ਤਲਵੰਡੀ ਸਾਬੋ/ਬਠਿੰਡਾ, 24 ਦਸੰਬਰ 2014: ਸੰਤ ਸਮਾਜ ਵੱਲੋਂ ਨਾਨਕਸ਼ਾਹੀ
ਕੈਲੰਡਰ ਨੂੰ ਖਤਮ ਕਰ ਕੇ ਮੁੜ ਬਿਕ੍ਰਮੀ ਕੈਲੰਡਰ ਬਹਾਲ ਕਰਵਾਉਣ ਦੀ ਕੀਤੀ ਗਈ ਮੰਗ ਦੇ ਮੱਦੇ
ਨਜ਼ਰ ਅੱਜ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਕਾਲ ਤਖ਼ਤ ਨੂੰ ਸਮਰਪਤ ਅਤੇ ਸਿੱਖ
ਰਹਿਤ ਮਰਿਆਦਾ ’ਤੇ ਪਹਿਰਾ ਦੇਣ ਵਾਲੀਆਂ ਜਥੇਬੰਦੀਆਂ ਦੀ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਹੋਰਨਾਂ
ਤੋਂ ਇਲਾਵਾ ਪੰਥ ਵਿੱਚ ਵੱਡਾ ਪ੍ਰਭਾਵ ਰੱਖਣ ਵਾਲੇ ਗੁਰਮਤਿ ਦੇ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ,
ਉਨ੍ਹਾਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਜਥੇਬੰਦੀ ਗੁਰਮਤਿ ਸੇਵਾ
ਲਹਿਰ ਦੇ ਵੱਡੀ ਗਿਣਤੀ ਵਿੱਚ ਸਿੰਘ, ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਵਾਲੇ ਅਤੇ ਭਾਈ
ਬਲਦੇਵ ਸਿੰਘ ਸਿਰਸਾ ਦੋਵੇਂ ਉਪ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਪ੍ਰਮਿੰਦਰ ਸਿੰਘ
ਬਾਲਿਆਂਵਾਲੀ ਜਿਲ੍ਹਾ ਪ੍ਰਧਾਨ ਅਤੇ ਹਰਫੂਲ ਸਿੰਘ ਸ਼ਹਿਰੀ ਪ੍ਰਧਾਨ ਬਠਿੰਡਾ ਸ਼੍ਰੋਮਣੀ ਅਕਾਲੀ ਦਲ
(ਅ), ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਦੇ ਕਨਵੀਨਰ ਕਿਰਪਾਲ ਸਿੰਘ ਬਠਿੰਡਾ, ਬੁੱਧੀਜੀਵੀ
ਵਰਗ ਵਿੱਚੋਂ ਪ੍ਰਿੰ: ਚਮਕੌਰ ਸਿੰਘ, ਪ੍ਰਿੰ: ਰਘਵੀਰ ਸਿੰਘ, ਪ੍ਰਿੰ: ਰਣਜੀਤ ਸਿੰਘ; ਭਾਈ ਜੀਤ
ਸਿੰਘ ਖੰਡੇਵਾਲਾ, ਕੈਪਟਨ ਭਗਵੰਤ ਸਿੰਘ ਅਤੇ ਏਕਨੂਰ ਖ਼ਾਲਸਾ ਫੌਜ, ਗੁਰੂ ਗ੍ਰੰਥ ਸਾਹਿਬ ਸਤਿਕਾਰ
ਕਮੇਟੀ, ਦਸਤਾਰ ਕਮੇਟੀ ਅਤੇ ਮਿਸ਼ਨਰੀ ਕਾਲਜਾਂ ਦੇ ਕਈ ਮੈਂਬਰ ਸ਼ਾਮਲ ਸਨ।
ਇਸ ਮੀਟਿੰਗ ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਕੇ ਇਸ ਬਿਕ੍ਰਮੀ
ਕੈਲੰਡਰ ਵਿੱਚ ਤਬਦੀਲ ਕਰਨ ਵਿੱਚ ਰੋੜਾ ਸਮਝੇ ਜਾ ਰਹੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ
ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਜ਼ਬਰੀ ਅਸਤੀਫਾ ਲੈਣ ਦੀ ਘਟੀਆ ਕਾਰਵਾਈ ਦੀ ਨਿੰਦਾ
ਕਰਨਾ ਤੋਂ ਇਲਾਵਾ ਸੰਤ ਸਮਾਜ, ਸ਼੍ਰੋਮਣੀ ਅਕਾਲੀ ਦਲ ਬਾਦਲ (ਬ) ਅਤੇ ਸ਼੍ਰੋਮਣੀ ਗੁਰਦੁਆਰਾ
ਕਮੇਟੀ ਵੱਲੋਂ ਅਪਣਾਏ ਜਾ ਰਹੇ ਦੂਹਰੇ ਮਾਪਦੰਡਾਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ
ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਇੱਕ ਪਾਸੇ ਤਾਂ ਇਹ ਕੇਂਦਰ ਸਰਕਾਰ ਵੱਲੋਂ ਸਿੱਖਾਂ
ਨੂੰ ਵੱਖਰੀ ਕੌਮ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਹਨ ਅਤੇ ਦੂਸਰੇ ਪਾਸੇ ਵੱਖਰੀ ਕੌਮ ਦੇ
ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਆਪ ਹੀ ਖਤਮ ਕਰਕੇ ਆਪਣਾ ਕੇਸ ਕਮਜੋਰ ਕਰ ਰਹੇ ਹਨ।
ਮੀਟਿੰਗ ਉਪ੍ਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਭਾਈ
ਪੰਥਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਪਹਿਲੀ ਜਨਵਰੀ ਨੂੰ ਸੰਗਤਾਂ ਵੱਡੀ ਗਿਣਤੀ
ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚ ਕੇ ਗਿਆਨੀ ਗੁਰਬਚਨ ਸਿੰਘ ਨੂੰ ਮੰਗ
ਪੱਤਰ ਸੌਂਪਣਗੀਆਂ, ਜਿਸ ਵਿੱਚ ਮੁੱਖ ਮੰਗ 2003 ਵਾਲੇ
ਨਾਨਕਸ਼ਾਹੀ ਕੈਲੰਡਰ ਨੂੰ ਫੌਰੀ ਤੌਰ ’ਤੇ ਮੁੜ ਬਹਾਲ ਕਰਨਾ ਹੋਵੇਗੀ; ਜੇ ਕਰ ਕਿਸੇ ਸੋਧ ਦੀ
ਲੋੜ ਹੈ ਤਾਂ ਕੇਵਲ ਕੈਲੰਡਰ ਮਾਹਰਾਂ ਦੀ ਰਾਇ ਨਾਲ ਸੋਧ ਕੀਤੀ ਜਾ ਸਕਦੀ ਜਿਸ ਵਿੱਚ ਰਹਿੰਦੇ
ਤਿੰਨ ਦਿਹਾੜੇ - ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼
ਦਿਹਾੜਾ, ਹੋਲਾ ਮਹੱਲਾ ਅਤੇ ਬੰਦੀ ਛੋੜ ਦਿਵਸ ਦੀਆਂ ਤਰੀਖਾਂ ਵੀ ਨਾਨਕਸ਼ਾਹੀ ਕੈਲੰਡਰ
ਅਨੁਸਾਰ ਨਿਸਚਿਤ ਕੀਤੀਆਂ ਜਾਣਾ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਕਾਨੂੰਨ ਅਨੁਸਾਰ
ਮਿਲੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਯੂਦ ਵੀ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੈਠੇ
ਸਿੰਘਾਂ ਦੀ ਰਿਹਾਈ ਅਤੇ ਸੰਵਿਧਾਨ ਦੀ ਧਾਰਾ 25 ਵਿੱਚ ਲੋੜੀਂਦੀ ਸੋਧ ਕਰਵਾਕੇ ਸਿੱਖਾਂ
ਨੂੰ ਵੱਖਰੀ ਕੌਮ ਸਵੀਕਾਰਣ ਲਈ ਯਤਨ ਅਰੰਭੇ ਜਾਣ ਦੀ ਵੀ ਪੁਰਜੋਰ ਮੰਗ ਕੀਤੀ ਜਾਵੇਗੀ।
ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ
ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਦੀ ਮੀਟਿੰਗ ਬੁਲਾ ਕੇ ਇਹ ਫੈਸਲਾ ਕੀਤਾ ਜਾਂਦਾ, ਪਰ
ਉਨ੍ਹਾਂ ਨੂੰ ਡਰ ਸੀ ਕਿ ਸੰਤ ਸਮਾਜ ਨੂੰ ਖੁਸ਼ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ
ਜਿਸ ਤਰ੍ਹਾਂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਅਸਤੀਫੇ ਦੀ ਮੰਗ ਕੀਤੀ ਗਈ ਸੀ, ਇਸ ਨੂੰ
ਧਿਆਨ ਵਿੱਚ ਰੱਖਦਿਆਂ ਉਹ ਕਾਹਲੀ ਵਿੱਚ ਸਿੰਘ ਸਾਹਿਬਾਨਾਂ ਤੋਂ ਨਾਨਕਸ਼ਾਹੀ ਕੈਲੰਡਰ ਰੱਦ
ਕਰਵਾ ਕੇ ਬਿਕ੍ਰਮੀ ਕੈਲੰਡਰ ਲਾਗੂ ਕਰਵਾਉਣ ਦਾ ਫੈਸਲਾ ਕਰਵਾ ਸਕਦੇ ਹਨ।
ਸੋ ਇਸ ਸਾਜਿਸ਼ ਨੂੰ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਅਕਾਲ ਤਖ਼ਤ
ਅੱਗੇ ਸਿੱਖ ਸੰਗਤਾਂ ਦਾ ਪੱਖ ਰੱਖਣ ਲਈ ਕਾਹਲੀ ਵਿੱਚ ਜਿੰਨੀ ਕੁ ਸੰਗਤ ਆਈ ਉਨ੍ਹਾਂ ਵੱਲੋਂ
ਹੀ 1 ਜਨਵਰੀ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ। ਜਿਸ ਲਈ ਗਿਆਨੀ
ਗੁਰਬਚਨ ਸਿੰਘ ਤੋਂ ਫੋਨ ਰਾਹੀਂ ਭਾਈ ਕਿਰਪਾਲ ਸਿੰਘ ਨੇ ਸਮਾ ਵੀ ਲੈ ਲਿਆ ਹੈ। ਉਨ੍ਹਾਂ
ਸਮੁੱਚੀਆਂ ਜਥੇਬੰਦੀਆਂ ਅਤੇ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਇਸ ਵਿਵਾਦ ਵਿੱਚ ਨਹੀਂ
ਪੈਣਾ ਕਿ ਮੀਟਿੰਗ ਵਿੱਚ ਕੌਣ ਕੌਣ ਸ਼ਾਮਲ ਸਨ ਸਗੋਂ ਜਿਹੜੇ ਵੀ ਨਾਨਕਸ਼ਾਹੀ ਕੈਲੰਡਰ ਨੂੰ
ਬਹਾਲ ਕਰਵਾਉਣਾ ਚਾਹੁੰਦੇ ਹਨ, ਧਾਰਾ 25 ਵਿੱਚ ਸੋਧ ਚਾਹੁੰਦੇ ਹਨ ਅਤੇ ਜੇਲ੍ਹਾਂ ਵਿੱਚੋਂ
ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਨੂੰ ਰਿਹਾਅ ਕਰਵਾਉਣਾ ਚਾਹੁੰਦੇ ਹਨ ਉਹ ਆਪਣੇ
ਤੌਰ ’ਤੇ ਸੰਗਤ ਨੂੰ ਨਾਲ ਲੈ ਕੇ ਪਹਿਲੀ ਜਨਵਰੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ
ਵਿਖੇ ਪਹੁੰਚ ਕੇ ਜਥੇਦਾਰ ਸਾਹਿਬ, ਸ਼੍ਰੋ.ਅ.ਦ. ਅਤੇ ਸ਼੍ਰੋ.ਕਮੇਟੀ ਨੂੰ ਇਹ ਦੱਸ ਦੇਣ ਕਿ
ਉਕਤ ਤਿੰਨੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਰਾਜਨੀਤਕ ਨੁਕਸਾਨ ਵੀ
ਉਠਾਉਣਾ ਪੈ ਸਕਦਾ ਹੈ।
ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸੰਤ ਸਮਾਜ ਅਤੇ ਸ਼੍ਰੋਮਣੀ
ਕਮੇਟੀ ਜਿਨ੍ਹਾਂ ਨੇ ਗੁਰਮਤਿ ਦਾ ਸਹੀ ਪ੍ਰਚਾਰ ਕਰਕੇ ਸੰਗਤਾਂ ਨੂੰ ਸੇਧ ਦੇਣੀ ਹੁੰਦੀ ਹੈ,
ਉਹੀ ਬਿਕ੍ਰਮੀ ਕੈਲੰਡਰ ਨੂੰ ਪੁਰਾਤਨ ਨਾਨਕਸ਼ਾਹੀ ਸੰਮਤ ਵਾਲਾ ਕੈਲੰਡਰ ਦੱਸ ਕੇ ਸੰਗਤਾਂ
ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਬਿਕ੍ਰਮੀ ਕੈਲੰਡਰ ਨੂੰ ਨਾਨਕਸ਼ਾਹੀ
ਕੈਲੰਡਰ ਕਹਿਣਾ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਗਧੇ ’ਤੇ ਸ਼ੇਰ ਦੀ ਖੱਲ ਪਾ ਕੇ ਉਸ ਨੂੰ
ਸ਼ੇਰ ਸਮਝਣ ਦੀ ਭੁੱਲ ਕਰਨਾ ਹੈ। ਸੰਤ ਸਮਾਜ ਦਾ ਇਹ ਕਹਿਣਾ ਵੀ ਪੂਰੀ ਤਰ੍ਹਾਂ ਗੁੰਮਰਾਹਕੁਨ
ਹੈ ਕਿ ਇਸ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਅਤੇ
ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਦੋਵੇਂ ਹੀ 28 ਦਸੰਬਰ ਨੂੰ ਨਾਨਕਸ਼ਾਹੀ
ਕੈਲੰਡਰ ਜਾਂ ਸੋਧੇ ਨਾਨਕਸ਼ਾਹੀ ਕੈਲੰਡਰ ਦੇ ਕਾਰਣ ਹੈ ਇਸ ਲਈ ਉਨ੍ਹਾਂ ਅਨੁਸਾਰ ਦੋਵੇਂ
ਕੈਲੰਡਰਾਂ ਨੂੰ ਰੱਦ ਕਰਕੇ ਬਿਕ੍ਰਮੀ ਕੈਲੰਡਰ ਮੁੜ ਲਾਗੂ ਕੀਤਾ ਜਾਵੇ ਕਿਉਂਕਿ 2003 ਤੋਂ
ਪਹਿਲਾਂ ਇਹ ਸਮੁੱਚੇ ਪੰਥ ਨੂੰ ਪ੍ਰਵਾਨ ਸੀ ਅਤੇ ਕਦੀ ਕੋਈ ਵਿਵਾਦ ਪੈਦਾ ਨਹੀਂ ਸੀ ਹੋਇਆ।
ਭਾਈ ਪੰਥਪ੍ਰੀਤ ਸਿੰਘ ਨੇ ਇਸ
ਗੁੰਮਰਾਹਕੁੰਨ ਪ੍ਰਚਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਸੰਤ ਸਮਾਜ ਦੇ
ਇਸ ਬਿਆਨ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੂੰ ਕੈਲੰਡਰ ਦਾ ਕੋਈ ਗਿਆਨ ਨਹੀਂ ਹੈ ਅਤੇ ਪਰਦੇ
ਪਿੱਛੇ ਬੈਠੀ ਕੋਈ ਏਜੰਸੀ ਉਨ੍ਹਾਂ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਕਹਾ ਰਹੀ ਹੈ।
ਸਧਾਰਨ ਤੋਂ ਸਧਾਰਨ ਬੰਦੇ ਨੂੰ ਪਤਾ ਹੈ ਕਿ ਸ਼ਹੀਦੀ ਦਿਹਾੜਾ ਅਤੇ ਪ੍ਰਕਾਸ਼ ਗੁਰਪੁਰਬ ਇਕੱਠੇ
ਆਉਣ ਦਾ ਮੁੱਖ ਕਾਰਣ ਬਿਕ੍ਰਮੀ ਕੈਲੰਡਰ ਹੈ। ਇਹ ਪਹਿਲੀ ਵਾਰ ਨਹੀਂ ਸਗੋਂ ਇਸ ਤੋਂ ਪਹਿਲਾਂ
ਵੀ ਕਈ ਵਾਰ ਇਹ ਦਿਹਾੜੇ ਬਿਕ੍ਰਮੀ ਕੈਲੰਡਰ ਵਿੱਚ ਇਕੱਠੇ ਆਏ ਸਨ ਅਤੇ ਅੱਗੋਂ ਤੋਂ ਵੀ
ਆਉਂਦੇ ਰਹਿਣਗੇ; ਗੁਰਪੁਰਬ ਕਦੀ 11 ਦਿਨ ਪਹਿਲਾਂ ਅਤੇ ਕਦੀ 18-19 ਦਿਨ ਪਿਛੋਂ ਆਉਣੇ;
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਕਦੀ ਸਾਲ ਵਿੱਚ ਦੋ ਵਾਰ ਆ ਜਾਣੇ ਅਤੇ ਕਿਸੇ
ਸਾਲ ਆਉਣਾ ਹੀ ਨਾ ਇਹ ਸਭ ਬਿਕ੍ਰਮੀ ਕੈਲੰਡਰ ਕਾਰਣ ਹੀ ਸਨ ਜਿਸ ਕਾਰਣ ਸ: ਪਾਲ ਸਿੰਘ
ਪੁਰੇਵਾਲ ਦੀ ਦਹਾਕਿਆਂ ਦੀ ਮਿਹਨਤ, ਪੰਥਕ ਵਿਦਵਾਨਾਂ ਦੀ ਲੰਬੀ ਸੋਚ ਵੀਚਾਰ ਅਤੇ ਸ਼੍ਰੋਮਣੀ
ਕਮੇਟੀ ਦੇ ਜਨਰਲ ਹਊਸ ਵਿੱਚ ਸਰਬਸੰਮਤੀ ਨਾਲ ਪਾਸ ਹੋਣ ਉਪ੍ਰੰਤ 5 ਸਿੰਘ ਸਾਹਿਬਾਨ ਵੱਲੋਂ
ਪ੍ਰਵਾਨ ਕਰਨ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ
ਵੇਦਾਂਤੀ ਨੇ ਤਖ਼ਤ ਸ਼੍ਰੀ ਦਮਦਮਾ ਸਹਿਬ ਵਿਖੇ 2003 ਦੀ ਵੈਸਾਖੀ ਵਾਲੇ ਦਿਨ ਗੁਰੂ ਗ੍ਰੰਥ
ਸਾਹਿਬ ਜੀ ਦੇ ਹਜੂਰ ਭਾਰੀ ਗਿਣਤੀ ਵਿੱਚ ਜੁੜੀ ਸੰਗਤ ਦੀ ਹਾਜਰੀ ਵਿੱਚ ਨਾਨਕਸ਼ਹੀ ਕੈਲੰਡਰ
ਰੀਲੀਜ਼ ਕੀਤਾ ਗਿਆ ਸੀ। ਇਹ ਕੈਲੰਡਰ 7 ਸਾਲ ਲਾਗੂ ਰਿਹਾ ਜਿਸ ਅਨੁਸਾਰ ਕਦੀ ਵੀ ਐਸਾ ਮੌਕਾ
ਨਹੀਂ ਆਇਆ ਕਿ ਇਕ ਵਾਰ ਨੀਯਤ ਕੀਤੇ ਗਏ ਗੁਰਪੁਰਬ ਕਦੀ ਅੱਗੇ ਪਿੱਛੇ ਹੋਣ ਕਾਰਣ ਪੰਥ ਵਿੱਚ
ਦੁਬਿਧਾ ਖੜ੍ਹੀ ਹੋਈ ਹੋਵੇ।
ਨਾਨਕਸ਼ਾਹੀ ਕੈਲੰਡਰ ਵਿੱਚ ਹਮੇਸ਼ਾਂ ਲਈ ਛੋਟੇ ਸਾਹਿਬਜ਼ਾਦਿਆਂ ਦਾ
ਸ਼ਹੀਦੀ ਦਿਹਾੜਾ 13 ਪੋਹ 26 ਦਸੰਬਰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ
23 ਪੋਹ 5 ਜਨਵਰੀ ਨੂੰ ਆਉਂਦੇ ਰਹੇ ਅਤੇ ਅੱਗੋਂ ਲਈ ਹਮੇਸ਼ਾਂ ਆਉਂਦੇ ਰਹਿਣਗੇ ਜਿਸ ਨਾਲ ਕਦੀ
ਦੁਬਿਧਾ ਖੜ੍ਹੀ ਹੋ ਹੀ ਨਹੀਂ ਸਕਦੀ। ਪਰ ਜਿਨ੍ਹਾਂ ਲੋਕਾਂ ਨੂੰ ਸਿੱਖ ਪੰਥ ਦੀ ਵੱਖਰੀ
ਹੋਂਦ ਤੇ ਵੱਖਰਾ ਕੈਲੰਡਰ ਹਜਮ ਨਹੀਂ ਹੁੰਦਾ ਉਨ੍ਹਾਂ ਨੇ ਵਗੈਰ ਕਿਸੇ ਵਿਧੀ ਵਿਧਾਨ
ਅਪਣਾਇਆਂ ਜਾਂ ਕੈਲੰਡਰ ਮਾਹਰਾਂ ਦੀ ਰਾਇ ਲਿਆਂ 2010 ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਸੋਧ
ਦੇ ਨਾਮ ’ਤੇ ਬਿਕ੍ਰਮੀ ਕੈਲੰਡਰ ਨਾਲ ਮਿਲਗੋਭਾ ਕਰਕੇ ਵਿਗਾੜ ਦਿੱਤਾ ਅਤੇ
ਹੁਣ ਪੂਰੀ ਤਰ੍ਹਾਂ ਰੱਦ ਕਰਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ
ਕਰਨਾ ਚਾਹੁੰਦੇ ਹਨ ਜਿਸ ਨੂੰ ਸਿੱਖ ਸੰਗਤਾਂ ਕਦੀ ਵੀ ਪ੍ਰਵਾਨ ਨਹੀਂ ਕਰਨਗੀਆਂ।