ਭਾਰਤ
ਪਾਕਿਸਤਾਨ ਦੀ ਹੋਈ ਵੰਡ ਤੋਂ ਲੈਕੇ ਹੀ ਕੱਟੜਵਾਦੀ ਹਿੰਦੂਤਵੀ ਤਾਕਤਾਂ ਭਾਰਤ ਦੇਸ਼ ਵਿਚਲੀਆਂ
ਘੱਟ ਗਿਣਤੀਆਂ ਦਾ ਲਗਾਤਾਰ ਸੋਸ਼ਣ ਕਰ ਰਹੀਆਂ ਹਨ ਤਾਂ ਕਿ ਇਕ ਦਿਨ ਭਾਰਤ ਨੂੰ ਹਿੰਦੂ
ਰਾਸ਼ਟਰ ਐਲਾਨਿਆ ਜਾ ਸਕੇ। ਪਹਿਲਾਂ ਤਾਂ ਕੁੱਝ ਅਖਾਉਤੀ ਧਰਮ ਨਿਰਪੱਖ ਗਿਣੀਆਂ ਜਾਣ ਵਾਲੀਆਂ
ਰਾਜਸੀ ਪਾਰਟੀਆਂ ਜਿਵੇ ਕਾਂਗਰਸ ਜਾਂ ਜਨਤਾ ਪਾਰਟੀ ਆਦਿਕ ਵਿੱਚ ਵਿਚਰਕੇ ਹੌਲੀ ਹੌਲੀ ਆਪਣਾ
ਕੰਮ ਕਰਦੀਆਂ ਰਹੀਆਂ ਹਨ ਅਤੇ ਵਿੱਚ ਵਿੱਚ ਕੁੱਝ ਲੋਕ ਭਾਰਤ ਵਿਚਲੀਆਂ ਘੱਟ ਗਿਣਤੀਆਂ ਦੇ
ਖਿਲਾਫ਼ ਜਹਿਰ ਉਗਲਕੇ ਜਿਥੇ ਆਪਣੇ ਨਾਲ ਸਬੰਧਤ ਕੱਟੜਵਾਦੀਆਂ ਦੀ ਹੌਂਸਲਾ ਅਫਜਾਈ ਵੀ ਕਰਦੇ
ਰਹੇ ਹਨ ਅਤੇ ਘੱਟ ਗਿਣਤੀਆਂ ਦੇ ਜਜਬਾਤਾਂ ਦੀ ਗਰਮੀ ਦਾ ਅੰਦਾਜ਼ਾ ਵੀ ਲਾਉਂਦੇ ਰਹੇ ਹਨ ਅਤੇ
ਉਹਨਾਂ ਵਿਚੋ ਕੁੱਝ ਪੋਲੀ ਪਤਲੀ ਜਮੀਰ ਵਾਲੇ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ
ਲਾਲਚ ਦੇ ਕੇ ਆਪਣੀ ਰਾਜ ਸਤਾ ਦੇ ਮੋਹਰੇ ਬਣਾਕੇ ਬੁਲਾਰੇ ਤਿੱਤਰਾਂ ਦਾ ਕੰਮ ਲੈਂਦੇ ਰਹੇ
ਹਨ। ਜਿਸ ਨਾਲ ਇਕ ਤਾਂ ਸੰਸਾਰ ਪੱਧਰ 'ਤੇ ਇਹ ਭੁਲੇਖਾ ਬਣਿਆ ਰਿਹਾ ਕਿ ਭਾਰਤ ਧਰਮ ਨਿਰਪੱਖ
ਦੇਸ਼ ਹੈ। ਇਥੋਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ
ਆਦਿਕ ਸਿੱਖ ਰਹਿ ਚੁੱਕੇ ਹਨ। ਫਿਰ ਸਿੱਖ ਕਿਵੇਂ ਆਖ ਸਕਦੇ ਹਨ ਕਿ ਸਾਡੇ ਨਾਲ ਕੋਈ ਵਿਤਕਰਾ
ਹੋ ਰਿਹਾ ਹੈ?
ਏਵੇਂ ਹੀ ਮੁਸਲਮਾਨਾਂ ਵਿੱਚੋਂ ਵੀ ਕੁੱਝ ਲਪੋਟ ਸੰਖ ਲੱਭਕੇ ਉਸਨੂੰ
ਕੱਟੜਵਾਦੀ ਤਾਕਤ ਦੀ ਫੂਕ ਮਾਰਕੇ ਮਨ ਮਰਜ਼ੀ ਦੀਆਂ ਅਵਾਜਾਂ ਕਢਵਾਈਆਂ ਜਾਂਦੀਆਂ ਹਨ, ਪਰ
ਅੰਦਰੋਂ ਸਭ ਕੁਝ ਉਲਟ ਹੀ ਕੀਤਾ ਜਾ ਰਿਹਾ ਹੈ। ਲੇਕਿਨ ਅੱਜ ਕੱਟੜਵਾਦੀ ਸਿੱਧੇ ਤੌਰ ਤੇ
ਭਾਰਤ ਦੇ ਰਾਜਭਾਗ ਦੇ ਮਲਿਕ ਬਣ ਗਏ ਹਨ ਅਤੇ ਹੁਣ ਆਪਣਾ ਅਸਲੀ ਰੂਪ ਜੋ ‘‘ਕਾਇਦੇ
ਆਜ਼ਮ ਜਨਾਬ ਮੁਹੰਮਦ ਅਲੀ ਜਿਨਾਹ ਨੇ ਕਿਹਾ ਸੀ’’, ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।
ਕਦੇ ਵੱਡੇ ਹਿੰਦੂ ਧਾਰਮਿਕ ਆਗੂ ਬਿਆਨ ਦੇ ਰਹੇ ਹਨ ਕਿ ਜੇ ਭਾਰਤੀ ਘੱਟ ਗਿਣਤੀਆਂ ਨੇ ਭਾਰਤ
ਵਿੱਚ ਰਹਿਣਾ ਹੈ ਤਾਂ ਉਹਨਾਂ ਨੂੰ ਸਨਾਤਨੀ ਮਰਿਯਾਦਾ ਅਨੁਸਾਰ ਵਿਚਰਨ ਦੀ ਆਦਤ ਪਾਉਣੀ
ਪਵੇਗੀ। ਕਿਸੇ ਪਾਸੇ ਧਰਮ ਪਰਿਵਰਤਨ ਨੂੰ ਅਮਲ ਵਿੱਚ ਲਿਆਕੇ ਲੋਕਾਂ ਦੇ ਜਜਬਾਤਾਂ ਵਿਚਲੀ
ਗਰਮਾਹਟ ਦੀ ਤੀਬਰਤਾ ਮਾਪੀ ਜਾ ਰਹੀ ਹੈ। ਜੇ ਭਾਰਤੀ ਘੱਟ ਗਿਣਤੀਆਂ ਭਾਣਾ ਮੰਨ ਗਈਆਂ ਤਾਂ
ਫਿਰ ਵੱਡੇ ਵਧਰ ਤੇ ਧਰਮ ਪਰਿਵਰਤਨ ਮੁਹਿੰਮ ਦਾ ਆਗਾਜ਼ ਵੀ ਹੋ ਸਕਦਾ ਹੈ।
ਆਪਣੀ ਸਿੱਧੀ ਹਕੂਮਤ ਦੀ ਕਾਇਮੀ ਅਤੇ ਲੋਕ ਸਭਾ ਵਿੱਚ ਪੂਰਨ ਬਹੁਮਤ
ਸਥਾਪਤ ਕਰ ਲੈਣ ਤੋਂ ਬਾਅਦ ਹੁਣ ਅਗਲੇ ਚਰਨ ਵਿੱਚ ਸੂਬਿਆਂ ਵਿੱਚ ਆਪਣੀਆਂ ਸਰਕਾਰਾਂ ਅਤੇ
ਰਾਜ ਸਭਾ ਵਿੱਚ ਬਹੁਮਤ ਪ੍ਰਾਪਤ ਕਰਨ ਦੀ ਤਜਵੀਜ਼ ਹੈ। ਜਿੱਥੋਂ ਫਿਰ ਹਿੰਦੀ, ਹਿੰਦੂ,
ਹਿੰਦੋਸਤਾਨ ਦੇ ਏਜੰਡੇ ਦਾ ਅਮਲ ਸ਼ੁਰੂ ਹੋਣਾ ਹੈ। ਇਸ ਸਬੰਧੀ ਨਰਿੰਦਰ ਮੋਦੀ ਦਾ ਇੰਜਨ ਲਗਾ
ਕੇ ਕੱਟੜਵਾਦੀ ਹਿੰਦੂ ਐਕਸਪ੍ਰੈਸ ਤੁਫਾਨ ਦੀ ਤਰਾਂ ਭਾਰਤ ਦੀ ਖੂਬਸੂਰਤੀ ਨੂੰ ਲਿਤਾੜਦੀ
ਹੋਈ, ਹੁਣ ਅਣਖੀ ਸੂਬਿਆਂ ਦੀ ਹਿੱਕ ਤੋਂ ਗੁਜਰਣਾ ਚਾਹੁੰਦੀ ਸੀ, ਲੇਕਿਨ ਇਸ ਕੱਟੜਵਾਦੀ
ਗੱਡੀ ਨੂੰ ਹਰੀਆਂ ਝੰਡੀਆਂ ਵਿਖਾਉਣ ਵਾਲੇ ‘‘ਗਾਰਡ ਮੋਹਨ
ਭਾਗਵਤ’’ ਨੂੰ ਪਤਾ ਨਹੀਂ ਕਿ ਜਿਸ ਪਾਸੇ ਜਾਣ ਵਾਸਤੇ, ਹੁਣ ਤੁਸੀਂ ਕੱਟੜਵਾਦੀ
ਹਿੰਦੂ ਐਕਸਪ੍ਰੈਸ ਨੂੰ ਸਿਗਨਲ ਦੇ ਰਹੇ ਹੋ, ਓਹ ਪੂਰੇ ਭਾਰਤ ਦੀ ਰਾਜਨੀਤੀ ਤੋਂ ਵੱਖਰੇ
ਸੂਬੇ ਹਨ। ਜਿਨ੍ਹਾਂ ਵਿੱਚ ਪੰਜਾਬ, ਜੰਮੂ ਕਸ਼ਮੀਰ,ਬੰਗਾਲ ਅਤੇ ਮਹਾਂਰਾਸ਼ਟਰ ਦੀ ਆਪਣੀ
ਰਾਜਨੀਤੀ ਹੈ ਅਤੇ ਇਹ ਅਣਖੀ ਲੋਕ ਹਨ, ਜੋ ਕਿਸੇ ਦੇ ਦਬਾਅ ਅੱਗੇ ਈਨ ਮੰਨਣ ਵਾਲੇ ਨਹੀਂ ਹਨ।
ਪਰ ਇਹਨਾਂ ਵਿੱਚੋਂ ਵੀ ਕੱਟੜਵਾਦ ਅਸਿਧੇ ਤੌਰ ਮਹਾਂਰਾਸ਼ਟਰ ਵਿੱਚ ਆਪਣੀ ਜੜ ਲਾਉਣ ਵਿੱਚ
ਕਾਮਯਾਬ ਹੋਇਆ ਹੈ। ਲੇਕਿਨ ਉਸਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਉਥੋਂ ਦੀ ਇੱਕ ਪ੍ਰਮੁੱਖ
ਧਿਰ ਸ਼ਿਵ ਸੈਨਾ ਵਖਰੇਵਿਆਂ ਦੇ ਵੀ ਬਾਵਜੂਦ ਬੀ.ਜੇ.ਪੀ. ਦਾ ਸਾਥ ਦੇਣ ਵਾਸਤੇ ਮਜਬੂਰ ਹੈ,
ਜਿਵੇ ਪੰਜਾਬ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦਾ ਘਰੋਗੀ ਦਲ ਅਤੇ ਜੰਮੂ ਕਸ਼ਮੀਰ ਦੇ ਅਬਦੁਲਾ
ਘਰਾਣੇ ਦੀ ਪਾਰਟੀ ਵੀ ਬੀ.ਜੇ.ਪੀ. ਦੇ ਭਾਈ ਵਾਲ ਬਣ ਜਾਂਦੇ ਹਨ , ਮਹਾਂਰਾਸ਼ਟਰ ਵਿੱਚ ਸ਼ਿਵ
ਸੈਨਾ ਨੇ ਮਰਾਠੀ ਮੁੱਦਾ ਲੈਕੇ ਲੋਕਾਂ ਨੂੰ ਮਗਰ ਲਾਇਆ ਤੇ ਹੁਣ ਕੱਟੜਵਾਦ ਦਾ ਸਾਥ ਦਿੱਤਾ
ਹੈ ਕਿੳਂਕਿ ਆਂਖ਼ਰਕਾਰ ਤਾਂ ਉਹ ਵੀ ਹਿੰਦੂ ਹੀ ਹਨ। ਬਾਦਲ ਨੇ ਪੰਜਾਬ ਅਤੇ ਸਿੱਖਾਂ ਦੀ
ਬਿਹਤਰੀ ਦਾ ਅੱਖੀਂ ਘੱਟਾ ਪਾ ਕੇ ਬੀ.ਜੇ.ਪੀ. ਨੂੰ ਤਕੜੇ ਕੀਤਾ। ਇੰਜ ਹੀ ਅਬਦੁੱਲਾ
ਪਰਿਵਾਰ ਦੀ ਕਹਾਣੀ ਹੈ।
ਲੇਕਿਨ ਪੰਜਾਬ ਅਤੇ ਜੰਮੂ ਕਸ਼ਮੀਰ ਦਾ ਇੱਕ ਫਰਕ ਬਹੁਤ ਵੱਡਾ ਹੈ ਕਿ
ਪੰਜਾਬ ਸਿੱਖ ਬਹੁਗਿਣਤੀ ਵੱਸੋਂ ਵਾਲਾ ਸੂਬਾ ਹੈ ਅਤੇ ਜੰਮੂ ਕਸ਼ਮੀਰ ਮੁਸਲਿਮ ਬਹੁਗਿਣਤੀ
ਵਾਲਾ ਸੂਬਾ ਹੈ। ਦੋਹਾਂ ਥਾਵਾਂ ਤੇ ਇੱਕ ਸੋਚੀ ਸਮਝੀ ਸਕੀਮ ਰਾਹੀ ਕੱਟੜਵਾਦ ਨੇ ਆਪਣੇ
ਗੁਰਗੇ ਸਿਆਸਤਦਾਨਾ ਨੂੰ ਸੂਬੇਦਾਰੀ ਦੇਕੇ ਸੂਬੇ ਦੀ ਪੁਲਿਸ ਅਤੇ ਨੀਮ ਫੌਜੀ ਫੋਰਸਾਂ ਅਤੇ
ਭਾਰਤੀ ਫੌਜ ਦੀ ਸਿੱਧੀ ਵਰਤੋਂ ਵੀ ਕਰਕੇ, ਹਜ਼ਾਰਾਂ ਮੁਸਲਮਾਨਾਂ ਅਤੇ ਸਿੱਖਾਂ ਦੇ ਨੌਜਵਾਨ
ਬੱਚਿਆਂ ਨੂੰ ਅੱਤਵਾਦੀ ਆਖਕੇ ਝੂਠੇ ਮੁਕਾਬਲਿਆਂ ਵਿੱਚ ਮਾਰ ਖਪਾਇਆ ਹੈ। ਇਸ ਨਸਲਕੁਸ਼ੀ ਦਾ
ਅੱਜ ਕੋਈ ਫਾਇਦਾ ਨਹੀਂ, ਪਰ ਕੱਟੜਵਾਦ ਦੀ ਲੰਬੀ ਸੋਚ ਦਾ ਇੱਕ ਹਿਸਾ ਹੈ। ਜੋ ਇਹ ਆਉਣਵਾਲੇ
ਸਮੇਂ ਵਾਸਤੇ ਰਾਹ ਪੱਧਰਾ ਕਰ ਰਹੇ ਹਨ। ਕੁੱਝ ਵੀ ਹੋਵੇ ਇਹਨਾਂ ਚਾਰ ਸੂਬਿਆਂ ਪੰਜਾਬ, ਜੰਮੂ
ਕਸ਼ਮੀਰ, ਬੰਗਾਲ ਅਤੇ ਮਹਾਂਰਾਸ਼ਟਰ ਦੀ ਸਿਆਸਤ ਨੂੰ ਬਾਕੀ ਭਾਰਤੀ ਸੂਬਿਆਂ ਜਾਂ ਦੇਸ਼ ਦੀ
ਸਿਆਸਤ ਨਾਲ ਰਲਾ ਕੇ ਦੇਖਣਾ ਕਿਸੇ ਸਮੇਂ ਵੀ ਧੋਖਾ ਦੇ ਸਕਦਾ ਹੈ।
ਇਹ ਮੁੱਢੋਂ ਰਵਾਇਤ ਰਹੀ ਹੈ ਕਿ ਇਹਨਾਂ ਸੂਬਿਆਂ ਦੇ ਲੋਕ ਪਿਆਰ ਦੀ
ਮਾਰ ਤਾਂ ਖਾ ਗਏ। ਪਰ ਹਥਿਆਰ ਦੀ ਮਾਰ ਨਾਲ ਕਦੇ ਨਹੀਂ ਮਰੇ? ਹੁਣ ਵੀ ਪੰਜਾਬ ਅਤੇ ਜੰਮੂ
ਕਸ਼ਮੀਰ ਵਿੱਚ ਲੋਕ ਹਿੰਦੋਸਤਾਨੀ ਸਰਕਾਰੀ ਅੱਤਵਾਦ ਦੇ ਖਿਲਾਫ਼ ਸ਼ਹਾਦਤਾਂ ਦੇ ਰਹੇ ਹਨ,
ਲੇਕਿਨ ਮੋਦੀ ਦੀ ਤਿੱਖੀ ਤੁਫਾਨੀ ਰਫਤਾਰ ਤੇ ਬਾਗੋ ਬਾਗ ਹੋਈ ਆਰ.ਐਸ.ਐਸ. ਅਤੇ ਬੀ.ਜੇ.ਪੀ.
ਜੰਮੂ ਕਸ਼ਮੀਰ ਫਤਹਿ ਦੇ ਇਰਾਦੇ ਨਾਲ ਉੱਤਰੀ ਭਾਰਤ ਦੀਆਂ ਪਹਾੜੀਆਂ ਤੇ ਚੜਣ ਦਾ ਯਤਨ ਕੀਤਾ।
ਸਭ ਤੋਂ ਪਹਿਲਾਂ ਤਾਂ ਬੀ.ਜੇ.ਪੀ. ਦੇ ਸਟਾਰ ਪ੍ਰਚਾਰਕ, ਸ਼ਿਵ ਲਿੰਗ ਪੂਜਕ, ਜਨੇਊ ਵਾਲੇ
ਡੰਮੀ ਸਿੱਖ ਗਲੈਡਰ ਨਵਜੋਤ ਨੂੰ ਜੰਮੂ ਦੇ ਅਣਖੀ ਸਿੱਖਾਂ ਨੇ ਜੁੱਤੀਆਂ ਨਾਲ ਅਸਮਾਨ ਤੋਂ
ਲਾਹ ਕੇ ਧਰਤੀ ਤੇ ਮੱਥਾ ਟਿਕਾ ਦਿੱਤਾ ਹੈ, ਜਿਸ ਨਾਲ ਬੀ.ਜੀ.ਪੀ ਦੀ ਵਿਜੇ ਰੇਲ ਨੂੰ ਲਾਲ
ਬੱਤੀ ਦੇ ਦੀਦਾਰੇ ਤਾਂ ਪਹਿਲਾਂ ਹੀ ਹੋ ਗਏ ਸਨ। ਪਰ ਫਤਹਿ ਦਾ ਨਿਸ਼ਾਨਾ ਲੈਕੇ ਤੁਰੀ
ਬੀ.ਜੇ.ਪੀ. ਅਤੇ ਆਰ.ਐਸ.ਐਸ. ਨੂੰ ਜਿਥੇ ਪੂਰਨ ਬਹੁਮਤ ਦੀ ਆਸ ਸੀ ਕਿ ਮੋਦੀ ਪੱਤਾ ਚੱਲੇਗਾ।
ਹੁਣ ਸਿਰਫ ਸਤਾਸੀਆਂ ਵਿੱਚੋਂ ਸਿਰਫ ਪੰਝੀ ਸੀਟਾਂ ਤੇ ਸਬਰ ਕਰਨਾਂ ਪੈ ਗਿਆ।
ਜੰਮੂ ਕਸ਼ਮੀਰ ਦੇ ਲੋਕਾਂ ਨੇ ਤਾਂ
ਆਰ.ਐਸ.ਐਸ. ਅਤੇ ਭਾਰਤੀ ਸੁਰਖੀਆਂ ਬਲਾਂ ਦੇ ਵੱਲੋਂ ਬੜੇ ਯੋਜਨਾਂ ਬੱਧਢੰਗ ਨਾਲ ਸਾਂਝੇ
ਤੌਰ 'ਤੇ ਕੀਤੀ ਕਸ਼ਮੀਰੀਆਂ ਦੀ ਨਸਲਕੁਸ਼ੀ ਦਾ ਜਵਾਬ ਦੇ ਦਿੱਤਾ ਹੈ। ਬੀ.ਜੇ.ਪੀ. ਦੀ
ਕੱਟੜਵਾਦੀ ਖੂਨ ਦੀ ਕਸ਼ਮੀਰ ਆਕੇ ਠੰਡੀ ਹੋ ਗਈ ਹੈ। ਪਰ
ਆਰ.ਐਸ.ਐਸ. ਵੀ ਹਾਰ ਮੰਨਣ ਵਾਲੀ ਜਮਾਤ ਨਹੀਂ ਅਤੇ ਹੁਣ ਇਸ ਕੋਲ ਸਿੱਧੀ ਰਾਜਸੀ ਸ਼ਕਤੀ ਵੀ
ਹੈ। ਕਸ਼ਮੀਰ ਤਾਂ ਗਵਾ ਲਿਆ ਹੁਣ ਸਾਰਾ ਜੋਰ ਪੰਜਾਬ 'ਤੇ ਲੱਗੇਗਾ ਕਿਉਂਕਿ ਆਰ.ਐਸ.ਐਸ.
ਵਾਸਤੇ ਜੇ ਕਸ਼ਮੀਰੀ ਮੁਸਲਮਾਨ ਬੇਰੀ ਦਾ ਕੰਡਾ ਹੈ, ਤਾਂ ਸਿੱਖ ਨੂੰ ਉਹ ਰੇਰੂ ਦਾ ਕੰਡਾ
ਸਮਝਦੀ ਹੈ ਜੋ ਸਭ ਤੋਂ ਖਤਰਨਾਕ ਹੁੰਦਾ ਹੈ, ਜਿੱਥੇ ਚੁੱਭ ਜਾਵੇ ਨਿਕਲਦਾ ਹੀ ਨਹੀਂ, ਇਸ
ਲਈ ਹੁਣ ਸਾਰਾ ਜੋਰ ਸਿੱਖਾਂ ਦਾ ਕੰਡਾ ਕੱਢਣ ਅਤੇ ਇਸ ਸੂਬੇ ਦਾ ਰਾਜ ਹਥਿਆਉਣ ਵਾਸਤੇ ਲਾਇਆ
ਜਾਵੇਗਾ ਅਤੇ ਜੰਮੂ ਕਸ਼ਮੀਰ ਦੀ ਚੋਣ ਵਿਚਲੀਆਂ ਕਮਜ਼ੋਰੀਆਂ ਦੀ ਪੜਤਾਲ ਕਰਕੇ 2017 ਦੀ
ਵਿਧਾਨਸਭਾ ਦੀ ਨੀਤੀ ਤਿਆਰ ਕੀਤੀ ਜਾਵੇਗੀ।
ਇਸ ਵਾਸਤੇ ਕਸ਼ਮੀਰੀਆਂ ਦੀ ਦਲੇਰੀ ਅਤੇ ਸੂਝ ਵੇਖਕੇ ਸਾਡੀ ਜਮੀਰ ਨੂੰ
ਵੀ ਹਰਕਤ ਵਿੱਚ ਆਉਣਾ ਚਾਹੀਦਾ ਹੈ, ਜਿਵੇ ਹੁਣ ਦੁਸ਼ਮਨ ਤੇਵਰ ਤਿੱਖੇ ਕਰੇਗਾ ਸਾਨੂੰ ਵੀ
ਹਿਰਦਾ, ਸੋਚ ਤੇ ਇਰਾਦੇ ਮਜਬੂਤ ਕਰ ਲੈਣੇ ਚਾਹੀਦੇ ਹਨ। ਹੋ ਸਕਦਾ ਹੈ ਕਿ ਆਉਣਵਾਲੀ
ਵਿਧਾਨਸਭਾ ਵਿੱਚ ਮੋਦੀ ਵਾਲੇ ਇੰਜਨ ਅੱਗੇ ਇਹ ਕੱਟੜਵਾਦ ਨਵਜੋਤ ਸਿੱਧੂ ਦੀ ਬਿਜਲੀ ਗੁੱਲ
ਹੋਣ ਜਾਣ ਤੋਂ ਬਾਅਦ ਕੋਈ ਕੈਪਟਨ ਅਮਰਿੰਦਰ ਸਿੰਘ ਵਰਗਾ ਡਿਜੀਟਲ ਇੰਜਨ ਲਗਾਕੇ ਪੰਥ ਦੀ
ਚੋਟੀ ਤੇ ਚੜਣ ਦਾ ਹੰਬਲਾ ਮਾਰਨ ਦਾ ਕਰੇ। ਪਰ ਗੁਰੂ ਪੰਥ ਨੇ ਤਾਂ ਅੰਗ੍ਰੇਜ਼ ਦੀ ਰੇਲ ਪੰਜਾ
ਸਾਹਿਬ ਕੋਲ ਰੋਕਕੇ ਸੂਰਜ ਨਾ ਛਿਪਣ ਵਾਲੇ ਰਾਜ ਨੂੰ ਵੀ ਚਿੱਟੇ ਦਿਨ ਵਿਚ ਹੀ ਹਨੇਰੇ ਦਾ
ਅਹਿਸਾਸ ਕਰਵਾ ਦਿੱਤਾ ਸੀ। ਪਰ ਉਸ ਪਿਛੇ ਪੰਥਕ ਸ਼ਕਤੀ ਤੇ ਗੁਰੂ ਦਾ ਓਟ ਆਸਰਾ ਅਤੇ ਸਾਡੇ
ਵਡਾਰੂਆਂ ਦੇ ਨੇਕ ਅਤੇ ਦਿਰੜ ਇਰਾਦੇ ਸਨ।
ਹੁਣ ਸਾਨੂੰ ਆਲੇ ਦੁਆਲੇ ਦੇ ਹਮਦਰਦੀ ਦਾ ਖਿਆਲ ਰਖਕੇ ਬੜੀ ਹੀ
ਸਾਵਧਾਨੀ ਤੋਂ ਕੰਮ ਲੈਣਾ ਪਵੇਗਾ ਅਤੇ ਇੱਕ ਗੱਲ ਯਾਦ ਰੱਖਣੀ ਪਵੇਗੀ ਕਿ ਸਾਡਾ ਮੁੱਦਾ
ਕੇਵਲ ਰਿਸ਼ਵਤਖੋਰੀ ਨੂੰ ਹਟਾਉਣਾ ਹੀ ਨਹੀਂ, ਸਗੋਂ ਨਾਲ ਨਾਲ ਪੰਥਕ ਅਤੇ ਸਿੱਖੀ ਦੀ ਨਿਰਾਲੀ
ਦਿੱਖ ਨੂੰ ਬਚਾਉਣਾ ਉਸ ਤੋਂ ਵੀ ਵੱਡੀ ਜਿੰਮੇਵਾਰੀ ਹੈ। ਆਰ.ਐਸ.ਐਸ. ਦੇ ਹੱਥਕੰਡੇ ਬਹੁਤ
ਹਨ, ਜਿਹੜਾ ਅੱਜ ਤੁਹਾਡੀ ਜਿਆਦਾ ਹਮਦਰਦੀ ਕਰ ਰਿਹਾ ਹੈ, ਹੋ ਸਕਦਾ ਕੱਲ ਨੂੰ ਓਹ ਵੀ
ਆਰ.ਐਸ.ਐਸ. ਦੇ ਸ਼ਤਰੰਜ ਦਾ ਮੋਹਰਾ ਬਣਕੇ ਸਾਨੂੰ ਠੁੱਠ ਵਿਖਾ ਜਾਵੇ ਤੇ ਅਸੀਂ ਪਛਤਾਵਾ ਝੋਲੀ
ਪਵਾਕੇ ਖੁਦ ਹੀ ਆਪਣੀ ਕਿਸਮਤ ਦੇ ਦੋਸ਼ੀ ਬਣ ਜਾਈਏ?
ਪੰਜਾਬ ਵਿੱਚ ਬਾਦਲ ਦਲ, ਆਮ ਆਦਮੀ ਪਾਰਟੀ, ਕਾਂਗਰਸ ਆਦਿਕ ਆਪਣੀ
ਰਾਜਸੀ ਖੇਡ ਖੇਡਣ ਸਭ ਨੂੰ ਹੱਕ ਹੈ, ਪਰ ਸਾਨੂੰ ਵੀ ਆਪਣੀ ਪੰਥਕ ਰਾਜਨੀਤੀ ਵੱਲ ਵੇਖਣਾ
ਚਾਹੀਦਾ ਹੈ ਅਤੇ ਮਜਬੂਤੀ ਨਾਲ ਆਉਣ ਵਾਲੇ ਖਤਰਿਆਂ ਨੂੰ ਸਾਹਮਣੇ ਰੱਖਕੇ ਆਪਣੀ ਰਾਜਨੀਤੀ
ਉਲੀਕਨੀ ਚਾਹੀਦੀ ਹੈ। ਜਿੱਥੇ ਸਿੱਖਾਂ ਦੀ ਨਿਰਾਲੀ ਪਹਿਚਾਨ ਦਾ ਮਸਲਾ ਹੈ, ਉਥੇ ਬੇਸ਼ੱਕ
ਕਾਂਗਰਸ ਹੋਵੇ, ਕਿਸੇ ਅਮਰਿੰਦਰ ਸਿੰਘ ਜਾਂ ਪ੍ਰਤਾਪ ਸਿੰਘ ਬਾਜਵਾ ਨੂੰ ਮੋਹਰਾ ਬਣਾਉਦੀ
ਹੈ, ਜੇ ਬੀ.ਜੇ.ਪੀ. ਹੋਵੇ ਤਾਂ ਜਿੰਨਾਂ ਚਿਰ ਬਾਦਲ ਸੂਤ ਆਇਆ ਓਹ ਠੀਕ ਸੀ, ਫਿਰ ਨਵਜੋਤ
ਸਿੱਧੂ ਤੇ ਹੁਣ ਓਹਦੀ ਖੁਰਕ ਲਹਿ ਜਾਣ ਤੋਂ ਬਾਅਦ ਅਮਰਿੰਦਰ ਸਿੰਘ 'ਤੇ ਡੋਰੇ ਪਾਏ ਜਾ ਰਹੇ
ਹਨ, ਇਸ ਤਰਾਂ ਹੀ ਆਮ ਆਦਮੀ ਪਾਰਟੀ ਪਹਿਲਾ ਯੋਗੇਂਦਰ ਯਾਦਵ ਇੰਚਾਰਜ, ਹੁਣ ਪੰਜਾਬ ਦੀ
ਰਾਜਨੀਤੀ ਨੂੰ ਸਮਝਦਿਆਂ ਸੁੱਚਾ ਸਿੰਘ ਛੋਟੇਪੁਰ ਨੂੰ ਅੱਗੇ ਲਾ ਲਿਆ ਹੈ? ਕੀਹ ਸਿਰਫ ਰਾਜ
ਸਤਾ ਹਾਸਲ ਕਰਨਾ ਹੀ ਸਾਡਾ ਮਕਸਦ ਹੈ ? ਨਹੀਂ ਸਾਨੂੰ ਸਾਡੀ ਵੱਖਰੀ ਹਸਤੀ ਵਾਸਤੇ ਲੜਣਾ
ਪੈਣਾ ਹੈ, ਰਿਸ਼ਵਤਖੋਰੀ ਸਾਡੇ ਵਾਸਤੇ ਦੂਜੇ ਨੰਬਰ ਤੇ ਹੈ, ਜਦੋ ਵਧੀਆ ਲੋਕ, ਆਗੂ ਸਾਫ਼ ਸੋਚ
ਵਾਲੇ ਹੋਣਗੇ ਤਾਂ ਰਿਸ਼ਵਤ ਤਾਂ ਖੰਭ ਲਾਕੇ ਭੱਜ ਜਾਵੇਗੀ। ਇਸ ਵਾਸਤੇ ਸਿੱਖਾਂ ਅਤੇ
ਪੰਜਾਬੀਆਂ ਨੂੰ ਹੁਣ ਪੰਥ ਅਤੇ ਪੰਜਾਬ ਦੀ ਚੜਦੀਕਲਾ ਵਾਸਤੇ ਪੰਥਕ ਰਾਜਨੀਤੀ ਦੀ ਪੁਨਰ
ਸੁਰਜੀਤੀ ਕਰਨੀ ਚਾਹੀਦੀ ਹੈ ਤਾਂ ਕਿ ਇੱਕ ਤਾਂ ਆਉਣ ਵਾਲੇ ਸਮੇਂ ਵਿੱਚ ਕੱਟੜਵਾਦੀ ਤਾਕਤਾਂ
ਨੂੰ ਕਸ਼ਮੀਰੀਆਂ ਵਾਗੂੰ ਕਾਹਵਾ ਪਿਆਇਆ ਜਾ ਸਕੇ ਅਤੇ ਇੱਕ ਆਪਣੀ ਨਿਰਾਲੀ ਪਹਿਚਾਨ, ਅਣਖੀ
ਤੇ ਸਾਫ਼ ਸੁਥਰੀ ਸਿਆਸੀ
ਛਵੀ ਨੂੰ ਬਹਾਲ ਕੀਤਾ ਆ ਸਕੇ।