ਮੈਨੂੰ
ਪ੍ਰਚਾਰਕ ਦੇ ਤੌਰ 'ਤੇ ਵਿਚਰਦਿਆਂ ਤਕਰੀਬਨ 9 ਕੁ ਸਾਲ ਹੋ ਚੱਲੇ ਹਨ ਅਤੇ ਇਸ ਸਮੇਂ ਦੌਰਾਨ ਮੈਨੂੰ
ਪੰਜਾਬ ਤੋਂ ਇਲਾਵਾ ਬਾਹਰ ਦੇਸ਼ਾਂ ਵਿਦੇਸ਼ਾਂ ਦੇ ਗੁਰਦੁਆਰਿਆਂ ਪਿੰਡਾਂ –ਸਕੂਲਾਂ ਅਤੇ ਕਾਲਜਾਂ
ਵਿੱਚ ਵਿਚਰਨ ਦਾ ਮੌਕਾ ਮਿਲਿਆ। ਇਨ੍ਹਾਂ ਸਭ ਥਾਵਾਂ ਦੇ ਭਰਮਨ ਤੋਂ ਬਾਅਦ ਇੱਕ ਗੱਲ ਆਪਣੇ ਨਿੱਜੀ
ਤਜਰਬੇ ਤੇ ਮਹਿਸੂਸ ਕਰਦਾ ਹਾਂ ਤੇ ਸੋਚਦਾ ਹਾਂ। ਖਾਸਕਰ ਸਾਡੇ ਪੰਜਾਬ ਦੇ ਬੱਚਿਆਂ ਨੂੰ ਦੇਖਦਾ
ਹਾਂ ਤਾਂ ਬੜਾ ਤਰਸ ਆਉਂਦਾ ਹੈ। ਅਸੀਂ ਕਹਿੰਦੇ ਹਾਂ ਕਿ ਸਾਡੇ ਬੱਚੇ ਸਿੱਖੀ ਤੋਂ ਦੂਰ ਹੋ ਗਏ,
ਨਸ਼ਿਆਂ ਵਿੱਚ ਗਲਤਾਨ ਹੋ ਗਏ, ਸਿੱਖੀ ਤੌਂ ਦੂਰ ਹੋ ਗਏ, ਪਰ ਅਸੀਂ ਆਪਣੇ ਬੱਚਿਆਂ ਲਈ ਕੀਤਾ ਵੀ
ਕੀ ਹੈ?
ਅਜੋਕੇ ਸਮੇਂ ਅੰਦਰ ਗੁਰੂ ਸਾਹਿਬਾਨ ਦੇ ਨਾਮ 'ਤੇ ਚੱਲਣ ਵਾਲੇ ਸਕੂਲਾਂ
ਤੇ ਕਾਲਜਾਂ ਦੀ ਥੁੱੜ ਨਹੀਂ ਹੈ। ਹਰੇਕ ਨਿੱਕੇ ਜਿਹੇ ਪਿੰਡ ਤੋਂ ਲੈ ਕੇ ਵੱਡੇ-ਵੱਡੇ ਮਹਾਨਗਰਾਂ
ਵਿੱਚ ਗੁਰੂ ਸਾਹਿਬਾਨ ਦੇ ਨਾਮ 'ਤੇ ਚੱਲਣ ਵਾਲੇ ਬਹੁਤ ਸਾਰੇ ਵਿੱਦਿਅਕ ਅਦਾਰੇ ਤਾਂ ਮਿਲ ਜਾਣਗੇ,
ਪਰ ਇਸ ਗੱਲ ਨੂੰ ਘੋਖਣ ਦਾ ਯਤਨ ਕਰੋ ਕਿ ਉਨ੍ਹਾਂ ਅਦਾਰਿਆਂ ਵਿੱਚ ਕਿੰਨ੍ਹਾਂ ਕੁ ਗੁਰੂ
ਸਾਹਿਬਾਨ ਦੀ ਬਾਣੀ, ਉਨ੍ਹਾਂ ਦਾ ਇਤਿਹਾਸ 'ਤੇ ਗੁਰੂ ਸਾਹਿਬਾਨ ਦੇ ਸਿਧਾਤਾਂ ਨੂੰ ਦ੍ਰਿੜ
ਕਰਵਾਇਆ ਜਾਂਦਾ ਹੈ। ਜੇ ਕਰਵਾਇਆ ਵੀ ਜਾਂਦਾ ਹੋਵੇਗਾ ਤਾਂ ਗਿਣਤੀ ਵਿੱਚ ਬਹੁਤ ਘੱਟ ਹੋਣਗੇ।
ਦੁਖਾਂਤ ਇਸ ਗੱਲ ਦਾ ਹੈ ਸਾਡੇ ਬੱਚਿਆਂ ਨੂੰ ਵਿਗੜੇ ਹੋਏ ਹੀਰ-ਰਾਂਝੇ,
ਲੈਲਾ ਮਜਨੂੰ, ਸੱਸੀ ਪੁੰਨੂ, ਮਿਰਜ਼ਾ ਸਾਹਿਬਾਂ ਦੇ ਕਿੱਸੇ ਕਹਾਣੀਆਂ ਤਾਂ ਖੂਬ ਪੜ੍ਹਾਏ ਜਾਂਦੇ
ਹਨ, ਪਰ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਤੇ ਉਨ੍ਹਾਂ ਮਹਾਨ ਗੁਰਸਿੱਖ ਯੋਧਿਆਂ ਦਾ ਇਤਿਹਾਸ
ਨਹੀਂ ਪੜ੍ਹਾਇਆ ਜਾਂਦਾ ਹੈ। ਦਸੂਹੇ ਦੇ ਲਾਗਲੇ ਪਿੰਡਾਂ ਵਿੱਚ ਸਾਨੂੰ ਗੁਰਮਤਿ ਦੀਆਂ ਕਲਾਸਾਂ
ਲਗਾਉਣ ਦਾ ਮੌਕਾ ਮਿਲਿਆ ਆਰਮੀ ਸਕੂਲਾਂ, ਕਾਨਵੈਂਟ ਤੇ ਡੀ.ਏ.ਵੀ. ਸਕੂਲਾਂ ਵਿੱਚ ਪੜ੍ਹਨ ਵਾਲੇ
ਸੱਤਵੀਂ –ਸੱਤਵੀਂ ਅੱਠਵੀਂ-ਅੱਠਵੀਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਤੱਕ ਨਹੀਂ
ਆਉਂਦੀ।
ਸਾਡੇ ਪਿੰਡਾਂ ਵਿੱਚ ਪੜ੍ਹਨ ਵਾਲੇ ਬੱਚੇ ਹਮ ਕੋ ਤੁਮ ਕੋ ਕਹਿਣ ਲੱਗ ਪਏ
ਹਨ। ਹਿੰਦੀ ਤੇ ਅੰਗਰੇਜ਼ੀ ਪੰਜਾਬੀ ਉੱਤੇ ਭਾਰੂ ਹੋ ਚੁੱਕੀ ਹੈ। ਮੈਨੂੰ ਇੱਕ ਹੋਰ ਖਬਰ ਪੜ੍ਹ ਕੇ
ਬੜੀ ਹੈਰਾਨਗੀ ਹੋਈ ਕਿ ਲੁਧਿਆਣੇ ਦੇ ਇੱਕ ਸਕੂਲ ਵਿੱਚ ਗੁਰੁ ਨਾਨਕ ਸਾਹਿਬ ਦੀਆਂ
ਛੋਟੀਆਂ-ਛੋਟੀਆਂ ਮੂਰਤੀਆਂ ਵੰਡੀਆਂ ਗਈਆਂ। ਜਿਹੜਾ ਗੁਰੂ ਨਾਨਕ ਆਪਣੇ ਸਾਰੇ ਜੀਵਨ ਵਿੱਚ ਇੰਨ੍ਹਾਂ
ਵਹਿਮਾਂ-ਭਰਮਾਂ ਤੋਂ ਤੋੜਦਾ ਰਿਹਾ ਹੈ। ਉਸੇ ਗੁਰੂ ਨਾਨਕ ਦੀ ਸੋਚ ਤੋਂ ਉਲਟ ਇਹ ਸਭ ਕੁੱਝ ਜਾਣ
ਬੁੱਝ ਕੇ ਕੀਤਾ ਜਾ ਰਿਹਾ ਹੈ। ਜੇ ਕਾਨਵੈਂਟ ਸਕੂਲਾਂ ਵਿੱਚ ਇਸਾਈ ਮੱਤ ਦੀ ਵਿੱਦਿਆ ਦਿੱਤੀ ਜਾ
ਸਕਦੀ ਹੈ, ਡੀ.ਏ.ਵੀ. ਸਕੂਲਾਂ ਕਾਲਜਾਂ ਵਿੱਚ ਸਨਾਤਨੀ ਮੱਤ ਦੀ ਵਿੱਦਿਆ ਦਿੱਤੀ ਜਾ ਸਕਦੀ ਹੈ।
ਸਾਡੇ ਗੁਰੂ ਸਾਹਿਬਾਨ ਦੇ ਨਾਮ 'ਤੇ ਚੱਲਣ ਵਾਲੇ ਇਨ੍ਹਾਂ ਵਿੱਦਿਅਕ ਅਦਾਰਿਆਂ ਵਿੱਚ ਅਜਿਹਾ ਉਲਟ
ਕਿਉਂ ?
ਸ਼ਾਡੇ ਲੋਕਾਂ ਨੇ ਤਾਂ ਗੁਰੂ ਸਾਹਿਬਾਨ ਦੇ ਨਾਮ ਦੇ ਫੱਟੇ ਕੇਵਲ ਆਪਣੇ
ਬਿਜ਼ਨਿਸ ਚਲਾਉਣ ਲਈ ਰੱਖੇ ਹਨ। ਉਨ੍ਹਾਂ ਸਕੂਲਾਂ-ਕਾਲਜਾਂ ਦੀਆਂ ਫੀਸਾਂ ਤੇ ਖਰਚੇ ਵੀ ਇਤਨੇ
ਜ਼ਿਆਦਾ ਹਨ। ਸਾਡੇ ਬੱਚਿਆਂ ਨੂੰ ਜੇ ਗੁਰੂ ਸਾਹਿਬਾਨ ਬਾਰੇ ਪੜਾਇਆ ਵੀ ਜਾਂਦਾ ਹੈ ਤਾਂ ਗਲਤ
ਕਰਾਮਾਤੀ ਸਾਖੀਆਂ ਜੋ ਗੁਰੂ ਸਾਹਿਬਾਨ ਦੇ ਸਿਧਾਂਤ ਤੋਂ ਬਿਲਕੁੱਲ ਉਲਟ ਨੇ ਉਨ੍ਹਾਂ ਪੜ੍ਹਾਇਆਂ
ਜਾਂਦਾ ਹੈ। ਗੁਰਬਾਣੀ ਦੇ ਸ਼ਬਦਾਂ ਦੇ ਗਲਤ ਅਰਥ ਪੜ੍ਹਾਏ ਜਾ ਰਹੇ ਹਨ। ਕਿਤਨੇ ਕੁ ਅਜਿਹੇ ਇਹੋ
ਜਿਹੇ ਸਕੂਲ ਨੇ ਜਿਨ੍ਹਾਂ ਵਿੱਚ ਗੁਰਮਤਿ ਕਾਲਜਾਂ ਤੋਂ ਸਿੱਖਿਆ ਲੈ ਕੇ ਗੁਰਮਤਿ ਦੇ ਧਾਰਨੀ
ਅਧਿਆਪਕ ਹਨ? ਕਿੰਨ੍ਹੇ ਕੁ ਅਜਿਹੇ ਸਕੂਲ ਹਨ? ਜਿਨ੍ਹਾਂ ਵਿੱਚ ਬਕਾਇਦਾ ਗੁਰਮਤਿ ਦਾ ਇੱਕ ਵਿਸ਼ਾ
ਹੈ। ਕਿਤਨੇ ਅਦਾਰੇ ਨੇ ਜਿੰਨ੍ਹਾਂ ਵਿੱਚ ਗੁਰੂ ਸਾਹਿਬਾਨ ਦੇ ਨਾਮ ਦੀ ਸ਼ਰਮ ਕਰਕੇ ਗਰੀਬ ਲੋੜਵੰਦ
ਬੱਚਿਆਂ ਨੂੰ ਫਰੀ ਜਾਂ ਘੱਟ ਖਰਚਿਆਂ 'ਤੇ ਪੜਾਇਆ ਜਾ ਰਿਹਾ ਹੈ? ਸਾਡੀਆਂ ਸ਼੍ਰੋਮਣੀ ਜਥੇਬੰਦੀਆਂ
ਨੂੰ ਚਾਹੀਦਾ ਹੈ ਕਿ ਗੁਰਮਤਿ ਦਾ ਵਿਸ਼ਾ ਹਰੇਕ ਸਕੂਲ ਕਾਲਜ ਖਾਸ ਕਰ ਜੋ ਗੁਰੂ ਸਾਹਿਬਾਨ ਦੇ ਨਾਮ
'ਤੇ ਚੱਲਣ ਵਾਲੇ ਅਦਾਰਿਆਂ ਵਿੱਚ ਲਾਜ਼ਮੀ ਬਣਾਇਆ ਜਾਵੇ। ਗੁਰੂ ਸਾਹਿਬਾਨ ਦੇ ਨਾਮ ਦੀ ਆਪਣੇ
ਵਪਾਰ ਲਈ ਦੁਰਵਰਤੋਂ ਨਾ ਹੋ ਸਕੇ।