* ਸਿੱਖ ਸੰਗਤਾਂ ਪਹਿਲੀ ਜਨਵਰੀ ਨੂੰ ਵੱਡੀ
ਗਿਣਤੀ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚ ਕੇ ਦੱਸ ਦੇਵੇ, ਕਿ ਅਸੀਂ ਨਾ ਹੀ ਨਾਨਕਸ਼ਾਹੀ
ਕੈਲੰਡਰ ਅਤੇ ਨਾ ਹੀ ਸਿੱਖ ਰਹਿਤ ਮਰਿਆਦਾ ਨਾਲ ਛੇੜ ਛਾੜ ਬ੍ਰਦਾਸ਼ਤ ਕਰਨੀ ਹੈ
* ਨਾਨਕਸ਼ਾਹੀ ਕੈਲੰਡਰ ਦੀ ਬਹਾਲੀ ਲਈ ਪਹਿਲੀ ਜਨਵਰੀ ਨੂੰ ਬਠਿੰਡਾ
ਤੋਂ ਚਾਰ ਬੱਸਾਂ ਭਰ ਕੇ ਸੰਗਤ ਅੰਮ੍ਰਿਤਸਰ ਪਹੁੰਚਣਗੀਆਂ।
ਬਠਿੰਡਾ,
28 ਦਸੰਬਰ (ਕਿਰਪਾਲ ਸਿੰਘ): ਨਾਨਕਸ਼ਾਹੀ ਕੈਲੰਡਰ ਦੇ ਖਾਤਮੇ ਪਿੱਛੋਂ ਸੰਤ ਸਮਾਜ ਨੇ ਸਿੱਖ
ਰਹਿਤ ਮਰਿਆਦਾ ਨੂੰ ਹੱਥ ਪਾਉਣਾ ਹੈ। ਇਸ ਮਨਮਾਨੀ ਨੂੰ ਰੋਕਣ ਲਈ ਸਿੱਖ ਸੰਗਤਾਂ ਪਹਿਲੀ ਜਨਵਰੀ
ਨੂੰ ਵੱਡੀ ਗਿਣਤੀ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚ ਕੇ ਦੱਸ ਦੇਣ ਕਿ ਅਸੀਂ ਨਾ ਹੀ
ਨਾਨਕਸ਼ਾਹੀ ਕੈਲੰਡਰ ਅਤੇ ਨਾ ਹੀ ਸਿੱਖ ਰਹਿਤ ਮਰਿਆਦਾ ਨਾਲ ਛੇੜ ਛਾੜ ਬ੍ਰਦਾਸ਼ਤ ਕਰਨੀ ਹੈ।
ਇਹ ਸ਼ਬਦ ਗੁਰਮਤਿ ਦੇ ਨਿਧੜਕ ਪ੍ਰਚਾਰਕ ਭਾਈ
ਪੰਥਪ੍ਰੀਤ ਸਿੰਘ ਖ਼ਾਲਸਾ ਨੇ ਅੱਜ ਇੱਥੇ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਅਤੇ ਮਾਡਲ ਟਾਊਨ ਫੇਜ਼ 3
ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਚਾਰੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਹਫਤੇ ਨੂੰ ਸਮਰਪਿਤ
ਸਮਾਗਮ ਵਿੱਚ ਬੋਲਦਿਆਂ ਕਹੇ।
ਉਨ੍ਹਾਂ ਕਿਹਾ ਕਿ ਬਿਕ੍ਰਮੀ ਕੈਲੰਡਰ ਵਿੱਚ
ਇੱਕੋ ਸਮੇਂ ਸੂਰਜੀ ਅਤੇ ਚੰਦ੍ਰਮਾ ਅਧਾਰਤ ਮਿਤੀਆਂ ਅਤੇ ਮਹੀਨੇ ਆ ਰਹੇ ਹਨ। ਗੁਰਪੁਰਬ
ਚੰਦਰਮਾਂ ਦੀਆਂ ਤਿਥਾਂ ਮੁਤਾਬਿਕ ਅਤੇ ਹੋਰ ਸਿੱਖ ਇਤਿਹਾਸਕ ਦਿਹਾੜੇ ਸੂਰਜੀ ਤਰੀਖਾਂ ਅਨੁਸਾਰ
ਨਿਸਚਿਤ ਕੀਤੇ ਗਏ ਹਨ। ਚੰਦਰ ਸਾਲ 354 ਦਿਨਾਂ ਅਤੇ ਸੂਰਜੀ ਸਾਲ 365 ਦਿਨ ਦਾ ਹੋਣ ਕਰਕੇ
ਗੁਰਪੁਰਬ ਹਰ ਸਾਲ ਪਿਛਲੇ ਸਾਲ ਨਾਲੋਂ 11 ਦਿਨਾਂ ਪਹਿਲਾਂ ਅਤੇ ਅਗਲੇ ਸਾਲ 22 ਦਿਨ ਪਹਿਲਾਂ ਆ
ਜਾਂਦੇ ਹਨ। ਇਹ ਫਰਕ ਕੱਢਣ ਲਈ ਹਰ ਤੀਜੇ ਜਾਂ ਕਈ ਵਾਰ ਦੂਸਰੇ ਸਾਲ ਚੰਦਰਮਾ ਦਾ ਇੱਕ ਵਾਧੂ
ਮਹੀਨਾ ਜੋੜ ਦਿੱਤਾ ਜਾਂਦਾ ਹੈ ਤੇ ਉਸ ਸਾਲ ਦੇ 12 ਦੀ ਬਜਾਏ 13 ਮਹੀਨੇ ਬਣ ਜਾਂਦੇ ਹਨ। ਪੰਡਿਤਾਂ
ਅਨੁਸਰ ਇਸ ਵਾਧੂ ਮਹੀਨੇ ਨੂੰ ਮਲਮਾਸ ਕਿਹਾ ਜਾਂਦਾ ਹੈ ਜਿਸ ਨੂੰ ਮਾੜਾ ਸਮਝ ਕੇ ਇਸ ਮਹੀਨੇ
ਵਿੱਚ ਕੋਈ ਧਾਰਮਿਕ ਸਮਾਗਮ ਨਹੀਂ ਕੀਤਾ ਜਾਂਦਾ। ਇਸ ਲਈ ਮਲਮਾਸ ਅਤੇ ਇਸ ਤੋਂ ਪਿੱਛੋਂ ਆਉਣ ਵਾਲੇ
ਸਾਰੇ ਗੁਰਪੁਰਬ 8-9 ਦਿਨ ਪਛੜ ਕੇ ਆਉਂਦੇ ਹਨ। ਇਸ ਲਈ ਕੋਈ ਵੀ ਵਿਅਕਤੀ ਆਪਣੇ ਹੀ ਗੁਰੂ
ਸਾਹਿਬਾਨਾਂ ਨਾਲ ਸਬੰਧਤ ਦਿਹਾੜੇ ਯਾਦ ਨਹੀਂ ਰੱਖ ਸਕਦਾ।
ਦੂਸਰਾ ਨੁਕਸ ਇਹ ਹੈ ਕਿ ਵੱਡੇ
ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੂਰਜੀ ਹਿਸਾਬ ਨਾਲ ਹਰ ਸਾਲ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ
ਦਾ 13 ਪੋਹ ਨੂੰ ਹੀ ਮਨਾਉਣ ਕਰਕੇ ਕਈ ਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ
ਸੁਦੀ 7 ਅਤੇ 8 ਪੋਹ ਜਾਂ 13 ਪੋਹ ਇਕੱਠੇ ਇੱਕੇ ਹੀ ਦਿਨ ਆ ਜਾਂਦੇ ਹਨ, ਜਿਵੇਂ ਕਿ ਅੱਜ ਪੋਹ
ਸੁਦੀ 7 ਅਤੇ 13 ਪੋਹ ਇਕੱਠੇ ਆਉਣ ਕਰਕੇ ਸ਼ਹੀਦੀ ਦਿਹਾੜਾ ਅਤੇ ਗੁਰਪੁਰਬ ਇਕੱਠੇ ਆ ਗਏ ਹਨ, ਜਿਸ
ਕਾਰਣ ਸੰਗਤਾਂ ਦੁਬਿਧਾ ਵਿੱਚ ਪੈ ਜਾਂਦੀਆਂ ਹਨ, ਕਿ ਇਸ ਸਮਾਗਮ ਨੂੰ ਉਤਸ਼ਾਹ ਮਈ ਢੰਗ ਨਾਲ
ਮਨਾਇਆ ਜਾਵੇ ਜਾਂ ਵੈਰਗਮਈ ਢੰਗ ਨਾਲ।
ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ 1995 ਵਿੱਚ
ਪੋਹ ਸੁਦੀ 7 ਅਤੇ 13 ਪੋਹ ਇਕੱਠੇ 28 ਦਸੰਬਰ ਨੂੰ ਆਉਣ ਕਰਕੇ ਬਿਲਕੁਲ ਅੱਜ ਵਾਲੀ ਸਥਿਤੀ ਬਣੀ
ਸੀ ਭਾਵ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਦਿਹਾੜਾ
ਇਕੱਠੇ ਆਏ ਸਨ। 1982 ਵਿੱਚ ਪੋਹ ਸੁਦੀ 7 ਅਤੇ 8 ਪੋਹ ਇਕੱਠੇ ਆਏ ਸਨ ਇਸ ਲਈ ਗੁਰਪੁਰਬ ਅਤੇ
ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇਕੱਠੇ ਆਏ ਸਨ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਗੁਰੂ
ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7, 23 ਪੋਹ ਬਿਕ੍ਰਮੀ ਸੰਮਤ 1723 ਮੁਤਾਬਿਕ
22 ਦਸੰਬਰ 1666 ਨੂੰ ਹੋਇਆ ਸੀ। ਹੁਣ ਜੇ ਅਸੀਂ ਸਾਰੀ ਦੁਨੀਆਂ
ਵਿੱਚ ਵਸ ਰਹੇ ਸਿੱਖਾਂ ਦੀ ਸਹੂਲਤ ਲਈ ਪੋਹ ਸੁਦੀ 7 ਦੀ ਬਜਾਏ ਦੇ 23 ਪੋਹ ਨੂੰ ਮਨਾ ਲਈਏ ਜਿਹੜਾ
ਨਾਨਕਸ਼ਹੀ ਕੈਲੰਡਰ ਵਿੱਚ ਹਮੇਸ਼ਾਂ ਹੀ 5 ਜਨਵਰੀ ਨੂੰ ਆਇਆ ਕਰੇਗਾ ਤਾਂ ਇਸ ਨਾਲ ਗੁਰਮਤਿ ਦੇ
ਕਿਹੜੇ ਸਿਧਾਂਤ ਨੂੰ ਖੋਰਾ ਲੱਗ ਜਾਵੇਗਾ? ਉਨ੍ਹਾਂ ਅੱਗੇ ਕਿਹਾ ਵੱਡੇ ਸਾਹਿਬਜ਼ਾਦਿਆਂ
ਦਾ ਸ਼ਹੀਦੀ ਦਿਹਾੜਾ 8 ਪੋਹ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਨੂੰ ਪਹਿਲਾਂ ਹੀ
ਮਨਾਇਆ ਜਾ ਰਿਹਾ ਹੈ, ਜਿਹੜੇ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਕਰਮਵਾਰ ਹਰ ਸਾਲ 21 ਦਸੰਬਰ ਅਤੇ
26 ਦਸੰਬਰ ਨੂੰ ਹੀ ਆਇਆ ਕਰਨਗੇ ਜਿਸ ਕਾਰਣ ਪੰਥ ਨੂੰ ਉਤਸ਼ਾਹ ਪੂਰਬਕ ਅਤੇ ਵੈਰਾਗਮਈ ਵੱਖਰੇ
ਵੱਖਰੇ ਸਮਾਗਮ ਮਨਾਉਣ ਵਿੱਚ ਕੋਈ ਦਿਕਤ ਮਹਿਸੂਸ ਨਹੀਂ ਹੋਵੇਗੀ।
ਭਾਈ ਪੰਥਪ੍ਰੀਤ ਸਿੰਘ ਦੀਆਂ ਇਹ ਤਰਕ ਭਰਪੂਰ ਦਲੀਲਾਂ ਸੁਣ ਕੇ ਸੰਗਤਾਂ
ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਸਮਾਜ ਪ੍ਰਤੀ ਬਹੁਤ ਹੀ ਰੋਹ ਵਿੱਚ ਆਈਆਂ ਅਤੇ
ਮੌਕੇ ’ਤੇ ਹੀ 4 ਬੱਸਾਂ ਦਾ ਪ੍ਰਬੰਧ ਕਰਕੇ ਸੰਗਤਾਂ ਨੇ ਪਹਿਲੀ ਜਨਵਰੀ ਨੂੰ ਅੰਮ੍ਰਿਤਸਰ ਵਿਖੇ
ਸਵੇਰੇ 11 ਵਜੇ ਪਹੁੰਚਣ ਦਾ ਪ੍ਰੋਗਰਾਮ ਉਲੀਕ ਲਿਆ। ਇਸ ਉਤਸ਼ਾਹ ਨੂੰ ਵੇਖਦਿਆਂ ਪ੍ਰਤੀਤ
ਹੁੰਦਾ ਸੀ ਕਿ ਸੰਗਤਾਂ ਉਮੀਦ ਤੋਂ ਵੀ ਵੱਧ ਵੱਡੀ ਗਿਣਤੀ ਵਿੱਚ ਪਹੁੰਚਣਗੀਆਂ।