Share on Facebook

Main News Page

ਹੁਣ ਮੈਂ ਆਪਣੀ ਆਤਮਾ ਦੀ ਆਵਾਜ਼ ਨੂੰ ਦੱਬਾ ਕੇ ਨਹੀਂ ਰੱਖ ਸਕਦਾ... ਕਰਾਂਗਾ ਵੱਡਾ ਖੁਲਾਸਾ
-: ਬਲਵੰਤ ਸਿੰਘ ਨੰਦਗੜ੍ਹ

ਚੰਡੀਗੜ, 17 ਦਸੰਬਰ: ਪਿਛਲੇ ਦਿਨਾਂ ਅੰਦਰ ਖ਼ਾਲਿਸਤਾਨ ਦੀ ਮੰਗ ਕਰਕੇ, ਸਿੱਖ ਜਗਤ ਦੀਆਂ ਨਜ਼ਰਾਂ ’ਚ ਆਏ ਜਥੇਦਾਰ ਬਲਵੰਤ ਸਿੰਘ ਨੰਦਗੜ ਇਨੀਂ ਦਿਨੀਂ ਸਰਕਾਰ ਦੇ ਵੱਡੇ ਦਬਾਅ ਅੱਗੇ ਆਪਣੇ ਆਪ ਨੂੰ ਬੇਵੱਸ ਤੇ ਫਸਿਆ ਮਹਿਸੂਸ ਕਰ ਰਹੇ ਹਨ। ਜਥੇਦਾਰ ਨੰਦਗੜ, ਜੋ ਆਪਣੇ ਮਨ ਆਈ ਗੱਲ ਬੇਝਿਜਕ ਕਹਿਣ ਕਰਕੇ ਜਾਣੇ ਜਾਂਦੇ ਹਨ ਦਾ ਮੰਨਣਾ ਹੈ ਕਿ ਇਸ ਸਮੇਂ ਉਨਾਂ ਉਪਰ ਸਰਕਾਰ ਦਾ ਭਾਰੀ ਦਬਾਅ ਹੈ। ਪ੍ਰੰਤੂ ਉਹ ਆਉਣ ਵਾਲੇ ਦੋ ਦਿਨਾਂ ਅੰਦਰ ਇਸ ਦੁਬਿਧਾ ’ਚੋਂ ਬਾਹਰ ਆ ਕੇ ਅੰਦਰ ਰਿਝ ਰਹੀ ਖੀਰ ਦਾ ਅਹਿਮ ਖੁਲਾਸਾ ਕਰਨਗੇ। ਨੰਦਗੜ੍ਹ ਦਾ ਮੰਨਣਾ ਸੀ ਕਿ ਉਨਾਂ ਨੂੰ ਸਰਕਾਰ ਵੱਲੋਂ ਬਿਕਰਮੀ ਕੈਲੰਡਰ ਲਾਗੂ ਕਰਨ ਦੇ ਮਾਮਲੇ ’ਚ ਵੱਡਾ ਅੜਿੱਕਾ ਸਮਝਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਜਥੇਦਾਰ ਨੰਦਗੜ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਵਾਲਿਆਂ ਵਿਚ ਹਨ। ਉਨਾਂ ਗੱਲਬਾਤ ਕਰਦਿਆਂ ਅੱਗੇ ਕਿਹਾ ਕਿ ਉਹ ਸਿੱਖ ਕੌਮ ਦੀ ਆਨ ਸ਼ਾਨ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਨ, ਪਰ ਕਿਸੇ ਦਬਾਅ ਅੱਗੇ ਝੁਕ ਕੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ। ਜਥੇਦਾਰ ਨੰਦਗੜ ਵੱਲੋਂ ਖ਼ਾਲਿਸਤਾਨ ਦੀ ਮੰਗ ਕਰਨ, ਸਿਮਰਨਜੀਤ ਸਿੰਘ ਮਾਨ ਦੀ ਖੁੱਲੀ ਹਮਾਇਤ ਕਰਨ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਲਈ ਲਏ ਸਖਤ ਸਟੈਂਡ ਤੋਂ ਬਾਦਲ ਪਰਿਵਾਰ ਉਨਾਂ ਨਾਲ ਕੁਝ ਨਰਾਜ਼ ਚਲ ਰਿਹਾ ਹੈ, ਜਿਸ ਨੇ ਕਿਸੇ ਵੇਲੇ ਜਥੇਦਾਰ ਨੰਦਗੜ ਨੂੰ ਆਪਣਾ ਬਹੁਤ ਕਰੀਬੀ ਤੇ ਵਿਸ਼ਵਾਸਪਾਤਰ ਸਮਝਦੇ ਹੋਏ ਉਨਾਂ ਦੀ ਇਸ ਅਹੁਦੇ ’ਤੇ ਨਿਯੁਕਤੀ ਕਰਵਾਈ ਸੀ ਤਾਂ ਜੋ ਉਨਾਂ ਦੇ ਸਿਆਸੀ ਇਸ਼ਾਰਿਆਂ’ਤੇ ਚਲਦੇ ਰਹਿਣ, ਪ੍ਰੰਤੂ ਜਥੇਦਾਰ ਨੰਦਗੜ ਵੱਲੋਂ ਸ਼ੇਰ ਵਰਗੀ ਦਹਾੜ ਮਾਰਨ ਨਾਲ ਬਾਦਲ ਪਰਿਵਾਰ ਸਮੇਤ ਸਮੁੱਚੀ ਪੰਜਾਬ ਸਰਕਾਰ ਭੈਅ ਭੀਤ ਵਿਖਾਈ ਦੇ ਰਹੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਅਰਸੇ ਦੌਰਾਨ ਪੰਜ ਸਿੰਘ ਸਾਹਿਬਾਨਾਂ ਦੀਆਂ ਮੀਟਿੰਗਾਂ ਦੌਰਾਨ ਪੰਥਕ ਮੁੱਦਿਆਂ ਦੌਰਾਨ ਜਥੇਦਾਰ ਨੰਦਗੜ ਆਪਣਾ ਸਪੱਸ਼ਟ ਸਟੈਂਡ ਲੈਂਦੇ ਆ ਰਹੇ ਹਨ ਅਤੇ ਕਈ ਮੌਕਿਆਂ ’ਤੇ ਉਨਾਂ ਅਜਿਹੇ ਸਰਕਾਰ ਪੱਖੀ ਮਤਿਆਂ ਉਪਰ ਦਸਤਖ਼ਤ ਵੀ ਨਹੀਂ ਕੀਤੇ ਅਤੇ ਉਹ ਅਕਸਰ ਹੀ ਅਜਿਹੀਆਂ ਮੀਟਿੰਗਾਂ ਛੱਡ ਕੇ ਬਾਹਰ ਆਉਂਦੇ ਰਹੇ ਹਨ। ਉਨਾਂ ਵੱਲੋਂ ਕਈ ਵਾਰ ਦਿੱਤੇ ਬਿਆਨਾਂ ਕਾਰਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਸਿੱਖ ਕੌਮ ਅੱਗੇ ਉਲਝਦੇ ਵਿਖਾਈ ਨਜ਼ਰ ਆਉਂਦੇ ਰਹੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਸਮੇਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰ.ਐਸ.ਐਸ. ਦੇ ਅੰਦਰੂਨੀ ਦਬਾਅ ਅੱਗੇ ਬਿਕਰਮੀ ਕੈਲੰਡਰ ਨੂੰ ਲਾਗੂ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ, ਜਿਸ ’ਤੇ ਸਹਿਮਤੀ ਲੈਣ ਲਈ ਸਰਕਾਰੀ ਧਿਰ ਦੇ ਲੋਕਾਂ ਨੇ ਜਥੇਦਾਰ ਨੰਦਗੜ ਦੀ ਰਿਹਾਇਸ਼ ਤਲਵੰਡੀ ਸਾਬੋ ਵਿਖੇ ਇੱਲ ਗੇੜਾ ਬੰਨ ਰੱਖਿਆ ਹੈ, ਜਿਸ ਤੋਂ ਅੱਜ ਦੀ ਗੱਲਬਾਤ ਦੌਰਾਨ ਜਥੇਦਾਰ ਨੰਦਗੜ ਬਹੁਤ ਖਫਾ ਨਜ਼ਰ ਆਏ।

ਉਨਾਂ ਕੁਝ ਚੋਣਵੇਂ ਪੱਤਰਕਾਰਾਂ ਅੱਗੇ ਖੁਲਾਸਾ ਕੀਤਾ ਕਿ ਉਹ ਹੁਣ ਬਹੁਤੀ ਦੇਰ ਆਪਣੀ ਆਤਮਾ ਦੀ ਆਵਾਜ਼ ਨੂੰ ਦੱਬ ਕੇ ਨਹੀਂ ਰੱਖ ਸਕਦੇ ਅਤੇ ਆਉਣ ਵਾਲੇ ਇਕ ਦੋ ਦਿਨਾਂ ਅੰਦਰ ਸਾਰਾ ਕੁਝ ਸਾਹਮਣੇ ਆ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਜਥੇਦਾਰ ਦੇ ਅਜਿਹੇ ਸਖਤ ਸਟੈਂਡ ’ਤੇ ਪੰਜਾਬ ਸਰਕਾਰ ਅੰਦਰਲੇ ਲੋਕ ਕੀ ਰੁਖ਼ ਅਖਤਿਆਰ ਕਰਦੇ ਹਨ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top