Share on Facebook

Main News Page

ਤਖਤਾਂ ਦੇ ਜਥੇਦਾਰਾਂ ਦਾ ਸਟੈਂਡ ਆਖਿਰ ਸਾਇਕਲ ਦੇ ਸਟੈਂਡ ਨਾਲੋਂ ਵੀ ਢਿੱਲਾ ਕਿਉਂ ਪੈ ਗਿਆ ਹੈ...?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਜਦੋਂ ਮੈਂ ਛੋਟਾ ਸੀ ਤਾਂ ਸਾਡੇ ਘਰ ਬਹੁਤ ਸਾਰੇ ਸਾਇਕਲ ਸਨ। ਜਿਹਨਾਂ ਤੇ ਮੇਰੇ ਚਾਚੇ ਸਕੂਲ ਕਲਿਜ਼ ਪੜ੍ਹਣ ਜਾਂਦੇ ਸਨ। ਮੈਂ ਵੀ ਥੋੜਾ ਉਡਾਰ ਹੋਇਆ ਤੇ ਸਾਇਕਲ ਸਿੱਖਣ ਦੀ ਵਾਰੀ ਆਈ, ਮੈਨੂੰ ਇੱਕ ਪੁਰਾਣਾ ਜਿਹਾ ਸਾਇਕਲ ਸਿੱਖਣ ਵਾਸਤੇ ਦਿੱਤਾ ਗਿਆ। ਪਰ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਜਿਹੜਾ ਨਵਾਂ ਸਾਇਕਲ ਹੈ ਮੈਂ ਉਸ ਉਤੇ ਸਿੱਖਾਂ। ਲੇਕਿਨ ਜਿਉਂ ਹੀ ਮੈਂ ਉਸ ਨਵੇਂ ਸਾਇਕਲ ਨੂੰ ਹੱਥ ਲਾਇਆ ਤਾਂ ਮੇਰੇ ਦਾਦਾ ਜੀ ਦੂਰੋ ਰੌਲਾ ਪਾਉਂਦੇ ਭੱਜੇ ਆਏ, ਓਹ ਭਾਈ! ਓਹ ਭਾਈ! ਇਹਨੂੰ ਨਾ ਛੇੜੀ, ਇਹਦਾ ਸਟੈਂਡ ਬੜਾ ਸਖਤ ਹੈ। ਪਹਿਲੀ ਗੱਲ ਤੈਥੋਂ ਹਟਣਾ ਨਹੀਂ ਤੇ ਜੇ ਹਟ ਗਿਆ ਫਿਰ ਸੱਟ ਮਾਰੇਗਾ। ਗੱਲ ਵੀ ਸਹੀ ਸੀ, ਓਹ ਸਟੈਂਡ ਇੱਕ ਵਾਰ ਮੇਰੇ ਇੱਕ ਚਾਚੇ ਦੀ ਲੱਤ ਤੇ ਵੱਜਾ ਤੇ ਲਹੂ ਕੱਢ ਦਿੱਤਾ। ਲੇਕਿਨ ਜਦੋਂ ਕੋਈ ਭਾਰੀ ਬੋਰੀ ਵਗੈਰਾ ਲੱਦਣੀ ਹੁੰਦੀ ਸੀ ਤਾਂ ਕਰੜੇ ਸਟੈਂਡ ਵਾਲਾ, ਓਹ ਹੀ ਸਾਇਕਲ ਕੰਮ ਆਉਂਦਾ ਸੀ।

ਵੱਡੇ ਹੋਏ ਲੋਕਾਂ ਤੋਂ ਗੱਲਾਂ ਸੁਨਣੀਆਂ ਕਿ ਓਹ ਵੀ ਕੋਈ ਬੰਦਾ ਹੈ ਉਸਦਾ ਤਾਂ ਕੋਈ ਸਟੈਂਡ ਹੀ ਨਹੀਂ, ਓਹ ਤਾਂ ਡਰਾਕਲ ਹੈ, ਕਿਸੇ ਨੇ ਆਖਣਾ ਓਹ ਅੱਡੀ ਤੇ ਘੁੰਮਦਾ ਹੈ, ਓਹ ਤਾਂ ਚੱਕਵਾਂ ਚੁੱਲ੍ਹਾ ਹੈ ਉਸਦਾ ਕੋਈ ਸਟੈਂਡ ਨਹੀਂ। ਫਿਰ ਸਮਝ ਆਈ ਕਿ ਸਟੈਂਡ ਬੇਸ਼ੱਕ ਸਾਇਕਲ ਦਾ ਹੋਵੇ ਜਾਂ ਬੰਦੇ ਦਾ, ਜੇ ਸਖਤ ਹੋਵੇ ਤੇ ਕਾਇਮ ਹੋਵੇ, ਫਿਰ ਕੋਈ ਕਰਾਮਾਤ ਕਰਦਾ ਹੈ। ਅੱਜ ਮੈਂ ਇਕ ਸਕੂਟਰ ਨੂੰ ਡਿਗਦੇ ਵੇਖਿਆ ਤੇ ਕੋਈ ਕਹਿਣ ਲੱਗਾ ਯਾਰ ਇਸਦਾ ਸਟੈਂਡ ਨਰਮ ਪੈ ਗਿਆ ਹੈ। ਬਸ ਫਿਰ ਮੇਰੇ ਮਨ ਵਿਚ ਸਟੈਂਡ ਘੁੰਮਣ ਲੱਗ ਪਿਆ। ਦੁਪਹਿਰ ਦੀ ਰੋਟੀ ਖਾਂਦੇ ਸਮੇਂ ਬਹੁਤ ਸਾਰੇ ਬੀਤੇ ਦੇ ਅਤੇ ਵਰਤਮਾਨ ਹਾਲਾਤ ਤੇ ਸਟੈਂਡ ਅੱਖਾਂ ਅੱਗੋਂ ਦੀ ਇੱਕ ਫਿਲਮ ਵਾਂਗੂੰ ਲੰਘ ਗਏ। ਛੋਟੇ ਮੋਟੇ ਮਸਲਿਆਂ ਤੋਂ ਲੈਕੇ ਕੌਮ ਦੇ ਦਰਦਾਂ ਦੀ ਦਾਸਤਾਨ ਨੇ ਮੈਨੂੰ ਬੇਚੈਨ ਕਰ ਦਿੱਤਾ।

ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈਕੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ, ਅੱਜ ਅਖਬਾਰਾਂ ਵਿੱਚ ਛਪੇ ਇਸ਼ਤਿਹਾਰ, ਕਿ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 28 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ ਅਤੇ ਇੱਕ ਪਾਸੇ ਇਹਨਾਂ ਮਸਲਿਆਂ ਨੂੰ ਲੈਕੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਦੀ ਹੋ ਰਹੀ ਤਿਆਰੀ ਵਿੱਚ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ, ਜਥੇਦਾਰ ਅਕਾਲ ਤਖਤ ਸਾਹਿਬ, ਜਥੇਦਾਰ ਤਖਤ ਕੇਸਗੜ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਮਾੜੇ ਸਾਇਕਲ ਵਾਂਗੂੰ ਹਿਲਦੇ ਸਟੈਂਡ ਅਤੇ ਦੂਸਰੇ ਪਾਸੇ ਜਥੇਦਾਰ ਤਖਤ ਦਮਦਮਾ ਸਾਹਿਬ ਵੱਲੋਂ ਲਏ ਗਏ ਸਖਤ ਸਟੈਂਡ ਵੱਲ ਵੇਖਕੇ ਮਨ ਅੰਦਰ ਬੜਾ ਕੁੱਝ ਆਇਆ। ਫਿਰ ਕਲਮ ਚੁੱਕਕੇ ਉਸਨੂੰ ਤੁਹਾਡੀ ਜਾਣਕਾਰੀ ਵਾਸਤੇ ਰੋਜ਼ ਦੀ ਤਰਾਂ ਕਾਗਜ਼ ਦੀ ਹਿੱਕ ਤੇ ਉਕਰਨ ਦੀ ਗਲਤੀ ਕਰ ਬੈਠਾ ਹਾ। ਗਲਤੀ ਇਸ ਕਰ ਕੇ ਆਖੀ ਹੈ ਜਿਹਨਾਂ ਦੇ ਸਟੈਂਡ ਦੀ ਗੱਲ ਕਰਨ ਲੱਗਾ ਹਾ, ਸਾਰੇ ਹੀ ਆਪਣੀ ਆਪਣੀ ਥਾਂ ਤੇ ਨੇਹਕਲੰਕ ਜਿੰਨੀ ਸ਼ਕਤੀ ਰਖਦੇ ਹਨ ਅਤੇ ਮੇਰੇ ਵਰਗੇ ਦਾ ਕੁੱਝ ਆਖਣਾ ਉਹਨਾਂ ਨੂੰ ਤਾਂ ਜਖਮ ਤੇ ਲੂਣ ਵਾਂਗੂੰ ਚਮਾਉਂਦਾ ਹੋਵੇਗਾ ਤੇ ਸ਼ਾਇਦ ਓਹ ਇਸਨੂੰ ਗਲਤੀ ਹੀ ਆਖਣ, ਪਰ ਹੈ ਇਹ ਕੌੜਾ ਸਚ ਹੈ।

ਹੁਣ ਸਵਾਲ ਇਹ ਹੈ ਕਿ ਸਟੈਂਡ ਹਿਲਦਾ ਕਦੋਂ, ਕਿਉਂ ਅਤੇ ਕਿਵੇਂ ਹੈ। ਸਾਇਕਲ ਜਾਂ ਸਕੂਟਰ ਦੇ ਸਟੈਂਡ ਸਮਝ ਤਾਂ ਸੌਖੀ ਲੱਗ ਜਾਂਦੀ ਹੈ ਕਿ ਸਪ੍ਰਿੰਗ ਢਿੱਲੇ ਹਨ ਜਾਂ ਜਮੀਨ ਬਰਾਬਰ ਨਹੀਂ ਜਾਂ ਥਾਂ ਗਿੱਲੀ ਹੈ ਜਾਂ ਭਾਰ ਜਿਆਦਾ ਹੈ। ਹੁਣ ਜਿਹਨਾਂ ਬੰਦਿਆਂ ਦੇ ਸਟੈਂਡ ਦੀ ਗੱਲ ਕਰਨ ਲੱਗੇ ਹਾ ਉਹਨਾਂ ਦੇ ਉਪਰੋ ਚੇਹਰੇ ਵੇਖਕੇ ਤਾਂ ਨਹੀਂ ਲੱਗਦਾ ਕਿ ਕੋਈ ਕਮਜ਼ੋਰੀ ਹੈ। ਧਰਮ ਦੀਆਂ ਗੱਲਾਂ ਵੀ ਕਰਦੇ ਹਨ। ਕਦੇ ਕਦੇ ਅਖ਼ਬਾਰੀ ਭੱਬਕੀ ਵੀ ਮਾਰਦੇ ਹਨ ਕਿ ਪੰਥ ਆਰ.ਐਸ.ਐਸ. ਦੀਆਂ ਕਾਰਵਾਈਆਂ ਨੂੰ ਰੋਕਣ ਵਾਸਤੇ ਇੱਕਮੁੱਠ ਹੋਵੇ। ਪਰ ਜਦੋਂ ਕੋਈ ਹੁਕਮ ਵਾਇਆ ਚੰਡੀਗੜ੍ਹ ਹੋਕੇ ਆਉਂਦਾ ਹੈ ਤਾਂ ਸਪਰਿੰਗ ਢਿੱਲੇ ਪੈ ਜਾਂਦੇ ਹਨ। ਜਮੀਨ ਉੱਚੀ ਨੀਵੀ ਹੋ ਜਾਂਦੀ ਹੈ। ਪਿਛਲੇ ਦਿਨੀ ਸਾਧ ਯੂਨੀਅਨ (ਅਖੌਤੀ ਸੰਤ ਸਮਾਜ ਜਿਸਦੇ ਆਗੂ ਬਾਬਾ ਧੁੰਮਾਂ ਤੇ ਹਰੀ ਸਿੰਹੁ ਰੰਧਾਵਾ ਹਨ ) ਦੇ ਨਾਲ ਮਸ਼ਵਰਾ ਕਰਕੇ ਆਰ.ਐਸ.ਐਸ. ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਬਾਰੇ ਪੈਦਾ ਹੋਏ, ਭੰਬਲਭੂਸੇ ਦਾ ਫਾਇਦਾ ਲੈਂਦਿਆਂ, ਇਸਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਖਾਤਮੇ ਦਾ ਠੀਕ ਸਮਾਂ ਮੰਨਕੇ, ਆਪਣੇ ਏਲਚੀਆਂ ਰਾਹੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੂੰ ਇਹ ਤਜਵੀਜ਼ ਭੇਜੀ ਹੈ ਕਿ ਇੱਕ ਤਾਂ ਨਾਨਕਸ਼ਾਹੀ ਕੈਲੰਡਰ ਦੇ ਖਾਤਮੇ ਅਤੇ ਬਿਕ੍ਰਮੀ ਕੈਲੰਡਰ ਦੇ ਲਾਗੂ ਹੋਣ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਬਾਰੇ ਸਿੱਖਾਂ ਵਿੱਚ ਪੈਦਾ ਦੁਬਿਧਾ ਖਤਮ ਹੋ ਜਾਵੇਗੀ, ਦੂਸਰਾ ਸਾਰੇ ਸਾਧ ਖੁਸ਼, ਤੀਸਰਾ ਆਰ.ਐਸ.ਐਸ. ਖੁਸ਼, ਜਿਸ ਨਾਲ ਬੀ.ਜੇ.ਪੀ. ਨਾਲ ਹੋਈ ਖੱਟਮਿਠੀ ਵੀ ਠੀਕ ਹੋ ਜਾਵੇਗੀ। ਤਾਂ ਸਤ੍ਹਾ ਦੇ ਭੁੱਖੇ ਬਾਦਲਾਂ ਨੇ ਜਥੇਦਾਰਾਂ ਦੇ ਸਪ੍ਰਿੰਗ ਇੱਕ ਘੁਰਕੀ ਨਾਲ ਹੀ ਢਿੱਲੇ ਕਰ ਦਿੱਤੇ। ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਹਾਲਤ ਸਭ ਨੂੰ ਪਤਾ ਹੀ ਹੈ ਕਿ ਰਾਜਸੀ ਮਾਮਲਿਆਂ ਦੀ ਕਮੇਟੀ ਵਿਚੋਂ ਵੀ ਬਾਹਰ ਕਰ ਦਿੱਤਾ ਹੈ, ਦੋ ਜਥੇਦਾਰ ਜਿਹੜੇ ਪੰਜਾਬ ਤੋਂ ਬਾਹਰਲੇ ਹਨ, ਉਹਨਾਂ ਦਾ ਵੀ ਸਿੱਖਾਂ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਉਹਨਾਂ ਦੀ ਪੰਥਕ ਕਾਰਜਾਂ ਵਿੱਚ ਕੀਹ ਦੇਣ ਹੁੰਦੀ ਹੈ।

ਪਰ ਕੁਦਰਤ ਬਹੁਤ ਬਲਵਾਨ ਹੈ, ਮੀਰੀ ਪੀਰੀ ਦੇ ਮਾਲਿਕ ਜਾਂ ਕਲਗੀਧਰ ਕਿੰਨਾਂ ਚਿਰ ਪੰਥ ਤੇ ਹੁੰਦੇ ਵਾਰਾਂ ਨੂੰ ਜਰ ਸਕਦੇ ਹਨ। ਉਹਨਾਂ ਨੇ ਕਿਤੇ ਤਾਂ ਨਦਰ ਕਰਕੇ ਪਾਪਾਂ ਦਾ ਘੜਾ ਭੰਨਣਾ ਹੀ ਹੈ। ਗੁਰੂ ਦੀ ਕਿਰਪਾ ਨਾਲ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਜੀ ਨੇ ਇਸ ਮਾਮਲੇ ਤੇ ਆਪਣਾ ਸਟੈਂਡ ਸਖਤ ਕਰ ਲਿਆ। ਹੁਣ ਜੇ ਸ. ਸੁਖਬੀਰ ਸਿੰਘ ਬਾਦਲ ਉਸ ਸਟੈਂਡ ਨੂੰ ਹਟਾਉਣ ਦਾ ਯਤਨ ਕਰਨਗੇ ਤਾਂ ਰਾਜਸੀ ਲੱਤ ਛਿਲਾਉਣ ਦੀ ਤਿਆਰੀ ਰੱਖਣ। ਦੋ ਦਿਨ ਪਹਿਲਾਂ ਵੀ ਦਾਸ ਨੇ ਜਥੇਦਾਰ ਨੰਦਗੜ੍ਹ ਸਾਹਿਬ ਵੱਲੋਂ ਪੰਥ ਦੇ ਹੱਕ ਵਿਚ ਖੜੇ ਹੋਣ ਤੇ ਇੱਕ ਲੇਖ ਲਿਖਿਆ ਸੀ, ਬਹੁਤ ਸਾਰੇ ਲੋਕਾਂ ਨੂੰ ਖਦਸ਼ਾ ਸੀ ਕਿ ਸ਼ਾਇਦ ਜਥੇਦਾਰ ਨੰਦਗੜ੍ਹ ਨੂੰ ਢਿੱਲਾ ਪਾ ਦਿੱਤਾ ਜਾਵੇਗਾ। ਮੇਰੇ ਦਿਲ ਵਿੱਚ ਵੀ ਥੋੜਾ ਜਿਹਾ ਪਾਲਾ ਸੀ ਕਿ ਕਿਤੇ ਓਹੀ ਗੱਲ ਨਾ ਹੋ ਜਾਵੇ।

ਲੇਕਿਨ ਜਦੋਂ ਬਾਦਲ ਸਾਹਿਬ ਦੇ ਪਿਆਰ ਦੇ ਪੋਚੇ ਫੇਲ੍ਹ ਹੋ ਗਏ ਤਾਂ ਫਿਰ ਧਮਕੀਆਂ ਦਾ ਦੌਰ ਆਰੰਭ ਹੋਇਆ ਕਿ ਗੰਨਮੈਨ ਵਾਪਿਸ ਲੈਣੇ ਹਨ ਅਤੇ ਅਸਤੀਫਾ ਨਾ ਦੇਣ ਦੀ ਹਾਲਤ ਵਿਚ ਸਖਤ ਨਤੀਜੇ ਭੁਗਤਨ ਦੀ ਚਿਤਾਵਨੀ ਵੀ ਦੇ ਦਿਤੀ। ਪਰ ਜਥੇਦਾਰ ਨੰਦਗੜ੍ਹ ਨੇ ਆਪਣੇ ਸਟੈਂਡ ਦੇ ਸਪ੍ਰਿੰਗਾਂ ਦੀ ਤੜ੍ਹ ਵਧਾਉਂਦਿਆਂ ਬਿਆਨ ਦੇ ਦਿੱਤਾ ਕਿ ‘‘ਗੋਲੀ ਮਾਰ ਦਿਓ ਅਸਤੀਫਾ ਨਹੀਂ ਦੇਵਾਂਗਾ’’। ਸਭ ਨੂੰ ਪਤਾ ਹੈ ਕਿ ਜਥੇਦਾਰ ਨੰਦਗੜ੍ਹ ਦਾ ਪੁੱਤਰ ਇੱਕ ਜੇਲ੍ਹ ਅਧਿਕਾਰੀ ਹੈ, ਉਸਦੀ ਨੌਕਰੀ ਨੂੰ ਖਤਰਾ ਹੋ ਸਕਦਾ ਹੈ, ਪਰੇਸ਼ਾਨੀਆਂ ਵਧ ਸਕਦੀਆਂ ਹਨ। ਪਰ ਜਥੇਦਾਰ ਜੀ ਨੇ ਸਟੈਂਡ ਤਕੜਾ ਕਰ ਲਿਆ ਹੈ। ਅੱਜ ਦੇਸ਼ ਵਿਦੇਸ਼ ਦੇ ਸਿੱਖ ਜਥੇਦਾਰ ਨੰਦਗੜ੍ਹ ਦੀ ਪ੍ਰਸੰਸਾ ਵੀ ਕਰ ਰਹੇ ਹਨ ਅਤੇ ਹਰ ਔਖੀ ਘੜੀ ਤੇ ਸਾਥ ਦੇਣ ਦਾ ਵਚਨ ਵੀ ਦੇ ਰਹੇ ਹਨ।

ਲੇਕਿਨ ਜੇ ਜਥੇਦਾਰ ਨੰਦਗੜ੍ਹ ਪੰਥ ਦੇ ਹੱਕ ਵਿੱਚ ਅਜਿਹਾ ਸਖਤ ਸਟੈਂਡ ਲੈ ਸਕਦੇ ਹਨ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਕਿਉਂ ਤਿਲਕ ਰਹੇ ਹਨ? ਇਹ ਸਵਾਲ ਵੀ ਸੰਗਤ ਦੇ ਜਿਹਨ ਵਿਚ ਹੈ। ਇਸ ਸਵਾਲ ਦਾ ਸਹੀ ਜਵਾਬ ਲੱਭਣਾ ਵੀ ਜਰੂਰੀ ਸੀ ਕਿ ਜਗਿਆਸੂ ਸੰਗਤ ਨੂੰ ਪਤਾ ਤਾਂ ਹੋਵੇ ਆਖਿਰ ਓਹ ਕਿਹੜੀ ਮਜਬੂਰੀ ਹੈ, ਜਿਸ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਪੰਥ ਦੇ ਹੱਕ ਵਿੱਚ ਖੜੇ ਹੋਣ ਦੀ ਥਾਂ ਹਕੂਮਤ ਦੇ ਨਾਪਾਕ ਇਰਾਦਿਆਂ ਦੇ ਹਮਾਇਤੀ ਬਣੇ ਹੋਏ ਹਨ। ਇਸ ਦੀ ਅੱਜ ਜੰਗੀ ਪਧਰ ਤੇ ਪੜਤਾਲ ਕੀਤੀ ਤੇ ਪਤਾ ਲੱਗਾ ਕਿ ਜਥੇਦਾਰ ਗੁਰਬਚਨ ਸਿੰਘ ਜੀ ਨੇ ਹੁਣੇ ਹੀ ਤਾਂ ਹਾਲੇ ਸੁਖਬੀਰ ਬਾਦਲ ਤੋਂ ਆਪਣੇ ਬੇਟੇ ਨੂੰ ਮਾਰਕੀਟ ਕਮੇਟੀ ਬਰੀਵਾਲਾ ਜਿਲ੍ਹਾ ਮੁਕਤਸਰ ਸਾਹਿਬ ਦਾ ਚੇਅਰਮੈਨ ਬਣਵਾਇਆ ਹੈ, ਬਾਕੀ ਹੋਟਲ ਵਗੈਰਾ ਬਣਾਉਣ ਅਤੇ ਕੁਝ ਥਾਂ ਤੇ ਕਬਜ਼ੇ ਕਰਨ ਦੇ ਕਿੱਸੇ ਪਹਿਲਾਂ ਹੀ ਅਖਬਾਰਾਂ ਜਾਂ ਸੋਸ਼ਲ ਮੀਡਿਆ ਤੇ ਚਰਚਾ ਵਿੱਚ ਸਨ। ਇਹ ਵੀ ਪਤਾ ਲੱਗਾ ਹੈ ਕਿ ਕਰੀਬ ਪਾਉਣੇ ਤਿੰਨ ਦਰਜਨ ਆਪਣੇ ਅੰਗਾਂ ਸਾਕਾਂ ਵਿਚੋਂ ਜਾਂ ਚਹੇਤਿਆਂ ਵਿਚੋਂ ਸ਼੍ਰੋਮਣੀ ਕਮੇਟੀ ਵਿਚ ਮੁਲਾਜਮ ਵੀ ਭਰਤੀ ਕਰਵਾਏ ਹੋਏ ਹਨ। ਫਿਰ ਜਥੇਦਾਰ ਗੁਰਬਚਨ ਸਿੰਘ ਜੀ ਵਿਚਾਰੇ ਕੀਹ ਕਰਨ, ਜਦੋਂ ਏਨਾ ਭਾਰ ਸਰਕਾਰੀ ਅਹਿਸਾਨਾਂ ਜਾਂ ਕਿਸੇ ਪਾਰਟੀ ਜਾਂ ਪਾਰਟੀ ਪ੍ਰਧਾਨ ਦਾ ਹੋਵੇ ਫਿਰ ਸਪ੍ਰਿੰਗ ਕਿਵੇ ਪੋਲੇ ਨਾ ਪੈਣ ?

ਇੰਜ ਹੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਵੀ ਜਿਹੜੇ ਅਚਾਨਕ ਜਥੇਦਾਰ ਤਰਲੋਚਨ ਸਿੰਘ ਦੇ ਅਕਾਲ ਚਲਾਣੇ ਕਾਰਨ ਸ. ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਨਾਲ ਜਥੇਦਾਰ ਦੀ ਪਦਵੀ ਤੇ ਪਹੁੰਚਣ ਵਿੱਚ ਕਾਮਯਾਬ ਹੋਏ ਅਤੇ ਫਿਰ ਆਪਣੇ ਸਪੁੱਤਰ ਨੂੰ ਦਰਬਾਰ ਸਾਹਿਬ ਦਾ ਗ੍ਰੰਥੀ ਨਿਯੁਕਤ ਕਰਵਾਉਣ ਵਿਚ ਵੀ ਸਫਲ ਹੋ ਗਏ ਹਨ। ਉਹਨਾਂ ਦਾ ਸੁਖਬੀਰ ਬਾਦਲ ਦੇ ਹੁਕਮਾਂ ਦੇ ਉਲਟ ਖੜੇ ਹੋਣਾ ਉਂਜ ਹੀ ਧੋਖਾ ਕਿਹਾ ਜਾ ਸਕਦਾ ਹੈ? ਜਿਥੋਂ ਏਡੀ ਵੱਡੀ ਪਦਵੀ ਦੀ ਬਖਸ਼ਿਸ਼ ਹੋਈ ਹੋਵੇ, ਫਿਰ ਉਥੇ ਹੁਕਮ ਅਦੂਲੀ ਕਿਵੇ ਹੋ ਸਕਦੀ ਹੈ ? ਪੰਥ ਕਿਹੜਾ ਦਿਸਦਾ ਹੈ, ਜਿਹੜਾ ਕੋਈ ਨੁਕਸਾਨ ਕਰੇਗਾ, ਰੱਬ ਨੇੜੇ ਕਿ ਘਸੁੰਨ , ਨਾਲੇ ਪੰਥ ਤਾਂ ਸੁਖਬੀਰ ਬਾਦਲ ਹੈ, ਪੰਥ ਮਕੜ ਹੈ, ਜਿਹੜਾ ਜਥੇਦਾਰਾਂ ਦੀ ਨਿਯੁਕਤੀ ਕਰਨ ਅਤੇ ਹਟਾਉਣ ਦਾ ਅਧਿਕਾਰ ਰੱਖਦਾ ਹੈ। ਜਥੇਦਾਰ ਵੀ ਤਾਂ ਉਸ ਪੰਥ ਦਾ ਹੀ ਹੁਕਮ ਮੰਨ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਇਹ ਪੰਥ ਅਕਾਲ ਪੁਰਖ ਦੀ ਰਜ਼ਾ ਵਿਚ ਨਹੀਂ ਚੱਲਦਾ ਇਹਦਾ ਰਹਿਬਰ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਨਹੀਂ ਸਗੋਂ ਇਸਦਾ ਆਕਾ ਤਾਂ ਆਰ.ਐਸ.ਐਸ. ਹੈ। ਫਿਰ ਮੈਂ ਸਮਝਦਾ ਹਾ ਕਿ ਐਵੇ ਅਕਾਲ ਤਖਤ ਸਾਹਿਬ ਤੇ ਜਥੇਦਾਰ ਜਾਂ ਦੂਸਰੇ ਜਥੇਦਾਰਾਂ ਨੂੰ ਕੋਸਣਾ ਗਲਤੀ ਵੀ ਹੋ ਸਕਦੀ ਹੈ? ਜਿਵੇ ਮੈਂ ਅੱਜ ਵਾਲਾ ਇਹ ਲੇਖ ਸ਼ੁਰੂ ਕਰਨ ਵੇਲੇ ਕਿਹਾ ਸੀ ਕਿ ਗਲਤੀ ਕਰ ਰਿਹਾ ਹਾ?

ਹੁਣ ਇੱਕ ਗਲਤੀ ਤੁਸੀਂ ਸਾਰੇ ਪਾਠਕ ਅਤੇ ਗੁਰੂ ਪੰਥ ਨੂੰ ਸਮਰਪਿਤ ਸਿੱਖ ਜਰੁਰ ਕਰ ਲਵੋ। ਜਥੇਦਾਰ ਨੰਦਗੜ੍ਹ ਨੇ ਜੋ ਸਟੈਂਡ ਲਿਆ ਹੈ, ਉਸ ਵਿੱਚ ਤੁਹਾਡੀ ਹਮਾਇਤ ਦੇ ਸਪ੍ਰਿੰਗਾਂ ਨੇ ਹੀ ਕੰਮ ਕਰਨਾ ਹੈ, ਜਥੇਦਾਰੀ ਤੋਂ ਕੱਲ੍ਹ ਨੂੰ ਹਟਾਉਂਦੇ ਅੱਜ ਹਟਾ ਦੇਣ, ਪਰ ਜਦੋਂ ਅਜਿਹਾ ਹੋਵੇ ਫਿਰ ਹਟਾਉਣ ਵਾਲਿਆਂ ਦੀ ਆਤਮਾਂ ਜਰੂਰ ਹਿਲ ਜਾਵੇ ਕਿ ਅਸੀਂ ਕੀਹ ਕਰ ਰਹੇ ਹਾ। ਅੱਜ ਜੇ ਇੱਕ ਜਥੇਦਾਰ ਨੇ ਸਟੈਂਡ ਲਿਆ ਹੈ, ਉਸਨੂੰ ਆਪਣੀ ਜਥੇਦਾਰੀ ਦੀ ਪਦਵੀ ਦੀ ਪ੍ਰਵਾਹ ਨਹੀਂ, ਆਪਣੇ ਪੁੱਤ ਦੀ ਨੌਕਰੀ ਦਾ ਫਿਕਰ ਨਹੀਂ, ਆਪਣੀ ਸੁਰੱਖਿਆ ਗੁਰੂ ਆਸਰੇ ਛੱਡ ਦਿੱਤੀ ਹੈ, ਜੇ ਸਿੱਖ ਸਾਥ ਦੇਣ ਤਾਂ ਕੋਈ ਵੱਡੀ ਗੱਲ ਨਹੀਂ ਜਥੇਦਾਰ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਕੇਸਗੜ੍ਹ ਸਾਹਿਬ ਦਾ ਅੰਦਰਲਾ ਵੀ ਤਾਂ ਜਾਗ ਸਕਦਾ ਹੈ? ਓਹ ਵੀ ਗੁਰੂ ਆਸਰੇ ਆਪਣੇ ਪੁੱਤਰ ਦੀ ਚੇਅਰਮੈਨੀ ਜਾਂ ਗ੍ਰੰਥੀ ਦੀ ਪਦਵੀ ਜਾਂ ਪਾਉਣੇ ਤਿੰਨ ਦਰਜਨ ਆਪਣੇ ਸਬੰਧੀਆਂ ਦੀਆਂ ਨੌਕਰੀਆਂ ਦਾ ਖ਼ਿਆਲ ਛੱਡਕੇ, ਦੋ ਕਰੋੜ ਸਿੱਖਾਂ ਅਤੇ ਅਮੀਰ ਸਿੱਖ ਵਿਰਸੇ ਦਾ ਖਿਆਲ ਰਖਦੇ ਹੋਏ, ਸਰਕਾਰੀ ਸਪ੍ਰਿੰਗਾਂ ਦਾ ਆਸਰਾ ਛੱਡਕੇ, ਸਦੀਵੀ ਨਿਭਣ ਵਾਲਾ ਪੰਥਕ ਸਟੈਂਡ ਆਪਣਾ ਲੈਣ? ਸਾਰੇ ਪੰਥ ਨੂੰ ਅਜਿਹੀ ਅਰਦਾਸ ਕਰਨੀ ਚਾਹੀਦੀ ਹੈ। ਗੁਰੂ ਰਾਖ਼ਾ !!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top