Share on Facebook

Main News Page

ਸਿੱਖ ਗੁਰੂਆਂ ਨੂੰ ਕਾਰਟੂਨ/ਐਨੀਮੇਸ਼ਨ ਦੇ ਰੂਪ ਵਿੱਚ ਵਿਖਾਉਣਾ ਰੂਹਾਨੀ ਖੁਦਕਸ਼ੀ ਹੈ
-: ਵਿਜੈਪਾਲ ਸਿੰਘ ਅਸਟ੍ਰੇਲੀਆ  614 3817 5797

ਗੁਰੂ ਪਿਆਰੇ ਖਾਲਸਾ ਜੀਓ ਜੋ ਨੁਕਤਾ ਮੈਂ ਆਪ ਜੀ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਉਹ ਬਹੁਤ ਹੀ ਸੰਵੇਦਨਵਸ਼ੀਲ ਹੋਣ ਦੇ ਨਾਲ ਨਾਲ ਬਹੁਤ ਉਲਝਿਆ ਹੋਇਆ ਵੀ ਹੈ। ਉਸ ਦੇ ਅਸਰ ਅਤੇ ਨਤੀਜੇ ਏਨੇ ਜ਼ਿਆਦਾ ਮਾਰੂ ਵੀ ਹੋ ਸਕਦੇ ਹਨ।

ਆਪਣੇ ਰਹਿਬਰਾਂ ਉਤੇ ਅਥਾਹ ਵਿਸ਼ਵਾਸ਼ ਅਤੇ ਉਨ੍ਹਾਂ ਨੂੰ ਲਾਮਿਸਾਲ ਮੁਹੱਬਤ ਕਰਨ ਵਾਲੀ ਭੋਲੀ ਭਾਲੀ ਸਿੱਖ ਕੌਮ ਕਦੀ ਸੋਚ ਭੀ ਨਹੀਂ ਸਕਦੀ। ਕਿਉਂਕਿ ਕੁੱਝ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸ਼ਕਤੀਆਂ ਬਹੁਤ ਹੀ ਖੁਫੀਆ ਅੰਦਾਜ਼ ਵਿੱਚ ਬੜੇ ਲੰਬੇ ਸਮੇਂ ਤੋਂ ਸਿੱਖ ਮਾਨਸਿਕਤਾ ਵਿੱਚ ਗੁਰੂਬਿੰਬ ਨੂੰ ਧੁੰਦਲਾ  ਕਰਕੇ ਗੁਰੂ ਸਹਿਬਾਨ ਨੂੰ ਆਮ ਆਦਮੀ ਦੇ ਪੱਧਰ ਤੇ ਪੇਸ਼ ਕਰਨ ਲਈ ਯਤਨਸ਼ੀਲ਼ ਹਨ।

ਪਹਿਲਾਂ ਇਸ ਦਾ ਰੂਪ ਸਿਰਫ ਕਿਤਾਬੀ ਸੀ ਫੇਰ ਤਸਵੀਰਾਂ ਵਿੱਚ ਢਲਿਆ ਫੇਰ ਬੁਤਾਂ ਵਿੱਚ ਪਲਟਿਆ ਤੇ ਹੁਣ ਸਿੱਖ ਨਾਇਕਾਂ, ਗੂਰੂ ਪੁਤਰਾਂ ਦੀਆਂ ਫਿਲਮਾਂ ਬਣਾ ਕੇ ਅਧੁਨਿਕਤਾ ਦੀ ਪੁਸ਼ਾਕ ਵਿੱਚ ਸਾਨੂੰ ਭਚਲ ਰਿਹਾ ਹੈ ਅਤੇ ਅਸੀਂ ਭਚਲੇ ਜਾ ਰਹੇ ਹਾਂ ।

ਮੈਂ ਕਾਫੀ ਚਿਰ ਤੋਂ ਇਹ ਲੇਖ ਲਿਖਣ ਵਾਰੇ ਸੋਚ ਰਿਹਾ ਸੀ ਪਰ ਸਮਾਂ ਇਜਾਜ਼ਤ ਨਹੀਂ ਸੀ ਦੇ ਰਿਹਾ। ਪਰ ‘ਚਾਰ ਸਾਹਿਬਜ਼ਾਦੇ ਫਿਲਮ’ ਦੇਖਣ ਤੋਂ ਬਾਅਦ ਮੈ ਸੋਚਿਆ ਕਿ ਹੁਣ ਲਿਖਣਾ ਜਰੂਰੀ ਹੈ। ਕਿਉਂਕਿ ਮਸਲਾ ਬੜਾ ਪੇਚੀਦਾ ਹੈ ਅਤੇ ਉਸ ਦੇ ਅਸਰ ਬਹੁਤ ਪੋਸ਼ੀਦਾ ਹਨ।

ਇਸ ਲਿਖਤ ਦਾ ਮੁਖ ਮੰਤਵ ਸਾਦਾ ਮਨ ਸਿੱਖਾਂ ਨੂੰ ਇਸ ਛਲ ਤੋਂ ਬਚਾਉਣਾ ਅਤੇ ਇਸ ਚੱਕਰਵਿਊ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਭੋਲੇ ਭਾਲੇ ਸਿੱਖ ਆਪਣੀ ਸੁਰਤ ਅੰਦਰ ਗੁਰੂ ਸਹਿਬਾਨ ਦੀ ਪੈਗ਼ੰਬਰੀ ਅਜ਼ਮਤ ਨੂੰ ਸੰਭਾਲ ਸਕਣ ਅਤੇ ਸਿੱਖ ਕੌਮ ਦੀ ਸਮੂਹਕ ਚੇਤਨਾ ਅੰਦਰ ਗੂਰੂ ਮੁਹੱਬਤ ਦਾ ਦਰਿਆ ਵਗਦਾ ਰਹੇ ।

ਇੱਕ ਬੇਨਤੀ ਹੈ ਕਿ  ਹੋ ਸਕਦਾ ਹੈ ਤਸਵੀਰ ਜਾਂ ਫਿਲਮ ਬਣਾਉਣ ਵਾਲੇ ਦਾ ਉਪ੍ਰੋਕਤ ਮੰਤਵ ਨਾ ਵੀ ਹੋਵੇ, ਪਰ ਇਹਨਾਂ ਨੂੰ ਵਰਤਿਆ ਜਰੂਰ ਇਸ ਮੰਤਵ ਲਈ ਜਾ ਰਿਹਾ ਹੈ। ਮੈਨੂੰ ਸੱਭ ਤੋਂ ਵੱਡੀ ਮੁਸ਼ਕਲ ਦਰਪੇਸ਼ ਇਹ ਹੈ ਕਿ ਗੱਲ ਸ਼ੁਰੂ ਕਿਥੋਂ ਕੀਤੀ ਜਾਵੇ?

ਇਸ ਲਈ ਮੈਨੂੰ ਲਗਦਾ ਹੈ ਕਿ ਲੇਖ ਕੁੱਝ ਲੰਬਾ ਹੋ ਜਾਵੇਗਾ। ਜ਼ਰਾ ਸੰਭਲ ਕੇ! ਅੱਜ ਸਾਡੀ ਗੁਰੂ ਮੁਹੱਬਤ ਅਤੇ ਸਾਡੀ  ਸ਼ਰਧਾ ਹੀ ਸਾਨੂੰ ਮਾਰਨ ਖ਼ਾਤਿਰ ਇੱਕ ਹਥਿਆਰ ਵਜੋਂ ਵਰਤੀ ਜਾ ਰਹੀ ਹੈ। ਗੁਰੂ ਵਿੱਚ ਅਥਾਹ ਸ਼ਰਧਾ ਦਾ ਹੋਣਾ ਬਹੁਤ ਜਰੂਰੀ ਹੈ। ਪਰ ਸ਼ਰਧਾ ਦਾ ਅੰਨ੍ਹਿਆਂ ਹੋ ਜਾਣਾ ਬਹੁਤ ਹੀ ਨੁਕਸਾਨ ਦੇਹ ਹੈ। ਇਹ ਵਿਸ਼ਾ ਇੱਕ ਵੱਖਰੀ ਲਿਖਤ ਦੀ ਮੰਗ ਕਰਦਾ ਹੈ, ਪਰ ਵਿਸਥਾਰ ਵਿੱਚ ਨਾਂ ਜਾਂਦਾ ਹੋਇਆ ਬਸ ਇਨਾਂ ਹੀ ਕਹਾਂਗਾ ਕਿ ਬਹੁਤ ਕੁਝ ਅਜਿਹਾ ਹੈ ਜੋ ਗੁਰੂ ਦਾ ਨਹੀਂ, ਗੁਰੂ ਦੇ ਨਾਂ ਨਾਲ ਜੋੜ ਕੇ ਸਾਡੀ ਝੋਲੀ ਵਿੱਚ ਪਾ ਦਿੱਤਾ ਗਿਆ ਤੇ ਅਸੀਂ ਉਸ ਨੂੰ ਗਲ ਨਾਲ ਲਾਈ ਬੈਠੇ ਹਾਂ।

ਬਹੁਤ ਕੁਝ ਅਜਿਹਾ ਜੋ ਗੁਰੂ ਦਾ ਸੀ ਉਹ ਸਾਥੋਂ ਖੋਹ ਲਿਆ ਜਾਂ ਨਸ਼ਟ ਕਰ ਦਿੱਤਾ ਅਤੇ ਅੱਜ ਵੀ ਕੀਤਾ ਜਾ ਰਿਹਾ ਹੈ। ਪੁਰਾਤਨ ਦੁਸ਼ਮਣ ਨਾਲ ਹੁਣ ਤੱਕ ਦੇ ਸਾਡੇ ਤਜ਼ਰਬੇ ਵੱਖਰੀ ਕਿਸਮ ਦੇ ਹਨ। ਪਰ ਅੱਜ ਦਾ ਦੁਸ਼ਮਣ ਸਾਨੂੰ ਸਾਡੀ ਹੀ ਤਾਕਤ ਨਾਲ ਖ਼ਤਮ ਕਰ ਰਿਹਾ ਹੈ ਅਤੇ ਅਸੀਂ ਪੂਰੀ ਤਰ੍ਹਾਂ ਬੇਖ਼ਬਰ ਹਾਂ।

ਹੋ ਸਕਦਾ ਕਿ ਓਪਰੀ ਨਜ਼ਰ ਲਿਖਤ ਬੜੀ ਬੇਤਰਤੀਬ ਲੱਗੇ, ਪਰ ਹਰ ਗੱਲ ਦਾ ਆਪਸ ਵਿੱਚ ਗੂੜ੍ਹਾ ਸਬੰਧ  ਹੈ। ਪ੍ਰੋ: ਹਰਿੰਦਰ ਸਿੰਘ ਮਹਿਬੂਬ ਦਾ ਇਹ ਖਿਆਲ ਹੈ ਕਿ ਜਦੋਂ ਕੌਮਾਂ ਦੇ ਜਨਮ ਦਾਤਾ ਪੈਗ਼ੰਬਰ ਸਰੀਰਕ ਰੂਪ ਵਿੱਚ ਧਰਤੀ ਤੋਂ ਚਲੇ ਜਾਂਦੇ ਨੇ ਤਾਂ ਕੌਮਾਂ ਪੈਗ਼ੰਬਰਾਂ ਦੀਆਂ ਉਹਨਾਂ ਮੌਲਿਕ ਛੋਹਾਂ ਤੋਂ ਵਾਂਝੀਆਂ ਹੋ ਜਾਂਦੀਆਂ ਹਨ ਜੋ ਉਹਨਾਂ ਦੀ ਸ਼ਕਤੀ ਦਾ ਸਰੋਤ ਹੂੰਦੀਆਂ ਹਨ। ਪਰ ਕੌਮਾਂ ਨੂੰ ਸ਼ਕਤੀ ਦੀ ਤਾਂ ਲੋੜ ਹਮੇਸ਼ਾ ਹੀ ਹੁੰਦੀ ਹੈ। ਪੈਗ਼ੰਬਰਾਂ ਤੋਂ ਬਾਅਦ ਜਿਉਂਦੀਆਂ ਜਾਗਦੀਆਂ ਕੌਮਾਂ ਦੀ ਸ਼ਕਤੀ ਦੇ ਮਹਿਬੂਬ ਜੀ ਤਿੰਨ ਸਰੋਤ ਦੱਸਦੇ ਹਨ। ਉਹ ਇਹ ਵੀ ਕਹਿੰਦੇ ਨੇ ਤਿੌਨਾਂ ਦੀ ਇੱਕੋ ਜਿੰਨੀ ਹੀ ਅਹਿਮੀਅਤ ਹੈ। ਇੱਕ ਦੀ ਅਣਹੋਂਦ ਵੀ ਕੌਮ ਦੀ ਆਤਮਕ ਗਿਰਾਵਟ ਬਣ ਸਕਦੀ ਹੈ।

(ੳ) ਪੈਗ਼ੰਬਰਾਂ ਦੀਆਂ ਸਿੱਖਿਆਵਾਂ (ਜਿਵੇਂ ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ))

(ਅ) ਪੈਗ਼ੰਬਰ ਦਾ ਖਿਆਲ (ਗੁਰੂ ਬਿੰਬ)

(ੲ) ਪੈਗ਼ੰਬਰਾਂ ਦੀਆਂ ਨਿਸ਼ਾਨੀਆਂ

ਅਸਲ ਵਿੱਚ ਮਹਿਬੂਬ ਸਾਹਿਬ ਦਾ ਇਹ ਖਿਆਲ ਕੋਈ ਮਮੂਲੀ ਖਿਆਲ ਨਹੀਂ ਹੈ। ਇਹ ਖਿਆਲ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਿਸੇ ਬਿਮਾਰੀ ਨੂੰ ਜੜ੍ਹ ਤੋਂ ਫੜ ਲਿਆ ਗਿਆ ਹੋਵੇ। ਸਾਨੂੰ ਸਾਰੀ ਮਾਰ ਹੀ ਇਥੋਂ ਪਈ ਹੈ, ਸਾਨੂੰ ਤਸਵੀਰਾਂ, ਬੁੱਤਾਂ, ਫਿਲਮਾਂ ਨਾਲ ਜੋੜ ਕੇ ਸਾਡੀ ਚੇਤਨਾ ਨੂੰ ਖੁੰਢਿਆਂ ਕਰਕੇ ਸਾਥੋਂ ਸਾਡੀ ਰੂਹਾਨੀ ਸ਼ਕਤੀ ਦੇ ਸੋਮੇ ਖੋਹ ਲਏ, ਜੋ ਕੁੱਝ ਬਚਿਆ ਹੈ ਉਸ ਤੋਂ ਅਸੀਂ ਬਹੁਤ ਦੂਰ ਚਲੇ ਗਏ ਹਾਂ।

ਗੁਰੂ ਬਿੰਬ ਇਸ ਸਾਰੀ ਲਿਖਤ ਦਾ ਧੁਰਾ ਹੈ। ਸਾਰਾ ਲੇਖ ਗੁਰੂਬਿੰਬ ਇਰਦ ਗਿਰਦ ਹੀ ਰਹੇਗਾ। ਸਭ ਤੋਂ ਪਹਿਲਾਂ ਇਹ ਸਮਝਣਾ ਬਹੁਤ ਹੀ ਲਾਜ਼ਮੀ ਹੈ ਕਿ ਗੁਰੂਬਿੰਬ ਹੈ ਕੀ ? ਗੁਰੂਬਿੰਬ ਗੁਰੂ ਦਾ ਉਹ ਖਿਆਲ ਹੈ ਜੋ ਗੁਰਬਾਣੀ ਅਤੇ ਗੁਰੂ ਦੀਆਂ ਕਥਾ ਕਹਾਣੀਆਂ ਸੁਣਨ ਉਪ੍ਰੰਤ ਸਿੱਖ ਦੀ ਸੁਰਤ, ਮੱਤ, ਮਨ ਅਤੇ ਬੁਧਿ ਵਿੱਚ ਰੂਪਮਾਨ ਹੁੰਦਾ ਹੈ। ਫਿਰ ਇਹ ਖਿਆਲ ਸਿੱਖ ਦੇ ਅਚੇਤ ਮਨ ਅੰਦਰ ਇੱਕ ਤਲਬ ਪੈਦਾ ਕਰਦਾ ਹੈ “ਸੇ ਕਿਨੇਹਿਆ” ਕਿ ਗੁਰੂ ਕਿਹੋ ਜਿਹਾ ਹੋਵੇਗਾ ?

“ਸੇ ਕਿਨੇਹਿਆ”  ਦੀ ਤਲਬ, ਗੁਰੂ ਦਾ ਖਿਆਲ ਅਤੇ ਗੁਰੂ ਦੇ  ਰੂਹਾਨੀ ਜਲਵਿਆਂ ਦੀ ਯਾਦ ਮਿਲ ਕੇ ਸਿੱਖ ਦੀ ਸੁਰਤ ਅੰਦਰ ਗੁਰੂ ਦਾ ਇੱਕ ਤਾਕਤਵਰ ਖਿਆਲ ਸਿਰਜਦੇ ਹਨ। ਜੋ ਸਿੱਖ ਦੀ ਆਤਮਕ ਸ਼ਕਤੀ ਦਾ ਮਹਾਂ ਸਰੋਤ ਹੈ। ਜਿਸ ਦੀ ਥਾਂ ਸਿਰਫ ਤੇ ਸਿਰਫ ਸਿੱਖ ਦੀ ਸੁਰਤ ਅੰਦਰ ਹੀ ਹੈ। ਉਹੀ ਗੁਰੂਬਿੰਬ ਹੈ। ਉਸ ਨੂੰ ਕਾਗਜ਼ਾਂ, ਪੱਥਰਾਂ ਜਾਂ ਕਿਸੇ ਅਧੁਨਿਕ ਸਾਧਨਾਂ ਰਾਹੀਂ, ਯਾਨੀ ਫਿਲਮਾਂ ਦੁਆਰਾ ਪੇਸ਼ ਕੀਤਾ ਹੀ ਨਹੀਂ ਜਾ ਸਕਦਾ।

ਜਦੋਂ ਵੀ ਕੋਈ ਅਜਿਹੀ ਹਿਮਾਕਤ ਕਰੇਗਾ ਉਹ ਗੁਰੂ ਦੀ ਤੌਹੀਨ ਹੋਵੇਗੀ। ਗੁਰੂ ਮਾਤਾਵਾਂ, ਗੁਰੂ ਪਤਨੀਆਂ, ਗੁਰੂ ਪੁਤਰ ਅਤੇ ਸਾਰੇ ਸਿੱਖ ਨਾਇਕ, ਯਾਨੀ ਸਾਰੇ ਦਾ ਸਾਰਾ ਗੁਰ ਇਤਿਹਾਸ ਗੁਰੂ ਬਿੰਬ ਦੇ ਘੇਰੇ ਤੋਂ ਬਾਹਰ ਨਹੀਂ ਹੈ। ਅਸਲ ਵਿੱਚ ਗੁਰੂਬਿੰਬ ਦੀ ਮਾਤਰਾ ਨੇ ਹੀ ਸਿੱਖ ਦੀ ਹੋਂਦ ਅਤੇ ਸਮਰੱਥਾ ਦਾ ਫੈਸਲਾ ਦੇਣਾ ਹੈ।

ਜੇ ਸਿੱਖ ਦੀ ਸੁਰਤ ਵਿੱਚ ਗੁਰੂਬਿੰਬ ਅਸਲੀ ਹੈ ਤਾਂ ਸਿੱਖ ਵੀ ਅਸਲੀ ਹੈ। ਸਿੱਖ ਦੀ ਸੁਰਤ ਵਿੱਚ ਗੁਰੂਬਿੰਬ ਜਿੰਨਾਂ ਸ਼ਕਤੀਸ਼ਾਲੀ ਹੈ ਓਨਾਂ ਹੀ ਸਿੱਖ ਸ਼ਕਤੀਸ਼ਾਲੀ ਹੋਵੇਗਾ। ਸਿੱਖ ਦੀ ਸੁਰਤ ਵਿੱਚ ਗਰੂਬਿੰਬ ਜਿੰਨਾਂ ਪਵਿੱਤਰ ਹੋਵੇਗਾ ਓਨਾਂ ਹੀ ਸਿੱਖ ਪਵਿੱਤਰ ਹੋਵੇਗਾ। ਉਪ੍ਰੋਕਤ ਗੱਲ ਵਿਅਕਤੀਗਤ ਵੀ ਹੈ ਅਤੇ ਸਮੂਹਕ ਵੀ ਹੈ।

ਇੱਕ ਗੱਲ ਹੋਰ ਸਮਝਣੀ ਬੜੀ ਜਰੂਰੀ ਹੈ ਕਿ ਸਿੱਖ ਦੀ ਜ਼ਿੰਦਗੀ ਵਿੱਚ ਗੁਰੂਬਿੰਬ ਦੀ ਮਹਾਨਤਾ ਕੀ ਹੈ? ਗੁਰੂ ਬਿੰਬ ਸਿੱਖ ਦੀ ਕਿਸ ਤਰ੍ਹਾਂ ਅਗਵਾਈ ਕਰਦਾ ਹੈ, ਕਿਵੇਂ ਤੇ ਕਦੋਂ ਸ਼ਕਤੀ ਬਣਦਾ ਹੈ? ਉਪ੍ਰੋਕਤ ਸਵਾਲਾਂ ਦੇ ਜੁਆਬ ਲਈ ਮੈ ਇਸ ਲਿਖਤ ਵਿੱਚ ਆਪਣੀ ਜ਼ਿੰਦਗੀ ਦੇ ਕੁਝ ਅਨੁਭਵ ਅਤੇ ਤਜ਼ਰਵੇ ਤੁਹਾਡੇ ਨਾਲ ਸਾਂਝੇ ਕਰਾਂਗਾ।

ਮੈਂ ਜਿੰਨਾਂ ਸੰਕੋਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਵਿਸ਼ਾ ਓਨਾਂ ਹੀ ਵਿਸਥਾਰ ਦੀ ਮੰਗ ਕਰ ਰਿਹਾ ਹੈ। ਇੱਕ ਸਨਿਮਰ ਜੋਦੜੀ ਹੈ ਕਿ ਮੈਂ ਜੋ ਆਪਣੇ ਅਨੁਭਵ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਹਾਂ ਇਹ ਨਾਂ ਸਮਝਣਾ ਕਿ ਮੈਂ ਆਪਣੀ ਵਡਿਆਈ ਕਰਨ ਖਾਤਰ ਲਿਖ ਰਿਹਾ ਹਾਂ। ਮੇਰਾ ਮਕਸਦ ਸਿਰਫ ਨੁਕਤਾ ਸੁਲਝਾਉਣਾ ਹੈ।

ਉਹਨਾਂ ਅਨੁਭਵਾਂ ਵਿੱਚੋਂ ਇੱਕ ਅਜਿਹਾ ਅਨੁਭਵ ਵੀ ਹੈ ਜੋ ਸਿਰਫ ਮੈਂ ਆਪਣੀ ਮਾਤਾ ਜੀ ਨਾਲ ਹੀ ਸਾਂਝਾ ਕੀਤਾ ਸੀ ਅਤੇ ਉਨ੍ਹਾਂ ਦੀ ਇਹ ਖ਼ਾਸ ਹਦਾਇਤ ਸੀ ਕਿ ਇਹ ਕਿਸੇ ਹੋਰ  ਨੂੰ ਕਦੀ ਵੀ ਨਹੀਂ ਦੱਸਣਾ । ਮੈ ਅੱਜ ਤੱਕ ਕਿਸੇ ਨੂੰ ਦੱਸਿਆ ਵੀ ਨਹੀਂ। ਪਰ ਇਸ ਬਾਰੇ ਕੁਝ ਮਾਤਰ ਅਹਿਸਾਸ ਮੇਰੇ ਬਾਸਕਟਬਾਲ ਦੇ ਕੋਚ ਸਰਦਾਰ ਹਰਮੀਤ ਸਿੰਘ ਨੂੰ ਹੈ ਜੋ ਅੱਜ ਕੱਲ੍ਹ ਕਨੇਡਾ ਵਿੱਚ ਹਨ। ਪਰ ਉਹਨਾਂ ਨੂੰ ਵੀ ਕੁਝ ਪਤਾ ਨਹੀਂ ਕਿ ਹੋਇਆ ਕੀ ਸੀ । ਜਦੋਂ ਮੇਰੇ ਅੰਦਰ ਕੁੱਝ ਵਾਪਰਿਆ ਤਾਂ ਕੋਚ ਸਾਹਬ ਅਨੰਦਪੁਰ ਸਾਹਿਬ ਕਿਲ੍ਹਾ ਲੋਹਗੜ੍ਹ ਦੀ ਛੱਤ ਤੇ ਮੇਰੇ ਬਿਲਕੁਲ ਨੇੜੇ ਖੜ੍ਹੇ ਸੀ। ਉਸ ਵਕਤ ਮੇਰੀ ਉਮਰ ਸੋਲ੍ਹਾਂ ਸਾਲ ਦੀ ਸੀ, ਉਦੋਂ ਤੱਕ ਅਮ੍ਰਿਤ ਵੀ ਨਹੀਂ ਸੀ ਛਕਿਆ।

ਹੁਣ ਮੈਂ ਲਿਖਤ ਨੂੰ ਚਾਰ ਹਿਸਿਆਂ ਵਿੱਚ ਵੰਡ ਕੇ ਤੁਹਾਡੀ ਖ਼ਿਦਮਤ ਪੇਸ਼ ਕਰਾਂਗਾ, ਕਿ ਸਿੱਖ ਮਾਨਸਿਕਤਾ ਵਿਚੋਂ ਗੁਰੂਬਿੰਬ ਦੀ ਸਰਸਬਜ਼ ਨੁਹਾਰ ਨੂੰ ਕਿਸ ਕਦਰ ਬਲੂੰਧਰਿਆ ਜਾ ਰਿਹਾ ਹੈ।

(1) ਈਸਾਈ ਤੇ ਹਿੰਦੂ ਇਤਿਹਾਸਕਾਰਾਂ ਵਲੋਂ ਕਿਤਾਬੀ ਹਮਲਾ।

(2) ਗੁਰੂ ਸਹਿਬਾਨ ਦੀਆਂ ਨਿਸ਼ਾਨੀਆਂ ਤੇ ਨਕਲੀ ਗੁਰੂ ਤਸਵੀਰਾਂ।

(3) ਸਿੱਖ ਮਾਨਸਿਕਤਾ ਦਾ ਬੁਤਾਂ ਵੱਲ ਝੁਕਾਅ

(4) ਸਿੱਖ ਇਤਿਹਾਸ ਸਬੰਧੀ ਕਾਰਟੂਨ ਫਿਲਮਾਂ ਤੇ ਸਿੱਖਾਂ ਦਾ ਰਵੱਈਆ।


(1) ਈਸਾਈ ਤੇ ਹਿੰਦੂ ਇਤਿਹਾਸਕਾਰਾਂ ਵਲੋਂ ਕਿਤਾਬੀ ਹਮਲਾ

ਇਸ ਵਿਸ਼ੇ ‘ਤੇ ਮੈਂ ਸੰਕੇਤ ਮਾਤਰ ਹੀ ਲਿਖਾਂਗਾ। ਬਹੁਤੇ ਈਸਾਈ ਤੇ ਹਿੰਦੂ ਇਤਿਹਾਸਕਾਰਾਂ ਨੇ ਜੋ ਸਿੱਖ ਇਤਿਹਾਸ ਲਿਖਿਆ ਹੈ ਉਸ ਵਿੱਚ ਸੱਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਹੈ ਉਹਨਾਂ ਦੀ ਆਪਸੀ ਸਾਂਝ ਅਤੇ ਸਾਂਝਾ ਮਨੋਰਥ। ਦੋਹਾਂ ਦਾ ਹੀ  ਮਨੋਰਥ ਗੁਰੂ ਸਾਹਿਬ ਦੀ ਪੈਗ਼ੰਬਰੀ ਅਜ਼ਮਤ ਨੂੰ ਸੱਟ ਮਾਰਨ ਦਾ ਹੈ।

ਉਹਨਾਂ ਨੂੰ ਸੁਧਾਰਵਾਦੀ, ਉਚ ਕੋਟੀ ਦੇ ਕਵੀ, ਵਿਦਵਾਨ, ਮਹਾਨ ਜਰਨੈਲ, ਦੇਸ਼ ਭਗਤ ਆਦਿ ਦੀਆਂ ਉਪਾਧੀਆਂ ਨਾਲ ਨਿਵਾਜ ਕੇ ਗੁਰੂ ਸਹਿਬਾਨ ਨੂੰ ਉਹਨਾਂ ਦੀ ਦੈਵੀ ਹਸਤੀ ਨਾਲੋਂ ਨਿਖੇੜ ਕੇ ਆਮ ਵਿਅਕਤੀ ਦੇ ਪੱਧਰ ‘ਤੇ ਪੇਸ਼ ਕਰਨਾ।

ਇਸ ਪਿਛੇ ਉਹਨਾਂ ਦੇ ਅਨੇਕਾਂ ਖੁਫ਼ੀਆ ਮੰਤਵ ਹਨ। ਇਹ ਸਾਰੇ ਮੰਤਵ ਸਿੱਖ ਧਰਮ ਦੀ ਵਿਲੱਖਣਤਾ ਸਾਹਮਣੇ ਉਨ੍ਹਾਂ ਨੂੰ ਆਪਣੀ ਕਿਸੇ ਅਧੂਰੀ ਹੋਂਦ ਦੇ ਅਹਿਸਾਸ ਵਿਚੋਂ ਉਤਪੰਨ ਹੋਏ ਖੌਫ਼ ਅਤੇ ਅਸੁਰੱਖਿਆ ਦੀ ਭਾਵਨਾ ਵਿੱਚੋਂ ਹੀ ਪੈਦਾ ਹੁੰਦੇ ਹਨ । ਜਿੱਥੇ ਜ਼ਮੀਰ ਫਰੋਸ਼ ਸਿੱਖਾਂ ਨੇ ਉਹਨਾਂ ਦਾ ਸਾਥ ਦਿੱਤਾ ਉਥੇ ਜਾਗਦੀਆਂ ਜ਼ਮੀਰਾਂ ਵਾਲੇ ਸਿੱਖ ਵਿਦਵਾਨਾਂ ਨੇ ਉਹਨਾਂ ਦੇ ਸਾਰੇ ਮੰਤਵਾਂ ਦਾ ਪਰਦਾ ਫਾਸ਼ ਕੀਤਾ ਹੈ। ਇਹਨਾਂ ਬਿਖੜੇ ਪੈਂਡਿਆਂ ਤੇ ਜੂਝਣ ਲਈ ਆਉਣ ਵਾਲੀਆਂ ਸਿੱਖ ਨਸਲਾਂ ਇਹਨਾਂ ਵਿਦਵਾਨਾਂ ਨੂੰ ਧੰਨਵਾਦ ਸਹਿਤ ਯਾਦ ਕਰਦੀਆਂ ਰਹਿਣਗੀਆਂ।

ਇੱਕ ਹੋਰ ਗੱਲ ਕਰਨੀ ਜ਼ਰੂਰੀ ਸਮਝਦਾ ਹਾਂ ਕਿ ਹਿੰਦੂ ਵਿਦਵਾਨਾ ਦਾ ਇਕ ਮੰਤਵ ਈਸਾਈ ਵਿਦਵਾਨਾਂ ਨਾਲੋਂ ਵੱਖਰਾ ਵੀ ਹੈ। ਉਹ ਇਹ ਕਿ ਸਿੱਖ ਮਾਨਸਿਕਤਾ ਵਿਚੋਂ ਗੁਰੂ ਸਾਹਿਬਾਨ ਦੀ ਪੈਗ਼ੰਬਰੀ ਹਸਤੀ ਨੂੰ ਤੋੜ ਮਰੋੜ ਕੇ ਉਹਨਾਂ ਨੂੰ ਹਿੰਦੂ ਅਵਤਾਰਾਂ ਦੇ ਪੱਧਰ ਤੇ ਲੈ ਆਂਦਾ ਜਾਵੇ।

ਸਿੱਖ ਆਪਣੇ ਆਪ ਨੂੰ ਹਿੰਦੂ ਧਰਮ ਦੀ ਸ਼ਾਖ ਤਸਲੀਮ ਕਰ ਲੈਣ, ਤਾਂ ਜੋ ਹਿੰਦੂ ਧਰਮ ਦੇ ਸੈਂਕੜੇ ਸਾਲਾਂ ਦੇ ਜ਼ਲਾਲਤਾਂ ਭਰੇ ਇਤਿਹਾਸ ਨੂੰ ਖਾਲਸਾ ਪੰਥ ਦੇ ਸ਼ਾਨਦਾਰ ਅਤੇ ਗੌਰਵਮਈ ਇਤਿਹਾਸ ਦੀ ਬੁੱਕਲ ਵਿੱਚ ਲੁਕੋ ਲਿਆ ਜਾਵੇ। ਅੱਜ ਜੇ ਸਿੱਖ ਇਹ ਮੰਨ ਲੈਣ ਕਿ ਉਹ ਹਿੰਦੂ ਧਰਮ ਦੀ ਹੀ ਇੱਕ ਸ਼ਾਖ ਹਨ ਤਾਂ ਸਿੱਖਾਂ ਨੂੰ ਹਿੰਦੁਸਤਾਨ ਵਿੱਚ ਕੋਈ ਖ਼ਤਰਾ ਨਹੀਂ।

ਜੇ ਕੋਈ ਖ਼ਤਰਾ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਉਤੇ ਅਧਾਰਿਤ ਸਿੱਖ ਦੇ ਨਿਆਰੇਪਨ ਨੂੰ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਨੇ ਸਿੱਖ ਨੂੰ ਸਦਾ ਹੀ ਨਿਆਰਾ ਰੱਖਣਾ ਹੈ। ਇਸ ਪਿਆਰੀ ਧਰਤੀ ਦੇ ਤਬਾਹ ਹੋ ਜਾਣ ਉਪ੍ਰੰਤ ਵੀ ਗੁਰੂ ਗ੍ਰੰਥ ਸਾਹਿਬ ਜੀ ਸਲਾਮਤ ਰਹਿਣਗੇ।

ਸੱਚ ਦੀ ਤਲਬ ਰੱਖਣ ਵਾਲੀਆਂ ਰੂਹਾਂ ਦੀ ਅਗਵਾਈ ਕਰਦੇ ਰਹਿਣਗੇ, ਭਟਕਦੀਆਂ ਰੂਹਾਂ ਲਈ ਧਰਵਾਸ ਬਣਨਗੇ। ਗੁਰੂ  ਗ੍ਰੰਥ ਜੀ ਨੂੰ ਸਿਰਫ ਧਾਰਮਿਕ ਗ੍ਰੰਥ ਮੰਨ ਲੈਣਾ ਜਾਂ “ਹੋਲੀ ਬੁੱਕ” ਕਹਿਣਾ ਭਾਰੀ ਗੁਸਤਾਖ਼ੀ ਹੋਵੇਗੀ। ਮੇਰੇ ਖਿਆਲ ਅਨੁਸਾਰ ਕਿਤਾਬੀ ਜੰਗ ਜਾਰੀ ਵੀ ਹੈ ਅਤੇ ਕਿਸੇ ਹੱਦ ਤੱਕ ਇਹ ਜੰਗ ਅਸੀਂ ਜਿੱਤ ਲਈ ਹੈ। ਪਰ ਸਾਦਾ ਮਨ ਸਿੱਖ ਇਸ ਜਿੱਤ ਤੋਂ ਜ਼ਿਆਦਾ ਲਾਭ ਹਾਸਲ ਨਹੀਂ ਕਰ ਸਕਣਗੇ ਕਿਉਂਕਿ ਸਿਖਾਂ ਵਿੱਚ ਪੜ੍ਹਨ ਦਾ ਰੁਝਾਨ ਵੈਸੇ ਹੀ ਬਹੁਤ ਘੱਟ ਹੈ। ਦੂਜੀ ਗੱਲ ਇਹ ਕਿ ਸਾਦਾ ਮਨ ਸਿਖਾਂ ਲਈ ਉਲਝਾਈ ਗਈ ਤਾਣੀ ਦੀਆਂ ਤੰਦਾਂ ਹੋਰ ਕਿਸਮ ਦੀਆਂ ਹਨ ।ਮੈਂ ਆਪਣੀ ਸਮਝ ਅਤੇ ਆਪਣੇ ਅਨੁਭਵ ਅਨੁਸਾਰ ਗੱਲ ਜ਼ਾਰੀ ਰੱਖਾਂਗਾ।

(2) ਗੁਰੂ ਸਹਿਬਾਨ ਦੀਆਂ ਨਿਸ਼ਾਨੀਆਂ ਤੇ ਨਕਲੀ ਗੁਰੂ ਤਸਵੀਰਾਂ

ਹੁਣ ਮੈਂ ਆਪ ਜੀ ਨਾਲ ਆਪਣੇ ਕੁੱਝ ਤਜ਼ਰਬੇ ਅਤੇ ਅਨੁਭਵ ਸਾਂਝੇ ਕਰਾਂਗਾ। ਮੇਰੀ ਉਮਰ ਉਸ ਵਕਤ ਕੋਈ ਸੱਤ ਸਾਲ ਦੀ ਸੀ ਜਦੋਂ ਸਾਡੇ ਵਾਲਿਦ ਸਾਹਿਬ ਜੋ ਕਿੱਤੇ ਵਜੋਂ ਅਧਿਆਪਕ ਸਨ ਅਤੇ ਇੱਕ ਸ਼ਾਇਰ ਹਨ ਨੇ ਸਾਨੂੰ (ਮੈਥੋਂ ਦੋ ਵੱਡੀਆਂ ਭੈਣਾਂ ਤੇ ਇੱਕ ਵੱਡਾ ਭਰਾ) ਸਾਰਾ ਸਿੱਖ ਇਤਿਹਾਸ ਬਾਤਾਂ ਦੇ ਰੂਪ ਵਿੱਚ ਰਾਤ ਨੂੰ ਸਾਉਣ ਤੋਂ ਪਹਿਲਾਂ ਬਹੁਤ ਹੀ ਸ਼ਾਇਰਾਨਾ ਅੰਦਾਜ਼ ਵਿੱਚ ਹਰ ਰੋਜ਼ ਤਕਰੀਬਨ ਚਾਰ ਸਾਲ ਲਗਾਤਾਰ ਸੁਣਾਇਆ।

ਮੈਂ ਸਾਰਿਆਂ ਤੋਂ ਛੋਟਾ ਹੋਣ ਦੀ ਹੈਸੀਅਤ ਵਿੱਚ ਸਾਰਾ ਸਿੱਖ ਇਤਿਹਾਸ ਉਨ੍ਹਾਂ ਦੀ ਬੁੱਕਲ ਵਿੱਚ ਬੈਠ ਕੇ ਸੁਣਿਆ ਕਰਦਾ ਸੀ। ਇਸ ਦੌਰਾਨ ਕਈ ਐਸੇ ਵਾਕਿਆਤ ਵੀ ਆਏ ਜਿਵੇਂ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਸੀਂ ਸਾਰੇ ਭੈਣ ਭਰਾ ਇੱਕ ਦੂਜੇ ਤੋਂ ਲੁਕ ਲੁਕ ਕੇ ਰੋਂਦੇ ਹੁੰਦੇ ਸੀ ਕਿ ਕੋਈ ਇਹ ਨਾ ਕਹੇ ਕਿ ਮੈਂ ਜਾਂ ਉਹ ਕਮਜ਼ੋਰ ਦਿਲ ਹੈ।

ਇਸੇ ਦੌਰਾਨ ਹੀ ਮੇਰੀ ਸੁਰਤ ਅੰਦਰ ਗੁਰੂ ਸਹਿਬਾਨ, ਮਾਤਾ ਗੁਜ਼ਰੀ, ਸਾਹਿਬਜ਼ਾਦੇ, ਨਨਕਾਣਾ ਸਾਹਿਬ, ਅਨੰਦਪੁਰ, ਚਮਕੌਰ ਦੀ ਗੜ੍ਹੀ, ਸਰਹੰਦ ਯਾਨੀ ਉਸ ਉਮਰ ਵਿੱਚ ਮੈਂ ਜੋ ਕੁਝ ਜਜ਼ਬ ਕਰ ਸਕਦਾ ਸੀ, ਉਹ ਸੱਭ ਕੁੱਝ ਇੱਕ ਤਾਕਤਵਰ ਖਿਆਲ ਵਿੱਚ ਪਲਟ ਗਿਆ।

ਹੁਣ ਮੈ ਇਸ ਖਿਆਲ ਦਾ ਆਪਣੀ ਜ਼ਿੰਦਗੀ ਵਿੱਚ ਵਾਪਰਿਆ ਇੱਕ ਕਿਣਕਾ ਮਾਤਰ ਅਸਰ ਹੀ ਆਪ ਜੀ ਨਾਲ ਸਾਂਝਾ ਕਰਨ ਲੱਗਾ ਹਾਂ। ਵੱਡਾ ਭਰਾ ਤੇ ਦੋਵੇਂ ਭੈਣਾਂ ਕਾਫੀ ਚਿਰ ਪਹਿਲਾਂ ਕਨੇਡਾ ਵਿੱਚ ਜਾ ਵਸੇ ਸਨ। ਕਨੇਡਾ ਦੇ ਕਨੂੰਨ ਤਹਿਤ ਉਨ੍ਹੀਂ ਸੌ ਤ੍ਰਿਆਸੀ ਵਿੱਚ ਪ੍ਰਵਾਰ ਦਾ ਸੱਭ ਤੋਂ ਛੋਟਾ ਮੈਂਬਰ ਹੋਣ ਕਰਕੇ ਮੈਨੂੰ ਕਨੇਡਾ ਦੀ ਰੈਜ਼ੀਡੈਂਸੀ ਮਿਲ ਚੁੱਕੀ ਸੀ ਅਤੇ ਮਾਤਾ ਪਿਤਾ ਵਲੋਂ ਕਨੇਡਾ ਜਾਣ ਦੀ ਤਿਆਰੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਸੀ।

ਕਨੇਡਾ ਦੀ ਰੈਜ਼ੀਡੈਂਸੀ ਨੂੰ ਠੋਕਰ ਮਾਰ ਕੇ ਸਿੱਖ ਸੰਘਰਸ਼ ਵਿੱਚ ਸ਼ਾਮਲ ਹੋਣ ਨੂੰ ਤਰਜੀਹ ਦੇਣੀ, ਵਾਲਿਦ ਸਾਹਿਬ ਦੀ ਇੱਕ ਵੀ ਗੱਲ ਨਾ ਮੰਨਣੀ, ਜਦ ਕਿ ਪਿਤਾ ਜੀ ਨੂੰ ਕਿਸੇ ਗੱਲ ਤੋਂ ਇਨਕਾਰ ਕਰਨਾ ਸਾਡੇ ਪ੍ਰਵਾਰ ਵਿੱਚ ਕਿਸੇ ਵੱਡੇ ਗੁਨਾਹ ਦੇ ਤੁੱਲ ਸਮਝਿਆ ਜਾਂਦਾ ਸੀ।

ਮੇਰੇ ਨਜ਼ਰ ਵਿੱਚ ਇਹ ਉਸ ਖਿਆਲ ਦੀ ਅਗਵਾਈ ਹੀ ਸੀ ਜਿਸ ਦਾ ਮੈਂ ਉਪਰ ਜ਼ਿਕਰ ਕਰ ਆਇਆ ਹਾਂ। ਇਥੇ ਜੇਹੜਾ ਨੁਕਤਾ ਖ਼ਾਸ ਧਿਆਨ ਦੀ ਮੰਗ ਕਰਦਾ ਹੈ ਉਹ ਇਹ ਹੈ ਕਿ ਜਦੋਂ ਗੁਰੂ ਦਾ ਖਿਆਲ ਤੁਹਾਡੀ ਅਗਵਾਈ ਦਾ ਸਰੋਤ ਬਣਦਾ ਹੈ ਤਾਂ ਉਦੋਂ ਮਾਤਾ ਪਿਤਾ, ਭੈਣ ਭਰਾ, ਰੁਤਬੇ ਅਤੇ ਹਰ ਦੁਨਿਆਵੀ ਪਦਾਰਥ ਆਪਣੀ ਅਹਿਮੀਅਤ ਦੀ ਭਰਪੂਰਤਾ ਨੂੰ ਕਾਇਮ ਰੱਖਦੇ ਹੋਏ ਇੱਕ ਤੁੱਛਤਾ ਵਿੱਚ ਸਮਾ ਜਾਂਦੇ ਹਨ।

ਸੱਭੈ ਵਸਤੂ ਮਿਠੀਆਂ ਰੱਬ ਨ ਪੁਜਣ ਤੁਧੁ” ਵਾਲੀ ਘਾੜਤ ਘੜੀ ਜਾਂਦੀ ਹੈ। ਇਹ ਘਾੜਤ ਸਿਰਫ  ਗੁਰਬਾਣੀ ਜਾਂ ਗੁਰੂ ਦੇ ਖਿਆਲ ਵਿੱਚੋਂ ਹੀ ਘੜੀ ਜਾ ਸਕਦੀ ਹੈ। ਗੁਰੂਆਂ ਦੀਆਂ ਨਕਲੀ ਤਸਵੀਰਾਂ, ਕੋਈ ਬੁੱਤ, ਜਾਂ ਕੋਈ ਫਿਲਮ ਇਹੋ ਜਿਹੀ ਸਮਰੱਥਾ ਨਹੀਂ ਰੱਖਦੇ। ਸਗੋਂ ਇਸ ਦੇ ਉਲਟ ਇਹ ਗੁਰੂ ਸਹਿਬਾਨ ਦੇ ਇਤਿਹਾਸ ਨੂੰ ਉਸ ਦੀ ਰੱਬੀ ਤਾਸੀਰ ਨਾਲੋਂ ਨਿਖੇੜ ਕੇ ਪੇਸ਼ ਕੀਤੀ ਗਈ ਪੇਸ਼ਕਾਰੀ ਹੈ। ਜਿਸ ਦੀ  ਗੁਰਸਿੱਖੀ ਜੀਵਨ ਦੀ ਮੌਲਿਕਤਾ ਵਿੱਚ ਕਿਤੇ ਵੀ ਕੋਈ ਥਾਂ ਨਹੀਂ ਹੈ।

ਮੇਰੀ ਉਮਰ ਕੋਈ ਗਿਆਰਾਂ ਵਰ੍ਹੇ ਦੀ ਹੋਵੇਗੀ ਜਦੋਂ ਸੋਭਾ ਸਿੰਘ ਦੀ ਬਣੀ ਗੂਰੂ ਨਾਨਕ ਸਾਹਿਬ ਦੀ ਇਕ ਵੱਡੀ ਸਾਰੀ ਤਸਵੀਰ ਮੇਰੇ ਵਾਲਿਦ ਸਾਹਿਬ ਘਰ ਲੈ ਕੇ ਆਏ। ਤਸਵੀਰ ਬਹੁਤ ਖੂਬਸੂਰਤ ਸੀ। ਪਿੰਡ ਦੇ ਬਹੁਤ ਸਾਰੇ ਲੋਕ ਉਸ ਨੂੰ ਵੇਖਣ ਸਾਡੇ ਘਰ ਆਉਂਦੇ ਸਨ। ਪਰ ਮੇਰੀ ਹਾਲਤ ਦੂਸਰਿਆਂ ਨਾਲੋਂ ਕੁੱਝ ਵੱਖਰੀ ਸੀ।

ਮੈਂ ਦਿਨ ਵਿੱਚ ਅਨੇਕਾਂ ਵਾਰ ਉਸ ਫੋਟੋ ਨੂੰ ਦੇਖਣ ਜਾਂਦਾ। ਮੇਰੇ ਅੰਦਰ ਉਸ ਤਸਵੀਰ ਨੂੰ ਵੇਖਣ ਦਾ ਝੱਲ ਉਠਦਾ, ਕਦੀ ਕਦੀ ਮੈਂ ਖੇਡਣਾਂ ਛੱਡ ਕੇ ਤਸਵੀਰ ਦੇਖਣ ਆ ਜਾਂਦਾ। ਕਈ ਵਾਰੀ ਖਾਣਾ ਵਿਚੱਈ ਛੱਡ ਕੇ ਤਸਵੀਰ ਵੇਖਣ ਬੈਠਕ ਵੱਲ ਦੌੜ ਜਾਂਦਾ। ਘਰ ਦੇ ਫਿਕਰਮੰਦ ਹੋ ਗਏ ਕਿ ਮੁੰਡਾ ਕਿਤੇ ਸ਼ੈਦਾਈ ਹੀ ਨਾ ਹੋ ਜਾਵੇ ਤੇ ਤਸਵੀਰ ਨੂੰ ਪਿੰਡ ਦੇ ਗੁਰਦੁਆਰੇ ਦੇਣ ਬਾਰੇ ਸੋਚਣ ਲੱਗੇ।

ਇੱਕ ਵਾਰੀ ਪਹਿਲਾਂ ਵੀ ਸਾਡੇ ਘਰਦਿਆਂ ਨੂੰ ਮੇਰੇ ਬੋਲੇ ਹੋਣ ਦਾ ਸ਼ੱਕ ਪੈ ਗਿਆ ਸੀ। ਜਦੋਂ ਮੈਂ ਘੰਟਿਆਂ ਵੱਧੀ ਇਕੱਲਾ ਹੀ ਬੈਠਾ ਰਹਿੰਦਾ ਸੀ, ਘਰਦਿਆਂ ਦੇ ਅਵਾਜਾਂ ਦੇਣ ਪੁਰ ਵੀ ਕੋਈ ਹੁੰਗਾਰਾ ਨਹੀਂ ਦਿੰਦਾ ਸੀ । ਬਕਾਇਦਾ ਡਾਕਟਰ ਤੋਂ ਮੇਰੇ ਕੰਨ ਚੈੱਕ ਕਰਵਾਏ ਪਰ ਮੈਂ ਠੀਕ ਠਾਕ ਸੀ, ਮੈਂਨੂੰ ਪੂਰੀ ਤਰ੍ਹਾਂ ਸੁਣਦਾ ਸੀ।

ਸੁਚੇਤ ਮਾਤਾ ਪਿਤਾ ਦਾ ਆਪਣੇ ਬੱਚੇ ਪ੍ਰਤੀ ਇਸ ਤਰ੍ਹਾਂ ਦਾ ਰਵੱਈਆ ਇੱਕ ਫਰਜ਼ ਵੀ ਹੈ। ਪਰ ਇਹ ਮੈਂ ਨਹੀਂ ਚਾਹੁੰਦਾ ਸੀ ਕਿ ਤਸਵੀਰ ਗੁਰਦੁਆਰੇ ਦਿੱਤੀ ਜਾਵੇ। ਮੈਂ ਆਪਣੇ ਆਪ ਤੇ ਕੰਟਰੋਲ ਕਰ ਲਿਆ। ਅਸਲ ਗੱਲ ਕੀ ਸੀ ਕਿ ਮੇਰੀ ਹਾਲਤ ਉਸ ਬੱਚੇ ਵਰਗੀ ਸੀ ਜਿਸ ਨੂੰ ਕੋਈ ਬੰਦ ਡੱਬੀ ਦੇ ਕੇ ਇਹ ਕਹਿ ਦਿੰਦਾ ਹੈ ਕਿ ਇਸ ਵਿੱਚ ਮਠਿਆਈ ਹੈ ਬੱਚਾ ਵਾਰ ਵਾਰ ਡੱਬੀ ਖੋਲਣ ਦਾ ਯਤਨ ਕਰਦਾ ਹੈ ਪਰ ਡੱਬੀ ਖੁਲ੍ਹਦੀ ਨਹੀਂ।

ਇਹ ਗੱਲ ਅੱਜ ਤੋਂ ਚਾਲੀ ਸਾਲ ਪਹਿਲਾਂ ਦੀ ਹੈ। ਮੇਰੇ ਦਾਦਾ ਜੀ ਵੀ ਉਸ ਤਸਵੀਰ ਨੂੰ ਵੇਖਣ ਆਏ ਸਨ। ਜੋ ਇੱਕ ਬਿਲਕੁਲ ਅਨਪੜ੍ਹ ਇਨਸਾਨ ਸੀ। ਜਿਹਨਾਂ ਦੇ ਦਿਲ ਵਿੱਚ ਬੰਦਿਆਂ ਨਾਲੋਂ ਡੰਗਰਾਂ ਪਸ਼ੂਆਂ ਲਈ ਜਿਆਦਾ ਪਿਆਰ ਸੀ, ਅਤੇ ਘਰ ਦੇ ਲਾਗੇ ਪਸ਼ੂਆਂ ਵਾਲੇ ਵਾੜੇ ਵਿੱਚ ਹੀ ਇੱਕ ਵੱਖਰੇ ਕਮਰੇ ਵਿੱਚ ਰਿਹਾ ਕਰਦੇ ਸੀ, ਜੋ ਸਾਡੇ ਘਰ ਦਾ ਹੀ ਇੱਕ ਹਿੱਸਾ ਸੀ।

ਘਰ ਦੀ ਡਿਉੜੀ ਲੰਘ ਕੇ ਬੈਠਕ ਵਿੱਚ ਦਾਖਲ ਹੁੰਦਿਆਂ ਗੜ੍ਹਕਵੀਂ ਆਵਾਜ਼ ਵਿੱਚ “ਕੇਹੜੀ ਫੋਟੋ ਲੈ ਕੇ ਆਇਆ ਓਏ ਪੇ ਤੇਰਾ” ਹੱਥ ਵਿੱਚ ਖੂੰਟਾ ਫੜੀ ਬੈਠਕ ਦੀ ਅੰਗੀਠੀ ਉਪਰ ਪਈ ਗੁਰੂ ਨਾਨਕ ਸਾਹਿਬ ਦੀ ਤਸਵੀਰ ਦੇ ਸਾਹਮਣੇ ਆ ਖੜ੍ਹੇ ਹੋਏ ਤੇ ਤਸਵੀਰ ਨੂੰ ਚੰਗੀ ਤਰ੍ਹਾਂ ਨਿਹਾਰਨ ਲੱਗੇ।

ਦਾਦਾ ਜੀ ਤਸਵੀਰ ਵੱਲ ਇੱਕ ਟੱਕ ਦੇਖ ਰਹੇ ਸਨ ਤੇ ਮੈਂ ਉਨ੍ਹਾਂ ਦੇ ਚੇਹਰੇ ਵੱਲ ਇੱਕ ਟੱਕ ਦੇਖ ਰਿਹਾ ਸੀ ਕਿ ਕੀ ਕਹਿੰਦੇ ਹਨ? ਕਾਫੀ ਲੰਮੇ ਚਿਰ ਬਾਅਦ ਆਪਣੇ ਮਨ ਪਸੰਦ ਅੰਦਾਜ਼ ਵਿੱਚ ਕਹਿਣ ਲੱਗੇ “ਵਾਹ ਬਈ ਵਾਹ! ਕਮਾਲ ਹੀ ਕਰ ਦਿੱਤੀ। ਕਿੱਡੀ ਮੇਹਨਤ ਕੀਤੀ ਹੈ ਬੰਦੇ ਨੇ, ਕਿ ਗੁਰੂ ਨਾਨਕ ਦੇ ਹੋਣ ਦਾ ਭੁਲੇਖਾ ਪੈਂਦਾ ਹੈ। ਪਰ ਇਹ ਗੁਰੂ ਨਾਨਕ ਨਹੀਂ ਹੈ”।

ਇਥੇ ਹੁਣ ਦੋ ਗੱਲਾਂ ਧਿਆਨ ਦੀ ਮੰਗ ਕਰਦੀਆਂ ਹਨ। ਪਹਿਲੀ ਗੱਲ ਕਿ ਗੁਰੂ ਸਹਿਬਾਨ ਦੀਆਂ ਹੁਣ ਤੱਕ ਬਣੀਆਂ ਸਾਰੀਆਂ ਤਸਵੀਰਾਂ ਗੁਰੂ ਦੀ ਤਸਵੀਰ ਹੋਣ ਦਾ ਭੁਲੇਖਾ ਪਾਉਣ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ ਹਨ। ਪਰ ਅਫ਼ਸੋਸ ਕਿ ਅੱਜ ਅਸੀਂ ਭੁਲੇਖਿਆਂ ਦੇ ਹੀ ਆਦੀ ਹੋ ਗਏ ਹਾਂ।

ਦੂਜੀ ਗੱਲ ਇਹ ਕਿ ਗੁਰੂਬਿੰਬ ਦੀ ਖ਼ਾਲਸ ਨੁਹਾਰ ਨੂੰ ਤੱਕਣ ਲਈ ਪੜ੍ਹੇ ਲਿਖੇ ਹੋਣਾ ਜ਼ਰੂਰੀ ਹੈ। ਗੱਲ ਮੇਰੀ ਸਮਝ ਵਿੱਚ ਆ ਗਈ, ਬੰਦ ਡੱਬੀ ਤੋਂ ਖਲਾਸੀ ਹੋ ਗਈ। ਇਹ ਮੇਰੀ ਰਾਇ ਕਿ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਸਿੱਖ ਗੁਰੂ ਸਹਿਬਾਨ ਦੀਆਂ ਨਕਲੀ ਫੋਟੋਆਂ ਦੀ ਓਟ ਲੈ ਕੇ ਆਪਣੀ ਰੂਹਾਨੀ ਮੰਜ਼ਲ ਵੱਲ ਅੱਗੇ ਨਹੀਂ ਵਧ ਸਕਦਾ।

ਸਿੱਖ ਵਿਅਕਤੀਗਤ ਅਤੇ ਸਮੂਹਕ ਤੌਰ ‘ਤੇ ਜਦੋਂ ਵੀ ਗੁਰੂਬਿੰਬ ਦੇ ਰੁਹਾਨੀ ਸੋਮੇ ਨੂੰ ਚੇਤਨਾ ਦੇ ਤੰਗ ਘੇਰਿਆਂ ਵਿੱਚ ਵਲ੍ਹ ਕੇ ਕਿਸੇ ਖਲੋਤੀ ਅਸਲੀਅਤ ਵਿੱਚ ਪਲਟਣ ਦਾ ਯਤਨ ਕਰਨਗੇ, ਚਾਹੇ ਉਹ ਕੋਈ ਤਸਵੀਰ ਹੋਵੇ, ਭਾਵੇਂ ਉਹ ਕੋਈ ਮੂਰਤੀ ਜਾਂ ਬੁੱਤ ਹੋਵੇ, ਜਾਂ ਉਹ ਕੋਈ ਕਾਰਟੂਨ ਫਿਲਮ ਹੋਵੇ ਜਾਂ ਅਜਿਹਾ ਕੁਝ ਹੋਰ, ਉਦੋਂ ਕੌਮ ਦਾ ਬੌਧਿਕ ਵਿਕਾਸ ਰੁੱਕ ਜਾਵੇਗਾ, ਸਿਰਜਣਾਤਮਕ ਰੁਚੀਆਂ ਨਸ਼ਟ ਹੋ ਜਾਣਗੀਆਂ ਅਤੇ ਰੂਹਾਨੀ ਅਸੂਲ ਟੁੱਟ ਜਾਣਗੇ, ਇਖ਼ਲਾਕ ਦੀਆਂ ਨੀਹਾਂ ਖੋਖਲੀਆਂ ਹੋ ਜਾਣਗੀਆਂ।

ਮੈਂ ਆਪਣਾ ਇੱਕ ਹੋਰ ਅਨੁਭਵ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ। ਇਹ ਮੈ ਆਪਣੀ ਮਾਤਾ ਜੀ ਜੋ ਤਿੰਨ ਚਾਰ ਸਾਲ ਪਹਿਲਾਂ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ, ਨਾਲ ਕੀਤੇ ਹੋਏ ਬਚਨ ਦੀ ਕੁਰਬਾਨੀ ਦੇਣ ਲੱਗਾਂ ਹਾਂ। ਇਸ ਲਈ ਕਿ ਸ਼ਾਇਦ ਪਾਠਕ ਮੇਰੀ ਗੱਲ ਸਮਝ ਕੇ ਗੁਰੂਬਿੰਬ ਅਤੇ ਗੁਰੂ ਸਹਿਬਾਨ ਦੀਆਂ ਮੌਲਿਕ ਛੋਹਾਂ ਨਾਲ ਲਬਰੇਜ਼ ਗੁਰੂ ਨਿਸ਼ਾਨੀਆਂ ਦੀ ਰੂਹਾਨੀ ਕੀਮਤ ਨੂੰ ਜਾਣ ਸਕਣ।

ਗੌਰਮਿੰਟ ਹਾਇਰਸੈਕੰਡਰੀ ਸਕੂਲ ਟਾਂਡਾ ਉੜਮੁੜ ਸਪੋਰਟਸ ਵਿੰਗ ਵਿੱਚ ਮੈਂ ਗਿਆਰਵੀਂ ਜਮਾਤ ਦਾ ਵਿਦਿਆਰਥੀ ਸੀ। ਸੁੰਦਰ ਨਗਰ ਹਿਮਾਚਲ ਪ੍ਰਦੇਸ ਵਿੱਚ ਪੰਜਾਬ ਚੈਂਪੀਅਨਸ਼ਿਪ ਬਾਸਕਟਬਾਲ ਹੋ ਰਹੀ ਸੀ। ਸਾਡੀ ਸਾਰੀ ਟੀਮ ਦਾ ਕੋਚ ਦੀ ਇੱਛਾ ਅਨੁਸਾਰ ਸੁੰਦਰ ਨਗਰ ਤੋਂ ਮੁੜਦੇ ਸਮੇਂ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਪ੍ਰੋਗਰਾਮ ਬਣ ਗਿਆ। ਜਿਸ ਦੀ ਮੈਨੂੰ ਮੈਚ ਖੇਡਣ ਜਾਣ ਨਾਲੋਂ ਕਈ ਗੁਣਾਂ ਜਿਆਦਾ ਖੁਸ਼ੀ ਸੀ।

ਪੰਜ ਦਿਨ ਬਾਅਦ ਟੂਰਨਾਂਮੈਂਟ ਸਮਾਪਤ ਹੋ ਗਿਆ ਤੇ ਅਸੀਂ ਸਾਰੀ ਦੀ ਸਾਰੀ ਟੀਮ ਅਨੰਦਪੁਰ ਸਾਹਿਬ ਪਹੁੰਚ ਗਏ। ਇਸ ਤੋਂ ਪਹਿਲਾਂ ਮੈਂ ਕਦੀ ਅਨੰਦਪੁਰ ਸਾਹਿਬ ਨਹੀਂ ਸੀ ਆਇਆ। ਬੱਸ ਵਿਚੋਂ ਉੱਤਰ ਕੇ ਜਦੋਂ ਅਨੰਦਪੁਰ ਦੀ ਧਰਤੀ ਤੇ ਪੈਰ ਰੱਖਿਆ ਤਾਂ ਮੇਰੇ ਅੰਦਰ ਇੱਕ ਅਜੀਬ ਕਿਸਮ ਦੀ ਥਰਥਰਾਹਟ ਪੈਦਾ ਹੋਈ ਜੇਹੜੀ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਹੀ ਮਹਿਸੂਸ ਕਰ ਰਿਹਾ ਸੀ।

ਗੱਲ ਸੰਖੇਪ ਵਿੱਚ ਹੀ ਰੱਖਾਂਗਾ। ਗੱਲ ਕੀ ਮੈਂ ਸੁਧ ਬੁੱਧ ਭੁੱਲ ਕੇ ਅਨੰਦਪੁਰ ਦੀਆਂ ਸੜਕਾਂ ਤੇ ਤੁਰਿਆ ਜਾ ਰਿਹਾ ਸੀ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿੱਥੇ ਮੈ ਜਾ ਰਿਹਾ ਹਾਂ ਉਥੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਹੋਣਗੇ। ਏਸੇ ਬੇਸੁਧੀ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਿਆ, ਗੁਰੂ ਸਾਹਿਬ ਜੀ ਦੇ ਸ਼ਸ਼ਤਰਾਂ ਦੇ ਦਰਸ਼ਨ ਕੀਤੇ, ਕਈ ਹੋਰ ਇਤਹਾਸਕ ਥਾਵਾਂ ਦੇਖੀਆਂ, ਕਈ ਵਾਰ ਅੱਖਾਂ ਵਿੱਚ ਅੱਥਰੂ ਆਏ, ਦਰਸ਼ਨ ਦੀਦਾਰੇ ਕਰਦੇ ਕਿਲ੍ਹਾ ਲੋਹਗੜ੍ਹ ਵਿੱਚ ਬੌਲੀ ਸਾਹਿਬ ਦੇ ਦਰਸ਼ਨ ਕਰਨ ਉਪ੍ਰੰਤ ਕਿਲ੍ਹਾ ਲੋਹਗੜ੍ਹ ਦੀ ਛੱਤ ਉਪਰ ਜਾ ਚੜ੍ਹੇ।

ਸਾਰੀ ਬਾਸਕਟਬਾਲ ਦੀ ਟੀਮ ਅਤੇ ਕੋਚ ਹਰਮੀਤ ਸਿੰਘ ਨਾਲ ਹਨ। ਜਦੋਂ ਮੇਰੀਆਂ ਅੱਖਾਂ ਵਿੱਚ ਹੰਝੂ ਹੁੰਦੇ ਤਾਂ ਕੋਚ ਹਰਮੀਤ ਸਿੰਘ ਕਦੀ ਕਦੀ ਬੜੇ ਗਹੁ ਨਾਲ ਮੇਰੀ ਵੱਲ ਵੇਖਦੇ। ਕਿਲ੍ਹੇ ਦੀ ਛੱਤ ਉਤੇ ਜਾਂਦਿਆਂ ਹੀ ਮੇਰੇ ਅੰਦਰ ਇਹ ਖਿਆਲ ਆਇਆ ਕਿ ਕਦੀ ਮੇਰੇ ਕਲਗੀਆਂ ਵਾਲੇ ਸ਼ਹਿਨਸ਼ਾਹ ਇਸ ਕਿਲ੍ਹੇ ਦੀ ਛੱਤ  ਉਪਰ ਖੜੋ ਕੇ ਆਪਣੇ ਸੂਰਬੀਰ ਸਿੱਖਾਂ ਨੂੰ ਜੰਗ ਵਿੱਚ ਜੂਝਦਿਆਂ  ਵੇਖਦੇ ਹੋਣਗੇ।

ਇਹ ਸੋਚ ਕੇ ਕਿ ਇਹਨਾਂ ਥਾਵਾਂ ਨੂੰ ਮੇਰੇ ਬਾਜ਼ਾਂਵਾਲੇ ਪ੍ਰੀਤਮ ਦੀਆਂ ਮੌਲਿਕ ਛੋਹਾਂ ਹਾਸਿਲ ਨੇ ਮੈਂ ਪੈਰਾਂ ਭਾਰ ਬੈਠ ਕੇ ਆਪਣੇ ਇਰਦ ਗਿਰਦ ਉਹਨਾਂ ਥਾਵਾਂ ਨੂੰ ਆਪਣੇ ਹੱਥਾਂ ਨਾਲ ਇਸ ਤਰ੍ਹਾਂ ਛੋਹਿਆ ਜਿਸ ਤਰ੍ਹਾਂ ਛੋਟੀਆਂ ਬੱਚੀਆਂ ਗੀਟੀਆਂ ਖੇਡਣ ਲਈ ਥਾਂ ਸਾਫ਼ ਕਰਦੀਆਂ ਹਨ। ਮੇਰੇ ਅੰਦਰ ਦੀ ਉਹ ਥਰਥਰਾਹਟ ਹੋਰ ਵਧ ਗਈ ਜਿਸ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਤੇ ਅੱਥਰੂ ਆਮੁਹਾਰੇ ਵਗ ਰਹੇ ਸੀ।

ਫੇਰ ਮੈਂ ਉਠਿਆ ਤੇ ਕਿਲ੍ਹੇ ਤੋਂ ਬਾਹਰ ਵੱਲ ਇਹ ਸੋਚ ਕੇ ਵੇਖਣ ਲੱਗਾ ਕਿ ਹਾਥੀ ਨਾਲ ਭਾਈ ਬਚਿੱਤਰ ਸਿੰਘ ਦਾ ਯੁੱਧ ਕਿੱਥੇ ਕੁ ਕਰਕੇ ਹੋਇਆ ਹੋਵੇਗਾ। ਆਪਣੀ ਉਸ ਬੇਸੁੱਧੀ ਵਿੱਚ ਹੀ ਹਿਸਾਬ ਕਿਤਾਬ ਜਿਹਾ ਲਾ ਕੇ ਕਿ ਕਿਲ੍ਹੇ ਦਾ ਦਰਵਾਜ਼ਾ ਇਥੇ ਹੈ, ਹਾਥੀ ਇਸ ਪਾਸੇ ਤੋਂ ਆਇਆ ਹੋਵੇਗਾ ਅਤੇ ਮੇਰਾ ਨੀਲੇ ਵਾਲੇ ਸ਼ਾਹ ਅਸਵਾਰ ਕਿਲ੍ਹੇ ਦੀ ਇਸ ਜਗ੍ਹਾ ਖੜੋ ਕੇ ਭਾਈ ਬਚਿੱਤਰ ਸਿੰਘ ਨੂੰ ਵੇਖਦੇ ਹੋਣਗੇ।

ਫਿਰ ਖਿਆਲ ਆਇਆ ਕਿ ਜੇ ਇਥੇ ਖੜੇ ਹੋਣਗੇ ਤਾਂ ਉਹਨਾਂ ਕਿਲ੍ਹੇ ਦੀ ਇਸ ਬੁਰਜੀ ਉਪਰ ਆਪਣਾ ਮੁਬਾਰਕ ਹੱਥ ਜਰੂਰ ਰੱਖਿਆ ਹੋਵੇਗਾ। ਮੈਂ ਉਸ ਬੁਰਜੀ ਦੇ ਕੋਲ ਹੀ ਖੜ੍ਹਾ ਸੀ। ਮੈਂ ਉਸ ਬੁਰਜੀ ਵਲ ਦੇਖ ਰਿਹਾ ਸੀ। ਮੈਨੂੰ ਇੰਝ ਲੱਗਾ ਜਿਵੇਂ ਬੁਰਜੀ ਮੈਨੂੰ ਕਹਿ ਰਹੀ ਹੋਵੇ ਕਿ ਵਿਜੈਪਾਲ ਸਿੰਘ ਤੂੰ ਠੀਕ ਹੀ ਸੋਚ ਰਿਹਾਂ ਏ। ਜਦੋਂ ਮੈ ਉਸ ਬੁਰਜੀ ਨੂੰ ਅਪਣੇ ਹੱਥ ਨਾਲ ਛੋਹਿਆ ਤਾਂ ਮੇਰੇ ਅੰਦਰ ਝਰਨ੍ਹਾਟਾਂ ਫਿਰ ਗਈਆਂ।

ਮੇਰੀ ਹਾਲਤ ਕਿਸ ਤਰ੍ਹਾਂ ਦੀ ਸੀ ਅੱਖਰਾਂ ਵਿੱਚ ਬਸ ਇਨ੍ਹਾਂ ਕੁ ਹੀ ਬਿਆਨ ਹੋ ਸਕਦਾ ਹੈ। ਕੁੱਝ ਪਲ ਲਈ ਸੱਭ ਕੁੱਝ ਹੀ ਅਸਹਿ ਬਣ ਗਿਆ, ਮੈਂ ਖੜੋਤਾ ਵੀ ਨਾ ਰਹਿ ਸਕਿਆ, ਉਥੇ ਹੀ ਬੈਠ ਗਿਆ। ਕੋਚ ਹਰਮੀਤ ਸਿੰਘ ਮੇਰੇ ਕੋਲ ਆਏ ਕਹਿਣ ਲੱਗੇ ਬੇਟਾ ਤੂੰ ਠੀਕ ਤਾਂ ਹੈ? ਮੈ ਸਿਰਫ ਇਨਾਂ ਹੀ ਕਹਿ ਸਕਿਆ ਹਾਂ ਜੀ। ਇਸ ਗੱਲ ਨੂੰ ਅੱਜ ਪੈਂਤੀ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਸ਼ਇਦ ਅਨੰਦਪੁਰ ਨੂੰ ਸੁੰਦਰ ਬਣਾਉਣ ਵਾਲਿਆਂ ਨੇ ਚਮਕੌਰ ਦੀ ਕੱਚੀ ਗੜ੍ਹੀ ਵਾਂਗ ਕਿਲ੍ਹਾ ਲੋਹਗੜ੍ਹ ਢਾਹ ਕੇ ਉਥੇ ਕੋਈ ਸੰਗਮਰਮਰ ਦਾ ਗੁਰਦੁਆਰਾ ਬਣਾ ਦਿੱਤਾ ਹੋਵੇ। ਮੇਰੀ ਜਾਣਕਾਰੀ ਮੁਤਾਬਕ ਉਨ੍ਹੀ ਸੌ ਪੰਜਾਹ ਤੱਕ ਚਮਕੌਰ ਦੀ ਕੱਚੀ ਗੜ੍ਹੀ ਵੀ ਸਹੀ ਸਲਾਮਤ ਸੀ।

ਇਸ ਘਟਨਾਂ ਤੋਂ ਚਾਰ ਸਾਲ ਬਾਅਦ ਜਦੋਂ ਮੈਂ ਰੂਪੋਸ਼ ਜੀਵਨ ਦੌਰਾਨ ਪੰਜਾਬ ਤੋਂ ਬਾਹਰ ਰਹਿ ਰਿਹਾ ਸੀ ਤਾਂ ਮੇਰੇ ਇੱਕ ਮਾਨਯੋਗ ਸੱਜਣ ਨੇ ਮੈਨੂੰ ਪੰਜਾਬੀ ਦੇ ਕੁੱਝ ਰਸਾਲੇ ਭੇਜੇ। ਜਿਨ੍ਹਾਂ ਵਿਚੋਂ ਮੈਂ “ਕੌਮੀ ਏਕਤਾ” ਰਸਾਲੇ ਅੰਦਰ ਪ੍ਰੋ: ਹਰਿੰਦਰ ਸਿੰਘ ਮਹਿਬੂਬ ਜੀ ਦਾ ਇੱਕ ਆਰਟੀਕਲ ਪੜ੍ਹਿਆ ਜਿਸ ਦਾ ਸਿਰਲੇਖ ਸੀ “ਖਾਲਸਾ ਪੰਥ ਦੀਆਂ ਇਤਿਹਾਸਕ ਨਿਸ਼ਾਨੀਆਂ ਨੂੰ ਸੰਭਾਲਣ ਦੀ ਅਪੀਲ”।

ਇਸ ਲੇਖ ਨੂੰ ਪੜ੍ਹਨ ਉਪ੍ਰੰਤ ਹੀ ਮੈਨੂੰ ਉਪ੍ਰੋਕਤ ਘਟਨਾ ਅਤੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੀ ਅਹਿਮੀਅਤ ਦਾ ਮੁਕੰਮਲ ਅਹਿਸਾਸ ਹੋਇਆ ਕਿ ਇਹਨਾਂ ਦਾ ਸਿੱਖ ਦੀ ਰੂਹ ਨਾਲ ਕਿੰਨਾਂ ਗੂੜ੍ਹਾ ਸਬੰਧ ਹੈ। ਪਿਆਰੇ ਖਾਲਸਾ ਜੀ, ਇਹ ਨਿਸ਼ਾਨੀਆਂ ਸਿੱਖ ਦੀ ਅਰਦਾਸ ਦਾ ਸਾਬਤ ਸਰੋਤ ਹਨ।ਸਿੱਖ ਦੇ ਅਮਲ ਨੂੰ ਦਿਸ਼ਾਬੱਧ ਕਰਨ ਲਈ ਇਹ ਗੁਰੂ ਬਚਨਾਂ ਦੇ ਤੁੱਲ ਮਹਾਨਤਾ ਰੱਖਦੀਆਂ ਹਨ।

ਇਥੇ ਮੈ ਪ੍ਰੋ: ਹਰਿੰਦਰ ਸਿੰਘ ਮਹਿਬੂਬ ਜੀ ਦੀ ਕਿਤਾਬ “ਸਹਿਜੇ ਰਚਿਓ ਖਾਲਸਾ” ਦੀ ਭੂਮਿਕਾ ਵਿੱਚੋਂ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਵਾਜਬ ਸਮਝਦਾ ਹਾਂ:“ਗੁਰੂ ਸਹਿਬਾਨ ਦੀਆਂ ਨਿਸ਼ਾਨੀਆਂ, ਜਿਵੇਂ ਕਿ ਉਹਨਾਂ ਦੀ ਛੋਹ ਨਾਲ ਪਾਵਨ ਹੋਏ ਥਾਂ ਅਤੇ ਮਕਾਨ ਅਤੇ ਉਹਨਾਂ ਨਾਲ ਕਿਸੇ ਤਰ੍ਹਾਂ ਵੀ ਰਿਸ਼ਤਾ ਜੋੜ ਚੁੱਕੇ ਬ੍ਰਿਛ ਆਦਿ ਬਰਬਾਦ ਨਾਂ ਕਰੋ, ਕਿਉਂਕਿ ਇਹਨਾਂ ਦੀ ਕੀਮਤ ਦੁਨੀਆਂ ਦੇ ਪਦਾਰਥਾਂ ਅਤੇ ਗਿਆਨਮਈ ਕਿਤਾਬਾਂ ਨਾਲੋਂ ਕਿਤੇ ਜ਼ਿਆਦਾ ਹੈ। ਇਹ ਤੁਹਾਡੇ ਗੁਰੂ ਪਿਆਰ, ਹੌਂਸਲੇ ਦੀ ਬੁਲੰਦੀ ਅਤੇ ਤੁਹਾਡੀਆਂ ਰੂਹਾਂ ਦੀ ਤਾਜ਼ਗੀ ਦਾ ਸੋਮਾ ਹਨ”।

ਇਸ ਵਿਸ਼ੇ ਤੇ ਮੌਨਸ਼ ਯੂਨੀਵਰਸਿਟੀ ਮੈਲਬੌਰਨ ਵਿੱਚ ਦੋ ਹਜ਼ਾਰ ਇਕ ਨੂੰ ਵਿਸਾਖੀ ਮੌਕੇ ਇਕ ਸੈਮੀਂਨਾਰ ਦੌਰਾਨ ਜਿਸ ਦੀ ਪ੍ਰਧਾਨਗੀ ਖੱਬੇ ਪੱਖੀ ਵਿਦਵਾਨ ਸ਼ਾਇਰ ਸੁਰਜੀਤ ਪਾਤਰ ਨੇ ਕੀਤੀ ਸੀ, ਮੈਂ ਇੱਕ ਪੇਪਰ ਪੜ੍ਹਿਆ ਸੀ ਕਿ ਅੱਜ ਕਿਸ ਤਰ੍ਹਾਂ ਹਿੰਦੋਸਤਾਨ ਦਾ ਬ੍ਰਾਹਮਣ ਆਪਣੇ ਮਿਥਹਾਸ ਨੂੰ ਇਤਿਹਸ ਵਿੱਚ ਬਦਲਣ ਲਈ ਤੱਤਪਰ ਹੈ।

ਕਿਵੇਂ ਸੈਂਕੜੇ ਸਾਲ ਪੁਰਾਣੀ ਬਾਬਰੀ ਮਸਜ਼ਿਦ ਨੂੰ ਢਾਹ ਕੇ ਰਾਮ ਮੰਦਰ ਦੀ ਉਸਾਰੀ ਕਰਨ ਦੀ ਤਿਆਰੀ ਚੱਲ ਰਹੀ ਹੈ। ਸਾਡਾ ਇਤਿਹਾਸ ਕਿਸ ਕਦਰ ਬਰਬਾਦ ਕੀਤਾ ਗਿਆ ਅਤੇ ਹੋ ਰਿਹਾ ਹੈ। ਸਿਆਣੀਆਂ ਕੌਮਾਂ ਤਾਂ ਆਪਣੇ ਡਾਕੂਆਂ (ਰੌਬਨ ਹੁੱਡ ਦੀ ਗੱਲ ਕੀਤੀ ਸੀ) ਦੀਆਂ ਨਿਸ਼ਾਨੀਆਂ ਵੀ ਆਪਣੇ ਇਤਿਹਾਸ ਵਜੋਂ ਸੰਭਾਲ ਕੇ ਰੱਖਦੀਆਂ ਹਨ। ਪਰ ਸਿੱਖ ਕੌਮ ਸਭਰਾਵਾਂ ਦੇ ਯੁੱਧ ਦੇ ਹੀਰੋ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਢੱਠ ਰਹੀ ਤੇ ਬਚੀ ਖੁਚੀ ਹਵੇਲੀ ਵਿੱਚ ਡੰਗਰ ਬੰਨਦੀ ਤੇ ਪਾਥੀਆਂ ਪੱਥਦੀ ਹੈ ।

ਜਿਸ ਨੂੰ ਮੈਂ ਅਟਾਰੀ ਪਿੰਡ ਵਿੱਚ ਉਨ੍ਹੀ ਸੌ ਸਤਾਸੀ ਵਿੱਚ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਉਹ ਸੈਮੀਨਾਰ ਹਰ ਸਾਲ ਵਿਸਾਖੀ ਮੌਕੇ ਅੱਜ ਵੀ ਹੁੰਦਾ ਹੈ ਪਰ ਦੋ ਹਜ਼ਾਰ ਇਕ  ਤੋਂ ਬਾਅਦ ਮੈਨੂੰ ਕਿਸੇ ਨੇ ਕਦੀ ਪੇਪਰ ਪੜ੍ਹਨ ਲਈ ਨਹੀਂ ਕਿਹਾ।

ਮੈਨੂੰ ਗਿਲਾ ਇਸ ਗੱਲ ਦਾ ਨਹੀਂ ਕਿ ਮੈਨੂੰ ਪੇਪਰ ਪੜ੍ਹਨ ਲਈ ਨਹੀਂ ਬੁਲਾਉਂਦੇ। ਦੁੱਖ ਇਸ ਗੱਲ ਦਾ ਕਿ ਬਿੱਲੀ ਦੇ ਆਉਣ ਦੀ ਗੱਲ ਸੁਣ ਹਰ ਕੋਈ ਕਬੂਤਰ ਵਾਂਗ ਅੱਖਾਂ ਮੀਟਣ ਦਾ ਯਤਨ ਕਰ ਰਿਹਾ ਹੈ। ਭਾਵ ਕਿ ਦਰਪੇਸ਼ ਮੁਸ਼ਕਲਾਂ ਬਾਰੇ ਕੋਈ ਗੱਲ ਕਰਨੀ ਤਾਂ ਕੀ ਸੁਨਣ ਲਈ ਵੀ ਤਿਆਰ ਨਹੀਂ । ਹਰ ਕੋਈ ਪਾਸਾ ਵੱਟਣ ਦੀ ਕੋਸ਼ਿਸ਼ ਕਰ ਰਿਹਾ ਹੈ।

ਅੱਜ ਕੱਲ੍ਹ ਸੈਮੀਨਾਰ ਕਰਨੇ ਕਰਾਉਣੇ ਵੀ ਇੱਕ ਰੀਤ ਜਿਹੀ ਹੀ ਬਣਦੀ ਜਾ ਰਹੀ ਹੈ। ਅੱਜ ਸਾਡੀਆਂ ਵਿਚਾਰ ਗੋਸ਼ਟੀਆਂ ਵਿੱਚ ਬੜੇ ਹੇਠਲੇ ਪੱਧਰ ਦੀਆਂ, ਯਾਨੀ ਰਾਹਾਂ ਗੌਰ੍ਹੀਆਂ ਜਾਂ ਹੱਟੀਆਂ ਭੱਠੀਆਂ ਤੇ ਖੜ੍ਹ ਕੇ ਕਰਨ ਵਰਗੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ।

(3) ਸਿੱਖ ਮਾਨਸਿਕਤਾ ਦਾ ਬੁਤਾਂ ਵੱਲ ਝੁਕਾਅ

ਬੂੱਤਪ੍ਰਸਤੀ ਦੇ ਅਨੇਕਾਂ ਹੀ ਰੂਪ ਹੋ ਸਕਦੇ ਹਨ, ਪਰ ਸਿੱਖ ਧਰਮ ਵਿੱਚ ਕਿਸੇ ਇੱਕ ਦੀ ਵੀ ਮੰਨਜ਼ੂਰੀ ਨਹੀਂ ਹੈ। ਬਹੁਤ ਚਿਰ ਪਹਿਲਾਂ ਮੇਰੇ ਕਈ ਮਿੱਤਰਾਂ ਨੇ ਪੰਜਾਬ ਤੋਂ ਮਾਲਵੇ ਦੇ ਇੱਕ ਗੁਰਦੁਆਰਾ ‘ਮਹਿੰਦੀਆਣਾ’ ਵਿੱਚ ਇੱਕ ਸਿੱਖ ਬੁੱਤ ਘਾੜੇ ਵਲੋਂ ਬਣਾਏ ਗਏ ਬੁੱਤਾਂ ਦੇ ਕੈਮਰਾ ਸ਼ਾਟ ਅਤੇ ਵੀਡੀਓ ਫਿਲਮਾਂ ਮੈਨੂੰ ਵਿਖਾਈਆਂ। ਦੇਖ ਕੇ ਮਨ ਬਹੁਤ ਦੁਖੀ ਹੋਇਆ ਕਿ ਸਿੱਖ ਕਿਸ ਦਿਸ਼ਾ ਵਲ ਵਧਦੇ ਜਾ ਰਹੇ ਹਨ।

ਜਿਸ ਕੌਮ ਦੇ ਜਨਮ ਦਾਤਾ ਪੈਗ਼ੰਬਰ ਧਰਤੀ ਦੇ ਸੱਭ ਤੋਂ ਵੱਡੇ ਬੁੱਤ ਸ਼ਿਕਨ ਹੋਏ ਹੋਣ, ਓਹ ਕੌਮ ਅੱਜ ਬੁਤਾਂ ਨੂੰ ਕਿਸ ਲਾਪ੍ਰਵਾਹੀ ਨਾਲ ਕਬੂਲ ਕਰ ਰਹੀ ਹੈ। ਸਿੱਖ ਸੰਸਥਾਵਾਂ, ਸਿੱਖ ਲੀਡਰਸ਼ਿਪ, ਅਤੇ ਬੁੱਧੀਜੀਵੀ ਵਰਗ ਚੁੱਪ ਕਿਉਂ ਹਨ? ਸੋਚਿਆ ਕਿ ਕੁੱਝ ਲਿਖਾਂ ਪਰ ਘਰੇਲੂ ਹਾਲਾਤ ਇਜਾਜ਼ਤ ਨਹੀਂ ਸੀ ਦਿੰਦੇ। ਹੁਣ ਆਪ ਜੀ ਨਾਲ ਇਕ ਤਾਜ਼ੀ ਘਟਨਾਂ ਸਾਂਝੀ ਕਰਨ ਜਾ ਰਿਹਾ ਹਾਂ।

ਦੋ ਕੁ ਮਹੀਨੇ ਪਹਿਲਾਂ ਮੇਰੀ ਭੂਆ ਜੀ ਦਾ ਪੁੱਤਰ ਤੀਰਥ ਸਿੰਘ ਅਟਵਾਲ ਮੇਰੇ ਕੋਲ ਅਸਟ੍ਰੇਲੀਆ ਆਇਆ ਹੋਇਆ ਸੀ। ਅਸੀਂ ਅਸਟ੍ਰੇਲੀਆ ਦੀਆਂ ਵੱਖ ਵੱਖ ਥਾਂਵਾਂ ਤੋਂ ਹੁੰਦੇ ਹੋਏ ਵਲਗੂਲਗਾ ਪਹੁੰਚੇ। ਵਲਗੂਲਗਾ ਅਸਟ੍ਰੇਲੀਆ ਦਾ ਉਹ ਪਿੰਡ ਹੈ ਜਿਸ ਥਾਂ ਤੇ ਸਿੱਖ ਸੱਭ ਤੋਂ ਪਹਿਲਾਂ ਆ ਕੇ ਵੱਸੇ ਸੀ।

ਵਲਗੂਲਗਾ ਵਿੱਚ ਹਾਈਵੇਅ ਦੇ ਬਿਲਕੁਲ ਉੱਤੇ ਇੱਕ ਬਹੁਤ ਵੱਡਾ ਖੂਬਸੂਰਤ ਗੁਰਦੁਆਰਾ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਦਾ ਗੇਟ ਲੰਘਦਿਆਂ ਹੀ ਦੋ ਬਹੁਤ ਵੱਡੇ ਬੁੱਤ ਲੱਗੇ ਹੋਏ ਹਨ, ਇੱਕ ਘੋੜੇ ਉੱਤੇ ਚੜ੍ਹਿਆ ਹੋਇਆ ਸਿੰਘ ਅਤੇ ਦੂਜੇ ਘੋੜੇ ਉਤੇ ਇੱਕ ਸਿੰਘਣੀ ਦਾ ਬੁੱਤ ਹੈ। ਜਦੋਂ ਤੀਰਥ ਬੁੱਤਾਂ ਕੋਲ ਦੀ ਲੰਘਣ ਲੱਗਾ ਤਾਂ ਓਹਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ‘ਹਰੀ ਸਿੰਘ ਨਲੂਆ’। ਹਰੀ ਸਿੰਘ ਨਲੂਆ ਆਵਾਜ਼ ਕੰਨ ਸੁਨਣ ਤਾਂ ਸਿੱਖ ਰੁਕੇ ਨਾਂ ਇਹ ਗੱਲ ਅਤਿ ਕਥਨੀ ਹੀ ਹੋਵੇਗੀ।

ਮੈਂ ਰੁਕ ਗਿਆ ਤਾਂ ਦੇਖਿਆ ਕਿ ਕਿ ਬੁੱਤ ਦੇ ਹੇਠਾਂ  ਹਰੀ ਸਿੰਘ ਨਲੂਆ ਤੇ ਦੂਜੇ ਦੇ ਥੱਲੇ ਮਾਈ ਭਾਗੋ ਲਿਖਿਆ ਹੋਇਆ ਸੀ। ਬੁੱਤ ਮੈਂ ਪਹਿਲਾਂ ਵੀ ਦੇਖੇ ਸਨ ਪਰ ਆਪਣੇ ਸੁਭਾ ਅਨੁਸਾਰ ਬੁਤਾਂ ਅਤੇ ਤਸਵੀਰਾਂ ਵੱਲ ਕਦੀ ਜ਼ਿਆਦਾ ਧਿਆਨ ਹੀ ਨਹੀਂ ਦਿੱਤਾ ਸੀ। ਤੀਰਥ ਸਿੰਘ ਬੁੱਤ ਦੇ ਇਰਦ ਗਿਰਦ ਘੁੰਮ ਕੇ ਬੜੀ ਹਰਖੀ ਹੋਈ ਆਵਾਜ ਵਿੱਚ ਕਹਿਣ ਲੱਗਾ ਕਿ ਹਰੀ ਸਿੰਘ ਨਲੂਵੇ ਦੀ ਇਸ ਤੋਂ ਹੋਰ ਜ਼ਿਆਦਾ ਬੇਇਜ਼ਤੀ ਕੀਤੀ ਹੀ ਨਹੀਂ ਜਾ ਸਕਦੀ। ਹਰੀ ਸਿੰਘ ਨਲੂਆ ਕੋਈ ਇਸ ਤਰ੍ਹਾਂ ਦਾ ਸੀ?

ਸਾਡਾ ਇੱਕ ਹੋਰ ਦੋਸਤ ਗੁਰਦੇਵ ਸਿੰਘ ਜੋ ਸਾਡੇ ਨਾਲ ਸੀ ਕਹਿਣ ਲੱਗਾ, ਭਾ ਜੀ ਤੁਸੀਂ ਕੇਹੜਾ ਹਰੀ ਸਿੰਘ ਨਲੂਆ ਦੇਖਿਆ। ਤੀਰਥ ਕਹਿੰਦਾ ਮੈਂ ਅੱਖਾਂ ਨਾਲ ਤਾਂ ਨਹੀਂ ਦੇਖਿਆ ਪਰ ਪੜ੍ਹਿਆ ਤੇ ਸੁਣਿਆ ਜ਼ਰੂਰ ਹੈ, ਤੇ ਕਹਿਣ ਲੱਗਾ ਕਿ ਜਿਹਦਾ ਨਾਂ ਲੈ ਕੇ ਪਠਾਣ ਬੀਬੀਆਂ ਇਹ ਕਹਿੰਦੀਆਂ ਸੀ ਕਿ ਬੱਚਾ ਸੌਂ ਜਾ ਨਹੀਂ ਤਾਂ ਨਲੂਆ ਆ ਜਾਵੇਗਾ, ਇਹ ਉਹ ਹਰੀ ਸਿੰਘ ਨਲੂਆ ਨਹੀਂ ਹੋ ਸਕਦਾ।

ਹੁਣ ਇਥੇ ਸਮਝਣ ਵਾਲੀ ਗੱਲ ਇਹ ਹੈ ਕਿ ਸਿੱਖ ਚੇਤਨਾ ਵਿੱਚ ਹਰੀ ਸਿੰਘ ਨਲੂਆ ਇੱਕ ਬਿੰਬ ਬਣ ਚੁੱਕਾ ਹੈ, ਉਸ ਬਿੰਬ ਵਿੱਚ ਹਰੀ ਸਿੰਘ ਨਲੂਏ ਦੇ ਸਾਰੇ ਜੀਵਨ ਦੀ ਮਹਾਨ ਘਾਲਣਾ ਸਮੋਈ ਹੋਈ ਹੈ। ਕੋਈ ਕਲਾਕਾਰ ਕਿੰਨਾਂ ਵੀ ਵੱਡਾ ਕਿਉਂ ਨ ਹੋਵੇ ਉਹ ਕਿਸੇ ਮਹਾਨਤਾ ਵਿੱਚੋਂ ਸਿਰਜੇ ਗਏ ਬਿੰਬ ਨੂੰ ਕਿਸੇ ਵੀ ਕਿਸਮ ਦੀ ਖੜੋਤੀ ਅਸਲੀਅਤ ਵਿੱਚ ਪਲਟਣ ਦਾ ਤਾਣ ਨਹੀਂ ਰੱਖਦਾ।

ਇਥੇ ਇਹ ਗੱਲ ਸਮਝਣੀ ਵੀ ਬਹੁਤ ਜ਼ਰੂਰੀ ਹੈ ਕਿ ਸਿੱਖ ਕਲਾ ਦੇ ਹਰ ਹੁਸਨ ਦੇ ਕਦਰਦਾਨ ਹਨ ਅਤੇ ਕਲਾ ਪ੍ਰੇਮੀ ਹਨ। ਪਰ ਜੇ ਕੋਈ ਕਲਾ ਖਾਲਸਾ ਪੰਥ ਦੇ ਰੂਹਾਨੀ ਜਲਵਿਆਂ ਨਾਲ ਭਰਪੂਰ ਸੰਕਲਪਾਂ ਨੂੰ ਪਥਰਾਉਂਦੀ ਹੋਵੇ, ਖਾਲਸਾ ਪੰਥ ਦੀ ਰੱਬੀ ਤਾਸੀਰ ਅਤੇ ਰਵਾਨਗੀ ਵਿੱਚ ਖਲ੍ਹਲ ਪਾਉਂਦੀ ਹੋਵੇ, ਜਾਂ ਜੇਹੜੀ ਕਲਾ ਖਾਲਸਈ ਇਖ਼ਲਾਕ ਦੀ ਖੂਬਸੂਰਤੀ ਦੇ ਹਾਣ ਦੀ ਨਹੀਂ, ਉਹ ਕਲਾ ਸਿੱਖ ਕੌਮ ਨੂੰ ਸਦੀਵੀ ਤੌਰ ਤੇ ਨਾਂ ਮੰਨਜ਼ੂਰ ਹੋਵੇਗੀ।

(4) ਸਿੱਖ ਇਤਿਹਾਸ ਸਬੰਧੀ ਕਾਰਟੂਨ ਫਿਲਮਾਂ ਤੇ ਸਿੱਖਾਂ ਦਾ ਰਵੱਈਆ

ਉਪ੍ਰੋਕਤ ਜੋ ਗੱਲਬਾਤ ਕੀਤੀ ਗਈ ਹੈ ਇਹ ਅੱਗੇ ਹੋਣ ਵਾਲੀ ਗੱਲਬਾਤ ਨੂੰ ਸਮਝਣ ਲਈ ਬਹੁਤ ਜ਼ਰੂਰੀ ਸੀ। ਕੁੱਝ ਗੱਲਾਂ ਜੋ ਹਮੇਸ਼ਾਂ ਹੀ ਮੇਰੀ ਹੈਰਾਨੀ ਤੇ ਪ੍ਰੇਸ਼ਾਨੀ ਦਾ ਕਾਰਨ ਬਣੀਆਂ ਰਹੀਆਂ ਅਤੇ ਅੱਜ ਵੀ ਹਨ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ।

ਪਹਿਲੀ ਗੱਲ ਕਿ ਜਦੋਂ ਵੀ ਸਿੱਖ ਧਰਮ ਨਾਲ ਸਬੰਧਤ ਸਿੱਖੀ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਕਿਤਾਬ ਛਪਦੀ ਹੈ ਤਾਂ ਬਿਨਾਂ ਘੋਖੇ ਬਿਨਾਂ ਪੜ੍ਹੇ ਅਸਧਾਰਨ ਜਲਦਬਾਜ਼ੀ ਨਾਲ ਉਸ ਕਿਤਾਬ ਨੂੰ ਕਬੂਲ ਕਰ ਲਿਆ ਜਾਂਦਾ ਹੈ। ਸਿੱਖ ਸੰਸਥਾਵਾਂ ਅਤੇ ਸਿੱਖ ਹੀ ਉਸ ਕਿਤਾਬ ਨੂੰ ਵੰਡਦੇ ਜਾਂ ਵੇਚਦੇ ਹਨ।

ਦੂਸਰੀ ਗੱਲ ਕਿ ਸਿੱਖ ਕੌਮ ਨੇ ਗੁਰੂਆਂ ਦੀਆਂ ਨਕਲੀ ਤਸਵੀਰਾਂ ਨੂੰ ਇਨੀਂ ਵੱਡੀ ਪੱਧਰ ‘ਤੇ ਅਪਣਾ ਲਿਆ ਕਿ ਉਹਨਾਂ ਦੇ ਅੰਦਰੋਂ ਇਹ ਗੱਲ ਦਾ ਅਹਿਸਾਸ ਹੀ ਖਤਮ ਹੋ ਗਿਆ ਕਿ ਤਸਵੀਰਾਂ ਨੇ ਉਹਨਾਂ ਨੂੰ ਗੁਰੂ ਅਤੇ ਗੁਰਬਾਣੀ ਤੋਂ ਕਿੰਨਾਂ ਦੂਰ ਕਰ ਦਿੱਤਾ ਅਤੇ ਬੁੱਤ ਪ੍ਰਸਤੀ ਦੇ ਕਿੰਨਾਂ ਨੇੜੇ ਲੈ ਆਂਦਾ ਹੈ।

ਤੀਸਰੀ ਗੱਲ ਇਹ ਕਿ ਗੁਰੂ ਸਹਿਬਾਨ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਚੀਜ਼ਾਂ, ਥਾਵਾਂ ਅਤੇ ਹੋਰ ਨਿਸ਼ਾਨੀਆਂ ਪ੍ਰਤੀ ਸਿੱਖ ਲੀਡਰਸ਼ਿਪ, ਸਿੱਖ ਸੰਸਥਾਵਾਂ ਅਤੇ ਬੁੱਧੀਜੀਵੀ ਵਰਗ ਵਲੋਂ ਅਪਣਾਇਆ ਗਿਆ ਇੱਕ ਨਿਰਾਸ਼ਾ ਜਨਕ ਰਵੱਈਆ ਅਤੇ ਮੂੜ੍ਹਤਾ ਭਰੀ ਲਾਪ੍ਰਵਾਹੀ।

ਚੌਥੀ ਗੱਲ ਜੋ ਮੈ ਵਿਸਥਾਰ ਨਾਲ ਕਰਨ ਜਾ ਰਿਹਾ ਹਾਂ, ਉਹ ਹੈ ਸਿੱਖ ਇਤਿਹਾਸ ਬਾਰੇ ਕਾਰਟੂਨ  ਫਿਲਮਾਂ ਜੋ ਅੱਜ ਦੇ ਦੌਰ ਵਿੱਚ ਬੜੀ ਮਕਬੂਲੀਅਤ ਹਾਸਿਲ ਕਰ ਚੁੱਕੀਆਂ ਹਨ। ਉਪ੍ਰੋਕਤ ਗੱਲਾਂ ਲਈ ਮੇਰੀ ਹੈਰਾਨੀ ਦਾ ਕਾਰਨ ਇਹ ਹੈ ਕਿ ਉਂਗਲਾਂ ਉੱਤੇ ਗਿਣਨ ਜੋਗੇ ਵਿਦਵਾਨਾਂ ਨੂੰ ਛੱਡ ਕੇ ਕੋਈ ਕੁੱਝ ਕਰਨ ਤਾਂ ਇੱਕ ਪਾਸੇ, ਗੱਲ ਸਮਝਣ ਨੂੰ ਵੀ ਤਿਆਰ ਨਹੀਂ ਹੈ।

ਪ੍ਰੇਸ਼ਾਨੀ ਇਸ ਗੱਲ ਦੀ ਹੈ ਕਿ ਸਿੱਖ ਕੌਮ ਨੇ ਉਪ੍ਰੋਕਤ ਮਸਲਿਆਂ ਪ੍ਰਤੀ ਜਿਹੋ ਜਿਹਾ ਰਵੱਈਆ ਅਖਤਿਆਰ ਕੀਤਾ ਹੋਇਆ ਹੈ ਜੇ ਹਾਲਾਤ ਇੰਝ ਹੀ ਰਹੇ ਤਾਂ ਬਣੂਗਾ ਕੀ? ਇਸ ਲਿਖਤ ਦਾ ਰਹਿੰਦਾ ਹਿੱਸਾ ਮੈਂ ਇੱਕ ਮਹਾਂਪੁਰਸ਼ ਦੀ ਕਹੀ ਹੋਈ ਹਕਾਇਤ ਤੋਂ ਕਰਾਂਗਾ। “ਰੰਗ ਮੰਚ ਉੱਤੇ ਖੇਡਣ ਦੇ ਨੁਕਤੇ ਤੋਂ ਲਿਖੇ ਗਏ ਨਾਟਕਾਂ ਅਤੇ ਫਿਲਮਾਂ ਵਿੱਚ ਗੁਰੂ ਜੀਵਨਾਂ, ਗੁਰਬਾਣੀ ਅਤੇ ਅਭੀਨੈ ਦਾ ਸੰਜੋਗ, ਅਤੇ ਗੁਰਮੁਖਾਂ ਦੇ ਰੂਪ ਪੇਸ਼ ਕਰਨੇ ਰੁਹਾਨੀ ਖੁਦਕੁਸ਼ੀ ਸਾਬਤ ਹੋਣਗੇ”। (ਪ੍ਰੋ: ਹਰਿੰਦਰ ਸਿੰਘ ਮਹਿਬੂਬ “ਸਹਿਜੇ ਰਚਿਓ ਖਾਲਸਾ”)

ਮੇਰੀ ਜਾਣਕਾਰੀ ਅਨੁਸਾਰ ਸਿੱਖ ਦਿੱਖ ਵਾਲੀ ਜੋ ਪਹਿਲੀ ਫਿਲਮ ਬਣੀ, ਉਸ ਦਾ ਨਾਂ “ਨਾਨਕ ਨਾਮ ਜਹਾਜ਼ ਹੈ” ਰੱਖਿਆ ਗਿਆ ਸੀ । ਉਹ ਮੈਂ ਬਚਪਨ ਵਿੱਚ ਹੀ ਵੇਖੀ ਸੀ। ਉਸ ਵਿੱਚ ਗੁਰੂ ਘਰ ਦੇ ਕੁੱਝ ਦ੍ਰਿਸ਼ਾਂ ਤੋਂ ਇਲਾਵਾ ਫਿਲਮ ਦੇ ਨਾਮ ਨਾਲ ਮੇਲ ਖਾਂਦੀ ਇੱਕ ਗੱਲ ਵੀ ਨਹੀਂ ਸੀ। ਫੇਰ ਹੋਰ ਕਈ ਫਿਲਮਾਂ ਬਣੀਆਂ, ਸਾਰੀਆਂ ਦਾ ਜ਼ਿਕਰ ਕਰਨ ਲਈ ਸਮਾਂ ਅਤੇ ਥਾਂ ਇਜਾਜ਼ਤ ਨਹੀਂ ਦਿੰਦੇ। ਪਰ ਮੈਂ ਇੱਕ ਦਾਰਾ ਸਿੰਘ ਦੀ ਸਿੱਖ ਦਿੱਖ ਵਾਲੀ ਫਿਲਮ “ਸਵਾ ਲਾਖ ਸੇ ਏਕ ਲੜਾਊਂ” ਬਾਰੇ ਇੱਕ ਖਿਆਲ ਸਾਂਝਾ ਕਰਾਂਗਾ।

ਇਸ ਫਿਲਮ ਦਾ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਬੜਾ ਕਰੜਾ ਵਿਰੋਧ ਹੋਇਆ, ਸਿਨਮਿਆਂ ਵਿੱਚ ਘੁੱਸ ਕੇ ਤਲਵਾਰਾਂ ਨਾਲ ਸਕਰੀਨਾਂ ਪਾੜ ਦਿੱਤੀਆਂ ਗਈਆਂ। ਮਸਲਾ ਭਾਵੇਂ ਦਾਰਾ ਸਿੰਘ ਦੇ ਮੋਨਾਂ ਹੋਣ ਅਤੇ ਫਰ੍ਹਲਾ ਸਜਾਉਣ ਦਾ ਹੀ ਉਭੱਰ ਕੇ ਸਾਹਮਣੇ ਆਇਆ ਸੀ। ਪਰ ਮੈਂ ਸਮਝਦਾ ਹਾਂ ਕਿ ਉਸ ਵੇਲੇ ਤੱਕ ਸਿੱਖ ਚੇਤਨਾਂ ਅੰਦਰ ਗੁਰੂਬਿੰਬ ਅਤੇ ਸਿੱਖ ਨਾਇਕਾਂ ਦੇ ਬਿੰਬ ਇਸ ਹੱਦ ਤੱਕ ਸਲਾਮਤ ਸਨ ਕਿ ਐਵੇਂ ਹੀ ਕੋਈ ਜਣਾ ਖਣਾ ਉੱਠ ਕੇ ਸਾਡੇ ਗੁਰੂਆਂ ਜਾਂ ਨਾਇਕਾਂ ਦੀ ਨਕਲ ਨਹੀਂ ਕਰ ਸਕਦਾ। ਪਰ ਲੀਡਰ ਉਦੋਂ ਵੀ ਅੱਜ ਵਰਗੇ ਹੀ ਸਨ ਅਤੇ ਮਾਮਲਾ ਲੈ ਦੇ ਕੇ ਤੈਅ ਹੋ ਗਿਆ।

ਫਿਲਮ ਸਿਨਮਿਆਂ ਵਿੱਚ ਚਲਦੀ ਰਹੀ। ਫੇਰ ਹੋਰ ਅਨੇਕਾਂ ਫਿਲਮਾਂ ਬਣੀਆਂ। ਪਰ ਅੱਜ ਦੇ ਦੌਰ ਵਿੱਚ ਜਿਸ ਰਫ਼ਤਾਰ ਨਾਲ ਸਿੱਖ ਇਤਿਹਾਸ ਨਾਲ ਸਬੰਧਤ ਕਾਰਟੂਨ ਫਿਲਮਾਂ ਬਣ ਰਹੀਆਂ ਹਨ ਅਤੇ ਉਹਨਾਂ ਅੰਦਰ ਅਪਣਾਈ ਗਈ ਪਹੁੰਚ ਇੱਕ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ ਕਿ ਕੀ ਇਹ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਜਾਂ ਨਹੀਂ? ਮੈਂ ਨਾ ਤਾਂ ਕੋਈ ਵਿਦਵਾਨ ਹਾਂ ਅਤੇ ਨਾ ਹੀ ਕੋਈ ਸਕੌਲਰ ਜਾਂ ਚਿੰਤਕ ਹਾਂ। ਇਕ ਸਿੱਖ ਦੀ ਹੈਸੀਅਤ ਵਿੱਚ ਉਪ੍ਰੋਕਤ ਸਵਾਲ ਦੇ ਜਵਾਬ ਵਿੱਚ ਮੇਰਾ ਉਤੱਰ ਹੋਵੇਗਾ। ਭੁੱਲ ਕੇ ਵੀ ਨਹੀਂ!

ਹੁਣ ਆਪਾਂ ਅੱਜ ਦੇ ਦੌਰ ਦੀ ਸੱਭ ਤੋਂ ਵੱਧ  ਹਰਮਨ ਪਿਆਰੀ ਹੋ ਰਹੀ ਕਾਰਟੂਨ ਫਿਲਮਚਾਰ ਸਾਹਿਬਜ਼ਾਦੇ” ਦੇ ਸਬੰਧ ਵਿੱਚ ਚਰਚਾ ਕਰਾਂਗੇ। ਇਸ ਫਿਲਮ ਬਾਰੇ ਫੇਸਬੁੱਕ ਵੱਟਸਐਪ ‘ਤੇ ਅਨੇਕਾਂ ਕਿਸਮ ਦੀਆਂ ਟਿਪਣੀਆਂ ਪੜ੍ਹਨ ਅਤੇ ਸੁਨਣ ਨੂੰ ਮਿਲਦੀਆਂ ਹਨ। ਜਿਵੇਂ ਕਿ ਫਿਲਮ ਦੋ ਦਿਨ ਸੰਗਤਾਂ ਨੂੰ ਮੁਫਤ ਵਿੱਚ ਦਿਖਾਈ ਗਈ।

ਅੱਜ  ਵੱਟਸਐਪ ਤੇ ਕਿਸੇ ਦੋਸਤ ਨੇ ਪੇਪਰ ਦੀ ਕਟਿੰਗ ਦੀ ਫੋਟੋ ਟੈਗ ਕੀਤੀ ਜਿਸ ਵਿੱਚ ਇਕ ਸਿਨਮੇ ਦਾ ਮੈਨੇਜਰ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਲੋਕ ਸਿਨਮੇ ਅੰਦਰ ਜੁਤੀਆਂ ਉਤਾਰ ਕੇ ਫਿਲਮ ਦੇਖਣ ਵਾਸਤੇ ਜਾਂਦੇ ਹਨ। ਬੱਚਿਆਂ ਦਾ ਸਿਨਮਾਂ ਘਰਾਂ ਵਿਚੋਂ ਰੋਂਦੇ ਨਿਕਲਣਾਂ ਵੱਟਸਐਪ ਅਤੇ ਫੇਸਬੁੱਕ ਉੱਤੇ ਸੱਭ ਵੱਧ ਟੈਗ ਕੀਤਾ ਗਿਆ। ਆਓ ਇਹਨਾਂ ਸਾਰੀਆਂ ਹੀ ਗੱਲਾਂ ਦੇ ਰੂਬਰੂ ਰਹਿੰਦਿਆਂ ਕੁੱਝ ਕੌੜੀਆਂ ਸਚਾਈਆਂ ਦੇ ਸਨਮੁਖ ਵੀ ਹੋਈਏ।

“ਚਾਰ ਸਾਹਿਬਜ਼ਾਦੇ” ਫਿਲਮ ਨੂੰ ਸਿੱਖ ਜਗਤ ਵਲੋਂ ਮਿਲਿਆ ਹੂੰਗਾਰਾ ਜਿੱਥੇ ਸਿੱਖਾਂ ਦੀ ਗੁਰੂ ਪ੍ਰਤੀ ਵੱਡੀ ਸ਼ਰਧਾ ਦਾ ਇਜ਼ਹਾਰ ਹੈ, ਉਥੇ ਸ਼ਰਧਾ ਦੇ ਅੰਨ੍ਹੇ ਹੋ ਜਾਣ ਦਾ ਵੀ ਪੁਖ਼ਤਾ ਸਬੂਤ ਹੈ। ਹੁਣ ਮੈਂ ਕੁੱਝ ਸਵਾਲ ਆਪਣੇ ਪਾਠਕਾਂ ਗੋਚਰੇ ਰੱਖ ਰਿਹਾ ਹਾਂ। ਕਿਰਪਾ ਕਰਕੇ ਇਹਨਾਂ ਸਵਾਲਾਂ ਦੇ ਜੁਆਬ ਲੱਭਣ ਦੀ ਸੁਹਿਰਦ ਕੋਸ਼ਿਸ਼ ਕਰਨੀ। ਸੱਭ ਤੋਂ ਪਹਿਲਾ ਸਵਾਲ ਇਹ ਹੈ ਕਿ:

(1) ਬਹੁਤ ਸਾਰੀਆਂ ਹੋਰ ਵੀ ਅਜਿਹੀਆਂ ਫਿਲਮਾਂ ਹਨ, ਜਿਨ੍ਹਾਂ ਨੂੰ ਦੇਖ ਕੇ ਬੱਚੇ ਤਾਂ ਕੀ ਸਿਆਣੇ ਵੀ ਜਜ਼ਬਾਤੀ ਹੋ ਕੇ ਰੋ ਪੈਂਦੇ ਹਨ। ਕਿਸੇ ਵੀ ਇੱਕ ਫਿਲਮ ਵਿੱਚ ਜਜ਼ਬਾਤੀ ਹੋ ਕੇ ਰੋਣ ਦਾ ਅਸਰ ਤੁਹਾਡੀ ਜ਼ਿੰਦਗੀ ਵਿੱਚ ਕਿਤੇ ਸਦੀਵੀ ਤੌਰ ‘ਤੇ ਸਲਾਮਤ ਰਿਹਾ ਹੋਵੇ?

(2) ਜਜ਼ਬਾਤੀ ਹੋ ਕੇ ਰੋਣ ਤੋਂ ਬਿਨਾਂ ਕੀ ਸਾਰੀ ਦੀ ਸਾਰੀ ਫਿਲਮ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਦੇ ਜੀਵਨ ਦੇ ਰੂਹਾਨੀ ਜਲਵਿਆਂ ਦਾ ਇੱਕ ਵੀ ਅਜਿਹਾ ਦ੍ਰਿਸ਼ ਹੈ, ਜਿਸ ਨੇ ਤੁਹਾਡੀ ਰੂਹ ਨੂੰ ਸਪਰਸ਼ ਕੀਤਾ ਹੋਵੇ, ਜਿਸ ਨਾਲ ਤੁਹਾਡੇ ਆਪਣੇ ਜੀਵਨ ਦੀ ਰੌਂਅ ਬਦਲ ਗਈ ਹੋਵੇ?

(3) ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਹਿਬਜ਼ਾਦਾ ਅਜੀਤ ਸਿੰਘ ਚਮਕੌਰ ਦੀ ਗੜ੍ਹੀ ਵਿਚੋਂ ਤੋਰਿਆ ਸੀ ਤਾਂ ਉਸ ਵੇਲੇ ਚਮਕੌਰ ਦੀ ਕੱਚੀ ਗੜ੍ਹੀ ਦੇ ਅੰਦਰ ਤੇ ਬਾਹਰ, ਸਿੰਘਾਂ ਦੇ ਸਿਦਕ ਨੇ ਕਲਗੀਆਂ ਵਾਲੇ ਦੀ ਹਜ਼ੂਰੀ ਵਿੱਚ ਜੋ ਰੁਹਾਨੀ ਜਲੌਅ ਸਿਰਜਿਆ ਹੋਇਆ ਸੀ, ਉਸ ਬਾਰੇ ਦੋ ਮਹਾਨ ਸ਼ਾਇਰ ਅਤੇ ਚਿੰਤਕ ਪ੍ਰੋ: ਪੂਰਨ ਸਿੰਘ ਅਤੇ ਹਰਿੰਦਰ ਸਿੰਘ ਮਹਿਬੂਬ ਇੱਕੋ ਹੀ ਰਾਏ ਰੱਖਦੇ ਲਿਖਦੇ ਹਨ ਕਿ “ਅੱਖਰਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ”। ਅਸੀਂ ਉਹਨਾਂ ਰੂਹਾਨੀ ਜਲਵਿਆਂ ਦੇ ਸੰਗਮ ਨੂੰ ਕਾਰਟੂਨ ਬਣਾ ਕੇ ਪੇਸ਼ ਕਰ ਰਹੇ ਹਾਂ। ਇਹ ਕਿਥੋਂ ਤੱਕ ਜਾਇਜ਼ ਹੈ?

 (4) ਕੀ ਚਮਕੌਰ ਦੀ ਕੱਚੀ ਗੜ੍ਹੀ ਦੀ ਜੰਗ (ਰੁਹਾਨੀ ਰੰਗਾਂ ਦਾ ਮਿਲਣ) ਦੇ ਦ੍ਰਿਸ਼ ਜਿਹੋ ਜਿਹੇ ਫਿਲਮ ਵਿੱਚ ਦਿਖਾਏ ਗਏ ਹਨ, ਉਹੋ ਜਿਹੇ ਹੀ ਹੋਣਗੇ?

(5) ਫਿਲਮ ਵਿੱਚ ਮਾਤਾ ਗੁਜ਼ਰੀ ਜੀ ਦਾ ਜੋ ਚਿਹਰਾ ਦਿਖਾਇਆ ਹੈ ਉਹੋ ਜਿਹਾ ਚਿਹਰਾ ਜਾਂ ਮਿਲਦਾ ਜੁਲਦਾ ਚਿਹਰਾ ਅੰਗਰੇਜ਼ੀ ਕਾਰਟੂਨ ਫਿਲਮਾਂ ਵਿੱਚ ਡਰਾਉਣੇ ਪਾਤਰਾਂ ਵਜੋਂ ਆਮ ਨਜ਼ਰ ਆਉਂਦਾ ਹੈ। ਫਰਕ ਸਿਰਫ ਇੰਨਾਂ ਹੀ ਹੈ ਕਿ ਉਹ ਚਿਹਰਾ ਕੁਝ ਡਰਾਉਣੇ ਅਸਤਰਾਂ ਬਸਤਰਾਂ ਨਾਲ ਸਜਾਇਆ ਹੂੰਦਾ ਹੈ। ਕੀ ਮਾਤਾ ਗੁਜ਼ਰੀ ਉਸ ਤਰ੍ਹਾਂ ਦੇ ਹੋਣਗੇ ਜਿਹੋ ਜਿਹੇ “ਚਾਰ ਸਾਹਿਬਜ਼ਾਦੇ” ਫਿਲਮ ਵਿੱਚ ਦਿਖਾਏ ਗਏ ਹਨ?

(6) ਫਿਲਮ ਵਿੱਚ ਸਾਹਿਬਜ਼ਾਦਿਆਂ ਦੇ ਚੇਹਰੇ ਇਸ ਤਰ੍ਹਾਂ ਦਿਖਾਏ ਗਏ ਨੇ ਜਿਸ ਤਰ੍ਹਾਂ ਅਪਾਹਜ ਬੱਚਿਆਂ ਦੇ ਚੇਹਰੇ ਹੁੰਦੇ ਹਨ। ਕੀ ਸਾਹਿਬਜ਼ਾਦੇ ਉਹੋ ਜਿਹੇ ਹੋਣਗੇ ਜਿਹੋ ਜਿਹੇ “ਚਾਰ ਸਾਹਿਬਜ਼ਾਦੇ” ਫਿਲਮ ਵਿੱਚ ਦਿਖਾਏ ਗਏ ਹਨ?

(7) ਕੀ ਇਹ ਫਿਲਮ ਗੁਰੂ ਬਿੰਬ ਦੀ ਸਰਸਬਜ਼ ਨੁਹਾਰ ਨੂੰ ਰੂਪਮਾਨ ਕਰਦੀ ਹੈ, ਜਾਂ ਉਸ ਦੀ ਮੌਲਿਕਤਾ ਨੂੰ ਵਲੂੰਧਰਦੀ ਹੈ?

ਸਵਾਲ ਤਾਂ ਹੋਰ ਵੀ ਬਹੁਤ ਹਨ ਪਰ ਥਾਂ ਨਹੀਂ ਤੇ ਵਕਤ ਵੀ ਘੱਟ ਹੈ। ਇਹ ਫਿਲਮ ਕਲਗੀਆਂ ਵਾਲੇ ਪਾਤਸ਼ਾਹ ਦੇ ਜੀਵਨ ਇਤਿਹਾਸ ਦੀਆਂ ਰੂਹਾਨੀ ਸ਼ਾਨਾਂ ਦੀ ਤਰਜ਼ਮਾਨੀ ਕਰਨ ਦੀ ਤਾਕਤ ਨਹੀਂ ਰੱਖਦੀ। ਅਸੀਂ ਫਿਲਮ ਬਣਾਉਣ ਵਾਲਿਆਂ ਉਤੇ ਇਹ ਦੋਸ਼ ਤਾਂ ਨਹੀਂ ਲਾਉਂਦੇ ਕਿ ਇਸ ਪਿੱਛੇ ਉਹਨਾਂ ਦਾ ਵਪਾਰਕ ਲਾਭ ਤੋਂ ਬਿਨਾਂ ਕੋਈ ਹੋਰ ਵੀ ਖੁਫ਼ੀਆ ਮਨੋਰਥ ਹੈ। ਪਰ ਜਿਸ ਤਰ੍ਹਾਂ ਲੋਕ ਸਿਨਮਿਆਂ ਵਿੱਚ ਜੁੱਤੀਆਂ ਲਾਹ ਕੇ ਫਿਲਮ ਦੇਖਣ ਜਾਂਦੇ ਹਨ ਜਾਂ ਸੇਵਾ ਭਾਵਨਾ ਨਾਲ ਫਿਲਮ ਮੁਫ਼ਤ ਦਿਖਾਉਣ ਲਈ ਸਿਨਮੇਂ ਦਾ ਖਰਚ ਇੱਕ ਬੰਦੇ ਨੇ ਆਪਣੇ ਸਿਰ ਲੈਣਾ ਆਦਿ ਗੱਲਾਂ ਬੁੱਤ ਪ੍ਰਸਤੀ ਵੱਲ ਨੂੰ ਤੇਜ਼ ਹੋ ਰਹੇ ਨਵੀਨ ਕਦਮ ਹਨ। ਜੋ ਸਿੱਖ ਕੌਮ ਦੀ ਰੂਹਾਨੀ ਗਿਰਾਵਟ ਹੋ ਨਿਬੜੇਗੀ।

ਹੁਣ ਇੱਕ ਨਵਾਂ ਸਵਾਲ ਤੇ ਸਮੱਸਿਆ ਸਾਹਮਣੇ ਕਿ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਧਰਮ ਦੀ ਜਾਣਕਾਰੀ ਦੇਣ ਦਾ। ਜਿਸ ਲਈ ਅਧੁਨਿਕ ਮਾਧਿਅਮ ਦੇ ਨਾਮ ਹੇਠ ਇਹਨਾਂ ਫਿਲਮਾਂ ਦੀ ਵਕਾਲਤ ਕੀਤੀ ਜਾ ਰਹੀ ਹੈ। ਗੱਲ ਥੋੜੀ ਕੁੜੱਤਣ ਵਾਲੀ ਹੈ।

ਓਹ ਇਹ ਕਿ ਸਾਨੂੰ ਖੁਦ ਨੂੰ ਆਪਣੇ ਧਰਮ ਬਾਰੇ ਕੋਈ ਜਾਣਕਾਰੀ ਨਹੀਂ, ਅਸੀਂ ਸ਼ਰਾਬ ਵੀ ਪੀਂਦੇ ਹਾਂ, ਵਾਲ ਵੀ ਕੱਟਦੇ ਹਾਂ। ਪਰ ਆਪਣੇ ਬੱਚਿਆਂ ਦੇ  ਜੂੜੇ ਰੱਖ ਕੇ, ਪਟਕੇ ਬੰਨ੍ਹ ਕੇ ਜਾਂ ਗਲਾਂ ਵਿੱਚ ਸੋਨੇ ਦੇ ਖੰਡੇ ਪੁਆ ਕੇ, ਉਹਨਾਂ ਤੋਂ ਸਿੱਖੀ ਦੀ ਆਸ ਰੱਖਦੇ ਹਾਂ।

ਜਦੋਂ ਵੀ ਕੋਈ ਇਹੋ ਜਿਹੀ ਫਿਲਮ ਆਉਂਦੀ ਹੈ ਤਾਂ ਬਿਨਾਂ ਸੋਚੇ ਸਮਝੇ ਉਸ ਫਿਲਮ ਮਗਰ ਦੌੜਦੇ ਹਾਂ, ਰੋਜ਼ਾਨਾ ਲੁੱਟ ਹੁੰਦੇ ਹਾਂ। ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਗੁਰੂ ਘਰ ਦੀ ਸਟੇਜ ‘ਤੇ ਬੈਠਾ ਪ੍ਰਚਾਰਕ ਗੁਰੂ ਦੀ ਸਿਫਤ ਕਰ ਰਿਹਾ ਹੈ ਜਾਂ ਗੁਰੂ ਦੀ ਤੌਹੀਨ ਕਰ ਰਿਹਾ ਹੈ। ਅਸੀਂ ਹਜ਼ੂਰੀ ਵਿੱਚ ਬੈਠ ਕੇ ਸੁਣ ਕੇ ਅਤੇ ਮਟਰ ਪਨੀਰ ਵਾਲਾ ਲੰਗਰ ਸ਼ਕ ਕੇ ਢਿੱਡ ਉਤੇ ਹੱਥ ਫੇਰ ਕੇ ਘਰ ਨੂੰ ਆ ਜਾਂਦੇ ਹਾਂ। ਅਸੀਂ ਗ਼ੁਨਾਹਗਾਰ ਹਾਂ ਆਪਣੀ ਕੌਮ ਦੇ ਵੀ ਅਤੇ ਆਪਣੇ ਬੱਚਿਆਂ ਦੇ ਵੀ।

ਬੱਚਿਆਂ ਦੀ ਜਾਣਕਾਰੀ ਦਾ ਅਸਲੀ ਮਾਧਿਅਮ ਅਸੀਂ ਖ਼ੁਦ ਸੀ, ਜੋ ਅਸੀਂ ਉਹਨਾਂ ਨੂੰ ਨਹੀਂ ਦਿੱਤਾ। ਅਸੀਂ ਆਪਣੇ ਬੱਚਿਆਂ ਦੀਆਂ ਨਜ਼ਰਾਂ ਵਿੱਚ ਦੋਗਲੇ ਹਾਂ। ਸਾਡੇ ਬੱਚਿਆਂ ਦੀ ਸੁਰਤ ਅੰਦਰ ਅੱਜ ਸਾਡਾ ਬਿੰਬ ਹੀ ਸਹੀ ਨਹੀਂ ਤਾਂ ਗੁਰੂਬਿੰਬ ਕਿਥੋਂ ਰੂਪਮਾਨ ਕਰ ਦਿਆਂਗੇ। ਅਸੀਂ ਬੱਚਿਆਂ ਤੋਂ ਸੱਭ ਕੁੱਝ ਖੋਹ ਲਿਆ ਹੈ। ਸਾਡੀ ਹਾਲਤ “ਵਕਤੋਂ ਖੁੰਝੀ ਡੂਮਣੀ” ਵਾਲੀ ਹੈ। ਉਂਝ ਅਜੇ ਵੀ ਵਿਗੜਿਆ ਕੁੱਝ ਨਹੀਂ ਜੇ ਸੰਭਲ ਜਾਈਏ।

ਇਸ ਵਿਸ਼ੇ ਉਪਰ ਮੈਂ ਹਜ਼ਾਰਾਂ ਪੰਨੇ ਲਿਖ ਸਕਦਾ ਹਾਂ, ਥਾਂ ਦੀ ਥੋੜ ਕਰਕੇ ਮੈ ਖੰਡੇ ਵਾਲੇ ਟੈਟੂਆਂ ਦੀ ਗੱਲ ਤੋਂ ਸੰਕੋਚ ਕੀਤਾ ਹੈ।

ਹੁਣ ਲੇਖ ਦੇ ਅੰਤ ਵਿੱਚ ਸਿਰੇ ‘ਤੇ ਗੰਢ ਦੇਣ ਲੱਗਾਂ ਹਾਂ, ਕਿ ਜੇ ਮੇਰੀ ਸੁਰਤ ਵਿਚੋਂ ਮੇਰੇ ਪਿਤਾ ਜੀ ਦੀ ਗੁਰੂ ਮੁਹੱਬਤ ਦੁਆਰਾ ਸਿਰਜਿਆ ਗੁਰੂਬਿੰਬ, ਮੇਰੀ ਇਕਬੰਜਾ ਸਾਲ ਦੀ ਉਮਰ ਤੱਕ ਝੱਖੜਾਂ ਝਾਂਜਿਆਂ ਵਿਚੋਂ ਗੁਜ਼ਰਦਿਆਂ ਮਨਫੀ ਨਹੀਂ ਹੋ ਸਕਿਆ ਤਾਂ ਜਿਹਨਾਂ ਦੀ ਸੁਰਤ ਵਿੱਚ ਤੁਸੀਂ ਗੁਰੂਬਿੰਬ ਦੀ ਥਾਂ ਕਾਰਟੂਨ ਸਥਾਪਤ ਕਰ ਰਹੇ ਹੋ ਉਹ ਕਾਰਟੂਨ ਵੀ ਕਦੀ ਮਨਫ਼ੀ ਨਹੀਂ ਹੋਣਗੇ। ਕਿਉਂਕਿ ਕੋਰੇ ਕਾਗਜ਼ ਉਤੇ ਜੋ ਪਹਿਲਾਂ ਲਿਖਿਆ ਗਿਆ ਸੋ ਲਿਖਿਆ ਗਿਆ।

ਜਦੋਂ ਵੀ ਸਾਹਿਬਜ਼ਾਦਿਆਂ ਦੀ ਗੱਲ ਹੋਵੇਗੀ ਬੱਚਿਆਂ ਦੀ ਸੁਰਤ ਵਿੱਚ ਕਾਰਟੂਨਾਂ ਵਾਲੇ ਚੇਹਰੇ ਹੀ ਰੂਪਮਾਨ ਹੋਣਗੇ। ਪਰ ਕਾਰਟੂਨਾਂ ਵਾਲੇ ਖਿਆਲ ਕਦੀ ਰੂਹਾਨੀ ਥਰਥਰਾਹਟਾਂ ਉਜਾਗਰ ਨਹੀਂ ਕਰ ਸਕਦੇ। ਨਾਂ ਹੀ ਕਾਰਟੂਨਾਂ ਵਾਲੇ ਖਿਆਲ ਕਦੀ ਸਿਦਕ ਦੇ ਰਾਹ ਜਾਂ ਕੋਈ ਆਤਮਕ ਪਹੁੰਚ ਸਿਰਜ ਸਕਦੇ ਹਨ।

ਬੱਚੇ ਇੰਨੇ ਪਵਿੱਤਰ ਹੁੰਦੇ ਹਨ ਕਿ ਉਹਨਾਂ ਵਿੱਚ ਇੱਕ ਬਾਲਗ ਨਾਲੋਂ ਗੁਰੂ ਦਾ ਪਵਿੱਤਰ ਤੇ ਅਸਲੀ ਖਿਆਲ ਸਿਰਜਣ ਦੀ ਸਮਰੱਥਾ ਕਈ ਗੁਣਾਂ ਜ਼ਿਆਦਾ ਹੁੰਦੀ ਹੈ। ਬਸ਼ਰਤੇ ਕਿ ਉਹਨਾਂ ਨੂੰ ਕੋਈ ਫਿਲਮ, ਤਸਵੀਰ ਜਾਂ ਬੁੱਤ ਨਾਂ ਮੁਹੱਈਆ ਕੀਤਾ ਗਿਆ ਹੋਵੇ। ਬੱਚਿਆਂ ਨੂੰ ਸਿੱਖ ਧਰਮ, ਇਤਿਹਾਸ ਅਤੇ ਸਿੱਖ ਕਦਰਾਂ ਕੀਮਤਾਂ  ਤੋਂ ਜਾਣੂ ਕਰਵਾਉਣ ਲਈ, ਰੋਜ਼ਾਨਾਂ ਪੰਦਰਾਂ ਮਿੰਟ ਜਾਂ ਹਫਤਾਵਰੀ ਇੱਕ ਘੰਟਾ ਬਹੁਤ ਹੈ ਕਿਉਂਕਿ ਬਾਕੀ ਕੰਮ ਉਹਨਾਂ ਖ਼ੁਦ ਹੀ ਕਰ ਲੈਣਾ ਹੁੰਦਾ। ਪਰ ਅਫ਼ਸੋਸ ਕਿ ਸਾਨੂੰ ਇਹ ਸੱਭ ਕੁੱਝ ਆਂਉਦਾ ਹੀ ਨਹੀਂ।

ਉੱਚੀ ਸੁਰਤ ਅੰਦਰ ਗੁਰੂ ਦੇ ਖਿਆਲ ਵਿੱਚੋਂ ਗੁਰੂ ਦੇ ਰੱਬੀ ਜਲੌਅ ਅਤੇ ਜਲਵਿਆਂ ਦਾ ਦੀਦਾਰ ਕੀਤਾ ਜਾ ਸਕਦਾ ਹੈ ਪਰ ਬੁੱਤਾਂ, ਤਸਵੀਰਾਂ ਅਤੇ ਫਿਲਮਾਂ ਵਿੱਚ ਇਹ ਕਦੀ ਵੀ ਸਮੋ ਨਹੀਂ ਸਕਦਾ। ਬੁੱਤਾਂ, ਤਸਵੀਰਾਂ ਅਤੇ ਫਿਲਮਾਂ ਵਿੱਚ ਰੱਬੀ ਤਾਸੀਰ ਵਾਲੇ ਜਰਖੇਜ਼ ਖਿਆਲਾਂ ਨੂੰ ਬਾਂਝ ਕਰਨ ਦਾ ਤਾਣ ਹੁੰਦਾ ਹੈ। ਜਿਸ ਦੀ ਮਿਸਾਲ ਸਾਰੇ ਦਾ ਸਾਰਾ ਹਿੰਦੂ ਧਰਮ ਅਤੇ ਹਿੰਦੂ ਇਤਿਹਾਸ ਹੈ ਕਿ ਕਿਸ ਤਰ੍ਹਾਂ ਕੁੱਝ ਗਿਣਤੀ ਦੇ ਹੀ ਹਮਲਾਵਰ ਬੁਤਾਂ ਅੱਗੇ ਖੜਿਆਂ ਲੱਖਾਂ ਲੋਕਾਂ ਨੂੰ ਲੁੱਟ ਕੇ ਤੇ ਕਤਲ ਕਰਕੇ ਸਹੀ ਸਲਾਮਤ ਨਿਕਲ ਜਾਂਦੇ ਸਨ।

ਦੂਸਰਿਆਂ ਦਾ ਮੁਕਾਬਲਾ ਕਰਨਾ ਜਾਂ ਰੀਸ ਕਰਨੀ ਸਿੱਖ ਧਰਮ ਦੀ ਵਿਲੱਖਣ ਹੋਂਦ ਦੇ ਅਨਕੂਲ ਨਹੀਂ ਹੈ। ਮੈਨੂੰ ਪਤਾ ਹੈ ਕਿ ਇਸ ਲਿਖਤ ਦਾ ਵਿਰੋਧ ਕਾਫੀ ਹੋਵੇਗਾ, ਪਰ ਮੈ ਜੋ ਕਹਿਣਾਂ ਚਹੁੰਦਾ ਸੀ ਕਹਿ ਦਿੱਤਾ। ਗੁਰੂ ਸਹਿਬਾਨ ਦੇ ਇਲਾਹੀ ਜਲਾਲ ਨਾਲੋਂ ਨਿਖੱੜੀ ਹਰ ਚੀਜ਼ ਬੁੱਤ ਹੈ । ਜੋ ਚੀਜ਼ ਰੂਹ ਨੂੰ ਤਾਜ਼ਗੀ ਨਹੀਂ ਦੇ ਸਕਦੀ (ਜਜ਼ਬਾਤੀ ਹੋ ਜਾਣਾ ਹੋਰ ਗੱਲ ਹੈ), ਜੋ ਰੂਹਾਨੀ ਅਸੂਲ ਨਹੀਂ ਸਿਰਜ ਸਕਦੀ, ਜੋ ਗੱਲ ਇਖ਼ਲਾਕ ਦੀ ਨੀਂਹ ਨਹੀਂ ਬਣ ਸਕਦੀ,  ਉਸ ਨੂੰ ਕਬੂਲ ਕਰਨਾ ਰੂਹਾਨੀ ਖੁਦਕਸ਼ੀ ਹੀ ਸਾਬਤ ਹੋਵੇਗਾ। ਅੱਜ ਬੁੱਧੀਜੀਵੀ ਵਰਗ ਨੂੰ ਇਸ ਵਿਸ਼ੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top