ਜਦੋਂ ਤੱਕ ਗੁਰਦੁਆਰਿਆਂ ਵਿੱਚ "ਆਸਾ
ਕੀ ਵਾਰ" ਦੀ ਅੰਮ੍ਰਿਤ ਬਾਣੀ ਗੂੰਜਦੀ ਰਹੇਗੀ,
ਕੋਈ ਵੀ ਮੋਹਨ ਭਾਗਵਤ, ਸਿੱਖਾਂ ਨੂੰ ਹਿੰਦੂ ਸਾਬਿਤ ਕਰਨ ਦੀ ਹਿੰਮਤ ਨਹੀਂ ਕਰ ਸਕੇਗਾ
-: ਇੰਦਰਜੀਤ ਸਿੰਘ, ਕਾਨਪੁਰ
ਆਰ.ਐਸ.ਐਸ.
ਦੇ ਲੋਕ ਸਿੱਖਾਂ ਨੂੰ ਹਿੰਦੂ ਮਤ ਦਾ ਇਕ ਹਿੱਸਾ ਸਾਬਿਤ ਕਰਨ ਵਿਚ ਆਪਣਾ ਪੂਰਾ ਜ਼ੋਰ ਕਈ ਸਦੀਆਂ
ਤੋਂ ਲਾਂਦੇ ਰਹੇ ਨੇ, ਭਾਵੇਂ ਇਨ੍ਹਾਂ ਦਾ ਮੁੱਖੀ ਕੇ. ਸੁਦਰਸ਼ਨ ਰਿਹਾ ਹੋਵੇ, ਜੋ ਹੁਣ ਪਰਲੋਕ
ਸਿਧਾਰ ਚੁਕਾ ਹੈ, ਭਾਵੇਂ ਮੌਜੂਦਾ ਮੁੱਖੀ ਮੋਹਨ ਭਾਗਵਤ ਹੋਵੇ, ਇਹ ਵਕਤ ਵਕਤ 'ਤੇ ਇਹੋ ਜਹੇ
ਅਨਰਗਲ ਬਿਆਨ ਦਿੰਦੇ ਰਹੇ ਹਨ ਕਿ "ਸਿੱਖ, ਹਿੰਦੂ ਹੀ ਹਨ" ਤਾਂਕਿ ਸਿੱਖਾਂ ਦੀ ਕੱਚੀ ਸੋਚ ਵਾਲੀ,
ਨਵੀਂ ਪਨੀਰੀ ਦੇ ਮਨ ਵਿੱਚ ਇਹ ਬੀਜ ਬੋ ਦਿਤਾ ਜਾਵੇ ਕਿ "ਅਸੀਂ
ਹਿੰਦੂ ਹੀ ਹਾਂ"। ਪਹਿਲਾਂ ਕਹਿਆ ਜਾਂਦਾ ਸੀ "ਹਿੰਦੂ,
ਮੁਸਲਿਮ, ਸਿੱਖ, ਇਸਾਈ, ਆਪਸ ਮੇਂ ਸਭ ਭਾਈ ਭਾਈ"। ਹੁਣ ਇਹ ਜੋ ਵੀ ਗਲ ਕਰਦੇ ਨੇ ਉਸ
ਵਿੱਚ "ਹਿੰਦੂ ਮੁਸਲਿਮ" ਹੀ ਕਹਿੰਦੇ ਨੇ। ਇਸ ਸਲੋਗਨ ਵਿਚੋਂ
ਇਨ੍ਹਾਂ ਨੇ ਸਿੱਖਾਂ ਤੇ ਇਸਾਈਆਂ ਦਾ ਨਾਮ, ਹਟਾ ਦਿਤਾ ਹੈ, ਕਿਉਂਕਿ ਈਸਾਈਆਂ ਨੂੰ ਤਾਂ ਉਹ
ਬਾਹਰੋਂ ਆਇਆ ਕਹਿੰਦੇ ਹਨ ਅਤੇ ਸਿੱਖਾਂ ਨੂੰ ਹਿੰਦੂ ਦਸਦੇ ਹਨ। ਇਸ ਲਈ ਇਹ ਹੁਣ "ਹਿੰਦੂ,
ਮੁਸਲਿਮ, ਸਿੱਖ, ਇਸਾਈ" ਨਹੀਂ ਕਹਿੰਦੇ।
ਇਕ ਪਾਸੇ ਸਾਡੇ ਅਖੌਤੀ ਪੰਥਿਕ ਸਿਆਸਤ ਦਾਨ ਅਤੇ ਅਖੌਤੀ ਜੱਥੇਦਾਰ ਐਸੀਆਂ ਸਿੱਖ ਵਿਰੋਧੀ ਤਾਕਤਾਂ
ਦੇ ਟੁਕੜਬੋਚ ਬਣ ਕੇ, ਇਨ੍ਹਾਂ ਤਾਕਤਾਂ ਦੀ ਕੁਹਾੜੀ ਦੇ ਦਸਤੇ ਬਣੇ ਹੋਏ ਹਨ। ਦੂਜੇ ਪਾਸੇ ਸਿੱਖਾਂ
ਨੂੰ ਹਿੰਦੂ ਸਾਬਿਤ ਕਰਨ ਦੀਆਂ ਸਾਜਸ਼ਾਂ ਦਿਨ ਬ ਦਿਨ ਆਪਣਾ ਸਿਰ ਚੁਕਦੀਆਂ ਜਾ ਰਹੀਆਂ ਹਨ। ਸਾਡੇ
ਉਹ ਵਿਰਸੇ ਹਮੇਸ਼ਾਂ ਤੋਂ ਹੌਲੀ ਹੌਲੀ ਮੁਕਾ ਦਿੱਤੇ ਜਾਂਦੇ ਰਹੇ ਹਨ, ਜਿਸਤੋਂ ਸਿੱਖਾਂ ਦੀ ਵਖਰੀ
ਹੋਂਦ ਅਤੇ ਆਜਾਦ ਹਸਤੀ ਦਾ ਪ੍ਰਗਟਵਾ ਹੂੰਦਾ ਸੀ। ਨਾਨਕਸ਼ਾਹੀ ਕੈਲੰਡਰ ਅਤੇ ਪੰਜਾਬ ਦੀਆਂ ਉਹ
ਇਤਿਹਾਸਕ ਇਮਾਰਤਾਂ ਅਤੇ ਇਤਿਹਾਸਕ ਸਥਾਨ, ਜੋ ਸਿੱਖੀ ਵਿਰਸੇ ਅਤੇ ਇਤਿਹਾਸਿਕ ਘਟਨਾਵਾਂ ਦੀਆਂ
ਗਵਾਹੀਆਂ ਭਰਦੇ ਸਨ, ਹੌਲੀ ਹੌਲੀ ਸਭ ਕੁਝ ਮੁਕਾ ਦਿਤਾ ਗਿਆ ਹੈ। ਉਨ੍ਹਾਂ ਅਸਥਾਨਾਂ 'ਤੇ
ਸੰਗਮਰਮਰ ਅਤੇ ਪੱਥਰ ਵਿਛਾ ਕੇ ਉਨ੍ਹਾਂ ਦਾ ਇਤਿਹਾਸਕ ਅਤੇ ਮੂਲ ਸਰੂਪ ਹੀ ਵਿਗਾੜ ਦਿਤਾ ਗਿਆ
ਹੈ, ਜੋ ਸਿੱਖਾਂ ਨੂੰ ਉਸ ਪੁਰਾਤਨ ਵੇਲੇ ਦੀਆਂ ਘਟਨਾਵਾਂ ਨਾਲ ਜੋੜਦਾ ਸੀ।
ਦਾਸ ਨੂੰ ਇਹ ਲੇਖ ਲਿਖਣ ਦੀ ਜ਼ਰੂਰਤ ਇਸ ਲਈ ਵੀ ਮਹਸੂਸ ਹੋਈ ਹੈ,
ਕਿ ਮੈਂ ਕੁਝ ਮਹੀਨਿਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ "ਆਸਾ ਕੀ ਵਾਰ" 'ਤੇ
ਹੋ ਰਹੇ ਬਹੁਤ ਵੱਡੇ ਮਾਰੂ ਹਮਲਿਆਂ ਨੂੰ, ਪੰਥ ਦੋਖੀਆਂ ਦੀ ਇਕ ਸਾਜਿਸ਼ ਦੇ ਰੂਪ ਵਿਚ ਵੇਖ ਰਿਹਾ
ਹਾਂ। ਇਹ ਹਮਲੇ ਹੋਰ ਕਿਧਰੇ ਨਹੀਂ, ਬਲਕਿ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਹੀ ਸ਼ੁਰੂ ਹੋ
ਚੁਕੇ ਹਨ। ਕਈ ਦਿਨਾਂ ਤੋਂ ਦਾਸ ਨੇ ਇਹ ਨੋਟਿਸ ਕੀਤਾ ਹੈ ਕਿ, ਸਦੀਆਂ ਤੋਂ ਅੰਮ੍ਰਿਤ ਵੇਲੇ
ਪੜ੍ਹੀ ਜਾਣ ਵਾਲੀ ਨਿਰੋਲ ਅੰਮ੍ਰਿਤ ਬਾਣੀ "ਆਸਾ ਕੀ ਵਾਰ"
ਵਿੱਚ ਅਖੌਤੀ ਦਸਮ ਗ੍ਰੰਥ ਦੀ ਕੱਚੀ ਬਾਣੀ ਰਲਾ ਕੇ ਇਕ ਦੋ ਸ਼ਬਦ ਵੀ ਰਾਗੀ ਜੱਥੇ, ਜਾਣਬੂਝ ਕੇ
ਜਰੂਰ ਪੜ੍ਹਨ ਲਗ ਪਏ ਹਨ।
ਅਜ ਹੀ ਮਿਤੀ 22 ਦਸੰਬਰ 2014 ਨੂੰ ਵੀ ਆਸਾ ਕੀ ਵਾਰ ਦਾ ਕੀਰਤਨ ਕਰਦਿਆਂ
ਇੱਕ ਹਜੂਰੀ ਰਾਗੀ, ਨੇ ਅਖੌਤੀ ਗ੍ਰੰਥ ਦਾ ਇਕ ਸ਼ਬਦ ਵਿਚ ਘੂਸੋੜ ਦਿਤਾ। ਇਸ ਵਿਚ ਸ਼ਾਇਦ ਉਹ ਰਾਗੀ
ਜੱਥੇ ਵੀ ਮਜਬੂਰ ਹਨ, ਕਿਉਂਕਿ ਉਨ੍ਹਾਂ ਨੂੰ ਇਹ ਆਦੇਸ਼ ਪਿਛੋਂ ਦਿੱਤੇ ਜਾ ਰਹੇ ਹਨ। ਮੇਰੀ ਕੁਝ
ਰਾਗੀ ਜੱਥਿਆਂ ਨਾਲ ਇਸ ਬਾਰੇ ਟੈਲੀਫੋਨ 'ਤੇ ਗੱਲ ਵੀ ਹੋਈ ਹੈ, ਉਨ੍ਹਾਂ ਵਿਚੋਂ ਇਕ ਦੋ ਨੇ
ਦਸਿਆ ਕਿ ਅਸੀਂ ਕੀ ਕਰੀਏ, ਪਿਛੋਂ ਹੀ ਐਸਾ ਆਦੇਸ਼ ਦਿਤਾ ਜਾਂਦਾ ਹੈ, ਜੇ ਨਾਂ ਕਰੀਏ ਤਾਂ ਡਿਊਟੀ
ਤੋਂ ਹਟਾ ਦਿਤਾ ਜਾਂਦਾ ਹੈ। ਇਸ ਬਾਰੇ ਤੁਸੀਂ ਅਕਾਲ ਤਖਤ ਦੇ ਜੱਥੇਦਾਰ ਨਾਲ ਗਲ ਕਰੋ।
ਸਿੱਖ ਰਹਿਤ ਮਰਿਆਦਾ ਵਿਚ "ਕੀਰਤਨ" ਸਿਰਲੇਖ
ਵਿਚ ਇਹ ਸਾਫ ਸਾਫ ਲਿਖਿਆ ਹੋਇਆ ਹੈ ਕਿ "ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਦਾ ਅਤੇ ਉਸਦੀ
ਵਿਆਖਿਆ ਸਰੂਪ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੀ ਹੋ ਸਕਦਾ ਹੈ।" ਅਖੌਤੀ
ਦਸਮ ਗ੍ਰੰਥ ਦੀ ਕੱਚੀ ਬਾਣੀ ਦਾ ਜਿਕਰ ਕਿਤੇ ਵੀ ਅੰਕਿਤ ਨਹੀਂ ਹੈ। ਇਕ ਪਾਸੇ ਸਿੱਖ
ਰਹਿਤ ਮਰਿਆਦਾ ਦੀ ਦੁਹਾਈ ਪਾਉਣਾਂ, ਤੇ ਦੂਜੇ ਪਾਸੇ ਸਿੱਖਾਂ ਦੇ ਉੱਚ ਧਾਰਮਿਕ ਅਸਥਾਨਾਂ ਤੋਂ
ਇਸ ਦੀਆਂ ਧੱਜੀਆਂ ਉਡਾਉਣਾਂ ਇਕ ਸਾਜਿਸ਼ ਨਹੀਂ, ਤਾਂ ਹੋਰ ਕੀ ਹੈ?
ਸ਼੍ਰੋਮਣੀ ਕਮੇਟੀ ਦੀ ਵੈਬਸਾਈਟ
www.sgpc.net ਅਤੇ "ਸਿੱਖ ਰਹਿਤ ਮਰਿਆਦਾ" ਦੇ ਅੰਗ੍ਰੇਜੀ ਵਿਚ ਛਪਣ ਵਾਲੇ ਐਡੀਸ਼ਨ ਵਿਚ,
ਇੱਸੇ ਸਾਜਿਸ਼ ਦੇ ਅਧੀਨ ਸਨ 1994 ਅਤੇ 1997 ਦੇ ਵਿਚਕਾਰ ਚੁਪ ਚਪੀਤੇ ਤਬਦੀਲੀ ਕਰਕੇ "ਗੁਰੂ
ਗੋਬਿੰਦ ਸਿੰਘ ਜੀ ਦੀਆਂ ਬਾਣੀਆਂ" ਵੀ ਇਸ ਵਿਚ ਅੰਕਿਤ ਕਰ ਦਿਤਾ ਗਿਆ ਹੈ।
.jpg)
ਦਾਸ ਇਸ ਬਾਰੇ ਇਕ ਨੋਟਿਸ ਸ਼੍ਰੋਮਣੀ
ਕਮੇਟੀ ਨੂੰ ਕੁਝ ਮਹੀਨੇ ਪਹਿਲਾਂ ਭੇਜ ਚੁਕਾ ਹੈ। ਉਸ ਦਾ ਸ਼੍ਰੋਮਣੀ ਕਮੇਟੀ ਵਲੋਂ ਜਵਾਬ ਵੀ
ਆਇਆ ਹੈ, ਲੇਕਿਨ ਉਸ ਨੂੰ ਠੀਕ ਕਰਨ ਬਾਰੇ, ਕੋਈ ਕਾਰਵਾਈ ਅੱਜ ਤਕ ਨਹੀਂ ਕੀਤੀ ਗਈ ਹੈ। ਇਸ
ਤੋਂ ਸਾਬਿਤ ਹੁੰਦਾ ਹੈ ਕਿ ਇਹ ਇਕ ਸੋਚੀ ਸਮਝੀ ਸਾਜਿਸ਼ ਹੈ। ਇਸ ਬਾਰੇ ਕਿਸੇ ਹੋਰ
ਲੇਖ ਵਿਚ ਵਿਸਥਾਰ ਨਾਲ ਜਿਕਰ ਕਰਾਂਗੇ। ਜੇ ਸਿੱਖ ਇਸੇ ਤਰ੍ਹਾਂ ਸੁੱਤੇ ਰਹੇ, ਤਾਂ ਇਕ ਦਿਨ
ਪੰਜਾਬੀ ਅਤੇ ਹਿੰਦੀ ਦੀ ਛਪਣ ਵਾਲੀ "ਸਿੱਖ ਰਹਿਤ ਮਰਿਆਦਾ" ਵਿੱਚ ਵੀ ਇਹ ਤਬਦੀਲੀ ਕਰ
ਦਿੱਤੀ ਜਾਂਣੀ ਹੈ। ਅਸੀਂ ਤਾਂ ਹੀ ਜਾਗਦੇ ਹਾਂ, ਜਦੋਂ ਅਸੀਂ ਪੂਰੀ ਤਰ੍ਹਾਂ ਲੁੱਟ ਚੁਕੇ
ਹੂੰਦੇ ਹਾਂ। ਲੁੱਟਣ ਵਾਲੇ ਕੋਈ ਬਾਹਰ ਦੇ ਨਹੀਂ ਅਪਣੇ ਹੀ ਅਖੌਤੀ ਜੱਥੇਦਾਰ ਹਨ। ਇਹ ਕਿਸੇ
ਇਕ ਬੰਦੇ ਦੀ ਡਿਉਟੀ ਨਹੀਂ, ਬਲਕਿ ਸਾਨੂੰ ਸਾਰਿਆਂ ਨੂੰ ਇਸ ਗੱਲ 'ਤੇ ਪਹਿਰਾ ਦੇਣ ਦੀ ਅਤੇ
ਇਕ ਜੁਟ ਹੋ ਕੇ ਇਹੋ ਜਹੀਆਂ ਸਾਜਿਸ਼ਾਂ ਨੂੰ ਬੇਨਕਾਬ ਕਰਨ ਦੀ ਜਰੂਰਤ ਹੈ। ਤਾਂਕਿ ਇਨ੍ਹਾਂ
ਬਿਪਰਵਾਦੀ ਤਾਕਤਾਂ ਦੇ ਝੋਲੀਚੁੱਕ, ਸਾਡੇ ਅਖੌਤੀ ਆਗੂਆਂ ਦੀਆਂ ਸਿੱਖ ਵਿਰੋਧੀ ਕਰਤੂਤਾਂ
ਨੂੰ ਠੱਲ ਪਾਈ ਜਾ ਸਕੇ।
"ਆਸਾ ਕੀ ਵਾਰ" ਦੀ ਅੰਮ੍ਰਿਤ ਬਾਣੀ ਦੇ ਵਿੱਚ ਵਿੱਚ
ਕੱਚੀਆਂ ਬਾਣੀਆਂ ਦਾ ਕੀਰਤਨ ਉਸ ਵਿਚ ਘੁਸੋੜ ਕੇ ਇਹ ਸਾਜਿਸ਼ ਕਿਉਂ ਕੀਤੀ ਜਾ ਰਹੀ ਹੈ?
ਆਉ ! ਇਸ ਬਾਰੇ ਵੀ ਥੋੜਾ ਵਿਚਾਰ ਕਰ ਲਈਏ !
ਗੁਰੂ ਸਾਹਿਬਾਨ ਦੇ ਜੀਵਨ ਕਾਲ ਤੋਂ ਹੀ ਇਹ ਮਰਿਆਦਾ ਚਲੀ ਆ ਰਹੀ
ਹੈ, ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ "ਆਸਾ ਕੀ
ਵਾਰ" ਦੇ ਨਾਲ ਹੀ ਸਾਡੇ ਗੁਰੂ ਘਰ ਦਾ ਨਿਤਨੇਮ ਅੰਮ੍ਰਿਤ ਵੇਲੇ ਸ਼ੁਰੂ ਹੂੰਦਾ ਹੈ।
ਇਹ ਉਹ ਅੰਮ੍ਰਿਤ ਬਾਣੀ ਹੈ, ਜੋ ਬ੍ਰਾਹਮਣ ਅਤੇ ਬ੍ਰਾਹਮਣੀ
ਕਰਮਕਾਂਡਾਂ ਦਾ ਪੁਰਜੋਰ ਖੰਡਨ ਕਰਦੀ ਹੈ ਅਤੇ ਇਹ ਸਾਬਿਤ ਕਰਦੀ ਹੈ ਕੇ ਗੁਰੂ ਨਾਨਕ ਦਾ
ਸਿੱਖ "ਹਿੰਦੂ" ਨਹੀਂ ਹੋ ਸਕਦਾ। ਕਿਉਂਕਿ
ਗੁਰੂ ਨਾਨਕ ਸਾਹਿਬ ਤਾਂ ਆਪ ਇਸ ਬਾਣੀ
ਵਿਚ ਬ੍ਰਾਹਮਣ ਅਤੇ ਬ੍ਰਾਹਮਣ ਦੀ ਅਧਿਆਤਮਿਕ ਰੀਤੀਆਂ ਨੂੰ "ਫੋਕਟ" ਕਹਿ ਕੇ ਉਸ ਨੂੰ ਸਿਰੇ
ਤੋਂ ਹੀ ਰੱਦ ਕਰ ਰਹੇ ਨੇ।
ਮ:੧ ॥ ਪੜਿ ਪੁਸਤਕ ਸੰਧਿਆ ਬਾਦੰ ॥
ਸਿਲ ਪੂਜਸਿ ਬਗੁਲ ਸਮਾਧੰ ॥ ਮੁਖਿ ਝੂਠ ਬਿਭੂਖਣ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ ॥
ਗਲਿ ਮਾਲਾ ਤਿਲਕੁ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥ ਜੇ ਜਾਣਸਿ ਬ੍ਰਹਮੰ ਕਰਮੰ
॥ ਸਭਿ ਫੋਕਟ ਨਿਸਚਉ ਕਰਮੰ ॥ ਕਹੁ ਨਾਨਕ ਨਿਹਚਉ ਧਿਆਵੈ ॥ ਵਿਣੁ ਸਤਿਗੁਰ ਵਾਟ ਨ ਪਾਵੈ
॥੨॥ ਅੰਕ 470
ਇਸ ਬਾਣੀ ਨੂੰ ਸੁਣ ਕੇ ਸਿੱਖਾਂ ਨੂੰ ਹਿੰਦੂ ਕਹਿਣ ਵਾਲੇ ਬਿਪਰ ਦੀਆਂ
ਸਾਰੀ ਸਾਜਿਸ਼ਾਂ ਫੇਲ ਹੋ ਜਾਂਦੀਆ ਹਨ। ਕਿਉਂਕਿ ਇਥੇ ਤਾਂ ਗੁਰੂ ਨਾਨਕ ਸਾਹਿਬ ਉਸ ਸਿਲ (ਮੂਰਤੀ)
ਪੂਜਨ ਵਾਲੇ, ਬਗੁਲੇ ਵਾਂਗ ਸਮਾਧੀ ਲਾਉਣ ਵਾਲੇ, ਗਲੇ ਵਿੱਚ ਮਾਲਾ ਅਤੇ ਮੱਥੇ 'ਤੇ ਤਿਲਕ
ਲਾਉਣ ਵਾਲੇ, ਲੱਕ ਧੋਤੀ ਬਨਣ ਵਾਲੇ ਬ੍ਰਾਹਮਣ ਦੇ ਸਾਰੇ ਕਰਮਾਂ ਨੂੰ ਫੋਕਟ ਦਸ ਰਹੇ ਨੇ।
ਫਿਰ ਗੁਰੂ ਦਾ ਸਿੱਖ ਬ੍ਰਾਹਮਣ ਕਿਵੇਂ ਹੋ ਸਕਦਾ ਹੈ?
"ਆਸਾ ਕੀ ਵਾਰ" ਨਾਲ ਹੋ ਰਹੀਆਂ ਸਾਜਿਸ਼ਾਂ
ਦਾ ਕਾਰਣ ਸਪਸ਼ਟ ਹੈ, ਕਿ ਇਹ ਬਾਣੀ ਆਪਣੇ ਸਿੱਖਾਂ ਨੂੰ ਹਿੰਦੂ ਮਤਿ ਵਿਚ ਰਲ ਗੱਢ ਹੋਣ ਤੋਂ
ਬਚਾਂਉਦੀ ਹੈ ਅਤੇ ਇਨ੍ਹਾਂ ਪੰਥ ਦੋਖੀਆਂ ਦੀਆਂ ਮਿਥੀਆਂ ਸਾਜਿਸ਼ਾਂ ਵਿੱਚ ਇੱਕ ਬਹੁਤ ਵੱਡੀ
ਰੁਕਾਵਟ ਪੈਦਾ ਕਰਦੀ ਹੈ। ਮੋਹਨ ਭਾਗਵਤ ਦੇ ਬਿਆਨ ਦੇਣ ਨਾਲ ਕੀ ਹੂੰਦਾ ਹੈ? ਕੀ
ਇਸ ਦੇ ਕਹਿਣ ਨਾਲ ਸਿੱਖ, ਹਿੰਦੂ ਬਣ ਜਾਂਣਗੇ? "ਆਸਾ ਕੀ ਵਾਰ" ਬਾਣੀ ਵਿੱਚ ਤਾਂ ਗੁਰੂ
ਸਾਹਿਬ ਇਨ੍ਹਾਂ ਬ੍ਰਾਹਮਣਾਂ ਨੂੰ "ਜਗਤ ਕਸਾਈ" (Butchers) ਕਹਿ ਕੇ ਸੰਬੋਧਿਤ ਕੀਤਾ ਹੈ।
ਹੁਣ ਕੀ, ਗੁਰੂ ਦਾ ਸਿੱਖ, ਹਿੰਦੂ ਸਮਾਜ ਦਾ ਇਕ ਹਿੱਸਾ ਬਣਕੇ
ਅਪਣੇ ਆਪ ਨੂੰ "ਜਗਤ ਕਸਾਈ" ਅਖਵਾ ਸਕਦਾ ਹੈ ?
ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ
॥ ਅੰਕ 471
ਇਨਾਂ ਹੀ ਨਹੀਂ! ਗੁਰੂ ਨਾਨਕ ਸਾਹਿਬ 'ਤੇ ਇਨ੍ਹਾਂ ਤਾਗ (ਜਨੇਉ ) ਧਾਰਣ ਕਰਨ ਵਾਲਿਆਂ ਨੂੰ
"ਮਾਣਸ ਖਾਣੇ" (Cannibels) ਕਹਿ ਕੇ ਸੰਬੋਧਿਤ ਕਰ ਰਹੇ ਨੇ। ਕੀ ਸ਼ਬਦ ਗੁਰੂ ਦਾ ਅਣਖੀਲਾ
ਅਤੇ ਨਿਆਰਾ ਸਿੱਖ, ਇਨ੍ਹਾਂ ਵਿਚ ਸ਼ਾਮਿਲ ਹੋਕੇ, ਆਪਣੇ ਆਪ ਨੂੰ "ਮਾਣਸ ਖਾਣਾ" ਅਖਵਾਉਣ ਲਈ
ਤਿਆਰ ਹੋ ਜਾਵੇਗਾ?
ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ
ਵਗਾਇਨਿ ਤਿਨ ਗਲਿ ਤਾਗ ॥
ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨ੍ਹ੍ਹਾ ਭਿ ਆਵਹਿ ਓਈ ਸਾਦ ॥
ਕੂੜੀ ਰਾਸਿ ਕੂੜਾ ਵਾਪਾਰੁ ॥ਕੂੜੁ ਬੋਲਿ ਕਰਹਿ ਆਹਾਰੁ ॥ ਅੰਕ 471
ਸਿੱਖ ਵੀਰੋ ! ਯਾਦ ਰੱਖੋ ! ਕਿ ਜਦੋਂ ਤਕ ਗੁਰਦੁਆਰਿਆਂ ਵਿਚ "ਆਸਾ ਕੀ ਵਾਰ" ਦੀ ਨਿਰੋਲ
ਅੰਮ੍ਰਿਤ ਬਾਣੀ ਗੂੰਜਦੀ ਰਹੇਗੀ, ਅਤੇ ਹਰ ਸਿੱਖ ਇਸ ਨਾਲ ਜੁੜਿਆ ਰਹੇਗਾ। ਇਸ 'ਤੇ ਅਮਲ
ਕਰਦਾ ਰਹੇਗਾ, ਕੋਈ ਮੋਹਨ ਭਾਗਵਤ, ਸਿੱਖਾਂ ਨੂੰ ਹਿੰਦੂ ਸਾਬਿਤ ਕਰਣ ਦੀ ਹਿੰਮਤ ਨਹੀਂ ਕਰ
ਸਕੇਗਾ। ਜੇ ਅਸੀਂ ਸ਼ਬਦ ਗੁਰੂ ਦੀ ਇਸ ਬਾਣੀ ਤੋਂ ਟੁਟ ਗਏ, ਅਤੇ ਪੰਥ ਦੋਖੀਆਂ ਵਲੋਂ ਇਸ
ਵਿੱਚ ਕੀਤੀ ਜਾ ਰਹੀ, ਕੱਚੀ ਬਾਣੀ ਦੀ ਮਿਲਾਵਟ ਨੂੰ ਠੱਲ ਨਾ ਪਾ ਸਕੇ, ਤਾਂ ਫਿਰ ਸਾਨੂੰ
ਹਿੰਦੂ ਮਤਿ ਵਿਚ ਰੱਲ ਗਡ ਹੋਣ ਤੋਂ ਕੋਈ ਰੋਕ ਨਹੀਂ ਸਕੇਗਾ। ਐਸਾ ਨਾ ਹੋਵੇ ਕਿ ਹੋਰ
ਬਾਣੀਆਂ ਵਾਂਗ, ਹੌਲੀ ਹੌਲੀ "ਆਸਾ ਕੀ ਵਾਰ" ਦੇ ਅੰਸ ਵੀ ਘਟਦੇ ਜਾਣ ਤੇ "ਚੰਡੀ ਕੀ ਵਾਰ"
ਦੇ ਅੰਸ਼ ਵਧਦੇ ਚਲੇ ਜਾਣ।
ਇਸ ਸਾਜਿਸ਼ ਨੂੰ, ਸਾਰੇ ਰਲ ਮਿਲ ਕੇ ਰੋਕ ਸਕਦੇ ਹੋ, ਤੇ ਰੋਕ ਲਵੋ ! ਨਹੀਂ ਤਾਂ ਮੇਰੇ ਇਸ
ਹਲੂਣੇ ਦਾ ਕੋਈ ਅਰਥ ਨਹੀਂ! ਵਕਤ ਰਹਿੰਦਿਆਂ ਨਿਰਣਾਂ ਕਰ ਲਵੋ !
ਕਿਧਰੇ "ਆਸਾ ਕੀ ਵਾਰ" ਦੀ ਅੰਮ੍ਰਿਤ
ਬਾਣੀ "ਚੰਡੀ ਕੀ ਵਾਰ" ਨਾ ਬਣ ਜਾਵੇ ! ੴ (ਨਿਰੰਕਾਰ ਕਰਤਾਰ) ਦਾ ਸਿੱਖ, ਚੰਡੀ (ਦੁਰਗਾ)
ਦਾ ਉਪਾਸਕ ਨਾ ਬਣਾ ਦਿਤਾ ਜਾਵੇ !
|