ਖਾਲਸਾ ਪੰਥ ਲਈ ਇਹ ਦਿਨ ਦਸਮੇਸ਼ ਪਿਤਾ ਦੇ ਸਾਹਿਬਜ਼ਾਦਿਆਂ, ਪਿਆਰਿਆਂ, ਤੇ
ਮੁਕਤਿਆਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਨ ਤੇ ਕਰਵਾਣ ਦੇ ਦਿਨ ਹਨ।
ਵੈਰਾਗ ਦੇ ਦਿਨ ਹਨ, ਪਰ ਅਫਸੋਸ ਦੇ ਨਹੀਂ, ਅੱਖਾਂ ਵਿੱਚ ਹੰਝੂ ਆ ਜਾਣ ਦੇ ਦਿਨ ਹਨ, ਪਰ ਰੋਣ
ਦੇ ਨਹੀਂ। ਸ਼ਹਾਦਤਾਂ ਦਾ ਇਹ ਸਿਲਸਿਲਾ ਕਦੇ ਰੁਕਿਆ ਨਹੀਂ, ਚਾਰਾਂ ਤੋਂ ਬਾਦ ਹਜ਼ਾਰਾਂ
ਦੀ ਗੱਲ ਚੱਲਦੀ ਹੈ, ਚਾਰ ਵੀ ਉਸ ਦੇ ਸਨ, ਤੇ ਹਜ਼ਾਰਾਂ ਵੀ ਉਸੇ ਦੇ ਹਨ। ਸਦੀ ਕੋਈ ਵੀ ਹੋਵੇ,
ਸਤਾਰਵੀਂ ਅਠਾਰਵੀਂ, ਉਨੀਵੀਂ, ਵੀਹਵੀਂ, ਤੇ ਜਾਂ ਇੱਕੀਵੀਂ, ਹਰ ਸਦੀ ਵਿੱਚ ਪੰਥ ਲਈ ਜਾਨਾਂ
ਵਾਰਨ ਵਾਲੇ ਉਸੇ ਦੇ ਪੁੱਤ ਹਨ। ਕੱਲ ਵੀ ਇਹ ਦਿਨ ਮਾਣ ਦੇ ਸਨ, ਤੇ ਅੱਜ ਵੀ ਮਾਣ ਦੇ ਹਨ।
ਦਸਮੇਸ਼ ਪਿਤਾ ਦੇ ਪੰਥ ਨੂੰ ਬਾਰ ਬਾਰ ਵੰਗਾਰਾਂ ਪੈਂਦੀਆਂ ਰਹੀਆਂ ਹਨ,
ਤੇ ਹਰ ਵਾਰ ਉਸ ਦੇ ਬੰਦੇ ਉਸ ਦੇ "ਪੰਜ ਤੀਰਾਂ" ਦੀ ਬਖਸ਼ਿਸ਼ ਨਾਲ ਇਹਨਾਂ ਵੰਗਾਰਾਂ ਦਾ ਮੂੰਹ
ਤੋੜਵਾਂ ਜਵਾਬ ਦਿੰਦੇ ਰਹੇ ਹਨ । ਅੱਜ ਪੰਥ ਬਹੁਤ ਗਹਿਰੇ ਸੰਕਟ ਵਿੱਚ ਹੈ, ਕਿਓਂਕਿ
ਅੱਜ ਪੰਥ ਦੇ ਸਿਰ ਤੇ ਨਹੀਂ ਪੈਰਾਂ ਵਿੱਚ ਆਰੀ ਹੈ, ਤੇ ਬਹੁਤਿਆਂ ਨੂੰ ਇਹ ਦਿਖਾਈ ਵੀ ਨਹੀਂ ਦੇ
ਰਹੀ। ਗੈਰ ਤਾਂ ਗੈਰ, ਆਪਣੇ ਵੀ ਗੈਰ ਬਣੇ ਬੈਠੇ ਹਨ। ਕਿਤੇ ਕਿਤੇ ਤਾਂ ਆਪਣੇ ਅਤੇ ਪਰਾਏ ਦੀ
ਪਹਿਚਾਣ ਕਰਨੀ ਵੀ ਔਖੀ ਹੋਈ ਹੁੰਦੀ ਹੈ। ਖਾਸਲਈ ਬਾਣੇ ਵਿੱਚ ਬਿਪਰਨ ਕੀਆਂ ਰੀਤਾਂ ਪ੍ਰਚਲਿੱਤ
ਹਨ। ਬਹੁਤ ਗਹਿਰੀ ਉਦਾਸੀ ਦੇ ਦਿਨ ਹਨ।
ਕੌਮ ਦੇ ਪੈਰਾਂ ਤੇ ਆਰੀ ਚਲਾਉਣ ਵਾਲਿਆਂ ਵੱਲੋਂ ਮਾਣਮੱਤਾ ਇੱਤਹਾਸ ਵਿਗਾੜ੍ਹ ਕੇ ਰੱਖ ਦਿੱਤਾ
ਗਿਆ ਹੈ। ਸੁੱਚੀਆਂ ਰਵਾਇਤਾਂ ਦੇ ਰੂਪ ਧੁੰਦਲੇ ਪੈ ਗਏ ਹਨ। ਨਵੀਆਂ ਪੀੜ੍ਹੀਆਂ ਲਈ ਆਪਣਾ ਅਸਲ
ਸਰੂਪ ਲੱਭਣਾ ਔਖਾ ਹੋਇਆ ਪਿਆ ਹੈ।
ਦਸਮ ਪਿਤਾ ਤੂੰ ਸਾਰਾ ਪਰਿਵਾਰ ਵਾਰਿਆ ਪੰਥ ਲਈ, ਚਾਰਾਂ ਤੋਂ ਹਜ਼ਾਰਾਂ, ਹਜ਼ਾਰਾਂ ਤੋਂ ਲੱਖਾਂ,
ਤੇ ਲੱਖਾਂ ਤੋਂ ਕਰੋੜ੍ਹਾਂ ਤੱਕ ਸੱਭ ਤੇਰੇ ਆਪਣੇ ਨੇ। ਪਰ ਅੱਜ ਤੇਰੇ ਆਪਣੇ, ਤੇਰਾ ਕਿਹਾ ਨਹੀਂ
ਮੰਨਦੇ ਦਿਸਦੇ। ਤੂੰ ਊਚ ਨੀਚ ਮਿਟਾ ਕੇ ਇੱਕ ਕੀਤਾ, ਇਹਨਾਂ ਫਿਰ ਉਚੀਆਂ ਤੇ ਨੀਵੀਆਂ ਜਾਤਾਂ
ਸਿਰਜ ਲਈਆਂ, ਤੂੰ ਖੰਡੇ ਬਾਟੇ ਦੀ ਪਹੁਲ ਨੂੰ ਅੰਮ੍ਰਿਤ ਦੇ ਰੂਪ ਵਿੱਚ ਬਖਸ਼ ਕੇ ਚਾਰ ਵਰਣ ਇੱਕ
ਕੀਤੇ, ਇਹਨਾਂ ਅੱਜ ਤੇਰੀ ਬਖਸ਼ਿਸ਼ ਤੇ ਹੀ ਕਈ ਕਿਸਮ ਦੇ ਆਪੋ ਆਪਣੇ ਲੇਬਲ ਲਗਾ ਦਿੱਤੇ, ਤੂੰ ਭੇਖ
ਤੇ ਪਾਖੰਡ ਵਿੱਚੋਂ ਕਢਿਆ, ਇਹਨਾਂ ਤੇਰੇ ਨਾਮ ਤੇ ਹੀ ਕਈ ਨਵੇਂ ਭੇਖ ਸਿਰਜ ਲਏ। ਸੱਭ ਤੋਂ ਵੱਡੇ
ਦੁੱਖ ਦੀ ਗੱਲ ਕਿ ਇਹਨਾਂ ਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਇਹ ਪੰਥ ਦੀ ਸੇਵਾ ਕਰ ਰਹੇ ਹਨ,
ਜਾਂ ਬਿਪਰਨ ਕੀ ਰੀਤ ਤੇ ਵਿਨਾਸ਼ ਦੇ ਰਾਹ ਤੇ ਤੁਰੇ ਜਾ ਰਹੇ ਹਨ। ਸਿਰ ‘ਤੇ ਚੱਲਦਾ ਆਰਾ ਦਿਖਦਾ
ਸੀ, ਤੇ ਅੱਜ ਵੀ ਦਿਖਦਾ ਹੈ, ਤੇ ਉਸ ਨੂੰ ਇਹ ਹੱਸ ਕੇ ਜਰ੍ਹ ਲੈਂਦੇ ਸਨ, ਤੇ ਜਰ੍ਹ ਲੈਂਦੇ ਹਨ,
ਪਰ ਪੈਰਾਂ ਤੇ ਚੱਲਦੀ ਆਰੀ ਦੀ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ । ਮੇਰੇ ਵਰਗਾ ਕੋਈ "ਸਿਰ
ਫਿਰਿਆ" ਜੇ ਕਦੇ ਪੈਰਾਂ ‘ਤੇ ਚੱਲ ਰਹੀ ਆਰੀ ਵੱਲ ਧਿਆਨ ਦਿਵਾਣ ਦੀ ਕੋਸ਼ਿਸ਼ ਕਰੇ, ਤਾਂ ਇਹਨਾਂ
ਨੂੰ ਉਹੀ ਬੁਰਾ ਲੱਗਣ ਲੱਗਦਾ ਹੈ।
ਕਦੇ ਕਦੇ ਬਹੁਤ ਮਾਯੂਸ ਹੋ ਜਾਈ ਦਾ ਹੈ। ਪਰ ਇਹ ਯਕੀਨ ਕਦੇ ਨਹੀਂ ਕਮਜ਼ੋਰ
ਪਿਆ ਕਿ ਤੇਰਾ ਆਪਣਾ ਪੰਥ ਹੈ, ਤੂੰ ਕੋਈ ਬਿੱਧ ਆਪ ਹੀ ਬਣਾ ਲਵੇਂਗਾ, ਤੂੰ ਆਪ ਹੀ ਬਹੁੜੀ
ਕਰੇਂਗਾ, ਤੇ ਅਖੀਰ ਸਾਨੂੰ ਸੁਮੱਤ ਬਖਸ਼ੇਂਗਾ, ਤੇ ਆਪਣੇ ਕਲਾਵੇ ਵਿੱਚ ਲੈ ਲਵੇਂਗਾ, ਸਾਂਭ
ਲਵੇਂਗਾ।
ਕੁੱਝ ਅੱਜ ਵਰਗੀ ਪੀੜ੍ਹ, ਚਾਲ੍ਹੀ ਕੁ ਸਾਲ
ਪਹਿਲਾਂ ਹੰਢਾਉਂਦੇ ਹੋਏ, ਜਵਾਬੀ ਰੋਹ ਵਿੱਚ ਇੱਕ ਕਵਿਤਾ ਲਿਖੀ ਸੀ, "ਗੰਗੂ ਦੀ ਰੂਹ",
ਆਪ ਨਾਲ ਅੱਜ ਉਹ ਕਵਿਤਾ ਵੀ ਸਾਂਝੀ ਕਰ ਰਿਹਾ ਹਾਂ।