Share on Facebook

Main News Page

ਜਥੇਦਾਰ ਨੰਦਗੜ੍ਹ ਉਸ ਰਹੱਸ ਤੋਂ ਪਰਦਾ ਚੁੱਕ ਦੇਣਾ ਚਾਹੀਦਾ ਹੈ, ਜਿਸ ਥੱਲੇ ਸਿੱਖੀ ਨੂੰ ਨਿਗਲਣ ਵਾਲਾ ਅਜਗਰ ਛੁਪ ਕੇ ਸਾਡੇ ਵਿਹੜੇ ਬੈਠਾ ਹੋਇਆ ਹੈ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਦਾਸ ਨੇ ਬਹੁਤ ਦਿਨ ਪਹਿਲਾਂ ਕਿਸੇ ਪੁਖਤਾ ਸਰੋਤ ਤੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਰੋਜ਼ਾਨਾ ਪਹਿਰੇਦਾਰ ਵਿਚ ਇੱਕ ਖਬਰ ਪ੍ਰਕਾਸ਼ਿਤ ਕਰਕੇ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਜਥੇਦਾਰ ਨੰਦਗੜ੍ਹ ਦੀ ਜਥੇਦਾਰੀ ਤੋਂ ਛੁੱਟੀ ਕਿਸੇ ਵੇਲੇ ਵੀ ਸੰਭਵ ਤਾਂ ਬਹੁਤ ਸਾਰੇ ਲੋਕਾਂ ਨੇ ਫੋਨ ਕਰਕੇ ਪੁੱਛਿਆ ਕਿ ਕੀਹ ਇਹ ਸੱਚ ਹੈ ਜਾਂ ਕੁੱਝ ਲੋਕ ਵਿਅੰਗ ਕੱਸਦੇ ਰਹੇ ਕਿ ਅਜਿਹਾ ਨਹੀਂ ਹੋ ਸਕਦਾ। ਜਥੇਦਾਰ ਜੀ ਪਹਿਲਾਂ ਵੀ ਬਹੁਤ ਵਾਰ ਵਿਵਾਦਾਂ ਵਿੱਚ ਘਿਰੇ ਹਨ, ਪਰ ਫਿਰ ਉਸ ਹੀ ਤਨਖਾਹ 'ਤੇ ਕੰਮ ਕਰਨਾ ਪ੍ਰਵਾਨ ਕਰਕੇ ਚੁੱਪ ਕਰ ਜਾਂਦੇ ਹਨ। ਪਰ ਕੱਲ ਜਦੋਂ ਜਥੇਦਾਰ ਜੀ ਦੀ ਸੁਰੱਖਿਆ ਵਾਪਿਸ ਲੈ ਲਈ ਗਈ ਤਾਂ ਫਿਰ ਅੱਜ ਬਹੁਤ ਸਾਰੇ ਲੋਕਾਂ ਨੇ ਫੋਨ ਕਰਕੇ ਪੁੱਛਿਆ ਕਿ ਹੁਣ ਅੱਗੇ ਕੀਹ ਹੋਵੇਗਾ ਜਾਂ ਕੀਹ ਹੋਣਾ ਚਾਹੀਦਾ ਹੈ।

ਜਗਿਆਸੂ ਪਾਠਕਾਂ ਅਤੇ ਪੰਥ ਦੀ ਹੋ ਰਹੀ ਬਰਬਾਦੀ ਅਤੇ ਤੜਫ ਰਹੇ ਪੰਥ ਦਰਦੀਆਂ ਦੀਆਂ ਭਾਵਨਾਵਾਂ ਨੂੰ ਵੇਖਦਿਆਂ, ਫਿਰ ਅੱਜ ਦਾ ਇਹ ਲੇਖ ਲਿਖਕੇ ਕੌਮ ਦੇ ਭਲੇ ਵਾਸਤੇ ਹੋਕਾ ਦੇਣ ਦਾ ਉਦਮ ਕਰ ਲਿਆ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਕਿਸੇ ਤਖਤ ਸਾਹਿਬ ਦੇ ਸੇਵਾਦਾਰ ਨੂੰ ਹਾਕਮਾਂ ਵੱਲੋਂ ਜਲੀਲ ਕੀਤਾ ਗਿਆ ਹੋਵੇ। ਇੱਕ ਤਾਂ ਪੰਥ ਨੂੰ ਇਹ ਗੱਲ ਲੜ ਬੰਨ ਲੈਣੀ ਚਾਹੀਦੀ ਹੈ ਕਿ ਹਾਕਮ ਅਕਾਲੀ ਹੋਣ ਜਾਂ ਕਾਂਗਰਸੀ ਹੋਣ ਕੋਈ ਫਰਕ ਨਹੀਂ, ਤੇਵਰ ਸਭ ਦੇ ਇੱਕੋ ਜਿਹੇ ਹੀ ਹੁੰਦੇ ਹਨ। ਦੂਸਰੀ ਗੱਲ ਇਹ ਕਿ ਜੇ ਹਾਕਮ ਗੈਰ ਅਕਾਲੀ ਹੋਣ ਫਿਰ ਜਾਂ ਤਾਂ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਵਾਂਗੂੰ ਮਲੀਆ ਮੇਟ ਕਰਦੇ ਹਨ, ਜਾਂ ਫਿਰ ਡਰਦੇ ਧਾਰਮਿਕ ਮਸਲਿਆਂ ਵਿੱਚ ਦਖਲ ਤੋਂ ਗੁਰੇਜ਼ ਕਰ ਜਾਂਦੇ ਹਨ। ਲੇਕਿਨ ਜਦੋਂ ਹਾਕਮ ਅਕਾਲੀ ਹੋਣ ਫਿਰ ਓਹ ਧਰਮ ਨੂੰ ਘੋੜੀ ਬਣਾ ਲੈਂਦੇ ਹਨ ਤੇ ਜਦੋਂ ਫਿਰ ਘੋੜੀ ਕਿਤੇ ਅੜੀ ਆਦਿ ਕਰੇ ਤਾਂ ਚਾਬਕ ਵਰਤਣ ਲੱਗੇ ਮਿੰਟ ਵੀ ਨਹੀਂ ਲਾਉਂਦੇ। ਅੱਜ ਦੇ ਜੋ ਬਾਦਲੀ ਅਕਾਲੀ ਹਨ, ਇਹਨਾਂ ਦੇ ਧਰਮ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਅਤੇ ਹਰ ਧਾਰਮਿਕ ਪਦਵੀ ਜਾਂ ਧਾਰਮਿਕ ਸੰਸਥਾ ਨੂੰ ਆਪਣੀ ਦਾਸੀ ਬਣਾਕੇ ਰੱਖਣਾ ਇਹਨਾਂ ਦੀ ਰਾਜਨੀਤੀ ਦਾ ਪਹਿਲਾ ਪਾਠ ਹੈ।

ਪਹਿਲਾਂ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਦਾ ਜੰਨਸੰਘ ਨੇ ਬੜਾ ਲੰਬਾ ਸਮਾਂ ਇਮਤਿਹਾਨ ਲਿਆ ਹੈ ਅਤੇ ਇੱਕ ਇੱਕ ਕਰਕੇ ਉਸਤੋਂ ਸਿੱਖ ਵਿਰੋਧੀ ਗੱਲਾਂ ਕਰਵਾਕੇ ਪਰਖ ਕੀਤੀ ਕਿ ਸਾਡਾ ਭਾਰ ਚੁੱਕ ਵੀ ਸਕੇਗਾ? ਖੈਰ ! ਸ. ਬਾਦਲ ਨੇ ਬੜੀ ਇਮਾਨਦਾਰੀ ਨਾਲ ਜੰਨਸੰਘ ਨੂੰ ਸਿੱਖਾਂ ਦੀਆਂ ਬੇੜੀਆਂ ਵਿੱਚ ਵੱਟੇ ਪਾ ਕੇ ਵਿਖਾਏ। ਜਦੋਂ ਬਾਦਲਾਂ ਬਾਰੇ ਪੂਰੀ ਤੱਸਲੀ ਹੋ ਗਈ ਤਾਂ ਫਿਰ ਓਹ ਸਮਝ ਗਏ ਕਿ ਜੇ ਕਦੇ ਬਾਦਲ ਨੂੰ ਸਾਡੀ ਪੰਜਾਲੀ ਹੇਠੋਂ ਕੱਢਣ ਦਾ ਯਤਨ ਹੋਇਆ ਤਾਂ ਓਹ ਸਿਰਫ ਅਕਾਲ ਤਖਤ ਸਾਹਿਬ ਰਾਹੀਂ ਹੀ ਹੋ ਸਕਦਾ ਹੈ। ਜਿਸ ਸਮੇਂ ਬੇਅੰਤ ਸਰਕਾਰ ਨੇ ਪੰਜਾਬ ਵਿੱਚ ਜ਼ੁਲਮ ਦੀ ਅੱਤ ਕਰ ਰੱਖੀ ਸੀ ਤਾਂ ਉਸ ਵੇਲੇ ਹੀ ਗੁਰੂ ਹਰਗੋਬਿੰਦ ਸਾਹਿਬ ਦਾ 400 ਸਾਲਾ ਵੀ ਮਨਾਇਆ ਜਾ ਰਿਹਾ ਸੀ। ਜਿਥੇ ਇਕੱਤਰਤ ਸਿੱਖਾਂ ਦੇ ਜਜਬਾਤਾਂ ਨੇ ਸਿੱਖ ਲੀਡਰਾਂ ਦੀ ਅਨੇਕਤਾ ਤੇ ਰੋਸ ਜ਼ਾਹਿਰ ਕੀਤਾ ਅਤੇ ਇਸ ਪਾਟੋਧਾੜੀ ਕੌਮ ਦੇ ਹੋ ਰਹੇ ਘਾਣ ਦਾ ਮੁੱਖ ਕਰਨ ਦੱਸਦਿਆਂ ਅਕਾਲੀ ਏਕੇ ਦੀ ਅਪੀਲ ਕਰਦਿਆਂ ਅਕਾਲ ਤਖਤ ਸਾਹਿਬ ਨੂੰ ਦਖਲ ਦੇਣ ਦੀ ਬੇਨਤੀ ਕੀਤੀ।

ਉਸ ਵੇਲੇ ਦੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਸਾਰੇ ਲੀਡਰਾਂ ਨੂੰ ਗੁਰੂ ਜੁਗਤ ਵਿੱਚ ਜੁੜ ਬੈਠਣ ਦਾ ਆਦੇਸ਼ ਕੀਤਾ ਤਾਂ ਇੱਕ ਬਾਦਲ ਹੀ ਸੀ ਜਿਸ ਨੇ ਇਸ ਆਦੇਸ਼ ਨੂੰ ਮੰਨਣ ਤੋਂ ਕੋਰਾ ਇਨਕਾਰ ਕਰ ਦਿੱਤਾ ਸੀ। ਪੰਜਾਬੀ ਪ੍ਰੈਸ ਦੀ ਇੱਕ ਧਿਰ ਨੇ ਉਸ ਵੇਲੇ ਬਾਦਲ ਦਾ ਇਸ ਖੁਨਾਮੀ ਵਿੱਚ ਪੂਰਾ ਸਾਥ ਦਿੱਤਾ ਅਤੇ ਪਿਛਲੇ ਪਾਸੇ ਜੰਨਸੰਘ ਵੀ ਬਾਦਲ ਨੂੰ ਹੱਲਾਸ਼ੇਰੀ ਦੇ ਕੇ ਉਸ ਮੁਕਾਮ ਤੇ ਲਿਜਾਣਾ ਚਾਹੁੰਦੀ ਸੀ, ਜਿਥੇ ਅੱਜ ਸ. ਬਾਦਲ ਖੜੇ ਹਨ। ਉਹਨਾਂ ਦੇ ਚਾਰੇ ਪਾਸੇ ਹੁਣ ਦਲ ਦਲ ਹੈ, ਜਮੀਰ ਅਤੇ ਜਮੀਨ ਦੋਹੇ ਦੂਰ ਰਹਿ ਗਏ ਹਨ, ਵਾਪਸੀ ਦੀ ਉਮੀਦ ਹੀ ਨਹੀਂ ਰਹੀ। ਜੰਨਸੰਘ ਜਾਂ ਆਰ.ਐਸ.ਐਸ. ਦੇ ਏਜੰਡੇ ਬੜੇ ਗੁੰਝਲਦਾਰ ਹਨ। ਛੇਤੀ ਛੇਤੀ ਸਮਝ ਨਹੀਂ ਆਉਂਦੇ। ਉਸ ਵੇਲੇ ਕਿਸੇ ਨੂੰ ਇਹ ਇਲਮ ਨਹੀਂ ਸੀ ਕਿ ਅਕਸਰ ਸ. ਬਾਦਲ ਇੱਕ ਕੁਰਸੀ ਪਿਛੇ ਧਰਮ ਤੋਂ ਏਨੇ ਬੇਮੁੱਖ ਕਿਉਂ ਹੁੰਦੇ ਜਾ ਰਹੇ ਹਨ? ਕਿਉਂਕਿ ਸ. ਬਾਦਲ ਦੇ ਪਿਛਵਾੜੇ ਕੰਮ ਕਰਦੀਆਂ ਸ਼ਕਤੀਆਂ ਦਾ ਕਿਸੇ ਨੂੰ ਅੰਦਾਜ਼ਾ ਨਹੀਂ ਸੀ। ਜੇ ਕਿਸੇ ਸਿਆਣੇ ਬੰਦੇ ਨੇ ਅਜਿਹੀ ਕੋਈ ਪੋਸ਼ੀਨਗੋਈ ਕੀਤੀ ਵੀ ਤਾਂ ਸਿੱਖ ਸੰਗਤ ਨੇ ਬਹੁਤਾ ਇਤਬਾਰ ਹੀ ਨਹੀਂ ਕੀਤਾ। ਸ. ਬਾਦਲ ਜਿਹੜੇ ਵੇਖਣ ਨੂੰ ਭੋਲੇ ਭਾਲੇ ਅਤੇ ਇੱਕ ਸਧਾਰਨ ਜਿਹੇ ਸਿੱਖ ਦਿਸਦੇ ਹਨ, ਕੀਹ ਭਲਾ ਇਹ ਵੀ ਕੋਈ ਅਜਿਹੀ ਕਾਰਵਾਈ ਕਰ ਸਕਦੇ ਹਨ, ਜਾਂ ਏਨੇ ਸਿਆਣੇ ਸਿਆਸਤਦਾਨ ਕਿਸੇ ਦੀ ਚਾਲ ਵਿੱਚ ਵੀ ਫਸ ਸਕਦੇ ਹਨ? ਪਰ ਸਿੱਖਾਂ ਨੂੰ ਕੀਹ ਪਤਾ ਕਿ ਰਾਜਨੀਤੀਵਾਨ ਕੁਰਸੀ ਦੇ ਲਾਲਚ ਵਿੱਚ ਕਿਥੋਂ ਤੱਕ ਗਿਰ ਸਕਦਾ ਹੈ?

ਇਸ ਲਈ ਜਦੋਂ ਸ. ਬਾਦਲ ਪੂਰੀ ਤਰ੍ਹਾਂ ਬਿਪਰਵਾਦ ਦੀਆਂ ਉਂਗਲਾਂ ਨੇ ਨੱਚਣ ਲੱਗ ਪਏ ਤਾਂ ਫਿਰ ਇਸ ਪੰਥ ਧ੍ਰੋਹੀ ਜਮਾਤ ਨੇ ਆਪਣੇ ਏਜੰਡੇ ਦੀ ਅਗਲੀ ਮੱਦ ਲਾਗੂ ਕਰਵਾਉਣ ਦੀ ਕੋਸ਼ਿਸ਼ ਆਰੰਭ ਦਿੱਤੀ। ਅੱਜ ਤੱਕ ਸਾਡਾ ਦੁਸ਼ਮਨ ਆਪਣੀ ਹਰ ਚਾਲ ਕਾਮਯਾਬੀ ਨਾਲ ਸਿਰੇ ਚੜਾ ਰਿਹਾ ਹੈ। ਉਸਦੀ ਬਦਨਾਮੀ ਵੀ ਨਹੀਂ ਹੋ ਰਹੀ ਕਿਉਂਕਿ ਓਹ ਤਾਂ ਪਰਦੇ ਪਿੱਛੇ ਹੈ, ਅੱਗੇ ਤਾਂ ਨੀਲੀ ਪਗੜੀ ਵਾਲੇ ਹੀ ਹਨ। ਇਹ ਓਹੀ ਸ਼ਕਤੀ ਹੈ ਜਿਸ ਨੇ ਕਦੇ ਗੂਹਨੇ ਤੋਂ ਗਿਆਨੀ ਪੂਰਨ ਸਿੰਘ ਪਾਸੋਂ ਬਿਆਨ ਦਿਵਾ ਦਿੱਤਾ ਸੀ ਕਿ ਸਿੱਖ ਲਵ ਕੁਸ਼ ਦੀ ਔਲਾਦ ਹਨ। ਕਦੇ ਸ. ਬਾਦਲ ਨੂੰ ਫਖਰ-ਏ-ਕੌਮ ਦਾ ਸਨਮਾਨ ਦਿਵਾ ਦਿੱਤਾ ਤੇ ਹੁਣ ਬਾਦਲ ਤੋਂ ਹੀ ਸਿੱਖਾਂ ਦੀ ਵਖਰੀ ਪਹਿਚਾਨ ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਵਾਉਣਾ ਸੀ। ਪਹਿਲਾਂ ਤਾਂ ਸ. ਪਾਲ ਸਿੰਘ ਪੁਰੇਵਾਲ ਵਾਲੇ ਕੈਲੰਡਰ ਨੂੰ ਲੋਕਾਂ ਦੇ ਮਨਾਂ ਤੋਂ ਲਾਹੁਣ ਵਾਸਤੇ ਇੱਕ ਧੁਮੱਕੜ ( ਧੁੰਮਾਂ + ਮੱਕੜ) ਕੈਲੰਡਰ 2009 ਵਿੱਚ ਸੋਧ ਦੇ ਨਾਮ ਥੱਲੇ ਜਾਰੀ ਕਰਵਾ ਦਿੱਤਾ। ਪਰ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਨੂੰ ਲੈਕੇ ਵਿਵਾਦ ਖੜਾ ਹੋ ਗਿਆਂ ਤਾਂ ਸਿੱਖਾਂ ਨੂੰ ਸਮਝ ਆਈ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਨਹੀਂ, ਸਗੋਂ ਧੋਖਾ ਕੀਤਾ ਗਿਆ ਸੀ, ਤਾਂ ਹੁਣ ਸਿੱਖਾਂ ਵਿਚਲੀ ਜਾਗ੍ਰਿਤੀ ਵੇਖਕੇ ਆਰ.ਐਸ.ਐਸ. ਨੇ ਅਖੌਤੀ ਸੰਤ ਸਮਾਜ ਰਾਹੀ ਤਰੁੰਤ ਪੈਂਤੜਾ ਬਦਲਦਿਆਂ ਕਿ ਕਿਤੇ ਸਿੱਖ ਫਿਰ ਮੁੜਕੇ ਮੂਲ ਨਾਨਕਸ਼ਾਹੀ ਕੈਲੰਡਰ ਪ੍ਰਵਾਨ ਨਾ ਕਰ ਲੈਣ, ਆਕਲੀ ਦਲ ਬਾਦਲ ਦੇ ਮਾਡਰਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਤੇ ਧੁਮੱਕੜ (ਧੁੰਮਾਂ + ਮੱਕੜ) ਕੈਲੰਡਰ ਦੋਹੇਂ ਹੀ ਇਹ ਆਖਕੇ ਰੱਦ ਕਰ ਦਿੱਤੇ ਜਾਣ ਕਿ ਇਸ ਨਾਲ ਪੰਥ ਵਿੱਚ ਦੁਬਿਧਾ ਪੈਦਾ ਹੋ ਰਹੀ ਹੈ, ਇਸ ਕਰਕੇ ਜਿਵੇ ਪੁਰਾਤਨ ਸਮੇਂ ਤੋਂ ਰੀਤ ਚਲਦੀ ਆ ਰਹੀ ਹੈ, ਭਾਵ ਬਿਕ੍ਰਮੀ ਕੈਲੰਡਰ ਰਾਹੀ ਜਿਵੇ ਗੁਰਪੁਰਬ ਆਦਿਕ ਮਨਾਏ ਜਾਂਦੇ ਰਹੇ ਹਨ ਓਵੇਂ ਹੀ ਮਨਾਉਣ ਵਾਸਤੇ ਦੋਹੇ ਕੈਲੰਡਰ ਰੱਦ ਕਰ ਦਿੱਤੇ ਜਾਣ?

ਦਾਸ ਨੇ ਇਸ ਬਾਰੇ ਪਹਿਲਾਂ ਹੀ ਪਹਿਰੇਦਾਰ ਵਿੱਚ ਸੰਗਤ ਨੂੰ ਜਾਗ੍ਰਿਤ ਕਰ ਦਿੱਤਾ ਸੀ ਕਿ ਸ. ਸੁਖਬੀਰ ਸਿੰਘ ਬਾਦਲ ਨੂੰ ਜਦੋਂ ਸੰਤ ਸਮਾਜ ਨੇ ਦੋਹੇ ਕੈਲੰਡਰ ਰੱਦ ਕਰਨ ਦੀ ਸਲਾਹ ਦਿਤੀ ਤਾਂ ਨਾਲ ਇਹ ਵੀ ਸਮਝਾਇਆ ਕਿ ਆਰ.ਐਸ.ਐਸ. ਅਤੇ ਬੀ.ਜੇ.ਪੀ. ਨਾਲ ਤਿੜਕੇ ਰਿਸ਼ਤੇ ਵੀ ਅਜਿਹਾ ਕਰਨ ਨਾਲ ਠੀਕ ਹੋ ਸਕਦੇ ਹਨ, ਤਾਂ ਸੱਤਾ ਦੀ ਲਾਲਸਾ ਵਿੱਚ ਲਾਲਾਂ ਸੁੱਟਣ ਵਾਲੇ ਸ. ਸੁਖਬੀਰ ਸਿੰਘ ਬਾਦਲ ਨੇ ਤਰੁੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਬੁਲਾ ਲਿਆ ਆਪਣੇ ਧੜੇ ਦੇ ਮੈਂਬਰਾਂ ਨੂੰ ਸਖਤ ਹਦਾਇਤ ਕਰ ਦਿਤੀ ਕਿ ਮੈਂ ਆਹ ਚਾਹੁੰਦਾ ਹਾ। ਉਹਨਾਂ ਵਿਚਾਰਿਆਂ ਨੇ ਤਾਂ ਸਿਰ ਝੁਕਾ ਕੇ ਇਹ ਆਖਣਾ ਹੁੰਦਾ ਹੈ ‘‘ਜੀ ਮੇਰੇ ਆਕਾ ਜਿਵੇਂ ਹੁਕਮ ਹੈ’’, ਫਿਰ ਨਾਲ ਹੀ ਬਾਦਲ ਦੇ ਧੜੇ ਵਿੱਚ ਸਿਧੇ ਤੌਰ 'ਤੇ ਨਾ ਗਿਣੇ ਜਾਣ ਵਾਲੇ ਮੈਂਬਰਾਂ ਨੂੰ ਵੀ ਭਰੋਸੇ ਵਿੱਚ ਲੈਣ ਦਾ ਯਤਨ ਕੀਤਾ। ਪਰ ਉਹਨਾਂ ਨੇ ਸਿੱਧੀ ਸਹਿਮਤੀ ਨਹੀਂ ਦਿੱਤੀ, ਲੇਕਿਨ ਜਥੇਦਾਰ ਟੌਹੜਾ ਵਾਂਗੂੰ ਸਖਤੀ ਨਾਲ ਵਰਜ਼ ਵੀ ਨਹੀਂ ਸਕੇ। ਇਸ ਤੋਂ ਪਿਛੋਂ ਜਥੇਦਾਰਾਂ ਨਾਲ ਵੀ ਗੱਲ ਹੋਈ ਜਿਥੇ ਅਕਾਲ ਤਖਤ ਦੇ ਜਥੇਦਾਰ ਨੇ ਤਾਂ ਨੀਵੀ ਪਾ ਕੇ ਹਾਂ ਵਿੱਚ ਸਿਰ ਹਿਲਾ ਦਿੱਤਾ। ਕੇਸਗੜ ਵਾਲੇ ਹਾਲੇ ਨਵੇ ਬਣੇ ਹਨ ਉਹਨਾਂ ਨੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਮਗਰ ਹੀ ਹਾਂ ਕਰ ਦਿਤੀ। ਪਰ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਪਹਿਲਾਂ ਨਰਮ ਰਵਈਏ ਵਿਚ ਨਾਂਹ ਕੀਤੀ, ਲੇਕਿਨ ਜਦੋਂ ਜਿਆਦਾ ਜੋਰ ਪੈਣ ਲੱਗਾ ਤਾਂ ਜਥੇਦਾਰ ਨੰਦਗੜ੍ਹ ਆਪਣੇ ਸਟੈੰਡ ਤੇ ਅੜ ਗਏ ਅਤੇ ਫੈਸਲਾ ਕਰ ਲਿਆ ਕਿ ਪਿੱਛੇ ਜੋ ਹੋਇਆ ਸੋ ਹੋਇਆ, ਪਰ ਹੁਣ ਪੰਥ ਦਾ ਹੋਰ ਬੇੜਾ ਗਰਕ ਨਹੀਂ ਹੋਣ ਦੇਣਾ।

ਦੋ ਦਿਨ ਪਹਿਲਾਂ ਤੱਕ ਜਥੇਦਾਰ ਨੰਦਗੜ ਤੇ ਬੜਾ ਦਬਾਅ ਪਾਇਆ ਗਿਆ ਕਿ ਓਹ ਸਹਿਮਤੀ ਦੇ ਦੇਣ ਤੇ ਕੈਲੰਡਰ ਰੱਦ ਕਰਨਾ ਮੰਨ ਲੈਣ। ਪਰ ਜਦੋਂ ਕੋਈ ਜਾਦੂ ਕੰਮ ਨਹੀਂ ਕੀਤਾ ਤਾਂ ਬਾਦਲ ਆਪਣੀ ਔਕਾਤ ਤੇ ਉੱਤਰ ਆਏ। ਜਿਸ ਜਥੇਦਾਰ ਨੂੰ ਪਰਸੋਂ ਸ਼ਾਮ ਤਿੰਨ ਵਜੇ ਤੱਕ ਤਾਂ ਖਤਰਾ ਸੀ ਅਤੇ ਗੰਨਮੈਨ ਦਿੱਤੇ ਹੋਏ ਸਨ, ਗਲਤ ਗੱਲ ਮੰਨਨ ਤੋਂ ਇਨਕਾਰ ਕੀਤਾ ਤਾਂ ਇੱਕ ਪਲ ਵਿੱਚ ਖਤਰਾ ਵੀ ਹਟ ਗਿਆ ਤੇ ਗੰਨਮੈਨ ਵਾਪਿਸ ਲੈ ਲਏ ਹਨ। ਇਥੋਂ ਇੱਕ ਗੱਲ ਸਾਰੇ ਜਗਤ ਸਾਹਮਣੇ ਸਾਬਿਤ ਹੋ ਗਈ ਹੈ ਕਿ ਜੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਅੱਜ ਜਲੀਲ ਹੋ ਰਹੇ ਹਨ, ਤਾਂ ਸਿਰਫ ਪੰਥ ਦੀ ਜਲਾਲਤ ਨੂੰ ਰੋਕਣ ਵਾਸਤੇ ਹੀ ਹੋ ਰਹੇ ਅਤੇ ਹੁਣ ਸਿੱਖਾਂ ਵਿੱਚ ਜਥੇਦਾਰ ਨੰਦਗੜ੍ਹ ਜੀ ਦਾ ਇੱਕ ਨਵਾਂ ਬਿੰਬ ਬਣ ਰਿਹਾ ਹੈ ਕਿ ਓਹ ਜਥੇਦਾਰ ਜਿਸ ਨੂੰ ਸਿੱਖ ਆਖਦੇ ਸਨ ਕਿ ਕੁੱਝ ਮੁੱਦਿਆਂ ਤੇ ਜਦੋਂ ਅਸਹਿਮਤੀ ਹੈ ਤਾਂ ਨੰਦਗੜ੍ਹ ਅਸਤੀਫਾ ਕਿਉਂ ਨਹੀਂ ਦੇ ਦਿੰਦੇ? ਅੱਜ ਸਾਰੇ ਆਖਦੇ ਹਨ ਕਿ ਚੰਗਾ ਹੋਇਆ ਜੇ ਓਦੋ ਅਸਤੀਫਾ ਨਹੀਂ ਦਿੱਤਾ ਤਾਂ ਅੱਜ ਨਾਨਕਸ਼ਾਹੀ ਕੈਲੰਡਰ ਦਾ ਕਤਲ ਹੋਣ ਤੋਂ ਸਿਰਫ ਜਥੇਦਾਰ ਨੰਦਗੜ੍ਹ ਹੀ ਰੋਕੀ ਬੈਠੇ ਹਨ।

ਦੂਸਰੇ ਜਥੇਦਾਰਾਂ ਤੇ ਵੀ ਦਬਾਅ ਹਨ ਤੇ ਓਹ ਦਬਾਅ ਅੱਗੇ ਝੁੱਕ ਗਏ ਹਨ। ਹੋ ਸਕਦਾ ਹੈ ਕਿ ਜਥੇਦਾਰ ਨੰਦਗੜ੍ਹ ਦਾ ਬੇਟਾ ਜੋ ਜੇਲ ਅਧਿਕਾਰੀ ਹੈ, ਉਸ ਦੀ ਨੌਕਰੀ ਨੂੰ ਹੱਥ ਪਾ ਕੇ ਜਥੇਦਾਰ ਨੰਦਗੜ੍ਹ ਨੂੰ ਜਰਕਾਉਣ ਵਾਸਤੇ ਇੱਕ ਝਟਕਾ ਹੋਰ ਵੀ ਮਾਰਿਆ ਜਾ ਸਕਦਾ ਹੈ। ਪਰ ਜਿਵੇਂ ਜਥੇਦਾਰ ਨੰਦਗੜ੍ਹ ਨੇ ਹੁਣ ਸਟੈਂਡ ਲਿਆ ਹੈ, ਉਸਨੂੰ ਵੇਖ ਆਸ ਹੈ ਕਿ ਹੁਣ ਪਿਛੇ ਮੁੜਣ ਦੀ ਗੁੰਜਾਇਸ਼ ਨਹੀਂ ਰਹੀ। ਪੁੱਤਰ ਦੀ ਨੌਕਰੀ ਖੁੱਸ ਜਾਣ ਦਾ ਵੀ ਬਹੁਤਾ ਭੈਅ ਇਸ ਵਾਸਤੇ ਨਹੀਂ ਹੋਵੇਗਾ ਕਿੁੳਂਕਿ ਗੁਰੂ ਦੀ ਕਿਰਪਾ ਨਾਲ ਰੋਟੀ ਜੋਗੀ ਜਾਇਦਾਦ ਦਾਦੇ ਲਾਹੀ ਪੱਲੇ ਹੈ ਅਤੇ ਜਲਾਲਤ ਨਾਲ ਹੁਣ ਕੈਲੰਡਰ ਦਾ ਕਤਲ ਕਰਕੇ ਲਈ ਜਥੇਦਾਰੀ ਨੇ ਜਮੀਰ ਨੂੰ ਹਲਾਲ ਕਰ ਦੇਣਾ ਹੈ। ਇਸ ਵਾਸਤੇ ਹੁਣ ਜਥੇਦਾਰ ਨੰਦਗੜ੍ਹ ਦੇ ਕਦਮ ਪਿਛੇ ਵੱਲ ਜਾਣ ਦਾ ਕੋਈ ਸੰਕੇਤ ਨਹੀਂ ਦਿੱਸਦਾ।

ਜਥੇਦਾਰ ਨੰਦਗੜ੍ਹ ਨਾਲ ਜੋ ਵਾਪਰਨਾ ਸੀ ਵਾਪਰ ਗਿਆ। ਹੁਣ ਉਹਨਾਂ ਤੇ ਪੂਰੇ ਪੰਥ ਦੀ ਨਿਗਾਹ ਟਿਕੀ ਹੈ ਅਤੇ ਓਹ ਜਿਥੇ ਜਥੇਦਾਰ ਨੰਦਗੜ ਦੇ ਸਟੈਂਡ ਦੀ ਪ੍ਰੋੜਤਾ ਕਰ ਰਹੇ ਹਨ, ਉਥੇ ਇੱਕ ਹੋਰ ਆਸ ਵੀ ਲੈਕੇ ਬੈਠੇ ਹਨ ਕਿ ਸਿਰਫ ਨਾਨਕਸ਼ਾਹੀ ਕੈਲੰਡਰ ਦਾ ਕਤਲ ਹੀ ਨਹੀਂ, ਸਗੋਂ ਹੋਰ ਬਹੁਤ ਸਾਰੇ ਫੈਸਲੇ, ਜਿਹੜੇ ਪੰਜ ਮੁੱਖ ਗ੍ਰੰਥੀਆਂ ਨੇ ਜਥੇਦਾਰ ਨੰਦਗੜ੍ਹ ਦੀ ਅਸਹਿਮਤੀ ਦੇ ਬਾਵਜੂਦ ਕੀਤੇ ਜਾਂ ਕੁੱਝ ਫੈਸਲੇ ਸ਼ੁਰੁਆਤੀ ਦੌਰ ਵਿਚ ਨੰਦਗੜ੍ਹ ਜੀ ਤੋਂ ਪੰਥ ਦਾ ਭਲਾ ਆਖਕੇ ਸਹਿਮਤੀ ਨਾਲ ਵੀ ਕਰਵਾਏ, ਪਰ ਅੱਜ ਓਹ ਪੰਥ ਦੇ ਵਿਰੁੱਧ ਜਾ ਰਹੇ ਹਨ, ਸਭ ਬਾਰੇ ਸਿੱਖ ਸੰਗਤ ਜਾਨਣਾ ਚਾਹੁੰਦੀ ਹੈ ਅਤੇ ਇਹ ਵੀ ਪਤਾ ਕਰਨਾ ਚਾਹੁੰਦੀ ਹੈ ਕਿ ਪੰਥ ਦੀ ਬੇੜੀ ਵਿੱਚ ਕਦੋ ਕਦੋਂ, ਕਿਵੇ ਕਿਵੇ, ਕੌਣ ਕੌਣ, ਵੱਟੇ ਪਾਉਂਦੇ ਰਹੇ ਹਨ। ਇਸ ਵਾਸਤੇ ਹੁਣ ਜਦੋਂ ਓਖਲੀ ਵਿੱਚ ਸਿਰ ਦੇ ਹੀ ਦਿੱਤਾ ਤਾਂ ਫਿਰ ਮੂਹਲਿਆਂ ਦਾ ਹੁਣ ਕੀਹ ਡਰ ਰੱਖਣਾ ਹੈ ਅਤੇ ਅਕਾਲੀ ਦਲ ਬੀ.ਜੀ.ਪੀ. ਦੇ ਕਰੇਵੇ ਨਾਲ ਹੁਣ ਤੱਕ ਪਰਦੇ ਪਿਛੇ ਕੀਹ ਪੱਕਦਾ ਰਿਹਾ ਹੈ ਸਭ ਜੱਗ ਜ਼ਾਹਰ ਹੋ ਜਾਣਾ ਚਾਹੀਦਾ ਹੈ।

ਜੇਕਰ ਜਥੇਦਾਰ ਨੰਦਗੜ ਜੀ ਜਿਵੇ ਉਹਨਾਂ ਦਲੇਰੀ ਨਾਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਹੋਣ ਤੋਂ ਰੋਕਿਆ ਹੈ, ਇੰਜ ਹੀ ਸੱਚ ਸਾਹਮਣੇ ਲਿਆਉਣ ਦੀ ਹਿੰਮਤ ਕਰ ਲੈਣ ਤਾਂ ਇੱਕੀਵੀ ਸਦੀ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਦਾ ਖਿਤਾਬ ਲੈਣ ਦੇ ਹੱਕਦਾਰ ਬਣ ਸਕਦੇ ਹਨ। ਅੱਜ ਸੰਗਤ ਵਿੱਚ ਜੋ ਸਤਿਕਾਰ ਬਣ ਗਿਆ ਹੈ, ਇਸਨੂੰ ਬਰਕਰਾਰ ਰੱਖਦਿਆਂ ਝੋਲੀ ਪਵਾਉਣ ਵਾਸਤੇ ਇੱਕ ਉਦਮ ਕਰ ਲੈਣਾ ਲਾਹੇ ਵੰਦਾ ਹੈ, ਸਿਰਫ ਆਪਣੇ ਵਾਸਤੇ ਹੀ ਨਹੀਂ, ਸਗੋਂ ਪੰਥ ਵਾਸਤੇ ਵੀ। ਸਿੱਖ ਜਥੇਬੰਦੀਆਂ ਨੂੰ ਵੀ ਹੁਣ ਕਿਸੇ ਪਿਛਲੇ ਮਸਲੇ ਨੂੰ ਲੈਕੇ ਹਨੋਰੇ, ਮਿਹਣੇ ਦੇਣ ਜਾਂ ਕੋਈ ਸ਼ੱਕ ਜਾਹਰ ਕਰਨ ਦੀ ਥਾਂ ਜਥੇਦਾਰ ਨੰਦਗੜ੍ਹ ਜੀ ਦੇ ਨਾਲ ਚੱਟਾਨ ਵਾਂਗੂੰ ਖੜੇ ਹੋ ਜਾਣਾ ਚਾਹੀਦਾ ਹੈ। ਜਥੇਦਾਰ ਜੀ ਨੂੰ ਵੀ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਅਤੇ ਗੁਰੂ ਪੰਥ ਦੇ ਭਲੇ ਵਾਸਤੇ ਹੁਣ ਸਾਰੇ ਗੁੱਝੇ ਭੇਦ ਜੱਗ ਜ਼ਾਹਰ ਕਰ ਦੇਣੇ ਚਾਹੀਦੇ ਹਨ ਅਤੇ ਉਸ ਰਹੱਸ ਤੋਂ ਪਰਦਾ ਚੁੱਕ ਦੇਣਾ ਚਾਹੀਦਾ ਹੈ, ਜਿਸ ਥੱਲੇ ਸਿੱਖੀ ਨੂੰ ਨਿਗਲਨ ਵਾਲਾ ਅਜਗਰ ਛੁਪ ਕੇ ਸਾਡੇ ਵੇਹੜੇ ਬੈਠਾ ਹੋਇਆ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top