* ਸੰਗਤਾਂ ਮੀਡੀਏ ਵਿੱਚ ਤਰੀਖ ਸਬੰਧੀ ਛਪੀ
ਖ਼ਬਰ ਤੋਂ ਭੁਲੇਖੇ ਵਿੱਚ ਨਾ ਰਹਿਣ: ਪੰਥਕ ਜਥੇਬੰਦੀਆਂ
ਨਾਨਕਸ਼ਾਹੀ
ਕੈਲੰਡਰ ਦੀਆਂ ਵੱਡੀ ਗਿਣਤੀ ਵਿੱਚ ਹਮਾਇਤੀ ਸੰਗਤਾਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਬਹਾਲ
ਕਰਵਾਉਣ ਲਈ ਪਹਿਲੀ ਜਨਵਰੀ ਨੂੰ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਪਹੁੰਚਣਗੀਆਂ।
ਇਹ ਸ਼ਬਦ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ
ਪੰਥਪ੍ਰੀਤ ਸਿੰਘ ਖ਼ਾਲਸਾ, ਸਿੱਖ ਪ੍ਰਚਾਰਕ ਭਾਈ ਪਰਮਜੀਤ
ਸਿੰਘ ਖ਼ਾਲਸਾ, ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸ਼੍ਰੋਮਣੀ
ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ; ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ
ਭਾਈ ਬਲਦੇਵ ਸਿੰਘ ਸਿਰਸਾ ਦੋਵੇਂ ਉਪ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਦਲ ਖ਼ਾਲਸਾ
ਦੇ ਬੁਲਾਰੇ ਭਾਈ ਕੰਵਰਪਾਲ ਸਿੰਘ, ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਬਠਿੰਡਾ ਦੇ ਕਨਵੀਨਰ
ਭਾਈ ਕਿਰਪਾਲ ਸਿੰਘ, ਸਿੱਖ ਫੁਲਵਾੜੀ ਦੇ ਸੰਪਾਦਕ ਭਾਈ ਹਰਜੀਤ ਸਿੰਘ, ਮਿਸ਼ਨਰੀ ਸੇਧਾਂ ਦੇ
ਸੰਪਾਦਕ ਗਿਆਨੀ ਅਵਤਾਰ ਸਿੰਘ, ਪ੍ਰੋ: ਸਰਬਜੀਤ ਸਿੰਘ ਧੂੰਦਾ ਗੁਰਮਿਤ ਗਿਆਨ ਮਿਸ਼ਨਰੀ ਕਾਲਜ,
ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ, ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ
ਦੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ, ਸਿੱਖ ਚਿੰਤਕ ਭਾਈ ਗੁਰਿੰਦਰਪਾਲ ਸਿੰਘ ਧਨੌਲਾ, ਆਲ ਇੰਡੀਆ
ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰਮੁਹੰਮਦ, ਏਕਨੂਰ ਖ਼ਾਲਸਾ ਫੌਜ ਦੇ
ਪ੍ਰਧਾਨ ਭਾਈ ਬਲਜੀਤ ਸਿੰਘ, ਭਾਈ ਬਲਜਿੰਦਰ ਸਿੰਘ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ
ਪ੍ਰਧਾਨ ਭਾਈ ਸੁਖਵਿੰਦਰ ਸਿੰਘ ਨੇ ਸਾਂਝੇ ਰੂਪ ਵਿੱਚ ਭੇਜੇ ਗਏ ਪ੍ਰੈੱਸ ਨੋਟ ਵਿੱਚ ਕਹੇ।
ਇਹ ਦੱਸਣ ਯੋਗ ਹੈ ਕਿ ਅੱਜ ਮੀਡੀਏ ਵਿੱਚ ਕਿਸੇ ਅਗਿਆਤ ਸੂਤਰਾਂ ਦੇ
ਹਵਾਲੇ ਨਾਲ ਖ਼ਬਰ ਛਪੀ ਸੀ ਕਿ 2 ਜਨਵਰੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਾਨਕਸ਼ਾਹੀ ਕੈਲੰਡਰ
ਸਬੰਧੀ ਪੰਜ ਸਿੰਘ ਸਾਹਿਬਾਨ ਦੀ ਹੋ ਰਹੀ ਮੀਟਿੰਗ ਵਿੱਚ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ
ਸਖਤ ਸਟੈਂਡ ਲੈਣਗੇ ਅਤੇ ਉਸੇ ਦਿਨ ਉਨ੍ਹਾਂ ਦੀਆਂ ਹਮਾਇਤੀ ਸਿੱਖ ਜਥੇਬੰਦੀਆਂ ਵੀ ਸ਼੍ਰੀ
ਅੰਮ੍ਰਿਤਸਰ ਪਹੁੰਚ ਰਹੀਆਂ ਹਨ।
ਮੀਡੀਏ ਵਿੱਚ ਤਰੀਖ ਸਬੰਧੀ ਛਪੀ ਖ਼ਬਰ ਤੋਂ ਸੰਗਤਾਂ ਭੁਲੇਖੇ ਵਿੱਚ ਨਾ ਰਹਿਣ। ਇਸ ਭੁਲੇਖੇ ਨੂੰ
ਦੂਰ ਕਰਨ ਲਈ ਹੀ ਉਕਤ ਆਗੂਆਂ ਨੇ ਇਹ ਪ੍ਰੈੱਸ ਨੋਟ ਜਾਰੀ ਕੀਤਾ ਹੈ। ਉਕਤ ਆਗੂਆਂ ਨੇ
ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤਖ਼ਤ ਸ਼੍ਰੀ ਦਮਦਮਾ ਸਾਹਿਬ ਵੱਲੋਂ ਪੰਜ ਸਿੰਘ
ਸਾਹਿਬਾਨਾਂ ਦੀ ਮੀਟਿੰਗ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ’ਤੇ ਸਖਤ ਸਟੈਂਡ ਲੈਣ ਅਤੇ ਦਮਦਮਾ
ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਨਾਨਕਸ਼ਾਹੀ ਕੈਲੰਡਰ ਅਨੁਸਾਰ 5
ਜਨਵਰੀ ਨੂੰ ਵੱਖਰੇ ਤੌਰ ’ਤੇ ਮਨਾਉਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਉਕਤ ਆਗੂਆਂ ਨੇ ਪੰਥ
ਹਿਤਾਇਸ਼ੀ ਸਮੂਹ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਹਿਲੀ ਜਨਵਰੀ
ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਾਂਝੇ ਰੂਪ ਵਿੱਚ ਪੰਥ
ਦੀਆਂ ਤਿੰਨ ਭਖਦੀਆਂ ਮੰਗਾਂ
1.
ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਬਹਾਲ ਕਰਨਾ,
2.
ਸਿੱਖ ਕੌਮ ਨੂੰ ਵੱਖਰੀ ਕੌਮ ਸਵੀਕਾਰਨ ਲਈ ਸੰਵਿਧਾਨ ਦੀ ਧਾਰਾ
25 ਵਿੱਚ ਸੋਧ ਕਰਵਾਉਣ,
3.
ਸਜਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਸੰਭਵ ਬਣਾਉਣ
ਲਈ ਲੋੜੀਦੇ ਕਦਮ ਪੁੱਟਣ ਲਈ ਸ਼੍ਰੋਮਣੀ ਅਕਾਲ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਹਦਾਇਤਾਂ ਜਾਰੀ
ਕਰਵਾਉਣ ਲਈ ਯਾਦ ਪੱਤਰ ਸੌਂਪਣ ਲਈ ਸ਼੍ਰੀ ਅੰਮ੍ਰਿਤਸਰ ਵਿਖੇ ਆਪੋ ਆਪਣੇ ਸਾਧਨਾਂ
ਰਾਹੀ ਹੁਮ ਹੰਮਾ ਕੇ ਪਹੁੰਚਣ।
ਉਕਤ ਆਗੂਆਂ ਨੇ ਕਿਹਾ ਬਾਦਲ ਦਲ, ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਸ਼੍ਰੀ
ਅਕਾਲ ਤਖ਼ਤ ਸਹਿਬ ਸਿੱਖ ਵੱਖਰੀ ਕੌਮ ਦੇ ਮੁੱਦੇ ’ਤੇ ਦੂਹਰਾ ਸਟੈਂਡ ਲੈ ਕੇ ਸੰਗਤਾਂ ਨੂੰ
ਗੁੰਮਰਾਹ ਕਰ ਰਹੇ ਹਨ ਕਿਉਂਕਿ ਇੱਕ ਪਾਸੇ ਤਾਂ ਉਹ ਸਿੱਖ ਧਰਮ ਦੀ ਹਿੰਦੂ ਧਰਮ ਨਾਲੋਂ ਵੱਖ
ਪਹਿਚਾਣ ਦਰਸਾਉਣ ਲਈ ਸੰਵਿਧਾਨ ਦੀ ਧਾਰਾ 25 ਵਿੱਚ ਸੋਧ ਦੀ ਮੰਗ ਕਰ ਰਹੇ ਹਨ ਅਤੇ ਦੂਸਰੇ ਪਾਸੇ
ਵੱਖਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਕੇ ਬਿਕ੍ਰਮੀ ਕੈਲੰਡਰ ਵਿੱਚ ਤਬਦੀਲ
ਕਰਨ ਲਈ ਪੱਬਾਂ ਭਾਰ ਹੋ ਕੇ ਆਪਣੇ ਆਪ ਨੂੰ ਹਿੰਦੂਆਂ ਦਾ ਇੱਕ ਫਿਰਕਾ ਸਿੱਧ ਕਰਨ ’ਤੇ ਤੁਲੇ
ਹੋਏ ਹਨ।
ਹੁਣ ਸਮਾਂ ਆ ਗਿਆ ਹੈ ਕਿ ਜੇ ਉਨ੍ਹਾਂ ਨੇ ਸਿੱਖਾਂ ਦੇ ਆਗੂ ਬਣੇ ਰਹਿਣਾ
ਹੈ ਤਾਂ ਉਨ੍ਹਾਂ ਨੂੰ ਆਰ.ਐੱਸ.ਐੱਸ ਦੇ ਏਜੰਡੇ ਨੂੰ ਤਿਆਗ ਕੇ ਸਿੱਖ ਮੁੱਦਿਆਂ ਨੂੰ ਗੰਭੀਰਤਾ ਨਾਲ
ਉਠਾਉਣਾ ਪਏਗਾ। ਇਸ ਲਈ ਸਭ ਤੋਂ ਪਹਿਲਾ ਅਤੇ ਸੌਖਾ ਕੰਮ ਹੈ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ
ਬਹਾਲ ਕਰਨਾ। ਕਿਉਂਕਿ ਨਾਨਕਸ਼ਾਹੀ ਕੈਲੰਡਰ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਨੇ ਖ਼ੁਦ ਆਪ
ਕਰਨਾ ਹੈ ਜਦੋਂ ਕਿ ਸੰਵਿਧਾਨ ਦੀ ਧਾਰਾ 25 ਵਿੱਚ ਸੋਧ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ
ਦੀ ਰਿਹਾਈ ਕੇਂਦਰੀ ਅਤੇ ਸੂਬਾ ਸਰਕਾਰਾਂ ਨੇ ਕਰਨੀ ਹੈ। ਸੋ ਜੇ ਇਹ ਆਪਣਾ ਕੰਮ ਆਪ ਨਹੀਂ ਕਰ
ਸਕਦੇ ਤਾਂ ਕੇਂਦਰੀ ਸਰਕਾਰ ਅਤੇ ਹੋਰਨਾਂ ਸੂਬਿਆਂ ਦੀ ਸਰਕਾਰਾਂ ਤੋਂ ਕਿਵੇਂ ਕਰਵਾ ਸਕਦੇ ਹਨ?