗ਼ਰੀਬ ਪੱਖੀ ਤੇ ਜਾਤ-ਪਾਤ ਵਿਰੋਧੀ ਵਿਰਾਸਤ ਨੂੰ ਛੱਡ ਕੇ ਅਸੀਂ ਮੁੜ ਜਾਤ-ਪਾਤ ਅਤੇ ਸਮਾਜਿਕ ਵੰਡ ਦੀ ਉਸੇ ਦਲਦਲ ਵਿਚ ਖੁੱਭਣ ਲੱਗੇ ਹਾਂ ਜਿੱਥੋਂ ਗੁਰੂ ਸਾਹਿਬਾਨ ਅਤੇ ਭਗਤਾਂ ਨੇ ਸਾਨੂੰ ਕੱਢਿਆ ਸੀ। ਸਿੱਖ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਮਹਾਨ ਸਿੱਖਿਆ ਤੋਂ ਮੂੰਹ ਮੋੜਦਿਆਂ, ਅਸੀਂ ਜਾਤਾਂ ’ਤੇ ਆਧਾਰਿਤ ਗੁਰਦੁਆਰੇ ਬਣਾ ਲਏ ਹਨ। ਧਰਮਸ਼ਾਲਾਵਾਂ ਵੱਖ-ਵੱਖ ਕਰ ਲਈਆਂ ਹਨ। ਅਸੀਂ ਇਨ੍ਹਾਂ ਮਾਰੂ ਰੀਤਾਂ ਅਤੇ ਵਿਤਕਰੇ ਪੈਦਾ ਕਰਨ ਵਾਲੀ ਸੋਚ ਦੇ ਸ਼ਿਕਾਰ ਹੋ ਕੇ ਹੁਣ ਸਿਵੇ ਵੀ ਵੱਖ-ਵੱਖ ਬਣਾ ਲਏ ਹਨ। ਸਾਰੇ ਸੰਸਾਰ ਵਿੱਚ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਜਾਂ ਹੋਰ ਮਹਾਂਨਗਰਾਂ, ਇੱਥੋਂ ਤਕ ਕਿ ਪਟਿਆਲੇ ਵਿੱਚ, ਬੀਰ ਜੀ ਦਸੌਂਧੀ ਰਾਮ ਯਾਦਗਾਰੀ ਸ਼ਮਸ਼ਾਨ ਘਾਟ ਸਮੇਤ ਸਾਰੀਆਂ ਸ਼ਮਸ਼ਾਨ ਘਾਟਾਂ ਵਿੱਚ ਸਾਰੇ ਮ੍ਰਿਤਕ ਸਰੀਰਾਂ ਦਾ ਬਿਨਾਂ ਕਿਸੇ ਵਿਤਕਰੇ ਤੋਂ ਬੜੇ ਅਦਬ ਨਾਲ ਸਸਕਾਰ ਕੀਤਾ ਜਾਂਦਾ ਹੈ। ਕਦੀ ਵੀ ਕਿਸੇ ਦੁਆਰਾ ਕਿਸੇ ਦੇ ਦਲਿਤ, ਬਾਲਮੀਕੀ ਜਾਂ ਜਾਤ ਆਧਾਰਿਤ ਕਿਸੇ ਹੋਰ ਵਿਤਕਰੇ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ। ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਬੰਦਾ ਚਲਾ ਹੀ ਗਿਆ ਤਾਂ ਸਸਕਾਰ ਕਰਨ ਨਾਲ ਅੱਧੇ ਘੰਟੇ ਬਾਅਦ ਰਾਖ਼ ਤੋਂ ਬਿਨਾਂ ਉਸ ਦਾ ਕੁਝ ਵੀ ਬਾਕੀ ਨਹੀਂ ਬਚਦਾ। ਕੀ ਜਾਤ-ਪਾਤ ਦੇ ਕੋਹੜ ਨੂੰ ਅਸੀਂ ‘ਪਰਲੋਕ‘ ਵਿੱਚ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਹਾਂ?

ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਛੂਤ-ਛਾਤ ’ਤੇ ਆਧਾਰਿਤ, ਅਜਿਹੇ ਵਿਤਕਰੇ ਭਰੇ ਸਮਾਜਿਕ ਵਿਹਾਰ ਰਾਹੀਂ ਆਪਣੇ ਨੌਜਵਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਸਿੱਖੀ ਦੇ ਕਿਹੜੇ ਆਦਰਸ਼ਾਂ ਦੀ ਤਸਵੀਰ ਪੇਸ਼ ਕਰ ਰਹੇ ਹਾਂ? ਮੇਰੀ ਸਾਰੇ ਧਰਮਾਂ, ਵਰਗਾਂ, ਜਾਤਾਂ ਤੇ ਇਲਾਕਿਆਂ ਦੇ ਲੋਕਾਂ ਨੂੰ, ਸਿੱਖ ਧਰਮ ਦੇ ਧਾਰਮਿਕ ਆਗੂਆਂ ਅਤੇ ਵਿਸ਼ੇਸ਼ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਾਹਿਬ ਅਤੇ ਸਿੱਖਾਂ ਦੇ ਪੰਜਾਂ ਤਖ਼ਤਾਂ ਦੇ ਜਥੇਦਾਰਾਂ, ਸਿੱਖ ਸੰਤਾਂ, ਮਹਾਂਪੁਰਸ਼ਾਂ, ਬੁੱਧਜੀਵੀਆਂ, ਚਿੰਤਕਾਂ, ਸਿਧਾਂਤਕਾਰਾਂ ਅਤੇ ਸਿੱਖ ਧਰਮ ਵਿੱਚ ਸੱਚੀ ਸ਼ਰਧਾ ਅਤੇ ਵਿਸ਼ਵਾਸ ਰੱਖਣ ਵਾਲੇ ਵੀਰਾਂ-ਭੈਣਾਂ ਨੂੰ ਅਪੀਲ ਹੈ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਮੱਤ ਅਤੇ ਸਾਂਝੀ ਸਹਿਮਤੀ ਨਾਲ ਸਿੱਖ ਧਰਮ ਦੀ ਮਹਾਨ ਮਾਨਵਵਾਦੀ ਵਿਰਾਸਤ ਉੱਪਰ ਮੁੜ ਤੋਂ ਲੱਦੀ ਜਾ ਰਹੀ ਜਾਤ-ਪਾਤ ਦੀ ਇਸ ਅਮਰਵੇਲ ਨੂੰ ਲਾਹ ਮਾਰੀਏ।

ਸਾਰੇ ਸਮਾਜ ਨੂੰ ਨਾਲ ਲੈ ਕੇ ਇੱਕਮੁੱਠ ਹੋ ਕੇ ਵਿਚਾਰਧਾਰਕ, ਸਿਧਾਂਤਕ, ਧਾਰਮਿਕ ਅਤੇ ਸਮਾਜਿਕ ਤੌਰ ’ਤੇ ਸੰਗਠਿਤ ਹੋ ਕੇ ਇਸ ਲਾਹਨਤ ਦਾ ‘ਕੀਰਤਨ ਸੋਹਿਲਾ’ ਪੜ੍ਹੀਏ ਅਤੇ ਹਰ ਪਿੰਡ ਵਿੱਚ ਸਾਰੀਆਂ ਜਾਤਾਂ ਲਈ ਇੱਕੋ- ਇੱਕ ਸਾਂਝਾ ਗੁਰਦੁਆਰਾ, ਧਰਮਸ਼ਾਲਾਵਾਂ ਅਤੇ ਸ਼ਮਸ਼ਾਨ ਘਾਟ ਉਸਾਰਨ ਲਈ ਸੁਚੇਤ ਯਤਨ ਅਰੰਭ ਕਰੀਏ। ਸਮਾਜ ਨੂੰ ਜੋੜੀਏ ਅਤੇ ਸਮਾਜ ਵਿੱਚੋਂ ਵਿਤਕਰੇ, ਛੂਤ-ਛਾਤ ਨੂੰ ਖ਼ਤਮ ਕਰੀਏ। ਜੰਮਣ, ਮਰਨ, ਵਿਆਹ ਨਾਲ ਜੁੜੀਆਂ ਖ਼ਰਚੀਲੀਆਂ ਰਸਮਾਂ ਅਤੇ ਰੀਤਾਂ ਨੂੰ ਸਮਾਪਤ ਕਰਦਿਆਂ, ਇੱਕ ਸਿਹਤਮੰਦ, ਜਾਗਰੂਕ ਅਤੇ ਸੱਚ ਉੱਤੇ ਪਹਿਰਾ ਦੇਣ ਵਾਲੇ ਤੇ ਗ਼ਰੀਬਾਂ ਦੀ ਬਾਂਹ ਫੜਨ ਵਾਲੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ। ਇੱਥੇ ਇਹ ਜ਼ਿਕਰ ਕਰਨਾ ਵਾਜਬ ਹੋਵੇਗਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਹਕੂਮਤੀ ਜਬਰ ਨੂੰ ਵੰਗਾਰਦਿਆਂ ਇਹ ਭਾਈ ਜੈਤਾ ਹੀ ਸੀ, ਜਿਸ ਨੇ ਗੁਰੂ ਸਾਹਿਬ ਦੇ ਸੀਸ ਨੂੰ ਆਪਣੀ ਜਾਨ ਤਲੀ ’ਤੇ ਧਰ ਕੇ ਸ੍ਰੀ ਆਨੰਦਪੁਰ ਸਾਹਿਬ ਲਿਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਅੰਤਿਮ ਦਰਸ਼ਨ ਕਰਾਏ। ਗੁਰੂ ਸਾਹਿਬ ਨੇ ਭਾਈ ਜੈਤੇ ਨੂੰ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਰੁਤਬਾ ਦਿੱਤਾ। ਗੁਰੂ ਦੇ ਬੇਟਿਆਂ ਦੇ ਮ੍ਰਿਤਕ ਸਰੀਰ ਦਾ ਸਸਕਾਰ ਵੀ ਸਾਂਝੇ ਸ਼ਮਸ਼ਾਨ ਘਾਟ ਵਿੱਚ ਕਰਨ ਤੋਂ ਹੁਣ ਸਾਡੇ ਮਨਾਂ ਵਿੱਚ ਵਿਤਕਰਾ ਕਿਉਂ ਪੈਦਾ ਹੁੰਦਾ ਹੈ?

ਇਹ ਸਵਾਲ ਸਾਰੇ ਸਮਾਜ ਲਈ ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਲਈ ਇੱਕ ਚੁਣੌਤੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਇਸ ਚੁਣੌਤੀ ਦਾ ਉੱਤਰ ਅਸੀਂ ਗੁਰਬਾਣੀ ਦੇ ਚਾਨਣ ਰਾਹੀਂ ਗੁਰਮੁਖਤਾ ਨਾਲ ਦਿੰਦੇ ਹਾਂ ਜਾਂ ਜਾਤ-ਪਾਤ, ਹਉਮੈ ਵਿੱਚ ਗ੍ਰਸੀ ਆਪਣੀ ਮਨਮੁਖਤਾ ਨਾਲ। ਜਿਹੜੇ ਲੋਕ ਅੱਜ ‘ਸਿੱਖ ਧਰਮ ਨੂੰ ਖ਼ਤਰੇ’ ਦੀ ਦੁਹਾਈ ਦਿੰਦੇ ਹਨ, ਉਹ ਸਿੱਖ ਧਰਮ ਅਤੇ ਸਿੱਖੀ ਨੂੰ, ਫ਼ਲਸਫ਼ੇ ਅਤੇ ਅਮਲ ਦੇ ਪੱਧਰ ’ਤੇ ਇੱਕ ਸੀਮਤ ਦਾਇਰੇ ਵਿੱਚ ਰੱਖ ਕੇ ਦੇਖਦੇ ਹਨ। ਉਹ ਜਾਣਦੇ ਹੀ ਨਹੀਂ ਕਿ ਸਿੱਖ ਧਰਮ ਸਿਰਫ਼ ਸਿੱਖਾਂ ਲਈ ਨਹੀਂ ਸਗੋਂ ਸਮੂਹ ਜਗਤ ਲੋਕਾਈ ਲਈ ਹੈ। ਉਹ ਨਹੀਂ ਜਾਣਦੇ ਕਿ ਸਿੱਖ ਧਰਮ ਮਹਿਜ਼ ਜੀਵਨ ਦਰਸ਼ਨ ਹੀ ਨਹੀਂ, ਨਿਆਰਾ ਜੀਵਨ ਢੰਗ ਤੇ ਜੀਵਨ ਜਾਚ ਵੀ ਹੈ। ਅਜੋਕੇ ਸੰਸਾਰ ਵਿੱਚ ਜੇ ਸਿੱਖ ਧਰਮ ਦੇ ਸਰਬ-ਸਾਂਝੀਵਾਲਤਾ ਅਤੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ‘ ਵਰਗੇ ਸਮੂਹ ਲੋਕਾਈ ਨੂੰ ਆਪਣੇ ਕਲਾਵੇ ਵਿੱਚ ਲੈਣ ਅਤੇ ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਵਰਗੇ ਸਮਾਜਿਕ ਇਨਕਲਾਬੀ ਉਦੇਸ਼ਾਂ ਤੇ ਆਦਰਸ਼ਾਂ ’ਤੇ ਚੱਲ ਕੇ ਲੋਕਾਂ ਦੀ ਅਗਵਾਈ ਕੀਤੀ ਜਾਵੇ ਤਾਂ ਖ਼ਤਰਾ ਸਿੱਖ ਧਰਮ ਨੂੰ ਨਹੀਂ ਸਗੋਂ ਵਿਤਕਰਿਆਂ ’ਤੇ ਉੱਸਰੀ ਸੱਤਾ-ਸਥਾਪਤੀ ਅਤੇ ਮਨੁੱਖਤਾ ਵਿਰੋਧੀ ਧਰਮਾਂ ਨੂੰ ਜ਼ਰੂਰ ਖੜ੍ਹਾ ਹੋ ਸਕਦਾ ਹੈ।

ਇਹ ਨਹੀਂ ਮੰਨਿਆ ਜਾ ਸਕਦਾ ਕਿ ਸਿੱਖ ਧਰਮ ਦੇ ਅਗਵਾਨ, ਸਿੱਖ ਚਿੰਤਕ, ਬੁੱਧਜੀਵੀ ਤੇ ਸਿਧਾਂਤਕਾਰ, ਸਿੱਖੀ ਦੇ ਇਸ ਪੱਖ ਤੋਂ ਅਣਜਾਣ ਹਨ। ਅਸਲੀਅਤ ਇਹ ਹੈ ਕਿ ਉਹ ਸਿੱਖੀ ਦੇ ਇਸ ਪੱਖ ਨੂੰ ਉਜਾਗਰ ਕਰ ਕੇ ਆਪਣੀ ਆਰਾਮਪ੍ਰਸਤ ਜ਼ਿੰਦਗੀ ਵਿੱਚ ਖ਼ਲਲ ਪੈਣ ਦੇ ਡਰੋਂ, ਜਾਣ ਬੁੱਝ ਕੇ ਅੱਖਾਂ ਮੀਟੀ ਬੈਠੇ ਹਨ। ਸਿੱਖ ਧਰਮ ਦੀ ਵਿਸ਼ਾਲਤਾ ਨੂੰ ਅਰਥ ਦੇਣ ਅਤੇ ਬਿਖੜੇ ਪੈਂਡਿਆਂ ਦੇ ਰਾਹੀ ਬਣਨ ਤੋਂ ਬਚਦੇ, ਉਹ ਇਸ ਨੂੰ ਕੇਵਲ ਸਿੱਖ ਜਗਤ ਤਕ ਹੀ ਸੀਮਤ ਰੱਖਣ ਦਾ ਆਸਾਨ ਰਸਤਾ ਚੁਣੀ ਬੈਠੇ ਹਨ। ਉਹ ਇਸ ਨੂੰ ਇਸ ਦੇ ਬਾਹਰੀ ਰੂਪ ਜਾਂ ਸਾਖੀਆਂ/ਸਤਿਸੰਗਾਂ/ਦੀਵਾਨਾਂ ਤਕ ਹੀ ਸੀਮਤ ਕਰ ਕੇ ਰੱਖਣਾ ਚਾਹੁੰਦੇ ਹਨ। ਸਿੱਖ ਧਰਮ ਵਿੱਚ ਬੁਰੀ ਤਰ੍ਹਾਂ ਪੈਰ ਪਸਾਰ ਚੁੱਕੀ ਬ੍ਰਾਹਮਣਵਾਦੀ ਸੋਚ ਤੇ ਕਰਮਕਾਂਡੀ ਧਾਰਮਿਕ ਅਭਿਆਸ ਸਬੰਧੀ ਉਨ੍ਹਾਂ ਜਾਣ ਬੁੱਝ ਕੇ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ। ਸੰਗਤ ਤੇ ਪੰਗਤ ਵਰਗੇ ਮਹਾਨ ਸੰਕਲਪਾਂ ਵਿੱਚ ਆਏ ਨਿਘਾਰ ਅਤੇ ਪ੍ਰਤੱਖ ਵਿਗਾੜਾਂ ਤੋਂ ਉਹ ਅੱਖਾਂ ਮੁੰਦੀ ਬੈਠੇ ਹਨ। ਸਿੱਖ ਧਰਮ ਵਿੱਚ ਮੁੜ ਜੜ੍ਹਾਂ ਪਸਾਰ ਚੁੱਕੀ ਜਾਤ-ਪਾਤ ਵਿਵਸਥਾ ਕਾਰਨ ਨੀਵੀਆਂ ਜਾਤਾਂ ਦੇ ਸਿੱਖ ਧਰਮ ਤੋਂ ਦੂਰ ਹੋਣ ਅਤੇ ਪੰਜਾਬ ਵਿੱਚ ਵਧ ਰਹੇ ਡੇਰਾਵਾਦ ਦੇ ਰਿਸ਼ਤੇ ਨੂੰ ਵੀ ਉਹ ਜਾਣਬੁੱਝ ਕੇ ਅਣਗੌਲਿਆਂ ਕਰਨ ਦੇ ਰੌਂਅ ਵਿੱਚ ਜਾਪਦੇ ਹਨ। ਇਹੀ ਕਾਰਨ ਹੈ ਕਿ ਹੌਲ਼ੀ-ਹੌਲ਼ੀ ਸਿੱਖ ਧਰਮ ਦਾ ਬ੍ਰਾਹਮਣੀਕਰਨ ਹੁੰਦਾ ਜਾ ਰਿਹਾ ਹੈ।

ਫਿਰ ਵੀ ਮੈਂ ਆਸ ਕਰਦਾ ਹਾਂ ਕਿ ਸਿੱਖ ਸੰਗਤ ਦਾ ਵਿਸ਼ਾਲ ਹਿੱਸਾ, ਸਿੱਖੀ ਤੇ ਸਿੱਖ ਧਰਮ ਦੇ ਮਾਨਵਤਾਵਾਦੀ ਅਤੇ ਸਰਬੱਤ ਦੇ ਭਲੇ ਵਾਲੇ ਇਨਕਲਾਬੀ ਵਿਰਸੇ ਨੂੰ ਬਚਾਉੇਣ ਲਈ ਸਿੱਖ ਜਗਤ ਵਿੱਚ ਪੈਰ ਪਸਾਰ ਚੁੱਕੀ ਜਾਤ-ਪਾਤ ਵਿਵਸਥਾ ਦੇ ਖ਼ਿਲਾਫ਼ ਸ਼ੁਰੂ ਕੀਤੇ ਜਾ ਰਹੇ ਜਾਗਰੂਕਤਾ ਅਭਿਆਨ ਵਿੱਚ, ਉਹ ਮੇਰੇ ਵਰਗੇ ਅਨੇਕਾਂ ਹੋਰ ਨਿਮਾਣੇ ਜਿਹੇ ਵਿਅਕਤੀਆਂ ਦਾ ਸਾਥ ਜ਼ਰੂਰ ਦੇਵੇਗਾ।

(ਸਮਾਪਤ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top