ਅੰਮ੍ਰਿਤਸਰ, 22 ਦਸੰਬਰ – ਗਿਆਨੀ ਗੁਰਬਚਨ ਸਿੰਘ ਨੇ ਅੱਜ ਇਥੇ ਨਾਨਕਸ਼ਾਹੀ
ਕੈਲੰਡਰ ਦੇ ਹਿਮਾਇਤੀ ਤੇ ਵਿਰੋਧੀ ਧੜਿਆਂ ਨਾਲ ਵੱਖੋ ਵੱਖਰੀਆਂ ਮੀਟਿੰਗਾਂ ਕਰਨ ਤੋਂ ਬਾਅਦ
ਐਲਾਨ ਕੀਤਾ ਹੈ ਕਿ ਸਿੰਘ ਸਾਹਿਬਾਨ ਦੀ ਅਗਲੀ ਮੀਟਿੰਗ ਵਿਚ ਇਸ ਕੈਲੰਡਰ ਬਾਰੇ ਆਖਰੀ ਫੈਸਲਾ ਕਰ
ਲਿਆ ਜਾਵੇਗਾ।
ਸੰਤ
ਸਮਾਜ ਦੇ ਪ੍ਰਧਾਨ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਹੇਠ ਮਿਲੇ ਇਸ ਦੇ ਵਫਦ ਨੇ ਅੱਜ ਅਕਾਲ ਤਖਤ
ਦੇ ਜਥੇਦਾਰ ਨੂੰ ਮਿਲ ਕੇ ਮੰਗ ਕੀਤੀ ਕਿ ੨੦੦੩ ਵਿਚ ਸਿੱਖਾਂ ਦੀ ਅੱਡਰੀ ਪਛਾਣ ਦਾ ਪ੍ਰਤੀਕ
ਕਹਿਕੇ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਦੀ ਥਾਂ ਮੁੜ ਬਿਕਰਮੀ ਕੈਲੰਡਰ ਨੂੰ ਹੀ ਲਾਗੂ ਕੀਤਾ
ਜਾਵੇ। ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦਾ ਫੈਸਲਾ ਇਸ ਦੇ ਵੱਖ ਵੱਖ ਪਹਿਲੂਆਂ ਨੂੰ
ਪ੍ਰਮੁੱਖ ਸਿੱਖ ਜਥੇਬੰਦੀਆਂ ਦੀ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਲਿਆ ਗਿਆ ਸੀ।
ਨਾਨਕਸ਼ਾਹੀ ਕੈਲੰਡਰ ਦੇ ਹਿਮਾਇਤੀ ਧੜੇ ਦੀ ਅਗਵਾਈ ਤਖਤ ਸ੍ਰੀ ਦਮਦਮਾ
ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕੀਤੀ ਅਤੇ ਇਸ ਧੜੇ ਵਿਚ ਪੰਥਕ ਤਾਲਮੇਲ
ਕਮੇਟੀ ਦੇ ਮੈਂਬਰ ਵੀ ਸ਼ਾਮਲ ਸਨ। ਇਸ ਧੜੇ ਨੇ ਮੰਗ ਕੀਤੀ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ
ਕੀਤਾ ਜਾਵੇ।
ਇਥੇ ਇਹ ਵਰਨਣਯੋਗ ਹੈ
ਕਿ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਖੁੱਲੇਆਮ ਮੂਲ ਨਾਨਕਸ਼ਾਹੀ
ਕੰਲੰਡਰ ਦੇ ਹੱਕ ਵਿਚ ਆ ਗਏ ਹਨ ਅਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਉਹਨਾਂ ਉੱਤੇ
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਿਕਰਮੀ ਕੈਲੰਡਰ ਦੀ ਹਿਮਾਇਤ ਕਰਨ ਲਈ ਦਬਾਅ
ਪਾ ਰਹੇ ਹਨ। ਸੁਖਬੀਰ ਸਿੰਘ ਬਾਦਲ ਸੰਤ ਸਮਾਜ ਤੇ ਖਾਸ ਕਰਕੇ ਨਾਨਕਸਰ ਵਾਲਿਆਂ ਦੇ ਦਬਾਅ ਹੇਠ ਆ
ਕੇ ਹੀ ਬਿਕਰਮੀ ਕੈਲੰਡਰ ਨੂੰ ਲਾਗੂ ਕਰਨ ਲਈ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬਾਨ ਨੂੰ ਆਦੇਸ਼
ਦੇ ਰਹੇ ਹਨ। ਜਥੇਦਾਰ ਨੰਦਗੜ੍ਹ ਉੱਤੇ ਦਬਾਅ ਪਾਉਣ ਲਈ ਪੰਜਾਬ ਸਰਕਾਰ ਨੇ ਉਹਂਨਾਂ ਦੀ ਸੁਰੱਖਿਆ
ਵਾਪਸ ਲੈ ਲਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੁਖਬੀਰ ਸਿੰਘ ਬਾਦਲ ਬੜੀ ਕਸੂਤੀ
ਸਥਿਤੀ ਵਿਚ ਫਸ ਗਏ ਹਨ ਕਿਉਂਕਿ ਸਿੱਖਾਂ ਦੀ ਵੱਖਰੀ ਹੋਂਦ ਤੇ ਪਛਾਣ ਇੱਕ ਵਾਰੀ ਫਿਰ ਅਕਾਲੀ ਦਲ
ਦੇ ਏਜੰਡੇ ਉੱਤੇ ਹੈ ਅਤੇ ਪਾਰਟੀ ਨੇ ਇਹ ਮੰਗ ਮੁੜ ਉਭਾਰਨੀ ਸ਼ੁਰੂ ਕਰ ਦਿੱਤੀ ਹੈ ਕਿ ਸੰਵਿਧਾਨ
ਦੀ ੨੫ ਧਾਰਾ ਦੀ ਉਹ ਮੱਦ ਖਾਰਜ ਕੀਤੀ ਜਾਵੇ ਜਿਸ ਵਿਚ ਸਿੱਖਾਂ ਨੂੰ ਵੀ ਹਿੰਦੂ ਹੀ ਦਰਸਾਇਆ
ਗਿਆ ਹੈ।
ਹੁਣ ਸਵਾਲ ਇਹ ਹੈ ਕਿ ਕੀ ਤਖਤਾਂ ਦੇ ਜਥੇਦਾਰਾਂ ਨੂੰ ਨਾਨਕਸ਼ਾਹੀ ਕੈਲੰਡਰ
ਦੀ ਥਾਂ ਬਿਕਰਮੀ ਕੈਲੰਡਰ ਲਾਗੂ ਕਰਨ ਦਾ ਅਧਿਕਾਰ ਹੈ ਜਾਂ ਨਹੀਂ, ਕਿਉਂਕਿ ਇਹ ਫੈਸਲਾ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਕੀਤਾ ਹੋਇਆ ਹੈ। ਉੰਜ ਵੀ ਸਿੰਘ ਸਾਹਿਬਾਨ ਇਸ
ਕੈਲੰਡਰ ਵਰਗੇ ਵਿਗਿਆਨਕ ਵਿਸ਼ੇ ਦੇ ਮਾਹਰ ਨਹੀਂ ਹਨ। ਅਕਾਲ ਤਖਤ ਦੇ ਜਥੇਦਾਰ ਕੁਝ ਦਿਨ ਪਹਿਲਾਂ
ਹੀ ਜਨਤਕ ਤੌਰ ਉੱਤੇ ਇਹ ਕਹਿ ਚੁੱਕੇ ਹਨ ਕਿ ਇਸ ਮਾਮਲੇ ਨੂੰ ਮਾਹਰਾਂ ਦੀ ਉਸ ਕਮੇਟੀ ਵਲੋਂ
ਨਜਿੱਠਿਆ ਜਾਣਾ ਚਾਹੀਦਾ ਹੈ ਜਿਸ ਵਿਚ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੇਵਾਲ
ਜਰੂਰ ਸ਼ਾਮਲ ਹੋਣ।
ਜੇ
ਨਾਨਕਸ਼ਾਹੀ ਕੈਲੰਡਰ ਦੀ ਥਾਂ ਮੁੜ ਬਿਕਰਮੀ ਕੈਲੰਡਰ ਨੂੰ ਲਾਗੂ ਕਰਨ ਦਾ ਫੈਸਲਾ ਹੋ ਜਾਂਦਾ ਹੈ,
ਤਾਂ ਫਿਰ ਸ਼੍ਰੋਮਣੀ ਆਕਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਵਿਧਾਨ ਵਿਚੋਂ
੨੫ ਧਾਰਾ ਦੀ ਉਹ ਮੱਦ ਖਾਰਜ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਰਹਿਣਾ, ਜਿਸ ਵਿਚ ਸਿੱਖਾਂ ਨੂੰ
ਹਿੰਦੂ ਸਮਾਜ ਦਾ ਹੀ ਹਿੱਸਾ ਮੰਨਿਆ ਗਿਆ ਹੈ। ਇਹ ਫੈਸਲਾ ਆਰ.ਐਸ.ਐਸ. ਦੇ ਏਜੰਡੇ ਨੂੰ ਲਾਗੂ
ਕਰਨ ਦੇ ਬਰਾਬਰ ਹੋਵੇਗਾ।