ਸਿੱਖ
ਕੈਦੀਆਂ ਦੀ ਰਿਹਾਈ ਦਾ ਮੁੱਦਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ । ਭਾਈ ਗੁਰਬਖਸ਼ ਸਿੰਘ ਦੀ
ਭੁੱਖ ਹੜ੍ਹਤਾਲ ਨੂੰ ਵੀ ਅੱਜ ੩੪/੩੫ ਦਿਨ ਹੋ ਗਏ ਹਨ । ਕਿਹੜ੍ਹਾ ਪੰਥਕ ਸਿੱਖ ਹੈ, ਜੋ ਸਿੱਖ
ਬੰਦੀਆਂ ਦੀ ਰਿਹਾਈ ਦੀ ਹਮਾਇਤ ਨਹੀਂ ਕਰਦਾ ਹੋਵੇਗਾ । ਹਰ ਸਿੱਖ ਹਿਰਦਾ ਜੇਲ੍ਹਾਂ ਵਿੱਚ ਬੰਦ
ਸਿੰਘਾਂ ਲਈ ਤੜ੍ਹਪ ਰੱਖਦਾ ਹੈ । ਹਰ ਸਿੱਖ ਚਾਹੁੰਦਾ ਹੈ ਕਿ ਉਹ ਘੜ੍ਹੀ ਛੇਤੀ ਤੋਂ ਛੇਤੀ ਆਵੇ
ਜਦੋਂ ਇਹ ਵੀਰ ਮੁੜ੍ਹ ਆਪਣੇ ਪਰਿਵਾਰਾਂ ਵਿੱਚ ਪਹੁੰਚ ਕੇ ਵੱਸਣ ਰੱਸਣ, ਤੇ ਖੁਸ਼ੀਆਂ ਮਾਨਣ ।
ਇਸ ਵਾਰ ਹੈਰਾਨੀ ਤਾਂ ਇਸ ਗੱਲ ਤੇ ਹੋ ਰਹੀ ਹੈ ਕਿ ਗੈਰ ਪੰਥਕ ਲੋਕ, ਬਲਕਿ
ਪੰਥ ਦੁਸ਼ਮਣ ਵੀ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ ਵਿੱਚ ਬੋਲ ਰਹੇ ਹਨ । ਜਿਸ ਆਰ.ਐਸ.ਐਸ.
ਪਰਿਵਾਰ ਨੇ ਪੰਜਾਬੀ ਸੂਬੇ ਦੇ ਮੋਰਚੇ ਤੋਂ ਲੈ ਕੇ ਦਰਬਾਰ ਸਾਹਿਬ ਤੇ ਭਾਰਤੀ ਫੌਜੀ ਹਮਲੇ ਤੱਕ,
ਹਰ ਸਿੱਖ ਇਸ਼ੂ ਤੇ ਪੰਥਕ ਧਿਰ ਦੀ ਮੁਖਾਲਫਤ ਕੀਤੀ, ਦੁਸ਼ਮਣੀ ਨਿਭਾਈ, ਦਰਬਾਰ ਸਾਹਿਬ ਤੇ ਹਮਲੇ
ਦੀ ਖੁਸ਼ੀ ਵਿੱਚ ਲੱਡੂ ਵੰਡੇ, ਸਿੱਖਾਂ ਦੇ ਕਾਤਲਾਂ ਨੂੰ ਸਨਮਾਨਤ ਕੀਤਾ, ਤੇ ਸਿੱਖ ਦੁਸ਼ਮਣੀ ਦਾ
ਕੋਈ ਵੀ ਮੌਕਾ ਹੱਥੋਂ ਜਾਣ ਹੀ ਨਹੀਂ ਦਿੱਤਾ, ਅੱਜ ਉਸ ਆਰ.ਐਸ.ਐਸ. ਪਰਿਵਾਰ ਦੇ ਮੈਂਬਰ ਭਾਈ
ਗੁਰਬਖਸ਼ ਸਿੰਘ ਦੇ ਹਾਜਰੀਆਂ ਭਰ ਰਹੇ ਹਨ, ਤੇ ਸਿੱਖ ਕੈਦੀਆਂ ਦੀ ਰਿਹਾਈ ਦੇ ਹੱਕ ਵਿੱਚ ਬਿਆਨ
ਵੀ ਦੇ ਰਹੇ ਹਨ । ਭਾਈ ਦਵਿੰਦਰ ਸਿੰਘ ਭੁੱਲਰ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਤੇ
ਲਟਕਵਾਣ ਲਈ ਜੋ ਲੋਕ ਹਮੇਸ਼ਾਂ ਬਹੁਤ ਕਾਹਲੇ ਰਹੇ ਨੇ, ਅੱਜ ਉਹ ਉਸੇ ਧਿਰ ਤੇ ਸੋਚ ਦੇ ਬੰਦੀ
ਸਿੰਘਾਂ ਦੀ ਰਿਹਾਈ ਦੀ ਹਮਾਇਤ ਵਿੱਚ ਬੋਲ ਰਹੇ ਨੇ! ਹੈਰਾਨੀ ਹੋਣੀ ਤਾਂ ਕੁਦਰਤੀ ਹੈ । ਇਹ
ਬੀਜੇਪੀ ਲਈ ਪੰਜਾਬ ਵਿੱਚ ਆਧਾਰ ਬਨਾਉਣ ਦਾ ਇੱਕ ਸਿਆਸੀ ਪੈਂਤੜਾ ਹੋ ਸਕਦਾ ਹੈ, ਪਰ ਹੈ ਤਾਂ
ਫਿਰ ਵੀ ਹੈਰਾਨੀ ਦੀ ਗੱਲ, ਜੋ ਪੰਥਕ ਸੋਚ ਰੱਖਣ ਵਾਲਿਆਂ ਲਈ ਗੰਭੀਰ ਸੋਚ ਦਾ ਵਿਸ਼ਾ ਬਣਦੀ ਹੈ ।
ਜਿਸ ਪਾਸੇ ਆਰ.ਐਸ.ਐਸ. ਤੇ ਬੀਜੇਪੀ ਖੜੀ੍ਹ ਦਿੱਖ ਜਾਵੇ, ਉਸ ਪਾਸੇ ਖੜ੍ਹਨ ਤੋਂ ਪਹਿਲਾਂ ਸੋ
ਵਾਰ ਸੋਚਣਾ ਤਾਂ ਬਣਦਾ ਹੀ ਹੈ ।
ਪੰਥਕ ਹਿੱਤ ਵਿੱਚ ਇੱਕ ਕਦਮ ਵੀ ਚੁੱਕਣ ਵਾਲਾ ਹਰ ਵੀਰ ਮੇਰੇ ਲਈ ਸਤਿਕਾਰ
ਦਾ ਪਾਤਰ ਹੈ, ਤੇ ਇਸੇ ਨਾਤ੍ਹੇ ਭਾਈ ਗੁਰਬਖਸ਼ ਸਿੰਘ ਵੀ । ਉਹ ਅਗਰ ਮਕਸਦ ਵਿੱਚ ਕਾਮਯਾਬ ਹੁੰਦੇ
ਹਨ, ਤੇ ਉਹਨਾਂ ਦੇ ਯਤਨਾਂ ਸਦਕਾ ਬੰਦੀ ਵੀਰਾਂ ਨੂੰ ਰਿਹਾਈ ਮਿੱਲਦੀ ਹੈ ਤਾਂ ਇਹ ਇੱਕ ਵੱਡੀ
ਖੁਸ਼ੀ ਦੀ ਗੱਲ ਹੋਵੇਗੀ ।
ਅੱਜ ਆਰ.ਐਸ.ਐਸ. ਦੀਆਂ ਪੰਜਾਬ ਵਿੱਚ ਚੱਲ ਰਹੀਆਂ ਸਰਗਰਮੀਆਂ 'ਤੇ ਹਰ
ਕੋਈ ਬੋਲ ਰਿਹਾ ਹੈ, ਤੇ ਚਿੰਤਾ ਪਰਗਟ ਕਰ ਰਿਹਾ ਹੈ । ਇਹ ਸਿੱਖ ਸੋਚ ਦੇ ਹਿਸਾਬ ਨਾਲ ਚੰਗਾ
ਲੱਗਦਾ ਹੈ । ਚੰਗਾ ਲੱਗਦਾ ਹੈ ਕਿ ਸਿੱਖ ਆਪਣੀ ਵਿਲੱਖਣਤਾ ਬਾਰੇ, ਤੇ ਭਵਿੱਖ ਬਾਰੇ ਚੇਤੰਨ ਹੋ
ਰਹੇ ਹਨ । ਅੱਜ ਵਕਤ ਹੈ ਕਿ ਇਸ ਖਤਰੇ ਦੇ ਪਿਛੋਕੜ੍ਹ ਤੇ ਡੂੰਘੀ
ਝਾਤ ਵੀ ਮਾਰੀ ਜਾਵੇ, ਤੇ ਕਸੂਰਵਾਰ ਵਿਅਕਤੀਆਂ ਤੇ ਗਰੁੱਪਾਂ ਨੂੰ ਲਿਆ ਕੇ ਪੰਥਕ ਕਟਿਹਰੇ ਵਿੱਚ
ਖੜ੍ਹਾ ਕੀਤਾ ਜਾਵੇ ।
ਪੰਜਾਬ ਵਿੱਚ ਪਹਿਲੀ ਗੈਰ ਕਾਂਗਰਸੀ, ਅਕਾਲੀ ਦਲ ਦੀ ਅੱਗਵਾਈ ਵਾਲੀ
ਸਰਕਾਰ ਸ਼ਾਇਦ ੧੯੬੭ ਵਿੱਚ ਬਣੀ ਸੀ, ਤੇ ਜਸਟਿਸ ਗੁਰਨਾਮ ਸਿੰਘ ਇਸ ਦੇ ਚੀਫ ਮਨਿਸਟਰ ਸਨ । ਇਹ
ਸਰਕਾਰ ਟੁੱਟਣ ਬਾਦ ਦੂਜੀ ਵਾਰ ਗੈਰ ਕਾਂਗਰਸੀ ਸਰਕਾਰ ਅਕਾਲੀ+ਜਨਸੰਘ ਸਰਕਾਰ ਸੀ, ਤੇ ਉਸ ਦੇ
ਚੀਫ ਮਨਿਸਟਰ ਪਰਕਾਸ਼ ਸਿੰਘ ਬਾਦਲ ਸਨ । ਕਾਂਗਰਸ ਦੀ ਮੁਖਾਲਫਤ ਉਸ ਵੇਲੇ ਪੰਥ ਵਿੱਚ ਬਹੁਤ ਹਾਵੀ
ਸੀ, ਇਸ ਕਰ ਕੇ ਉਸ ਦੇ ਖਿਲਾਫ ਜਨਸੰਘ ਨਾਲ ਸਾਂਝ ਬਹੁਤ ਘੱਟ ਲੋਕਾਂ ਨੂੰ ਬੁਰੀ ਲੱਗੀ ਹੋਵੇਗੀ
। ਇੱਥੇ ਮੈਂ ਇੱਕ ਗੱਲ ਕਹਿੰਦਾ ਚੱਲਾਂ ਕਿ ਮੈਂ ਕੋਈ ਇੱਤਹਾਸਿਕ ਲੇਖ ਨਹੀਂ ਲਿੱਖ ਰਿਹਾ, ਜੋ
ਦਿੱਤੇ ਕਿਸੇ ਸੰਨ, ਤਰੀਕ ਦੇ ਠੀਕ ਹੋਣ ਦੀ ਗਾਰੰਟੀ ਕਰ ਸਕਾਂ, ਕੇਵਲ ਘਟਨਾਕਰਮ ਦੀ ਗੱਲ ਹੀ ਕਰ
ਰਿਹਾ ਹਾਂ ।
ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਨੇ ਇਹ ਮਹਿਸੂਸ ਕਰ ਲਿਆ ਸੀ, ਕਿ
ਕਾਂਗਰਸ ਦੇ ਖਿਲਾਫ ਜੇ ਸੱਤਾ ਤੇ ਕਾਬਜ਼ ਹੋਣਾ ਤੇ ਰਹਿਣਾ ਹੈ, ਤਾਂ ਇਸ ਦਾ ਸਹੀ ਫਾਰਮੂਲਾ, ਦੋ
ਜਮਾਂ ਦੋ ਚਾਰ ਵਾਲਾ, ਅਕਾਲੀ+ਜਨਸੰਘ ਟਾਈਪ ਦੀ "ਹਿੰਦੂ ਸਿੱਖ ਏਕਤਾ" ਦਾ ਫਾਰਮੂਲਾ ਹੀ ਹੋ ਸਕਦਾ
ਹੈ । ਇਸ ਤੋਂ ਬਾਦ ਬਾਦਲ ਪਰਿਵਾਰ ਤੇ ਅਕਾਲੀ ਦਲ ਨੇ ਕਦੇ ਪਿੱਛੇ ਮੁੜ੍ਹ ਕੇ ਨਹੀਂ ਦੇਖਿਆ ।
ਇਸ ਏਕਤਾ ਦੇ ਕਿਸੇ ਹੋਰ ਪਹਿਲੂ ਤੇ ਮੁੜ੍ਹ ਵਿਚਾਰ ਨਹੀਂ ਕੀਤੀ ਗਈ । ਆਰ.ਐਸ.ਐਸ. ਜਿਸ ਵਿੱਚ
ਕਦੇ ਕੋਈ ਚੰਗਾ ਸਿੱਖ ਤਾਂ ਦੂਰ, ਕੋਈ ਪੱਗੜੀ ਵਾਲਾ ਵੀ ਦਿਖਾਈ ਨਹੀਂ ਸੀ ਦਿੰਦਾ ਹੁੰਦਾ, ਕਿਵੇਂ
ਪੰਜਾਬ ਵਿੱਚ ਆਪਣੇ ਪੈਰ ਪਸਾਰਦੀ ਚਲੀ ਗਈ, ਇਹ ਵਿਸ਼ਾ ਤਾਂ ਬਾਦਲ ਸਾਹਿਬ ਲਈ, ਲੱਗਦੈ ਸੋਚਣ ਵਾਲਾ
ਹੀ ਨਹੀਂ ਸੀ ।
ਜਨਸੰਘੀ ਸੋਚ ਨੇ ਵੀ ਦੇਖ ਲਿਆ ਸੀ ਕਿ ਪੰਜਾਬ ਤੇ ਸਿੱਖ ਕੌਮ ਦੇ
ਹਿੰਦੂਕਰਣ ਲਈ ਉਹਨਾਂ ਨੂੰ ਬਾਦਲ ਤੋਂ ਵਧੀਆ ਹੋਰ ਕੋਈ ਮੋਹਰਾ ਨਹੀਂ ਸੀ ਮਿੱਲ ਸਕਦਾ । ਇੱਥੇ
ਮੇਰਾ ਬਾਦਲ ਸਾਹਬ ਬਾਰੇ "ਬੇ-ਜ਼ਮੀਰਾ" ਲਫਜ਼ ਵਰਤਣ ਤੇ ਦਿੱਲ ਕਰਦਾ ਸੀ, ਪਰ ਮੈਂ ਸੰਕੋਚ ਕਰਦੇ
ਹੋਏ "ਸਿੱਖ ਹਿੱਤਾਂ ਨੂੰ ਆਪਣੇ ਪਰਿਵਾਰਕ ਤੇ ਨਿਜੀ ਰਾਜਨੀਤਿਕ
ਹਿੱਤਾਂ ਤੋਂ ਕੁਰਬਾਨ ਕਰ ਦੇਣ ਵਾਲਾ" ਹੀ ਵਰਤ ਰਿਹਾ ਹਾਂ । ਬਾਦਲ ਪਰਿਵਾਰ ਹਿੰਦੁਤੱਵੀ
ਸੋਚ ਲਈ ਸੱਭ ਤੋਂ ਕਾਬਿਲੇ ਕਬੂਲ ਸਿੱਖ ਦੇ ਰੂਪ ਵਿੱਚ ਹਨ, ਭਾਵੇਂ ਉਹ ਆਰ.ਐਸ.ਐਸ. ਪਰਿਵਾਰ ਦਾ
ਹਿੱਸਾ ਹੋਵੇ, ਜਾਂ ਕਾਂਗਰਸ ਪਰਿਵਾਰ ਦਾ, ਤੇ ਭਾਵੇਂ ਭਾਰਤੀ ਸਿਵਲ ਤੇ ਫੌਜੀ ਅਫਸਰਸ਼ਾਹੀ ਵਿੱਚ
ਬੈਠੇ ਹਿੰਦੁਤੱਵੀ ਸੋਚ ਦੇ ਮਾਲਕ ਲੋਕ ਹੋਣ, ਬਾਦਲ ਸਾਹਬ ਸੱਭ ਦੇ ਚਹੇਤੇ ਹਨ ।
ਅੱਜ ਸਾਡੇ ਕੁੱਝ ਜੱਥੇਦਾਰ ਆਰ.ਐਸ.ਐਸ. ਦੇ
ਸਿੱਖ ਧਰਮ ਪ੍ਰਤੀ ਰਵਈਏ ਦੇ ਖਿਲਾਫ ਬੋਲਣੇ ਸ਼ੁਰੂ ਹੋਏ ਹਨ, ਜਿਨ੍ਹਾਂ ਦਾ ਸਵਾਗਤ ਕਰਨਾ ਬਣਦਾ
ਹੈ, ਪਰ ਮੈਂ ਇਹਨਾਂ ਤੋਂ ਬਹੁਤਾ ਆਸਵੰਦ ਹੋਣ ਦੇ ਹੱਕ ਵਿੱਚ ਨਹੀਂ ਹਾਂ । ਜਿਨ੍ਹਾਂ ਦੇ ਅਹੁਦੇ
ਬਾਦਲ ਪਰਿਵਾਰ ਦੇ ਰਹਿਮੋ ਕਰਮ 'ਤੇ ਰਹਿੰਦੇ ਹੋਣ, ਉਹ ਕੌਮ ਦੇ ਹਿੱਤਾਂ ਨਾਲ ਕਿੰਨੀ ਕੂ ਦੂਰ
ਤੱਕ ਚੱਲ ਸਕਣਗੇ? ਇਹ ਸੋਚਣ ਵਾਲੀ ਗੱਲ ਹੈ । ਹਾਂ, ਇਹ
ਜ਼ਰੂਰ ਕਿਹਾ ਜਾ ਸਕਦਾ ਹੈ ਕਿ ਚਲੋ ਇਸ ਵਾਰ ਦੇਖ ਲੈਂਦੇ ਹਾਂ…… । ਵਕਤ ਆਏ ਤੇ ਇਹ ਕਿਹੜੇ ਪਾਸੇ
ਖੜ੍ਹੇ ਹੋਣਗੇ, ਦੇਖ ਲੈਂਦੇ ਹਾਂ…… ।
ਨਵਜੋਤ ਸਿੱਧੂ ਦੀ ਅਕਾਲੀ/ਬਾਦਲ ਮੁਖਾਲਫਤ ਵੀ
ਅੱਜ ਇੱਕ ਵੱਡਾ ਇਸ਼ੂ ਬਣੀ ਹੋਈ ਹੈ । ਇਹ ਕੰਡਾ ਵੀ ਤਾਂ ਬਾਦਲਾਂ ਦਾ ਹੀ ਬੀਜਿਆ ਹੋਇਆ ਹੈ
। ਜਦੋਂ ਤੱਕ ਹਿੱਤ ਨਹੀਂ ਟਕਰਾਏ ਇਹ ਵੱਡੇ ਬਾਦਲ ਸਾਹਬ ਦਾ ਦੂਜਾ "ਪੁੱਤਰ" ਸੀ, ਤੇ
ਜਦੋਂ ਹਿੱਤ ਟੱਕਰਾ ਗਏ, ਫਿਰ ਦੁਸ਼ਮਣ ਹੋ ਗਿਆ । ਜਦੋਂ ਸਿੱਧੂ ਨੂੰ ਪਹਿਲੀ ਵਾਰ ਅਮ੍ਰਤਿਸਰ
ਸਾਹਿਬ ਤੋਂ ਬੀਜੇਪੀ ਦੀ ਟਿਕਟ ਦਿੱਤੀ ਗਈ ਸੀ, ਤੇ ਬਾਦਲਾਂ ਨੇ ਹਮਾਇਤ ਕੀਤੀ ਸੀ, ਮੈਂ ਓਦੋਂ
ਵੀ ਸੋਚਦਾ ਸੀ ਕਿ ਇਹ ਇੱਕ ਬਹੁਤ ਵੱਡੀ ਗਲਤੀ ਕੀਤੀ ਜਾ ਰਹੀ ਹੈ । ਅਮ੍ਰਤਿਸਰ ਸਾਹਿਬ ਸਿੱਖੀ
ਦਾ ਕੇਂਦਰ ਹੈ, ਤੇ ਦਰਬਾਰ ਸਾਹਿਬ ਤੇ ਅਕਾਲ ਤਖੱਤ ਸਾਹਿਬ ਕਰ ਕੇ ਹੀ ਦੁਨੀਆਂ ਵਿੱਚ ਜਾਣਿਆਂ
ਜਾਂਦਾ ਹੈ । ਦੁਰਗਿਆਣਾ ਮੰਦਰ ਤਾਂ ਹਿੰਦੁਤੱਵੀ ਸੋਚ ਦੀ ਸਿੱਖਾਂ ਪ੍ਰਤੀ ਸ਼ਰੀਕੇਬਾਜ਼ੀ ਤੇ
ਦੁਸ਼ਮਣੀ ਦੇ ਰਵਈਏ ਦੀ ਹੀ ਉਪਜ ਹੈ । ਨਵਜੋਤ ਸਿੱਧੂ ਨੂੰ ਅਮ੍ਰਤਿਸਰ ਸਾਹਿਬ ਤੋਂ ਅਕਾਲੀ ਦੱਲ
ਦੀ ਹਮਾਇਤ ਨਾਲ ਜਿਤਾਣਾ ਇਸ ਪਵਿੱਤਰ ਸ਼ਹਿਰ ਦਾ ਅਪਮਾਨ ਕਰਨ ਵਾਲੀ ਗੱਲ ਸੀ । ਅਗਰ ਅਕਾਲੀ ਦੱਲ
ਦੀ ਸਿਆਸੀ ਮਜਬੂਰੀ ਸੀ, ਤਾਂ ਸਿੱਖ ਭੇਖ ਵਿੱਚ ਵਿਚਰ ਰਹੇ ਸਿੱਧੂ ਵਰਗੇ ਕੇਸਾਧਾਰੀ ਹਿੰਦੂ ਦੀ
ਬਜਾਏ, ਬੀਜੇਪੀ ਦੇ ਕਿਸੇ ਵੀ ਚੰਗੇ ਹਿੰਦੂ ਉਮੀਦਵਾਰ ਦੀ ਹਮਾਇਤ ਕੀਤੀ ਜਾ ਸਕਦੀ ਸੀ । ਪਿੱਛੇ
ਜਿਹੇ ਸਿੱਧੂ ਨੂੰ ਅਕਾਲ ਤਖੱਤ ਸਾਹਿਬ ਤੇ ਤਲਬ ਕਰਨ ਦੀਆਂ ਗੱਲਾਂ ਵੀ ਹੁੰਦੀਆਂ ਰਹੀਆਂ ਹਨ ।
ਇਹੋ ਜਿਹੇ ਕੇਸਾਧਾਰੀ ਹਿੰਦੂ ਨੂੰ ਅਕਾਲ ਤਖੱਤ ਸਾਹਿਬ ਤੇ ਤਲਬ ਕਰ ਕੇ ਆਪਣੀਆਂ ਰਵਾਇਤਾਂ ਦਾ
ਮਜ਼ਾਕ ਉਡਵਾਉਣ ਤੋਂ ਵੱਧ ਹੋਰ ਕੀ ਹੋ ਸਕਦਾ ਸੀ ।
ਉਮੀਦ ਨਹੀਂ, ਪਰ ਫਿਰ ਵੀ ਇੱਕ ਗੱਲ ਬਾਦਲ ਅਕਾਲੀ ਦਲ ਨੂੰ ਕਹਿਣਾ
ਚਾਹਾਂਗਾ, ਉਹਨਾਂ ਵੱਲੋਂ "ਪੰਥਕ ਏਜੰਡੇ" ਵੱਲ ਮੁੜ੍ਹਨ ਦੀਆਂ ਆ ਰਹੀਆਂ ਖਬਰਾਂ ਨੂੰ ਧਿਆਨ
ਵਿੱਚ ਰੱਖਦੇ ਹੋਏ । ਬੀਜੇਪੀ ਨੇ ਤੁਹਾਡੇ ਪੰਥਕ ਹਲਕੇ/ਏਜੰਡੇ ਵਿੱਚ ਪਹਿਲ ਕਰ ਕੇ ਦਖਲ ਅੰਦਾਜ਼ੀ
ਸ਼ੁਰੂ ਕਰ ਦਿੱਤੀ ਹੈ, ਤੇ ਉਹਨਾਂ ਦੀ ਮਨਸ਼ਾ ਸਾਫ ਹੈ, ਪੰਜਾਬ ਨੂੰ ਅਕਾਲੀਆਂ ਤੋਂ, ਭਾਵੇਂ ਉਹ
ਨਾਮ ਦੇ ਹੀ ਰਹਿ ਗਏ ਹੋਣ, ਪੂਰੀ ਤਰ੍ਹਾਂ ਖੋਹ ਲੈਣਾ । ਹੁਣ ਫੈਸਲਾ ਇਹਨਾਂ ਕਰਨਾ ਹੈ ਕਿ
ਬੀਜੇਪੀ ਸਾਹਮਣੇ ਲੰਮੇ ਪੈਣਾ ਹੈ, ਜਾਂ ਖੜ੍ਹੇ ਹੋ ਕੇ ਮੁਕਾਬਲਾ ਕਰਨਾ ਹੈ, ਤੇ ਆਪਣੀਆਂ ਕੀਤੀਆਂ
ਗਲਤੀਆਂ ਦੇ ਧੋਣੇ, ਧੋਣੇ ਹਨ?
ਜਨਸੰਘ ਹੋਵੇ ਜਾਂ
ਬੀਜੇਪੀ, ਹਿੰਦੂ ਵਿਸ਼ਵ ਪ੍ਰੀਸ਼ਦ ਹੋਵੇ ਜਾਂ ਬਜਰੰਗ ਦੱਲ, ਸੱਭ ਦੀ ਮਾਂ ਇੱਕ ਹੈ, ਤੇ ਉਹ ਹੈ, "ਆਰ.ਐਸ.ਐਸ."
। ਆਰ.ਐਸ.ਐਸ. ਆਪਣੇ ਨਿਰਧਾਰਤ ਏਜੰਡੇ ਤੇ ਸੋਚੇ ਸਮਝੇ
ਤਰੀਕੇ ਨਾਲ ਅੱਗੇ ਵੱਧ ਰਹੀ ਹੈ, ਤੇ ਕਾਮਯਾਬੀ ਨਾਲ ਅੱਗੇ ਵੱਧ ਰਹੀ ਹੈ । ਗੈਰ ਹਿੰਦੂਆਂ ਨੂੰ
"ਹਰਾਮਜ਼ਾਦੇ" ਕਹਿਣਾ, ਗੀਤਾ ਨੂੰ ਭਾਰਤ ਦੀ ਰਾਸ਼ਟਰੀ ਕਿਤਾਬ ਐਲਾਨਣ ਦੀਆਂ ਗੱਲਾਂ ਕਰਨਾ,
ਸੰਸਕ੍ਰਿਤ ਦੀ ਸਾਰੇ ਭਾਰਤ ਵਿੱਚ ਪ੍ਰਮੁਖਤਾ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਕਰਨਾ, ਗੈਰ ਹਿੰਦੂਆਂ
ਦਾ "ਸ਼ੁੱਧੀਕਰਣ" ਅਥਵਾ ਹਿੰਦੂਕਰਣ ਕਰਨਾ, ਸਿੱਖਾਂ ਨੂੰ ਹਿੰਦੂਆਂ ਦਾ ਇੱਕ ਹਿੱਸਾ ਦੱਸਣ ਵਾਲੇ
ਬਿਆਨ ਦੇਣੇ, ਇਹ ਸੱਭ ਇਸ ਧਿਰ ਦੀ ਅੰਦਰ ਦੀ ਆਵਾਜ਼ ਹੈ, ਜੋ ਉਹਨਾਂ ਲੀਡਰਾਂ ਦੇ ਮੂੰਹੋਂ ਬਾਹਰ
ਨਿਕਲਦੀ ਰਹਿੰਦੀ ਹੈ, ਜਿਨ੍ਹਾਂ ਤੋਂ ਤਾਕਤ ਦਾ ਨਸ਼ਾ ਕੰਟਰੋਲ ਨਹੀਂ ਹੋ ਪਾ ਰਿਹਾ ਹੁੰਦਾ
। ਜਿਹੜੇ ਲੀਡਰ ਨਹੀਂ ਬੋਲ ਰਹੇ, ਹੈ ਉਹਨਾਂ ਦੇ ਦਿੱਲ ਵਿੱਚ ਵੀ ਇਹੋ ਸੱਭ ਕੁੱਝ, ਤੇ ਸ਼ਾਇਦ ਇਸ
ਤੋਂ ਵੀ ਜ਼ਿਆਦਾ, ਪਰ ਉਹ ਆਪਣੀਆਂ ਜ਼ਿੰਮੇਵਾਰੀਆਂ ਕਾਰਨ ਅੰਦਰ ਦੀ ਗੱਲ, ਜ਼ੁਬਾਨ ਤੇ ਲਿਆਣੋ
ਪਰਹੇਜ਼ ਕਰਨ ਵਿੱਚ ਕਾਮਯਾਬ ਹਨ । ਉਹ ਸ਼ਾਇਦ ਕਹਿਣ ਨਾਲੋਂ ਜ਼ਿਆਦਾ "ਕਰਨ" ਵਿੱਚ ਵਿਸ਼ਵਾਸ਼ ਰੱਖਦੇ
ਹਨ ।
ਆਰ.ਐਸ.ਐਸ. ਸਿੱਖ ਕੌਮ ਦੀ ਦੁਸ਼ਮਣ ਜਮਾਤ ਹੈ,
ਪਰ ਇੱਕ ਐਸੀ ਵਧੀਆ ਢੰਗ ਦੀ ਜਥੇਬੰਦ ਜਮਾਤ ਹੈ, ਜਿਸ ਦਾ ਮੁਕਾਬਲਾ ਕਰਨ ਲਈ ਜਾਂ ਤਾਂ ਸਿੱਖਾਂ
ਨੂੰ ਵੀ ਆਰ.ਐਸ.ਐਸ. ਵਰਗੀ ਜਮਾਤ ਹੀ ਖੜ੍ਹੀ ਕਰਨੀ ਪਵੇਗੀ,
ਜੋ ਸਿੱਖ ਸੁਭਾਅ ਮੁਤਾਬਕ ਕਾਫੀ ਮੁਸ਼ਕਿਲ ਲੱਗਦਾ ਹੈ । ਤੇ
ਦੂਜਾ ਤਰੀਕਾ ਹੈ, ਟਕਰਾਓ ਦਾ, ਲੜ੍ਹ ਪੈਣ ਦਾ, ਜੋ ਸਿੱਖ ਸੁਭਾਅ ਦੇ ਮੁਤਾਬਕ ਵੀ ਹੈ, ਤੇ
ਪੈਂਤੜੇ ਪੱਖੋਂ ਸਹੀ ਤੇ ਕਾਬਿਲੇ ਅਮਲ ਵੀ ਹੈ । ਲੜ੍ਹਦੀ ਹੋਈ ਧਿਰ ਭਾਵੇਂ ਗਿਣਤੀ
ਵਿੱਚ ਥੋੜੀ ਹੋਵੇ, ਪਰ ਵਿਰੋਧੀ ਧਿਰ ਵਿੱਚ ਜਜ਼ਬ ਨਹੀਂ ਹੋਇਆ ਕਰਦੀ, ਜਾਂ ਜੇਤੂ ਹੁੰਦੀ ਤੇ ਜਾਂ
ਸ਼ਹੀਦ । ਸ਼ਹੀਦ ਹੋਏ ਤਾਂ ਵੀ ਜੇਤੂ, ਜੇਤੂ ਤਾਂ ਜੇਤੂ ਹੁੰਦਾ ਹੀ ਹੈ । ਇੱਥੇ ਲੜ੍ਹ ਪੈਣ ਤੋਂ
ਮੇਰਾ ਭਾਵ, ਤਲਵਾਰ ਚੁੱਕ ਕੇ ਉਸ ਦੌਰ ਨੂੰ ਵਾਪਿਸ ਲਿਆਓਣਾ ਨਹੀਂ ਹੈ, ਜਿਸ ਨੂੰ ਅਸੀਂ
ਸ਼ਾਨਾਮੱਤਾ ਖਾੜ੍ਹਕੂ ਦੌਰ ਕਹਿੰਦੇ ਹਾਂ ਅਤੇ ਸਾਡੇ ਦੁਸ਼ਮਣ ਕਈ ਮਾੜੇ ਨਾਵਾਂ ਨਾਲ ਯਾਦ ਕਰਦੇ ਹਨ
। ਖਾੜ੍ਹਕੂ ਸੰਘਰਸ਼ ਸਿੱਖ ਇੱਤਹਾਸ ਤੇ ਪ੍ਰੰਪਰਾ ਦਾ ਹਿੱਸਾ ਹੈ, ਤੇ ਇਸ ਨੂੰ ਕੋਈ ਸਿੱਖ ਕਦੇ
ਨਕਾਰ ਨਹੀਂ ਸਕਦਾ । ਏਥੇ ਮੈਂ ਪੂਰੀ ਸਪਸ਼ਟਤਾ ਨਾਲ ਕਲਮ ਤੇ ਬੋਲ ਰਾਹੀਂ ਵਿਚਾਰਾਂ ਦੀ ਅੱਗਵਾਈ
ਵਿੱਚ ਚੱਲਣ ਵਾਲੇ ਸੰਘਰਸ਼ ਦੀ ਗੱਲ ਕਰ ਰਿਹਾ ਹਾਂ ।
ਅੱਜ ਦੇ ਸਮੇਂ ਦੇ
ਮੁਤਾਬਕ ਸਾਨੂੰ ਕਰਨਾ ਇਹ ਬਣਦਾ ਹੈ ਕਿ ਸਿੱਖ ਕੌਮ, ਧਰਮ, ਤੇ ਸਮਾਜ ਨੂੰ ਹਰ ਹਿੰਦੁਤੱਵੀ ਰਸਮ,
ਰਵਾਜ ਨੂੰ ਤਿਆਗ ਦੇਣਾ ਚਾਹੀਦਾ ਹੈ, ਹਰ ਹਿੰਦੁਤੱਵੀ ਰਵਾਇਤ ਤੋਂ ਆਪਣੇ ਆਪ ਨੂੰ ਅਲੱਗ ਕਰ ਲੈਣਾ
ਚਾਹੀਦਾ ਹੈ, ਤੇ ਹਰ ਉਸ ਸਿਆਸਤ ਤੋਂ ਆਪਣੇ ਆਪ ਨੂੰ ਦੂਰ ਕਰ ਲੈਣਾ ਚਾਹੀਦਾ ਹੈ, ਜਿਸ ਦਾ ਦੂਜਾ
ਸਿਰਾ ਆਰ.ਐਸ.ਐਸ. ਪਰਿਵਾਰ ਦੀ ਕਿਸੇ ਵੀ ਸ਼ਾਖ ਨਾਲ ਮਿੱਲਦਾ ਹੋਵੇ ।
ਸਾਨੂੰ ਆਪਣਾ ਜੰਮਣਾ ਮਰਨਾ, ਉਠਣਾ ਬੈਠਣਾ, ਖਾਣਾ ਪੀਣਾ, ਤੇ ਵਿਆਹ
ਸ਼ਾਦੀਆਂ ਸੱਭ ਆਰ.ਐਸ.ਐਸ. ਪਰਿਵਾਰ ਦੇ ਹਿੰਦੁਤੱਵੀ ਸੋਚ ਦੇ ਧਾਰਨੀਆਂ ਕੋਲੋਂ ਪੂਰੀ ਸਪਸ਼ਟਤਾ
ਨਾਲ ਨਿਖੇੜ ਲੈਣੀਆਂ ਚਾਹੀਦੀਆਂ ਹਨ । ਅਤੇ
ਸਿਰੇ ਦੀ ਗੱਲ ਇਹ ਹੈ ਕਿ, ਆਪਣਾ ਦੇਸ਼, ਆਪਣਾ
ਰਾਜ ਭਾਗ, ਆਪਣਾ ਕੌਮੀ ਘਰ, ਸਥਾਪਤ ਕਰਨ ਦੇ ਰਾਹ ਤੇ ਪੂਰੀ ਦ੍ਰਿੜਤਾ ਨਾਲ ਚੱਲਦੇ ਰਹਿਣਾ
ਚਾਹੀਦਾ ਹੈ, ਇਹ ਸੋਚੇ ਬਿਨ੍ਹਾਂ ਕਿ ਕਿੰਨਾ ਸਮਾਂ ਲੱਗੇਗਾ, ਤੇ ਕਿੰਨਾ ਹੋਰ ਤੁਰਨਾ ਪਵੇਗਾ ।
ਭਾਰਤੀ ਵਿਧਾਨ ਦੀ ਧਾਰਾ ੨੫ ਬੀ ੨, ਜਿਸ
ਮੁਤਾਬਿਕ ਸਿੱਖਾਂ ਨੂੰ ਹਿੰਦੂਆਂ ਦਾ ਹੀ ਇੱਕ ਅੰਗ ਕਿਹਾ ਗਿਆ ਹੈ, ਉਸ ਵਿੱਚ ਸੋਧ ਦੀ
ਮੰਗ ਅਕਾਲੀਆਂ ਵੱਲੋਂ ਬੜ੍ਹੇ ਸਮੇਂ ਤੋਂ ਕੀਤੀ ਜਾ ਰਹੀ ਹੈ । ਹੁਣ ਫਿਰ ਇਹ ਮੰਗ ਜੱਥੇਦਾਰਾਂ
ਸਮੇਤ, ਬਾਦਲ ਅਕਾਲੀ ਦਲ ਵੱਲੋਂ ਵੀ ਕੀਤੀ ਜਾ ਰਹੀ ਹੈ । ਉਹਨਾਂ ਦੀ ਸਿਆਸੀ ਮਜਬੂਰੀ ਕੀ ਹੈ,
ਸਾਨੂੰ ਸੱਭ ਨੂੰ ਸਮਝ ਪੈਂਦੀ ਹੈ । ਡੇਢ ਮਹੀਨੇ ਬਾਅਦ ਇਸ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ
ਦਾ ਮੌਕਾ ਆ ਰਿਹਾ ਹੈ। ੨੬ ਜਨਵਰੀ, ਭਾਰਤੀ ਵਿਧਾਨ ਦੇ ਲਾਗੂ ਹੋਣ ਦਾ ਦਿਨ ਹੈ। ਸਮੁੱਚਾ ਸਿੱਖ
ਜਗਤ, ਨਰਮ-ਗਰਮ ਸੋਚ ਵਾਲੇ ਸੱਭ, ਦਲ ਖਾਲਸਾ ਤੋਂ ਅਕਾਲੀ ਦਲ ਤੱਕ, ਸੰਪਰਦਾਵਾਂ ਤੋਂ ਸਿੰਘ
ਸਭਾਵਾਂ ਤੱਕ, ਸੱਭ ਅਗਰ ਇੱਕ ਸੁਰ ਵਿੱਚ ੨੬ ਜਨਵਰੀ ਦੇ ਜਸ਼ਨਾਂ ਦਾ ਬਾਈਕਾਟ ਕਰਨ, ਤਾਂ ਹਕੂਮੱਤ
ਇਸ ਧਾਰਾ ਵਿੱਚ ਸੋਧ ਕਰੇ ਜਾਂ ਨਾ ਕਰੇ, ਸਿੱਖ ਕੌਮ ਦੀ ਵਿਲੱਖਣਤਾ ਕੁੱਲ ਆਲਮ ਸਾਹਮਣੇ ਪਹਿਲਾਂ
ਨਾਲੋਂ ਵੀ ਕਿਤੇ ਵੱਧ ਸਪਸ਼ਟਤਾ ਨਾਲ ਉਜਾਗਰ ਹੋ ਜਾਵੇਗੀ । ਦੁਨੀਆਂ ਸਾਹਮਣੇ ਇਹ ਗੱਲ ਨਿਖਰ ਕੇ
ਆ ਜਾਵੇਗੀ ਕਿ ਸਿੱਖਾਂ ਨੇ ਸੰਵਿਧਾਨ ਨੂੰ ਨਹੀ ਮੰਨਿਆਂ ਕਿਉਕਿ ਭਾਰਤੀ ਸੰਵਿਧਾਨ ਉਹਨਾਂ ਦੀ
ਅੱਡਰੀ ਕੌਮੀ ਪਛਾਣ ਤੋਂ ਮੁਨਕਰ ਹੈ। ਦਲ ਖਾਲਸਾ ਨੇ ਇਸ ਸਿਲਸਿਲੇ ਵਿੱਚ ਪਹਿਲ ਕਦਮੀ ਕਰ ਦਿੱਤੀ
ਹੈ, ਤੇ ਉਮੀਦ ਕਰਦਾ ਹਾਂ ਕਿ ਸੱਭ ਕੌਮ ਪ੍ਰਸਤ ਜੱਥੇਬੰਦੀਆਂ ਇੱਕ ਸੋਚ ਦੀ ਸਾਂਝੀ ਕਤਾਰ ਵਿੱਚ
ਖੜ੍ਹਨ ਵਿੱਚ ਮਾਣ ਮਹਿਸੂਸ ਕਰਨ ਗੀਆਂ ।
ਮੇਰੀਆਂ ਗੱਲਾਂ ਬਹੁਤ ਸਾਰੇ ਲੋਕਾਂ ਨੂੰ "ਅਤਿ" ਦੀਆਂ ਲੱਗਣਗੀਆਂ, ਤੇ
ਸ਼ਾਇਦ ਉਹਨਾਂ ਨੂੰ "ਬੇਅਮਲੀਆਂ" ਵੀ ਲੱਗਣ, ਪਰ ਸਿੱਖਾਂ ਜਿਹੀ ਇੱਕ ਛੋਟੀ ਗਿਣਤੀ ਦੀ ਕੌਮ, ਤੇ
ਭਾਈਚਾਰੇ ਨੂੰ ਜੇ "ਹਿੰਦੂਤੱਵ" ਦੇ ਖਾਰੇ ਸਮੁੰਦਰ ਵਿੱਚ ਜਜ਼ਬ ਹੋ ਜਾਣੋ ਬਚਾਉਣਾ ਹੈ, ਤਾਂ ਹੋਰ
ਕੋਈ ਦੂਜਾ ਰਾਹ ਹੈ ਹੀ ਨਹੀਂ । ਆਪਣੇ ਆਪ ਨੂੰ ਕਿਸੇ ਭਰਮ ਵਿੱਚ ਰੱਖਣਾ ਦੂਜੀ ਗੱਲ ਹੈ ।
ਕੇਸਾਧਾਰੀ ਹਿੰਦੂ ਬਣ ਕੇ ਰਹਿਣਾ ਚਾਹੋ ਤਾਂ
ਤੁਹਾਨੂੰ ਕੋਈ ਕੁੱਝ ਨਹੀਂ ਕਹੇਗਾ । ਤੁਹਾਨੂੰ ਆਖੰਡ ਪਾਠ
ਕਰਨੋ, ਨਿੱਤਨੇਮ੍ਹ ਤੇ ਕੀਰਤਨ ਕਰਨੋ, ਜਾਂ ਲੰਮੇ ਚੋਲੇ ਪਾਣੋ ਕੋਈ ਨਹੀਂ ਰੋਕੇਗਾ । ਕਿਰਪਾਨ
ਨੂੰ ਜਨੇਊ ਵਾਂਗ ਚਿੰਨ੍ਹ ਸਮਝ ਕੇ ਪਹਿਨੋ, ਤਾਂ ਇਹਨਾਂ ਨੂੰ ਇਤਰਾਜ਼ ਨਹੀਂ ਹੋਵੇਗਾ,
ਤੇ ਜੇ ਹਥਿਆਰ ਸਮਝ ਕੇ ਪਹਿਨੋਗੇ ਤਾਂ ਇਹ ਵੀ ਕਾਬਿਲੇ ਇਤਰਾਜ਼
ਹੋਵੇਗੀ । ਹਾਂ, ਤੁਹਾਨੂੰ ਭਾਰਤ ਨੂੰ ਮਾਤਾ ਕਹਿਣਾ ਪਵੇਗਾ,
ਤਿਰੰਗੇ ਸਾਹਮਣੇ ਸਿਰ ਝੁਕਾਣਾ ਪਵੇਗਾ, "ਜਨ ਗਨ ਮਨ" ਪੜ੍ਹਨਾ ਪਵੇਗਾ, ਲੋੜ੍ਹ ਪਏ ਤੇ ਤਿਲਕ
ਲਗਾਣਾ, ਗੰਗਾ ਪੂਜਣੀ, ਸ਼ਿਵ ਲਿੰਗ ਪੂਜਣਾ, ਤੇ ਦੇਵੀ ਮਾਤਾ ਦੀਆਂ ਚੌਕੀਆਂ ਵੀ ਭਰਨੀਆਂ ਪੈਣ
ਗੀਆਂ । "ਰਾਮਜ਼ਾਦੇ", ਤੇ ਗਾਂਧੀ ਦੇ ਸਾਊ ਪੁੱਤ ਬਣ ਕੇ ਰਹਿਣਾ ਪਵੇਗਾ, ਤੇ ਸੱਭ ਤੋਂ
ਉਪਰ ਆਪਣੇ ਆਪ ਨੂੰ ਵੱਡੇ ਹਿੰਦੂ ਪਰਿਵਾਰ ਦਾ ਹਿੱਸਾ ਮੰਨ ਕੇ ਰਹਿਣਾ ਪਵੇਗਾ । ਇਹ ਚੋਣ ਕਰਨ
ਦਾ ਵੇਲਾ ਆ ਗਿਆ ਹੈ, ਜਾਂ ਏਧਰ ਹੋਣਾ ਪਵੇਗਾ, ਤੇ ਜਾਂ ਓਧਰ ।
ਦੋਗਲਾਪਨ ਤੇ ਦੋਚਿੱਤੀ ਹੋਰ ਬਹੁਤੀ ਦੇਰ ਨਹੀਂ ਚੱਲਣੀ, ਜੇ ਕੋਈ ਚਲਾਣਾ ਵੀ ਚਾਹੇਗਾ,
ਤਾਂ ਵੀ ਨਹੀਂ ਚੱਲਣੀ । ਸਾਡੇ ਵਿੱਚੋਂ ਸ਼ਾਇਦ ਕੁੱਝ ਲੋਕਾਂ ਨੂੰ ਦੋਗਲੇਪਨ ਦਾ ਰਸਤਾ ਠੀਕ ਲੱਗ
ਸਕਦਾ ਹੈ, ਪਰ "ਰਾਮਜ਼ਾਦਿਆਂ" ਨੂੰ ਹੁਣ ਨਹੀਂ ਲੱਗਣਾ, ਨਹੀਂ ਕਬੂਲ ਹੋਣਾ ।