ਸਾਹਿਬੇ-ਕਮਾਲ
ਗੁਰੂ ਗੋਬਿੰਦ ਸਿੰਘ ਜੀ ਦੇ ਪਟਨਾ ਸਾਹਿਬ ਵਿਖੇ ੨੨ ਦਸੰਬਰ,
੧੬੬੬
ਈ. ਦੇ ਪ੍ਰਕਾਸ਼ ਤੋਂ ੪ ਮਹੀਨੇ ਦੇ ਫ਼ਰਕ ਨਾਲ ਭਾਵ ੨੫ ਅਪ੍ਰੈਲ,
੧੬੬੭
ਈ. ਨੂੰ
ਭਾਈ ਸੰਗਤ ਸਿੰਘ ਜੀ ਨੇ ਭਾਈ ਰਣੀਆ ਜੀ ਤੇ ਬੀਬੀ
ਅਮਰੋ ਜੀ ਦੇ ਗ੍ਰਹਿ ਵਿਖੇ ਜਨਮ ਲਿਆ। ਭਾਈ ਸੰਗਤ
ਸਿੰਘ ਜੀ ਦਾ ਚਿਹਰਾ-ਮੋਹਰਾ ਹੂ-ਬ-ਹੂ ਦਸਮੇਸ਼ ਪਿਤਾ ਦੇ ਚਿਹਰੇ ਨਾਲ ਮੇਲ
ਖਾਂਦਾ ਸੀ। ਭਾਵੇਂ
ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਪ੍ਰਾਰੰਭਤਾ ਵੇਲੇ ਹੀ
ਜਿੱਥੇ ਹੋਰ ਸਮਾਜਿਕ ਬੁਰਾਈਆਂ ਦੇ ਵਿਰੋਧ ਵਿਚ ਇਨਕਲਾਬ ਲਿਆਂਦੇ ਉਥੇ
“ਚਾਰਿ
ਵਰਨਿ ਇਕੁ ਵਰਨੁ ਕਰਾਇਆ”
ਭਾਵ ਜਾਤਾਂ-ਪਾਤਾਂ ਦੇ ਭੇਦ-ਭਾਵ ਨੂੰ ਮਿਟਾ ਕੇ ਪੰਗਤ
ਅਤੇ ਸੰਗਤ ਵਿਚ “ਏਕ ਪਿਤਾ
ਏਕਸ ਕੇ ਹਮ ਬਾਰਿਕ” ਦੇ ਸਿਧਾਂਤ ਨੂੰ ਪ੍ਰਗਟ ਕਰ ਦਿੱਤਾ ਸੀ।
ਸ੍ਰੀ ਗੁਰੂ ਰਾਮਦਾਸ ਜੀ ਨੇ ਜਦੋਂ
ਗੁਰੂ ਕਾ ਚੱਕ
(ਅੰਮ੍ਰਿਤਸਰ)
ਵਸਾਇਆ ਤਾਂ ਗੁਰੂ-ਦਰਸ਼ਨਾਂ ਅਤੇ ਗੁਰ-ਸੇਵਾ ਲਈ ਕੁਝ ਸਿੱਖਾਂ ਦੇ ਪਰਵਾਰ ਵੀ
ਆਇਆ ਕਰਦੇ ਸਨ ਜਿਨ੍ਹਾਂ ਵਿੱਚੋਂ ਕੱਪੜਾ ਬੁਣਕਰ (ਜੁਲਾਹੇ) ਕਿਰਤ ਨਾਲ
ਸੰਬੰਧਤ ਭਾਈ ਜਰਨੈਲ ਜੀ ਦਾ ਪਰਵਾਰ ਵੀ ਸੀ। ਗੁਰੂ ਰਾਮਦਾਸ ਜੀ ਨੇ
ਜਾਤਾਂ-ਪਾਤਾਂ ਵਾਲੀ ਮਾਨਸਿਕਤਾ ਨੂੰ ਆਪਣੀ ਸਿੱਖ ਸੰਗਤ ਵਿੱਚੋਂ ਹਮੇਸ਼ਾ
ਵਾਸਤੇ ਦੂਰ ਕਰਨ ਲਈ ਇਕ ਦਿਨ ਧਾਰਮਿਕ ਦੀਵਾਨ ਦੀ ਸਮਾਪਤੀ ਤੋਂ ਬਾਅਦ ਭਾਈ
ਜਰਨੈਲ ਜੀ ਅਤੇ ਉਨ੍ਹਾਂ ਨਾਲ ਆਈ ਸੰਗਤ ਦੀ ਸੇਵਾ ਤੋਂ ਅਤੀ ਪ੍ਰਸੰਨ ਹੋ ਕੇ
ਆਪਣੇ ਪਾਸ ਬੁਲਾ,
ਸਿਰੋਪਾਓ ਦੀ ਬਖਸ਼ਿਸ਼ ਕੀਤੀ। ਜਦੋਂ ਗੁਰੂ ਅਰਜਨ ਸਾਹਿਬ ਜੀ ਦੀ ਅਦੁੱਤੀ
ਸ਼ਹੀਦੀ ਤੋਂ ਬਾਅਦ, ਛੇਵੇਂ ਪਾਤਸ਼ਾਹ ਸ੍ਰੀ
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ, ਮੀਰੀ-ਪੀਰੀ
ਧਾਰਨ ਕਰਨ ਤੋਂ ਬਾਅਦ,
ਇਕ ਗਸ਼ਤੀ ਹੁਕਮਨਾਮਾ ਸੰਗਤਾਂ ਪ੍ਰਤੀ ਲਿਖ ਭੇਜਿਆ ਜਿਸ ਵਿਚ ਉਨ੍ਹਾਂ ਆਪਣੇ
ਸਿੱਖ ਸੇਵਕਾਂ ਵੱਲੋਂ ਹੋਰ ਤੋਹਫ਼ਿਆਂ ਦੀ ਥਾਵੇਂ ਸ਼ਸਤਰ ਅਤੇ ਘੋੜਿਆਂ ਦੀ
ਮੰਗ ਕੀਤੀ ਅਤੇ ਨਾਲ ਹੀ ਹਥਿਆਰਬੰਦ ਹੋਣ ਦਾ ਸੱਦਾ ਦਿੱਤਾ। ਹੁਕਮਨਾਮੇ ਨੂੰ
ਸੁਣ ਕੇ ਜਿੱਥੇ ਦੇਸ਼ ਦੇ ਕੋਨੇ-ਕੋਨੇ ਤੋਂ ਸਿੱਖ ਸੰਗਤਾਂ ਵਹੀਰਾਂ ਘੱਤ
ਆਈਆਂ ਉੱਥੇ ਦੁਆਬੇ-ਮਾਲਵੇ ਦੇ ਸੂਰਬੀਰ ਯੋਧਿਆਂ ਨੇ,
ਗੁਰੂ ਸਾਹਿਬ ਪਾਸ ਆਪਣੀਆਂ ਸੇਵਾਵਾਂ ਪੇਸ਼ ਕਰਦੇ ਹੋਏ ਬੇਨਤੀ ਕੀਤੀ,
ਸੱਚੇ ਪਾਤਸ਼ਾਹ! ਅਸੀਂ ਗਰੀਬ ਹਾਂ, ਸਾਡੇ ਕੋਲ ਭੇਟਾ
ਕਰਨ ਲਈ ਕੁਝ ਵੀ ਪਦਾਰਥ ਮਾਇਆ ਨਹੀਂ, ਅਸੀਂ
ਕੇਵਲ ਆਪਣੀਆਂ ਜਾਨਾਂ ਹੀ ਭੇਟ ਕਰ ਸਕਦੇ ਹਾਂ। ਕਿਰਪਾ ਕਰੋ,
ਸਾਨੂੰ ਆਪਣੀ ਫੌਜ ਵਿਚ ਰੱਖ
ਲਵੋ-
ਹਮ ਅਨਾਥ ਸਿਰ ਭੇਟਾ ਕੀਨੇ,
ਦਯਾ ਕਰਯੋ ਕਹਿ ਦੀਨੇ।
(ਗੁਰਬਿਲਾਸ
ਪਾ. ੬ਵੀਂ-੧੫੩)
ਇਨ੍ਹਾਂ ਵਿਚ ਦੁਆਬੇ ਦੇ ਜਲੰਧਰ ਦੇ ਲਾਗਲੇ ਪਿੰਡ ਜੰਡੂ ਸਿੰਘਾ,
ਫਗਵਾੜਾ, ਗੁਰਾਇਆਂ,
ਹੁਸ਼ਿਆਰਪੁਰ ਦੇ ਅਨੇਕਾਂ ਸਿੰਘ ਸ਼ਾਮਲ ਸਨ। ਜੰਡੂ ਸਿੰਘਾ ਦੇ ਭਾਈ ਬੁੱਧਾ ਜੀ,
ਸੁੱਧਾ ਜੀ ਤੇ ਸਪਰੌੜ ਖੇੜੀ ਦੇ ਭਾਈ ਭਾਨੂੰ ਜੀ ਵੀ
ਸ਼ਾਮਲ ਸਨ। ਇਹ ਭਾਈ ਭਾਨੂੰ ਜੀ ਭਾਈ ਸੰਗਤ ਸਿੰਘ ਜੀ
ਦੇ ਦਾਦਾ ਜੀ ਸਨ। ਜਿਨ੍ਹਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਲ
ਜੰਗਾਂ-ਯੁੱਧਾਂ ਵਿਚ ਸ਼ਾਮਲ ਹੋ ਕੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ
ਸਨ। ਭਾਈ ਭਾਨੂੰ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਲੜੀਆਂ ਚੌਹਾਂ
ਜੰਗਾਂ ਵਿਚ ਸ਼ਾਮਲ ਸਨ।
ਜਦੋਂ ਭਾਈ ਮੱਖਣ ਸ਼ਾਹ ਨੇ ਗੁਰੂ ਤੇਗ ਬਹਾਦਰ ਜੀ ਨੂੰ ਬਾਬਾ ਬਕਾਲਾ ਵਿਖੇ ਆ
ਕੇ ਲੱਭ ਲਿਆ ਤਾਂ ਸਭ ਤੋਂ ਪਹਿਲਾਂ ਭਾਈ ਰਣੀਆ ਜੀ ਗੁਰੂ-ਦਰਸ਼ਨਾਂ ਲਈ ਬਾਬੇ
ਬਕਾਲੇ ਪਹੁੰਚੇ ਕਿਉਂਕਿ ਬਚਪਨ ਤੋਂ ਹੀ ਗੁਰੂ-ਸੇਵਾ ਦੀ ਚੇਟਕ ਲੱਗਣ ਕਰਕੇ
ਗੁਰੂ ਸਾਹਿਬ ਦੇ ਪਰਵਾਰ ਦੀ ਸੇਵਾ ਵਿਚ ਜੁੱਟ ਗਏ। ਗੁਰੂ ਸਾਹਿਬ ਦੇ ਹੁਕਮ
ਮੁਤਾਬਿਕ ਭਾਈ ਰਣੀਆ ਜੀ ਨੂੰ ਮੁੜ ਮਾਖੋਵਾਲ ਵਸਾਉਣ ਦੀ ਗੱਲ ਕਰਕੇ ਘਰ ਜਾਣ
ਵਾਸਤੇ ਕੁਝ ਸਮੇਂ ਦੀ ਛੁੱਟੀ ਦੇ ਦਿੱਤੀ ਤੇ ਮੁੜ ਮਾਖੋਵਾਲ ਆਉਣ ਲਈ ਕਹਿ
ਦਿੱਤਾ। ੧੯
ਜੂਨ, ੧੬੬੫ ਮੁਤਾਬਿਕ ੨੧ ਹਾੜ,
੧੭੨੨ ਬਿਕ੍ਰਮੀ ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ
ਗੁਰਦਿੱਤਾ ਜੀ ਪਾਸੋਂ ਨੀਂਹ ਰਖਾ ਕੇ,
ਗੁਰੂ ਜੀ ਨੇ ਆਪਣੀ ਮਾਤਾ ਜੀ ਦੇ ਨਾਂ ਪਰ ਇਸ ਸ਼ਹਿਰ ਦਾ ਨਾਮ
“ਚੱਕ ਨਾਨਕੀ” ਰੱਖਿਆ।
ਦੂਰੋਂ-ਨੇੜਿਓਂ ਆ ਕੇ ਸੰਗਤਾਂ ਇਥੇ ਵੱਸ ਗਈਆਂ। ਭਾਈ ਰਣੀਆ ਜੀ ਵੀ ਆਪਣੀ
ਪਤਨੀ ਤੇ ਪਰਵਾਰ ਸਮੇਤ ਇਥੇ ਆ ਕੇ ਸੇਵਾ ਵਿਚ ਜੁੱਟ ਗਏ। ਬੀਬੀ ਅਮਰੋ ਬਤੌਰ
ਟਹਿਲਣ ਮਾਤਾਵਾਂ ਦੀ ਸੇਵਾ ਕਰਨ ਲੱਗ ਪਈ। ਜਦੋਂ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ
ਉਪਦੇਸ਼ਾਂ ਨੂੰ ਘਰ-ਘਰ ਪਹੁੰਚਾਉਣ ਲਈ ਪ੍ਰਚਾਰ ਦੌਰੇ ਅਰੰਭੇ, ਉਸ ਵੇਲੇ ਕੁਝ
ਗਿਣੇ-ਚੁਣੇ ਸਿੱਖ ਸੇਵਕਾਂ ਦਾ ਛੋਟਾ ਜਿਹਾ ਕਾਫ਼ਲਾ ਗੁਰੂ ਸਾਹਿਬ ਨਾਲ ਹੋ
ਤੁਰਿਆ। ਜਿਨ੍ਹਾਂ ਵਿਚ ਭਾਈ ਰਣੀਆ ਜੀ ਪਤਨੀ ਬੀਬੀ ਅਮਰੋ ਜੀ ਸਮੇਤ ਯਾਤਰਾ
ਵਿਚ ਸ਼ਾਮਲ ਹੋ ਗਏ ਕਿਉਂਕਿ ਉਹ ਗੁਰੂ-ਘਰ ਦੇ ਟਹਿਲੀਏ ਸੇਵਾਦਾਰ ਸਨ। ਮਾਲਵੇ
ਦੇਸ਼ ਦੇ ਬਾਂਗਰ ਇਲਾਕੇ ਵਿੱਚ ਪ੍ਰਚਾਰ ਕਰਦੇ, ਗੁਰੂ ਤੇਗ ਬਹਾਦਰ ਸਾਹਿਬ ਜੀ
ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ, ਸੰਗਤਾਂ ਸਮੇਤ ਪਟਨਾ ਸਾਹਿਬ ਪੁੱਜੇ,
ਇਥੇ ਹੀ ਬਾਲ ਗੋਬਿੰਦ ਰਾਏ ਜੀ ਦਾ ਜਨਮ ਹੋਇਆ।
ਭਾਈ
ਸੰਗਤ ਸਿੰਘ ਜੀ ਦਾ ਜਨਮ ਵੀ ਇਥੇ ਹੀ ਹੋਇਆ। ਇਨ੍ਹਾਂ ਦੀ ਸ਼ਕਲ ਗੁਰੂ ਸਾਹਿਬ
ਨਾਲ ਇੰਨੀ ਮਿਲਦੀ-ਜੁਲਦੀ ਸੀ ਕਿ ਇਕ ਵਾਰੀ “ਰਾਣੀ ਮੈਣੀ” ਦੇ ਘਰ
ਰਾਣੀ ਨੂੰ ਭੁਲੇਖਾ ਪਾਉਣ ਲਈ ਆਪਣੀ ਥਾਂ ਤੇ “ਸੰਗਤ ਸਿੰਘ” ਜੀ
ਨੂੰ ਅੱਗੇ ਕਰ ਦਿੱਤਾ ਪ੍ਰੰਤੂ ਰਾਣੀ ਮੈਣੀ ਨੇ ਦੋਹਾਂ ਨੂੰ ਗੋਦੀ ਵਿਚ
ਬਿਠਾ, ਦੋਹਾਂ ਦਾ ਮਸਤਕ ਚੁੰਮਦੇ ਕਿਹਾ ਕਿ ਤੁਸੀਂ ਦੋਵੇਂ ਹੀ ਮੇਰੇ ਪਿਆਰੇ
ਪੁੱਤਰ ਹੋ! ਬਾਲਾ-ਪ੍ਰੀਤਮ (ਗੋਬਿੰਦ ਰਾਏ) ਜੀ ਨੇ ਬਾਲਪਨ ਵਿਚ ਅਨੇਕਾਂ
ਕੌਤਕ ਕੀਤੇ। ਭਾਈ ਸੰਗਤ ਸਿੰਘ ਗੁਰੂ ਪਾਤਸ਼ਾਹ ਤੋਂ ਸਿਰਫ਼ ਚਾਰ ਕੁ ਮਹੀਨੇ
ਛੋਟੇ ਹੋਣ ਕਰਕੇ, ਹਰ ਵਕਤ ਨਾਲ ਹੀ ਵਿਚਰਦੇ ਸਨ। ਕਈ ਵਾਰ ਬਾਲਾ-ਪ੍ਰੀਤਮ
ਨਕਲੀ ਲੜਾਈ ਕਰਨ ਹਿਤ ਦੋ ਟੋਲੀਆਂ ਬਣਾ, ਇਕ ਟੋਲੀ ਦਾ ਆਗੂ ਆਪ ਬਣਦੇ ਤੇ
ਦੂਜੀ ਟੋਲੀ ਦਾ ਆਗੂ ਭਾਈ ਸੰਗਤ ਸਿੰਘ ਜੀ ਨੂੰ ਬਣਾ, ਨਕਲੀ ਲੜਾਈ ਕਰਦੇ।
ਇਸ ਤਰ੍ਹਾਂ ਬਚਪਨ ਤੋਂ ਹੀ ਸਾਥੀ ਹਾਣੀਆਂ ਨਾਲ ਯੁੱਧ ਕਰਨ ਦਾ ਅਭਿਹਾਸ ਹੋਣ
ਲੱਗ ਪਿਆ। ਛੇ
ਸਾਲ ਦੀ ਉਮਰ ਵਿਚ ਜਦੋਂ ਬਾਲ ਗੋਬਿੰਦ ਰਾਏ ਜੀ ਨੂੰ ਗੁਰੂ-ਪਿਤਾ ਦੇ ਹੁਕਮ
ਸਦਕਾ ਪਰਵਾਰ ਸਮੇਤ “ਚੱਕ ਨਾਨਕੀ” ਵਾਪਸ ਬੁਲਾਇਆ,
ਉਸ ਵਕਤ ਹੋਰ ਸੰਗਤਾਂ ਸਮੇਤ ਭਾਈ ਸੰਗਤ ਸਿੰਘ ਵੀ ਆਪਣੇ
ਮਾਤਾ-ਪਿਤਾ ਸਮੇਤ ਬਾਲਾ-ਪ੍ਰੀਤਮ ਜੀ ਨਾਲ ਹੀ ਚੱਕ ਨਾਨਕੀ (ਅਨੰਦਪੁਰ
ਸਾਹਿਬ) ਵਾਪਸ ਆ ਗਏ।
ਗੁਰਤਾ-ਗੱਦੀ ਮਿਲਣ ਤੋਂ ਬਾਅਦ ਖਾਲਸਾ ਪੰਥ ਦੀ ਸਾਜਨਾ ਤਕ ਯਾਨੀ ਕਿ ੧੬੭੫
ਤੋਂ ਲੈ ਕੇ ੧੬੯੯ ਤਕ ਦੇ ੨੩-੨੪ ਸਾਲਾਂ ਦੇ ਅਨੇਕਾਂ ਪ੍ਰਕਾਰ ਦੇ ਕਾਰਜ
ਗੁਰੂ ਨਾਨਕ ਮਿਸ਼ਨ ਪੂਰਤੀ ਹਿਤ ਕੀਤੇ ਗਏ,
ਜਿਨ੍ਹਾਂ ਵਿਚ ਜਬਰ-ਜ਼ੁਲਮ ਨੂੰ ਠੱਲ੍ਹ ਪਾਉਣ ਹਿਤ,
ਦੁਸ਼ਟਾਂ
ਦਾ ਖਾਤਮਾ ਕਰਨ ਲਈ, ਜੰਗ-ਯੁੱਧ ਵੀ ਕਰਨੇ ਪਏ। ਜਿਥੇ ਭਾਈ ਸੰਗਤ ਸਿੰਘ ਜੀ
ਨੇ ਦਸਮੇਸ਼ ਪਿਤਾ ਦੇ ਹੁਕਮਾਂ ਨੂੰ ਮੰਨਦੇ ਹੋਏ ਪ੍ਰਚਾਰਕ ਰੂਪ ਵਿਚ ਮਾਲਵਾ
ਖੇਤਰ ਦੇ ਪਿੰਡ-ਪਿੰਡ ਜਾ ਕੇ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਤੇ ਚੱਲਣ
ਦੀ ਪ੍ਰੇਰਨਾ ਦਿੱਤੀ, ਉਥੇ ਗੁਰੂ ਸਾਹਿਬ ਦੀ
ਚੌਰ ਬਰਦਾਰੀ ਕੀਤੀ, ਮੱਝਾਂ-ਗਾਈਆਂ ਚਾਰੀਆਂ
ਅਤੇ ਜੰਗਾਂ-ਯੁੱਧਾਂ ਵਿਚ ਸੱਚੇ ਪਾਤਸ਼ਾਹ ਜੀ ਦੀ ਅਸ਼ੀਰਵਾਦ-ਥਾਪੜੇ ਸਦਕਾ
ਬਹਾਦਰੀ ਦੇ ਜੌਹਰ ਵੀ ਵਿਖਾਏ।
“ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ”
ਦੇ ਕਥਨ ਨੂੰ ਸੱਚ ਰੂਪ ਵਿਚ ਸਿਰਜਣ ਹਿਤ ਜਦੋਂ ਦਸਮੇਸ਼ ਪਿਤਾ ਨੇ ੧੬੯੯ ਦੀ
ਵੈਸਾਖੀ ਵਾਲੇ ਦਿਨ “ਖਾਲਸਾ ਪੰਥ”
ਪ੍ਰਗਟਾਇਆ। ਉਸ ਤੋਂ ਫੌਰਨ ਬਾਅਦ ਯਾਨੀ ਉਸੇ ਹੀ ਦਿਨ ਭਾਈ ਸੰਗਤ ਸਿੰਘ ਨੇ
ਸਮੇਤ ਪਰਵਾਰ,
ਮਾਤਾ-ਪਿਤਾ, ਭਰਾਵਾਂ,
ਇਥੋਂ ਤਕ ਕਿ ਚਾਚੇ ਦੇ ਪੁੱਤਰਾਂ ਨੇ ਵੀ
ਪੰਜਾਂ-ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਸ ਤੋਂ ਬਾਅਦ
ਕੁਝ ਸਮੇਂ ਲਈ ਗੁਰੂ ਜੀ ਨੇ ਭਾਈ ਸੰਗਤ ਸਿੰਘ ਜੀ
ਨੂੰ ਪ੍ਰਚਾਰਕ ਨੀਯਤ ਕਰ ਕੇ ਮਾਲਵੇ ਦੇਸ਼ ਦੀ ਸੰਗਤ ਦੇ ਨਾਂ ਇਕ ਹੁਕਮਨਾਮਾ
ਭੇਜਿਆ,
ਜੋ
ਭਾਈ ਸੰਗਤ ਸਿੰਘ ਨੂੰ ਪਿੰਡ ਖੁੱਡੇ ਜੋ ਮੁਕਤਿਸਰ
ਸਾਹਿਬ ਵਿਚ ਪੈਂਦਾ ਹੈ ਓਥੇ ਮਿਲਿਆ। ਜਿਸ ਵਿਚ ਗੁਰੂ ਸਾਹਿਬ ਦਾ ਹੁਕਮ ਸੀ
ਕਿ ਸਮੇਂ ਦੀ ਲੋੜ ਮੁਤਾਬਿਕ ਹੁਣ ਰਸਤਾਂ ਬਸਤਾਂ ਦੇ ਨਾਲ ਨਾਲ ਘੋੜੇ,
ਤਲਵਾਰਾਂ, ਬੰਦੂਕਾਂ,
ਨੇਜ਼ੇ ਆਦਿਕ ਹੋਰ ਵੀ ਨਵੀਨ
ਲਿਆਂਦੇ ਜਾਣ। ਇਸ ਹੁਕਮਨਾਮੇ ਦੀ ਅਸਲ ਕਾਪੀ
“ਗੁਰਦੁਆਰਾ ਸ਼ਹੀਦ ਭਾਈ ਸੰਗਤ
ਸਿੰਘ-ਅਨੰਦਪੁਰ ਸਾਹਿਬ”
ਦੇ ਪ੍ਰਬੰਧਕਾਂ ਪਾਸ ਮੌਜੂਦ ਹੈ।
ਜਦੋਂ ਅਨੰਦਪੁਰ ਸਾਹਿਬ ਵਿਖੇ ਅਨੰਦਗੜ੍ਹ ਕਿਲ੍ਹੇ ਨੂੰ ਮੁਗ਼ਲ ਫ਼ੌਜਾਂ ਨੇ
ਪਾਇਆ ਘੇਰਾ ਇੰਨਾ ਤੰਗ ਕਰ ਦਿੱਤਾ ਗਿਆ ਕਿ ਬਾਹਰੋਂ ਰਸਦ ਆਉਣੀ ਵੀ ਬੰਦ ਹੋ
ਗਈ ਸੀ। ਉਸ ਵੇਲੇ ਸਿੰਘਾਂ ਦੇ ਉੱਡਣ ਦਸਤੇ ਬਣਾਏ ਗਏ ਜਿਨ੍ਹਾਂ ਵਿਚ
ਭਾਈ ਸੰਗਤ ਸਿੰਘ ਦਾ ਜਥਾ ਵੀ ਸ਼ਾਮਲ ਸੀ। ਰਾਤ ਵੇਲੇ
ਪਹਾੜੀ ਉੱਤੇ ਮੁਗ਼ਲ ਫੌਜਾਂ ਦੇ ਕੈਂਪਾਂ ਪਰ ਹਮਲੇ ਕਰ ਕੇ ਰਸਦਾਂ ਲੁੱਟ ਕੇ
ਲੈ ਆਉਂਦੇ ਸਨ। ਘੇਰਾ ਦਿਨ-ਬ-ਦਿਨ ਤੰਗ ਹੁੰਦਾ ਜਾ ਰਿਹਾ ਸੀ,
ਇਥੋਂ ਤਕ ਕਿ ਜੇ ਪਾਣੀ ਵੀ ਲੈਣ ਜਾਣਾ ਹੁੰਦਾ ਚਾਰ
ਸਿੰਘ ਜਾਂਦੇ ਤਾਂ ਦੋ ਰਸਤੇ ਵਿਚ ਹੀ ਸ਼ਹੀਦ ਹੋ ਜਾਂਦੇ ਸਨ-
ਚਾਰ ਸਿੰਘ ਪਾਣੀ ਕੋ ਜਾਵੈਂ। ਦੋ ਜੂਝੈਂ ਦੋ ਪਾਣੀ
ਲਿਆਵੈਂ।
ਆਖ਼ਰ ਦਸੰਬਰ ੧੭੦੪ ਈ. ਨੂੰ ਰਾਤ ਦੇ ਪਹਿਲੇ ਪਹਿਰ ਮਾਤਾ
ਗੁਜਰੀ ਜੀ ਰਾਹੀਂ ਸੰਗਤਾਂ ਦੇ ਜ਼ੋਰ ਪਾਉਣ ਤੇ ਦਸਮੇਸ਼ ਪਿਤਾ ਗੁਰੂ ਗੋਬਿੰਦ
ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ, ਅੱਗੋਂ ਸਰਸਾ ਨਦੀ ਠਾਠਾਂ
ਮਾਰ ਰਹੀ ਸੀ ਪਿਛੋਂ ਵੈਰੀ ਕਸਮਾਂ ਨੂੰ ਤੋੜ ਕੇ ਆ ਪਏ। ਸਰਸਾ ਕੰਢੇ ਭਿਆਨਕ
ਜੰਗ ਹੋਈ। ਗੁਰੂ ਜੀ ਨੇ ਪੈਦਲ ਵਹੀਰ ਲੰਘਾਉਣ ਲਈ ਸਾਹਿਬਜ਼ਾਦਾ ਅਜੀਤ ਸਿੰਘ,
ਭਾਈ ਉਦੇ ਸਿੰਘ, ਭਾਈ
ਜੀਵਨ ਸਿੰਘ, ਭਾਈ ਸੰਗਤ ਸਿੰਘ ਦੀ ਕਮਾਂਡ ਹੇਠ
ਜਥੇ ਥਾਪ ਦਿੱਤੇ। ਮੁਗ਼ਲ ਅਤੇ ਪਹਾੜੀ ਫੌਜਾਂ
ਨੇ ਸਿੰਘਾਂ ਤੇ ਹਮਲਾ ਕਰ ਦਿੱਤਾ। ਦਸਮੇਸ਼ ਪਿਤਾ ਜੀ ਨੇ ਜਥਿਆਂ ਨੂੰ ਵੈਰੀ
ਦਾ ਡਟ ਕੇ ਟਾਕਰਾ ਕਰਨ ਦਾ ਹੁਕਮ ਦਿੱਤਾ। ਜਦ ਤਕ ਵਹੀਰ ਸਰਸਾ ਪਾਰ ਨਹੀਂ
ਕਰ ਜਾਂਦੀ ਤਦ ਤਕ ਵੈਰੀਆਂ ਦਾ ਟਾਕਰਾ ਕਰਦੇ ਰਹਿਣਾ। ਇਸ ਜੰਗ ਸਮੇਂ ਬਹੁਤ
ਸਾਰੇ ਸਿੰਘ ਸਰਸਾ ਪਾਰ ਕਰਦੇ ਹੋਏ ਨਦੀ ਦੀ ਭੇਟ ਹੋ ਗਏ। ਸਰਸਾ
ਦੇ ਜੰਗ ਸਮੇਂ ਸਾਰਾ ਪਰਵਾਰ ਖੇਰੂੰ-ਖੇਰੂੰ ਹੋ ਗਿਆ। ਅਨੇਕਾਂ ਸਿੰਘ ਇਸ
ਘਮਸਾਣ ਦੀ ਜੰਗ ਵਿਚ ਸ਼ਹੀਦੀ ਪਾ ਗਏ ਅਤੇ ਕੁਝ ਸਰਸਾ ਨਦੀ ਵਿਚ ਕਈ ਮੀਲ ਦੂਰ
ਪਾਣੀ ਦੇ ਵੇਗ ਵਿਚ ਰੁੜ੍ਹ ਗਏ।
ਗੁਰੂ ਜੀ ਨੇ ੭ ਪੋਹ ਦੀ ਰਾਤ ਨੂੰ ਰੋਪੜ ਤੋਂ ਚਮਕੌਰ ਸਾਹਿਬ ਜਾਣ ਦਾ
ਫੈਸਲਾ ਲਿਆ। ਗੁਰੂ ਜੀ ਰਾਤ ਨੂੰ ਆਪਣੇ ਨਾਲ ਦੇ ਚਾਲ੍ਹੀ ਸਿੰਘਾਂ ਸਮੇਤ
ਚਮਕੌਰ ਦੀ ਕੱਚੀ ਗੜ੍ਹੀ ਵਿਚ ਆ ਬਿਰਾਜੇ। ਅਗਲੇ ਦਿਨ ਸਵੇਰੇ ੮ ਪੋਹ,
ਸੰਮਤ ੧੭੬੧ ਬਿਕ੍ਰਮੀ ਨੂੰ ਸੰਸਾਰ ਦੇ ਅਨੋਖੇ ਤੇ
ਚਮਤਕਾਰੀ ਯੁੱਧ ਦੀ ਸ਼ੁਰੂਆਤ ਹੋਈ। ਇਕ ਪਾਸੇ ਕੇਵਲ ਭੁੱਖੇ ਤੇ ਥੱਕੇ ੪੦
ਸਿੰਘ ਦੂਜੇ ਪਾਸੇ ਵੈਰੀ ਦਲ ਦੀ ਭਾਰੀ ਫੌਜ। ਇਸ ਬਾਰੇ ਜ਼ਫ਼ਰਨਾਮੇ ਦੀ
ਇਤਿਹਾਸਕ ਚਿੱਠੀ ਵਿੱਚ ਜਿਕਰ ਹੈ-
ਗੁਰਸਨਹ ਚਿਹ ਕਾਰੇ ਕੁਨੱਦ ਚਿਹਲ ਨਰ॥ ਕਿ
ਦਹ ਲੱਕ ਬਿਆਯਦ ਬਰੋ ਬੇਖ਼ਬਰ॥੧੯॥
ਇਸ
ਗੜ੍ਹੀ ਦੇ ਸਿੰਘਾਂ ਅਤੇ ਮੁਗ਼ਲ ਫੌਜਾਂ ਵਿਚਾਲੇ ਬਹੁਤ ਘਮਸਾਣ ਦੀ ਜੰਗ ਹੋਈ।
ਮੁਗ਼ਲ ਫੌਜ ਨੇ ਤਿੰਨਾਂ ਪਾਸਿਆਂ ਤੋਂ ਘੇਰਾ ਪਾ ਹਮਲਾ ਕਰ ਦਿੱਤਾ ਜਿਸ ਵਿਚ
ਨਾਹਰ ਖ਼ਾਂ ਤੇ ਖਵਾਜਾ ਮੁਹੰਮਦ ਆਪਣੀ ਫੌਜ ਦੀ ਅਗਵਾਈ ਕਰ ਰਹੇ ਸਨ। ਗੁਰੂ
ਜੀ ਨੇ ਵੀ ਤਿੰਨਾਂ ਪਾਸਿਆਂ ਵੱਲ ਆਪਣੇ ਤੀਰਾਂ ਦੀ ਬੁਛਾੜ ਸ਼ੁਰੂ ਕਰ
ਦਿੱਤੀ। ਨਾਹਰ ਖਾਂ ਅਤੇ ਗ਼ੈਰਤ ਖਾਂ ਗੁਰੂ ਜੀ ਦੇ ਤੀਰਾਂ ਨਾਲ ਮਾਰੇ ਗਏ।
ਧਰਤੀ ਪਰ ਏਨਾ ਖੂਨ ਡੁੱਲ੍ਹਿਆ ਕਿ ਗਰਦ ਵੀ ਉਡਣੋਂ ਬੰਦ ਹੋ ਗਈ। ਵੈਰੀ ਦਲ
ਨਾਲ ਜੂਝਦੇ ਹੋਏ,
ਸ਼ਸਤਰ ਵਿੱਦਿਆ ਦੇ ਮਾਹਿਰ ਤੇ ਦੁਸ਼ਮਣਾਂ ਨੂੰ ਚੰਗਾ ਸਬਕ
ਸਿਖਾਉਂਦੇ ਹੋਏ ਸਿੰਘ ਸ਼ਹਾਦਤ ਦਾ ਜਾਮ ਪੀ ਗਏ।
ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਬੇਨਤੀ
ਮੰਨ ਕੇ ਉਨ੍ਹਾਂ ਨਾਲ ਹੋਰ ਸਿੰਘਾਂ ਨੂੰ ਥਾਪੜਾ ਦੇ ਕੇ ਜੰਗ ਵੱਲ ਤੋਰ
ਦਿੱਤਾ। ਬਾਬਾ ਅਜੀਤ ਸਿੰਘ ਤੇ ਹੋਰ ਸਿੰਘ ਇਸ ਮੌਕੇ ਰਹਿੰਦੇ ਪ੍ਰਾਣਾਂ ਤਕ
ਦੁਸ਼ਮਣਾਂ ਦੇ ਆਹੂ ਲਾਹੁੰਦੇ ਆਖ਼ਰ ਸ਼ਹਾਦਤ ਦਾ ਜਾਮ ਪੀ ਗਏ। ਗੁਰੂ ਗੋਬਿੰਦ
ਸਿੰਘ ਜੀ ਨੇ ਯੁੱਧ ਦਾ ਸਾਰਾ ਨਜ਼ਾਰਾ ਆਪਣੀ ਅੱਖੀਂ ਦੇਖ ਜੈਕਾਰਾ ਗਜਾਉਂਦੇ
ਬਚਨ ਕੀਤੇ-
ਆਜ ਖ਼ਾਸ ਭਯੋ ਖਾਲਸਾ,
ਸਤਿਗੁਰੁ ਕੇ ਦਰਬਾਰ।
ਇਸ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਜੰਗ
ਲਈ ਆਪਣੇ ਹੱਥੀਂ ਤਿਆਰ ਕਰ ਗੁਰੂ ਜੀ ਨੇ ਹੋਰ ਸਿੰਘ ਨਾਲ ਤੋਰੇ। ਉਸ ਸਮੇਂ
ਬਾਬਾ ਜੁਝਾਰ ਸਿੰਘ ਜੀ ਦੇ ਮੈਦਾਨ ਵਿਚ ਆਉਣ ਨਾਲ ਯੁੱਧ ਇਕ ਵਾਰ ਫੇਰ ਭੱਖ
ਪਿਆ। ਮੁਗ਼ਲ ਫੌਜਾਂ ਦੀ ਗਿਣਤੀ ਵੱਧ ਹੋਣ ਕਰਕੇ ਉਨ੍ਹਾਂ ਦੇ ਹੌਂਸਲੇ ਵਧੇ
ਹੋਏ ਸਨ ਤੇ ਉਨ੍ਹਾਂ ਨੇ ਸਾਹਿਬਜ਼ਾਦੇ ਸਮੇਤ ਸਾਰੇ ਸਿੰਘਾਂ ਨੂੰ ਘੇਰੇ ਵਿਚ
ਲੈ ਲਿਆ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇਜ਼ਾ ਹੱਥ ਵਿਚ ਫੜ ਦੁਸ਼ਮਣਾਂ ਨੂੰ
ਕੂਚੀਆਂ ਵਾਂਗ ਉਸ ਵਿਚ ਪਰੋ-ਪਰੋ ਕੇ ਸੁੱਟਦੇ ਰਹੇ। ਉੱਪਰੋਂ ਗੁਰੂ ਗੋਬਿੰਦ
ਸਿੰਘ ਜੀ ਨੇ ਯੁੱਧ ਵਿਚ ਚਾਰੇ ਪਾਸੇ ਤੋਂ ਸਾਹਿਬਜ਼ਾਦੇ ਸਮੇਤ ਸਿੰਘਾਂ ਨੂੰ
ਘਿਰੇ ਦੇਖ ਤੀਰਾਂ ਦੀ ਬੁਛਾੜ ਲਗਾ ਦਿੱਤੀ। ਇਸ ਤਰ੍ਹਾਂ ਘੇਰਾ ਟੁੱਟ ਗਿਆ
ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਤਲਵਾਰ ਦੇ ਜੌਹਰ ਦਿਖਾ ਅਨੇਕਾਂ
ਦੁਸ਼ਮਣਾਂ ਨੂੰ ਪਾਰ ਬੁਲਾਇਆ। ਅੰਤ ਵੈਰੀ ਦਲ ਨਾਲ ਜੂਝਦੇ ਹੋਏ ਬਾਬਾ ਜੁਝਾਰ
ਸਿੰਘ ਜੀ ਵੀ ਇਕ ਮਹਾਨ ਸੂਰਬੀਰ ਯੋਧੇ ਦੀ ਤਰ੍ਹਾਂ ਸ਼ਹਾਦਤ ਦਾ ਜਾਮ ਪੀ ਗਏ।
ਮਿਰਜ਼ਾ ਅਬਦੁਲ ਗ਼ਨੀ ਲਿਖਦਾ ਹੈ ਕਿ-
ਬੇਟੇ ਕੇ ਕਤਲ ਹੋਨੇ ਕੀ ਪਹੁੰਚੀ ਯੂੰਹੀ ਖ਼ਬਰ। ਸ਼ੁਕਰੇ
ਅੱਲਾਹ ਕੀਆ ਝਟ ਉਠਾ ਕੇ ਸਰ।
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ। ਬੇਟੋਂ ਕੀ
ਜਾਂ, ਧਰਮ ਕੀ ਖ਼ਾਤਿਰ ਫ਼ਿਦਾ ਹੂਈ।
ਹੁਣ ਵੈਰੀ ਦਲ ਦੇ ਜਰਨੈਲਾਂ ਰਲ ਸਲਾਹ ਕੀਤੀ ਕਿ ਸਵੇਰ
ਦੀ ਲੜਾਈ ਵਾਸਤੇ ਗੜ੍ਹੀ ਅੰਦਰ ਗਿਣਤੀ ਦੇ ਸਿੰਘਾਂ ਨੂੰ ਹੱਥੋ-ਹੱਥੀ ਫੜ
ਲਿਆ ਜਾਵੇ। ਇਸ ਤਰ੍ਹਾਂ ਅਜਿਹਾ ਮਤਾ ਪਕਾ ਕੇ ਦੁਸ਼ਮਣ ਦਲ ਦੀਆਂ ਫੌਜਾਂ
ਗੜ੍ਹੀ ਦੁਆਲੇ ਪਹਿਰੇ ਦੀ ਤਕੜਾਈ ਕਰ ਆਰਾਮ ਕਰਨ ਲੱਗ ਪਈਆਂ। ਉਧਰ ਬਚਦੇ
ਸਿੰਘਾਂ ਨੇ ਗੁਰਮਤੇ ਸੋਧਣੇ ਸ਼ੁਰੂ ਕਰ ਦਿੱਤੇ। ਵਿਚਾਰ ਕੀਤੀ ਗਈ ਕਿ ਅੱਜ
ਹੀ ਰਾਤੀਂ ਦਸਮੇਸ਼ ਜੀ ਗੜ੍ਹੀ ਛੱਡ ਕੇ ਚਲੇ ਜਾਣ ਤਾਂ ਜੋ ਬਾਹਰ ਜਾ ਕੇ
ਸੁਰੱਖਿਅਤ ਸਥਾਨ ਤੇ ਹੋਰ ਫੌਜਾਂ ਦੀ ਤਿਆਰੀ ਕਰ ਸਕਣ ਪ੍ਰੰਤੂ ਗੁਰੂ ਜੀ ਨੇ
ਨਾਂਹ ਕਰ ਦਿੱਤੀ। ਗੜ੍ਹੀ ਵਿਚ ਬਾਕੀ ਰਹਿੰਦੇ ਸਿੰਘਾਂ ਨੇ ਪੰਜ ਪਿਆਰੇ
ਚੁਣੇ ਤੇ ਮਤਾ ਪਕਾਇਆ। ਭਾਈ ਦਇਆ ਸਿੰਘ ਜੀ ਨੇ ਮਤਾ ਪੜ੍ਹ ਕੇ ਸੁਣਾਉਂਦਿਆਂ
“ਗੁਰੂ ਪੰਥ” ਵੱਲੋਂ ਗੁਰੂ ਜੀ ਨੂੰ ਗੜ੍ਹੀ ਛੱਡ ਕੇ ਸੁਰੱਖਿਅਤ
ਸਥਾਨ ਵੱਲ ਜਾਣ ਬਾਰੇ “ਹੁਕਮ” ਸੁਣਾਇਆ। “ਆਪੇ ਗੁਰ ਚੇਲਾ”
ਦੇ ਸਿਧਾਂਤ ਨੂੰ ਸੱਚਾ ਕਰ ਵਿਖਾਉਣ ਹਿਤ ਪੰਥ ਗੁਰੂ ਦੇ ਹੁਕਮ ਅੱਗੇ ਸਿਰ
ਨਿਵਾਉਂਦੇ ਕਿਹਾ ਕਿ ਜਾਣ ਤੋਂ ਪਹਿਲੇ ਦੁਸ਼ਮਣ ਨੂੰ ਵੰਗਾਰ ਕੇ ਜਾਣਗੇ,
ਇਹ ਬੇਨਤੀ “ਗੁਰੂ ਪੰਥ” ਨੇ ਪ੍ਰਵਾਨ ਕਰ ਲਈ।
ਦਸਮੇਸ਼ ਪਿਤਾ ਨੇ ਤਿੰਨ ਸਿੰਘ ਭਾਈ ਦਇਆ ਸਿੰਘ,
ਭਾਈ ਧਰਮ ਸਿੰਘ,
ਭਾਈ ਮਾਨ ਸਿੰਘ ਆਪਣੇ ਨਾਲ ਲੈ ਜਾਣ ਦੀ ਵਿਉਂਤ ਬਣਾਈ। ਆਪਣੇ ਹਮਸ਼ਕਲ
ਭਾਈ ਸੰਗਤ ਸਿੰਘ ਨੂੰ ਆਪਣੀ ਪੁਸ਼ਾਕ ਅਤੇ ਜਿਗ੍ਹਾ
ਕਲਗੀ ਪਹਿਨਾ ਕੇ ਗੜ੍ਹੀ ਦੀ ਉੱਚੀ ਮਮਟੀ (ਗੁੰਬਦ) ਉੱਤੇ ਬੈਠਣ ਦੀ ਸਲਾਹ
ਦਿੱਤੀ ਕਿਉਂਕਿ ਅਜਿਹਾ ਕਰਨ ਨਾਲ ਦੁਸ਼ਮਣ ਨੂੰ ਗੁਰੂ ਸਾਹਿਬ ਦੀ ਮੌਜੂਦਗੀ
ਦਾ ਅਹਿਸਾਸ ਹੋ ਸਕੇ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ
ਭਾਈ ਸੰਗਤ ਸਿੰਘ ਜੀ ਨੂੰ ਤੇ ਹੋਰ ਸਿੰਘਾਂ ਨੂੰ ਦੂਸਰੇ ਦਿਨ ਦੀ
ਲੜਾਈ ਵਿਚ ਅਪਨਾਉਣ ਯੋਗ ਨੀਤੀ ਬਾਰੇ ਉਪਦੇਸ਼ ਦਿੱਤਾ। ਗੁਰੂ ਜੀ ਨੇ ਆਪਣਾ
ਤੀਰ ਕਮਾਨ ਤੇ ਹੋਰ ਸ਼ਸਤਰ ਬਾਬਾ ਜੀ ਨੂੰ ਦੇ ਕੇ ਕਿਹਾ ਕਿ ਜਿਉਂਦੇ-ਜੀਅ
ਦੁਸ਼ਮਣ ਦੇ ਹੱਥ ਨਹੀਂ ਆਉਣਾ।
ਅਗਲੀ ਸਵੇਰ ੯ ਪੋਹ,
੧੭੬੧ ਬਿਕ੍ਰਮੀ ਦਿਨ ਚੜ੍ਹਿਆ ਮੁਗ਼ਲਾਂ ਨੇ ਗੜ੍ਹੀ ਵੱਲ
ਨਜ਼ਰ ਮਾਰੀ, ਉਨ੍ਹਾਂ ਨੂੰ ਮਮਟੀ ਪਰ ਬੈਠਾ ਭਾਈ
ਸੰਗਤ ਸਿੰਘ,
ਗੁਰੂ
ਗੋਬਿੰਦ ਸਿੰਘ ਦਿਖਾਈ ਦੇ ਰਿਹਾ ਸੀ ਤੇ ਮੁਗ਼ਲ ਬੜੇ ਹੀ ਖੁਸ਼ ਹੋਏ ਕਿ ਗੜ੍ਹੀ
ਵਿਚ ਪੰਜ-ਸੱਤ ਸਿੰਘ ਹਨ, ਇਕ ਹੱਲੇ ਨਾਲ ਹੀ
ਗੜ੍ਹੀ ਸਰ ਕਰ ਕੇ, ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦਿਆਂ ਹੀ ਫੜ ਲਿਆ
ਜਾਵੇਗਾ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਫ਼ੀ ਇਨਾਮ ਅਤੇ ਮਾਨ ਸਨਮਾਨ
ਮਿਲੇਗਾ। ਇਹ ਸੋਚ ਕੇ ਮੁਗ਼ਲਾਂ ਨੇ ਗੜ੍ਹੀ ਤੇ ਹਮਲਾ ਕਰ ਦਿੱਤਾ। ਮੁੱਠੀ-ਭਰ
ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ, ਜਿੰਨਾ
ਚਿਰ ਉਨ੍ਹਾਂ ਪਾਸ ਗੋਲੀ-ਸਿੱਕੇ ਦਾ ਭੰਡਾਰ ਰਿਹਾ ਦੁਸ਼ਮਣ ਨੂੰ ਲਾਗੇ ਨਹੀਂ
ਢੁਕਣ ਦਿੱਤਾ। ਜਦੋਂ ਤੀਰ ਤੇ ਗੋਲੀ-ਸਿੱਕਾ ਮੁੱਕ ਗਿਆ ਤਾਂ ਲੜਾਈ
ਹੱਥੋ-ਹੱਥੀ ਹੋ ਗਈ। ਇਕ-ਇਕ ਕਰ ਕੇ ਸਾਰੇ ਸਿੰਘ ਜਾਮ-ਏ-ਸ਼ਹਾਦਤ ਪੀ ਗਏ।
ਭਾਈ ਸੰਗਤ ਸਿੰਘ ਜੀ ਚਾਰੇ ਪਾਸੇ ਤੋਂ ਦੁਸ਼ਮਣ ਵਿੱਚ
ਘਿਰੇ ਹੋਏ ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਕਈ ਘੰਟੇ ਦੁਸ਼ਮਣਾਂ ਦਾ
ਮੁਕਾਬਲਾ ਕਰਦੇ ਹੋਏ ਆਖ਼ਿਰ “ਫ਼ਤਹਿ ਗਜਾ” ਧਰਤੀ ਤੇ ਡਿੱਗ ਪਏ।
ਮੁਗ਼ਲਾਂ ਨੇ ਕਾਹਲੀ ’ਚ
ਇਹ ਸੋਚ ਲਿਆ ਕਿ ਇਹ ਕਲਗੀ ਵਾਲੇ ਗੁਰੂ ਗੋਬਿੰਦ ਸਿੰਘ ਜੀ ਹਨ। ਇਕ ਪਠਾਣ
ਨੇ ਕਲਗੀ ਵਾਲਾ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ। ਭਾਈ ਕੁਇਰ ਸਿੰਘ ਲਿਖਦੇ
ਹਨ-
ਕਲਗੀ ਜਿਗ੍ਹਾ ਔਰ ਯਹ ਹੋਈ। ਗੁਰੂ ਗੋਬਿੰਦ ਇਹੈ ਹੈ
ਸੋਈ।
ਮਾਰ ਸ਼ੀਸ਼-ਸ਼ਮਸ਼ੇਰ ਪਠਾਨਾਂ। ਸੀਸ ਰਹਿਤ ਕਲਗੀ ਲੀ ਮਾਨਾ।
ਇਹ
ਸੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਨਿਰਾਲੀ ਖੇਡ-
ਸੀਸ ਨਿਹਾਰ ਬੰਗੇਸਰ ਕੋ ਬੋਲਤ ਹੈ ਸਭ ਨਰ ਨਾਰੀ।
ਏਕ ਕਹੇ ਕਰੁਨਾ ਨਿਧ ਕੋ,
ਇਕ ਭਾਖਤ ਹੈ ਇਹ ਖੇਲ
ਨਿਆਰੀ।
ਭਾਈ ਸੰਗਤ ਸਿੰਘ ਜੀ ਜਿਵੇਂ ਪੁਕਾਰ,
ਜੋਦੜੀ
ਕਰ ਰਹੇ ਹੋਵਣ ਦਸਮ-ਪਿਤਾ ਅੱਗੇ ਕਿ-ਅਪਨੇ
ਸੇਵਕ ਕਉ ਕਬਹੁ ਨ ਬਿਸਾਰਹੁ॥ ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ
ਪ੍ਰੀਤਿ ਗੋਬਿੰਦ ਬੀਚਾਰਹੁ॥(੮੨੯) ਵਿਚਿ
ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ (੨੬)
ਉਸ
ਵੇਲੇ ਰੌਲਾ ਪੈ ਗਿਆ ਕਿ ਸਿੱਖਾਂ ਦਾ ਗੁਰੂ ਗਿਆ ਜੇ ਫੜੋ! ਸਿੱਖਾਂ ਦਾ
ਗੁਰੂ ਗਿਆ ਜੇ ਫੜੋ!! ਹੁਣ ਬਚ ਕੇ ਕਿਤੇ ਨਿਕਲ ਨਾ ਜਾਵੇ।
ਇਹ ਬੋਲ ਸਰਹਿੰਦ ਦੇ ਘਬਰਾਏ ਹੋਏ ਸੂਬੇਦਾਰ ਵਜ਼ੀਰ ਖਾਨ
ਦੇ ਹਨ। ਜਦੋਂ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਚਮਕੌਰ ਦੀ
ਲੜਾਈ ਦੇ ਅੰਤਿਮ ਦਿਨਾਂ ਵਿਚ,
ਗੁਰੂ ਰੂਪ ਪੰਜ ਪਿਆਰਿਆਂ ਨੇ ਆਦੇਸ਼ ਦਿੱਤਾ ਕਿ
”ਉਹ
ਚਮਕੌਰ ਦੀ ਹਵੇਲੀ ਛੱਡ ਜਾਣ”
ਮਹਾਬਲੀ ਸਤਿਗੁਰੂ ਜੀ ਨੇ ਪੰਚ-ਪ੍ਰਧਾਨੀ ਪ੍ਰੰਪਰਾ
ਅਰਥਾਤ ਖਾਲਸਾ ਪੰਥ ਦੇ ਹੁਕਮ ਨੂੰ ਸਿਰ-ਮੱਥੇ ਮੰਨ ਕੇ,
ਪੋਹ ਦੀ ਕਾਲੀ-ਬੋਲ਼ੀ ਰਾਤ ਨੂੰ,
ਜ਼ੋਰ-ਜ਼ੋਰ ਨਾਲ ਹੱਥਾਂ ਦੀ ਤਾੜੀ ਮਾਰ ਕੇ,
ਉੱਚੀ ਆਵਾਜ਼ ਨਾਲ ਕਿਹਾ,
ਸਿੱਖਾਂ ਦਾ ਗੁਰੂ ਚੱਲਿਆ ਜੇ! ਜੇ
ਕਿਸੇ ਵਿਚ ਹਿੰਮਤ ਹੈ ਤਾਂ ਫੜ ਲਓ।
ਜਦੋਂ ਨਿਰਭੈ ਮਹਾਬਲੀ ਗੁਰੂ ਜੀ ਨੇ ਅਜਿਹੇ ਬੋਲ ਕਹੇ
ਤਾਂ ਮੁਗਲ ਫੌਜਾਂ ਵਿਚ ਭਗਦੜ ਮਚ ਗਈ। ਵਜ਼ੀਰ ਖਾਨ ਨੇ ਆਪਣੇ ਸੈਨਾਪਤੀਆਂ
ਨੂੰ ਟਿਕਣ ਨਾ ਦਿੱਤਾ। ਹੁਣ ਕਿਤੇ ਵੇਲਾ ਖੁੰਝ ਨਾ ਜਾਵੇ,
ਤਕੜੇ ਹੋ ਕੇ ਹਿੰਮਤ ਮਾਰ
ਕੇ ਗੁਰੂ ਨੂੰ ਜਿਉਂਦਾ ਹੀ ਫੜ ਲਓ। ਵਜ਼ੀਰ ਖਾਨ ਆਪਣੀਆਂ ਫੌਜਾਂ ਨੂੰ
ਵੰਗਾਰ-ਵੰਗਾਰ ਕੇ ਕਹਿ ਰਿਹਾ ਸੀ।
ਅਕਾਲ ਪੁਰਖ ਦੇ ਰੰਗ ਨਿਆਰੇ ਹਨ। ਕਾਲੀ ਬੋਲੀ ਤੇ ਠੰਡੀ ਰਾਤ ਦੇ ਹਨੇਰੇ
ਵਿਚ ਹੜਬੜਾਏ ਹੋਏ ਮੁਗਲ ਫੌਜੀ ਆਪੋ ਵਿਚ ਹੀ ਲੜ-ਲੜ ਕੇ ਮਰਨ ਲੱਗ ਪਏ।
ਸਵੇਰੇ ਪਹੁ-ਫੁਟਾਲੇ ਨਾਲ,
ਜਦੋਂ ਸੂਰਜ ਦੀਆਂ ਕਿਰਨਾਂ ਨਿਕਲੀਆਂ ਤਾਂ ਉਨ੍ਹਾਂ ਨੇ
ਛੱਤ ਉੱਪਰ ਬੈਠੇ ਹੋਏ ਗੁਰੂ ਜੀ ਨੂੰ ਦੇਖਿਆ। ਵਾਸਤਵ ਵਿਚ ਸਤਿਗੁਰੂ ਜੀ
ਦੁਆਰਾ ਬਖਸ਼ਿਆ ਹੋਇਆ ਚੋਲਾ ਅਤੇ ਕਲਗੀ ਸਜਾਈ ਬੈਠਾ,
ਇਹ ਭਾਈ
ਸੰਗਤ ਸਿੰਘ ਨਿਰਭੈ ਯੋਧਾ ਸੀ। ਭਾਈ ਸੰਗਤ ਸਿੰਘ ਜੀ ਦੀ ਸ਼ਕਲ ਵੀ ਗੁਰੂ
ਗੋਬਿੰਦ ਸਿੰਘ ਜੀ ਦੀ ਸੂਰਤ ਨਾਲ ਰਲਦੀ-ਮਿਲਦੀ ਸੀ। ਵਜ਼ੀਰ ਖਾਨ ਨੇ ਖੁਦ
ਅੱਖੀਂ ਦੇਖ ਲਿਆ ਕਿ ਗੁਰੂ ਗੋਬਿੰਦ ਸਿੰਘ ਤਾਂ ਸਾਹਮਣੇ ਹਵੇਲੀ ਉੱਪਰ ਬੈਠੇ
ਹੋਏ ਹਨ। ਕਲਗੀ, ਸ਼ਕਲ,
ਕੱਦ ਅਤੇ ਚੋਲਾ ਵੀ ਉਹੀ ਹੈ ਤਾਂ ਵਜ਼ੀਰ ਖਾਂ ਨੂੰ
ਕੜਾਕੇਦਾਰ ਠੰਡ ਵਿਚ ਹੀ ਤ੍ਰੇਲੀਆਂ ਆਉਣ ਲੱਗ ਪਈਆਂ। ਸਾਰਾ ਸਰੀਰ ਪਸੀਨੇ
ਨਾਲ ਭਿੱਜ ਗਿਆ। ਹੈਂ! ਗੁਰੂ ਅਜੇ ਜਿਉਂਦਾ ਹੈ?
ਰਾਤ ਉਹ ਕੌਣ ਜਿਸਨੇ ਮੇਰੀ ਅਣਖ ਨੂੰ ਤਾੜੀ ਮਾਰ ਕੇ,
ਉੱਚੀ ਬੋਲ ਕੇ ਵੰਗਾਰਿਆ ਸੀ?
ਏਨੀ ਸੈਨਾ ਵੀ ਮਰ ਗਈ। ਲਾਸ਼ਾਂ ਪਰ ਲਾਸ਼ਾਂ ਪਈਆਂ ਹੋਈਆਂ
ਹਨ ਪਰ ਗੁਰੂ ਅਜੇ ਵੀ ਜਿਉਂਦਾ ਹੈ?
ਹੇ
ਖੁਦਾ! ਇਹ ਸਿੰਘ ਕਿਸ ਮਿੱਟੀ ਦੇ ਬਣੇ ਹੋਏ ਹਨ, ਇਨ੍ਹਾਂ ਨੂੰ ਨਾਂ ਭੁੱਖ
ਲੱਗਦੀ, ਨਾਂ ਪਿਆਸ,
ਨਾਂ ਹੀ ਇਹ ਕਿਸੇ ਤੋਂ ਡਰਦੇ ਹਨ। ਜੇ ਅਸੀਂ ਇਨ੍ਹਾਂ
ਨੂੰ ਲਲਕਾਰਦੇ ਹਾਂ ਤਾਂ ਸਾਡੀ ਸ਼ਾਹ ਰਗ ਨੂੰ ਐਸਾ ਹੱਥ ਪਾਉਂਦੇ ਹਨ ਕਿ
ਕਿਸੇ ਨੂੰ ਜਿਉਂਦਾ ਵਾਪਸ ਮੁੜਨ ਹੀ ਨਹੀਂ ਦਿੰਦੇ। ਗਿਣਤੀ ਦੇ ਕੁਝਕੁ
ਸਿੰਘਾਂ ਨੇ ਸਾਡੀ ਫੌਜ ਲੱਗਭਗ ਖਤਮ ਹੀ ਕਰ ਦਿੱਤੀ ਹੈ। ਵੱਡੇ-ਵੱਡੇ
ਸੈਨਾਪਤੀ ਨਹੀਂ ਰਹੇ, ਵਜ਼ੀਰ ਖਾਨ ਦੇ ਕਮਾਂਡਰ ਇਕੱਠੇ ਹੋਏ। ਸੈਨਾਪਤੀ ਨੂਰ
ਖਾਂ ਨੇ ਆਖਿਆ, ਸਿੱਖਾਂ ਵਿਚ ਕੋਈ ਜਾਦੂ-ਸ਼ਕਤੀ
ਕੰਮ ਕਰਦੀ ਹੈ। ਉਨ੍ਹਾਂ ਦੀ ਪਿੱਠ ਪਿੱਛੇ ਜ਼ਰੂਰ ਕੋਈ ਤਾਕਤ ਹੈ। ਗੁਰੂ ਦੀ
ਸ਼ਕਤੀ ਦਾ ਤਾਂ ਅੰਦਾਜ਼ਾ ਹੀ ਬੇਹਿਸਾਬ ਹੈ,
ਉਸਦੇ ਤਾਂ ਸਿੱਖ ਹੀ ਸਾਡੀ ਪੇਸ਼ ਨਹੀਂ ਜਾਣ ਦਿੰਦੇ। ਸਿੱਖਾਂ ਦਾ ਗੁਰੂ
ਜੇਕਰ ਇਕ ਤੀਰ ਮਾਰਦਾ ਹੈ ਤਾਂ ਸਾਡੇ ਚਾਰ-ਚਾਰ,
ਪੰਜ-ਪੰਜ ਸੂਰਮਿਆਂ ਨੂੰ ਵਿੰਨ੍ਹ ਦਿੰਦਾ ਹੈ। ਸੈਨਾਪਤੀ
ਨੂਰ ਖਾਂ ਨੇ ਆਖਿਆ,
ਤਾਹੀਓਂ ਤਾਂ ਸਾਨੂੰ ਇਨ੍ਹਾਂ ਸਿੰਘਾਂ ਤੋਂ ਡਰ ਲੱਗਦਾ
ਹੈ।
ਵਜ਼ੀਰ ਖਾਨ ਨੇ ਆਪਣੇ ਇਕੱਠੇ ਹੋਏ ਸੈਨਾਪਤੀਆਂ ਨੂੰ ਆਖਿਆ
ਚਾਹੇ ਕੁਝ ਵੀ ਹੈ,
ਸਾਨੂੰ
ਹਮਲਾ ਤਾਂ ਕਰਨਾ ਹੀ ਪਵੇਗਾ। ਆਖਰੀ ਵੇਰ ਦਾ ਇਕ ਕਹਿਰੀ ਹੱਲਾ ਐਸਾ
ਧਮਾਕੇਦਾਰ ਧੜੱਲੇ ਨਾਲ ਕਰੋ ਕਿ ਆਰ-ਪਾਰ ਦੀ ਲੜਾਈ ਹੋ ਜਾਵੇ। ਮੁੱਠੀ ਕੁ
ਭਰ ਤਾਂ ਸਿੰਘ ਨੇ,
ਹੁਣ ਬਚ ਕੇ ਨਾਂ ਜਾਣ! ਆਓ ਹੱਥੀਂ ਪਕੜ ਲਓ।
ਇਧਰ ਗੁਰੂ ਕੇ ਸਿੰਘਾਂ ਨੂੰ ਭਿਣਕ ਪੈ ਗਈ, ਨਿਰਭੈ ਯੋਧੇ ਭਾਈ ਸੰਗਤ ਸਿੰਘ
ਜੀ ਹਵੇਲੀ ਦੇ ਬਾਹਰੀ ਦਰਵਾਜ਼ੇ ਲਾਗੇ ਖੜ੍ਹੇ,
ਬਾਕੀ
ਸਾਥੀ ਸਿੰਘਾਂ ਦੇ ਕੋਲ ਆ ਗਏ। ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਕੇ
“ਬੋਲੇ ਸੋ ਨਿਹਾਲ”
ਦੇ ਜੈਕਾਰਿਆਂ ਨਾਲ, ਹਵੇਲੀ ਦਾ ਬੂਹਾ
ਇਕਦਮ ਖੋਲ੍ਹ ਕੇ,
ਸਿੰਘ
“ਸਤਿ ਸ੍ਰੀ ਅਕਾਲ”
ਬੁਲਾ ਕੇ ਮੁਗਲ ਫੌਜਾਂ ਉੱਤੇ ਟੁੱਟ ਪਏ। ਤੇਗਾਂ ਨਾਲ ਤੇਗਾਂ ਇਸ
ਤਰ੍ਹਾਂ ਟਕਰਾਉਣ ਲੱਗੀਆਂ ਜਿਵੇਂ ਅਸਮਾਨੀ ਬਿਜਲੀ ਕਾਲੇ ਬੱਦਲਾਂ ਵਿਚ
ਚਮਕਦੀ ਹੈ। ਸਿੰਘਾਂ ਦੇ ਜੈਕਾਰਿਆਂ ਨਾਲ ਧਰਤੀ ਗੂੰਜ ਉੱਠੀ। ਸਿੰਘਾਂ ਦਾ
ਏਨਾ ਜ਼ਬਰਦਸਤ ਹੱਲਾ ਹੋਣ ਨਾਲ ਮੁਗਲ ਸੈਨਿਕ ਧੜਾ-ਧੜ ਧਰਤੀ ਪਰ ਡਿੱਗਣ ਲੱਗ
ਪਏ। ਕਿਸੇ ਦੀ ਲੱਤ, ਕਿਸੇ ਦੀ ਬਾਂਹ,
ਕਿਸੇ ਦਾ ਸਿਰ,
ਕਿਸੇ
ਦਾ ਧੜ ਕੱਟਿਆ ਹੋਇਆ ਸੀ ਤੇ ਉਹ ਕੁਰਲਾ ਰਹੇ ਸਨ। ਭਾਈ ਸੰਗਤ ਸਿੰਘ ਜੀ
ਸਿੰਘਾਂ ਦੇ ਸੈਨਾਪਤੀ ਦੇ ਰੂਪ ਵਿਚ ਲਲਕਾਰੇ ਮਾਰ ਰਹੇ ਸਨ। ਬਹਾਦਰ ਯੋਧੇ
ਭਾਈ ਸੰਗਤ ਸਿੰਘ ਦੀ ਤਲਵਾਰ ਦਾ ਵਾਰ ਕੋਈ ਵੀ ਨਹੀਂ ਸੀ ਸਹਾਰ ਸਕਦਾ। ਉਹ
ਵੀ ਇਸ ਵਾਰੀ ਆਰ-ਪਾਰ ਦੀ ਲੜਾਈ ਲੜ ਰਹੇ ਸਨ। ਭਾਈ ਸੰਗਤ ਸਿੰਘ ਦੀ ਕਮਾਂਡ
ਹੇਠ ਲੜਦੇ ਹੋਏ ਸਾਰੇ ਸਿੰਘ ਬੁਰੀ ਤਰ੍ਹਾਂ ਫੱਟੜ ਹੋ ਗਏ। ਮੁਗਲ ਫੌਜਾਂ ਦਾ
ਕਹਿਰੀ ਹੱਲਾ ਵਧੇਰੇ ਕਰਕੇ ਭਾਈ ਸੰਗਤ ਸਿੰਘ ਦੇ ਉੱਪਰ ਹੀ ਸੀ। ਉਨ੍ਹਾਂ
ਨੂੰ ਭੁਲੇਖਾ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ। ਭਾਈ ਸੰਗਤ ਸਿੰਘ
ਜੀ ਦੋਵਾਂ ਹੱਥਾਂ ਨਾਲ ਸ਼ਸਤਰਾਂ ਦੇ ਵਾਰ ਕਰ ਰਹੇ ਸਨ। ਚਮਕੌਰ ਦੇ ਇਸ
ਘਮਸਾਣ ਯੁੱਧ ਵਿਚ ਭਾਈ ਸੰਗਤ ਸਿੰਘ ਜੀ,
ਬਾਕੀ ਸਿੰਘਾਂ ਦੇ ਨਾਲ ਮਹਾਨ ਸ਼ਹੀਦੀ
ਪ੍ਰਾਪਤ ਕਰ ਗਏ।
ਯਾਦ ਰਹੇ ਕਿ ਬਚਪਨ ਦੀ ਉਮਰ ਤੋਂ ਹੀ ਭਾਈ ਸੰਗਤ ਸਿੰਘ
ਜੀ,
ਸਤਿਗੁਰੂ ਜੀ ਦੀ ਸੰਗਤ ਵਿਚ ਰਹੇ। ਆਪ ਜੀ ਸ਼ਸਤਰ
ਵਿੱਦਿਆ ਵਿਚ ਬਹੁਤ ਮਾਹਿਰ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ
ਉਪਰੰਤ ਬਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਭਾਈ ਸੰਗਤ ਸਿੰਘ ਜੀ ਰਹੇ।
ਜਦੋਂ 1699 ਈ. ਵਿਚ ਗੁਰੂ ਜੀ ਨੇ ਖਾਲਸਾ ਪੰਥ
ਦੀ ਸਿਰਜਣਾ ਕੀਤੀ,
ਉਦੋਂ
ਤੋਂ ਭਾਈ ਸੰਗਤਾ ਜੀ ਅੰਮ੍ਰਿਤਪਾਨ ਕਰਕੇ ਭਾਈ ਸੰਗਤ ਸਿੰਘ ਬਣ ਗਏ ਸਨ। ਆਪ
ਜੀ ਸਦਾ ਹੀ ਗੁਰੂਘਰ ਪ੍ਰਤੀ ਵਫਾਦਾਰ,
ਇਮਾਨਦਾਰ ਅਤੇ ਆਗਿਆਕਾਰ ਰਹੇ। ਪਰਉਪਕਾਰ,
ਸੇਵਾ, ਸਿਮਰਨ ਵਿਚ ਵੀ ਆਪ ਘੱਟ ਨਹੀਂ ਸਨ।
ਆਰੰਭਿਕ ਅਵਸਥਾ ਤੋਂ ਹੀ ਆਪ ਜੀ ਵਿਚ ਬੀਰਰਸ,
ਗੁਰੂਘਰ
ਪ੍ਰਤੀ ਸ਼ਰਧਾ ਅਤੇ ਪ੍ਰੇਮ ਕੁੱਟ-ਕੁੱਟ ਕੇ ਭਰਿਆ ਪਿਆ ਸੀ। ਨਾ ਤਾਂ ਕਿਸੇ
ਤੋਂ ਆਪ ਜੀ ਡਰਦੇ ਹੀ ਸਨ ਅਤੇ ਨਾ ਹੀ ਕਿਸੇ ਨੂੰ ਡਰਾਉਂਦੇ ਸਨ। ਮੌਤ ਦਾ
ਡਰ ਭਾਈ ਸੰਗਤ ਸਿੰਘ ਵਿਚ ਰੱਤੀ ਭਰ ਵੀ ਨਹੀਂ ਸੀ। ਜਦੋਂ ਗੁਰੂ ਗੋਬਿੰਦ
ਸਿੰਘ ਜੀ ਦੇ ਦਰਬਾਰ ਵਿਚ ਇਕ ਪੰਡਤ ਨੇ ਰੋ-ਰੋ ਕੇ ਅਰਜੋਈ ਕੀਤੀ ਕਿ ਗੁਰੂ
ਜੀ! ਮੇਰੀ ਘਰਵਾਲੀ ਨੂੰ ਇਕ ਪਠਾਣ ਜ਼ਬਰਦਸਤੀ ਖੋਹ ਕੇ ਰੋਪੜ ਵਾਲੇ ਪਾਸੇ ਲੈ
ਗਿਆ ਹੈ, ਕ੍ਰਿਪਾ ਕਰੋ ਜੀ,
ਗਰੀਬ ਨਿਮਾਣੇ-ਨਿਤਾਣੇ ਦੀ ਆਸ ਕੇਵਲ ਗੁਰੂ ਬਾਬੇ ਨਾਨਕ
ਦਾ ਦਰ-ਘਰ ਹੀ ਹੈ। ਮਿਹਰ ਕਰਕੇ ਮੇਰੀ ਘਰਵਾਲੀ ਮੈਨੂੰ ਵਾਪਸ ਦਿਵਾਈ
ਜਾਵੇ,
ਤਾਂ ਦਸਮੇਸ਼ ਪਿਤਾ ਜੀ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ
ਜੀ ਨੂੰ ਹੁਕਮ ਕੀਤਾ ਕਿ ਤੁਰੰਤ ਕਾਰਵਾਈ ਕਰੋ ਅਤੇ ਉਸ ਬੀਬੀ ਨੂੰ ਪਠਾਣ
ਕੋਲੋਂ ਛੁਡਵਾ ਕੇ ਲੈ ਆਓ। ਉਸ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਭਾਈ
ਸੰਗਤ ਸਿੰਘ ਜੀ ਵੀ ਗਏ ਸਨ। ਸਿੰਘਾਂ ਨੇ ਸਵਾਰ ਹੋ ਕੇ ਘੋੜੇ ਏਨੇ ਤੇਜ਼
ਭਜਾਏ ਕਿ ਕਮਾਲ ਹੀ ਕਰ ਦਿੱਤੀ।
ਪਠਾਣ ਅਜੇ ਆਪਣੇ ਘਰ ਦੇ ਲਾਗੇ ਪਹੁੰਚਿਆ ਹੀ ਸੀ ਕਿ
ਸਿੰਘਾਂ ਨੇ ਲਲਕਾਰਾ ਮਾਰਿਆ। ਪਠਾਣ ਡਰਦਾ ਘਰ ਵਿਚ ਲੁਕ ਗਿਆ ਤੇ ਅੰਦਰੋਂ
ਬੂਹਾ ਬੰਦ ਕਰ ਲਿਆ। ਓਧਰ ਖੋਹ ਕੇ ਲਿਆਂਦੀ ਪੰਡਤਾਣੀ ਰੋ-ਰੋ ਕੇ ਵਾਸਤੇ ਪਾ
ਰਹੀ ਸੀ। ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਸੰਗਤ ਸਿੰਘ ਨੇ ਉਸ ਬੀਬੀ ਨੂੰ
ਹੌਂਸਲਾ ਦਿੱਤਾ। ਸਿੰਘਾਂ ਨੇ ਪਠਾਣ ਨੂੰ ਪਕੜ ਲਿਆ। ਖੂਬ ਸੋਧਾ ਲਾਇਆ।
ਜਦੋਂ ਉਸ ਨੂੰ ਪਾਰ (ਖਤਮ) ਕਰਨ ਲਈ ਸਿੰਘਾਂ ਨੇ ਤੇਗ ਉੱਪਰ ਕੀਤੀ ਤਾਂ
ਪਠਾਣ ਦੀ ਘਰਵਾਲੀ ਨੇ ਤਰਲੇ ਪਾਏ,
ਮਿੰਨਤਾਂ ਕੀਤੀਆਂ,
ਪਠਾਣ
ਨੇ ਅੱਗੇ ਤੋਂ ਅਜਿਹੇ ਕੁਕਰਮ ਨਾਂ ਕਰਨ ਦੀ ਸਹੁੰ ਖਾਧੀ। ਸਿੰਘਾਂ ਨੇ ਪਠਾਣ
ਦੀ ਜਾਨ ਬਖਸ਼ ਦਿੱਤੀ ਅਤੇ ਪੰਡਤਾਣੀ ਵਾਪਸ ਲਿਆ ਕੇ ਗੁਰੂ-ਦਰਬਾਰ ਦੀ ਸ਼ਰਣ
ਵਿਚ ਆ ਪੰਡਤ ਦੇ ਹਵਾਲੇ ਕੀਤੀ। ਇਸ ਸਾਰੀ ਕਾਰਵਾਈ ਵਿਚ ਬਾਬਾ ਸੰਗਤ ਸਿੰਘ
ਜੀ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਸਹਿਯੋਗ ਸ਼ਲਾਘਾਯੋਗ ਸੀ।
ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਵੇਲੇ ਸਰਸਾ ਨਦੀ ਦੇ
ਕੰਢੇ ਹੋਏ ਮੁਗਲਾਂ ਨਾਲ ਘਮਸਾਣ ਯੁੱਧ ਵਿਚ ਭਾਈ ਸੰਗਤ ਸਿੰਘ ਜੀ ਨੇ ਵੀ
ਤੇਗ ਦੇ ਚੰਗੇ ਜੌਹਰ ਦਿਖਾਏ ਸਨ।
ਇਹ
ਸੀ ਬੀਰ-ਕਹਾਣੀ ਮਹਾਨ ਯੋਧੇ ਭਾਈ ਸੰਗਤ ਸਿੰਘ ਜੀ ਦੀ ਜੋ ਮਾਤਾ ਅਮਰੋ ਜੀ
ਅਤੇ ਪਿਤਾ ਭਾਈ ਰਣੀਆਂ ਜੀ ਦੇ ਗ੍ਰਹਿ ਵਿਖੇ ਪੈਦਾ ਹੋਇਆ। ਭਾਈ ਸੰਗਤ ਸਿੰਘ
ਜੀ ਦੀ ਜੀਵਨ-ਗਾਥਾ,
ਇਕ
ਉੱਚੇ-ਸੁੱਚੇ ਗੁਰਸਿੱਖ ਦੀ ਜੀਵਨ-ਗਾਥਾ ਹੈ। ਆਪ ਜੀ ਜਿਥੇ ਗੁਰੂ ਦਸਮੇਸ਼
ਪਿਤਾ ਦੇ ਪੂਰੇ ਵਿਸ਼ਵਾਸਪਾਤਰ ਤੇ ਆਗਿਆਕਾਰੀ ਸਨ,
ਉਥੇ
ਸਿੱਖ ਸੰਗਤਾਂ ਪ੍ਰਤੀ ਵੀ ਆਪ ਜੀ ਦਾ ਅਥਾਹ ਪਿਆਰ ਸੀ। ਆਪ ਜੀ ਗੁਰਬਾਣੀ
ਪ੍ਰੇਮੀ ਅਤੇ ਨਾਮ-ਰਸੀਏ ਵੀ ਸਨ।
ਸਿੱਖ ਇਤਿਹਾਸ ਵਿਚ ਜਿਥੇ ਵੀ ਗੁਰੂ
ਗੋਬਿੰਦ ਸਿੰਘ ਜੀ ਦੇ ਬਹਾਦਰ ਯੋਧਿਆਂ ਤੇ ਵਫਾਦਾਰ ਸਿੰਘਾਂ ਦੀ ਗੱਲ
ਚੱਲੇਗੀ,
ਉਥੇ ਗੁਰੂ ਗੋਬਿੰਦ ਸਿੰਘ ਜੀ ਦੇ ਹਮ ਸ਼ਕਲ ਸ਼ਹੀਦ ਭਾਈ
ਸੰਗਤ ਸਿੰਘ ਜੀ ਦਾ ਨਾਮ ਵੀ ਬੜੇ ਫਕਰ ਨਾਲ ਲਿਆ ਜਾਂਦਾ ਰਹੇਗਾ।