ਦਰਿਆ
ਦੇ ਚੜ੍ਹਦੇ ਪਾਸੇ ਪਾਣੀ ਪੀਂਦੇ ਬਘਿਆੜ ਦੀ ਨਿਗਾਹ ਜਦ ਨਿਵਾਣ ਵਲ ਦੇ ਪਾਸੇ ਪਾਣੀ ਪੀ ਰਹੇ ਲੇਲੇ
‘ਤੇ ਪਈ ਤਾਂ ਬਘਿਆੜ ਚੀਕਿਆ, “ਓਏ ਤੈਨੂੰ ਦਿਸਦਾ ਨਈਂ ਮੈਂ ਪਾਣੀ
ਪੀ ਰਿਹਾਂ ਤੇ ਤੂੰ ਗੰਦਾ ਕਰੀ ਜਾਨੈਂ”।
“ਜਨਾਬ ਪਾਣੀ ਤਾਂ ਸਗੋਂ ਤੁਹਾਡੇ ਵਲੋਂ ਮੇਰੇ
ਵਲ ਨੂੰ ਆ ਰਿਹੈ, ਮੈਂ ਤੁਹਾਡਾ ਜੂਠਾ ਪਾਣੀ ਪੀ ਰਿਹਾਂ ਸਗੋਂ, ਮੈਨੂੰ ਅਕਾਰਣ ਹੀ ਦਬਕੇ ਮਾਰੀ
ਜਾਂਦੇ ਓ” ਲੇਲਾ ਨਿਮਰਤਾ ਨਾਲ਼ ਬੋਲਿਆ।
“ਤੇਰੇ ‘ਚ ਆਕੜ ਕੋਈ ਜ਼ਿਆਦਾ ਈ ਐ, ਤੂੰ ਪਿਛਲੇ
ਸਾਲ ਵੀ ਮੈਨੂੰ ਗਾਲ਼੍ਹਾਂ ਕੱਢੀਆਂ ਸੀ” ਬਘਿਆੜ ਨੇ ਲਾਲ ਲਾਲ ਅੱਖਾਂ ਦਿਖਾਈਆਂ।
“ਜਨਾਬੇ-ਆਲਾ ਮੈਂ ਤਾਂ ਪਿਛਲੇ ਸਾਲ ਅਜੇ
ਜੰਮਿਆਂ ਵੀ ਨਹੀਂ ਸੀ, ਤੁਸੀਂ ਮੈਨੂੰ ਐਵੇਂ ਹੀ ਕਸੂਰਵਾਰ ਠਹਿਰਾਈ ਜਾਂਦੇ ਹੋ, ਸਰਕਾਰ”
ਲੇਲਾ ਹੋਰ ਵੀ ਅਧੀਨਗੀ ਨਾਲ਼ ਬੋਲਿਆ।
“ਤੇਰੇ ਪਿਓ ਨੇ ਕੱਢੀਆਂ ਹੋਣੀਆਂ ਫੇਰ,
ਤੁਹਾਡਾ ਖਾਨਦਾਨ ਹੀ ਖ਼ਰਾਬ ਐ” ਏਨਾ ਕਹਿ ਕੇ ਉਸ ਨੇ ਲੇਲੇ
ਨੂੰ ਧੌਣੋਂ ਫੜ ਲਿਆ ਤੇ ਝਾੜੀਆਂ ਵਿਚ ਨੂੰ ਲੈ ਤੁਰਿਆ।
ਪਾਠਕੋ, ਤੁਸੀਂ ਸੋਚਦੇ ਹੋਵੋਗੇ ਪਈ ਇਹ ਕਹਾਣੀ ਕਿਥੇ ਫਿੱਟ ਹੁੰਦੀ ਐ।
ਬਈ ਕਹਾਣੀ ਫਿੱਟ ਹੁੰਦੀ ਐ ਸ਼੍ਰੋਮਣੀ ਕਮੇਟੀ ਮੈਂਬਰਾਂ ‘ਤੇ।
ਸ਼੍ਰੋਮਣੀ ਕਮੇਟੀ ਨੇ ਸਰਕਾਰੀ ਸ਼ਹਿ ਨਾਲ਼ ਧੱਕਾ ਕਰਦਿਆਂ ਤਲਵੰਡੀ ਸਾਬੋ ਵਿਖੇ 27 ਦਸੰਬਰ ਨੂੰ
ਦਸਮ ਪਾਤਸ਼ਾਹ ਦਾ ਪ੍ਰਕਾਸ਼ ਮਨਾਉਂਦਿਆਂ ਨਗਰ ਕੀਰਤਨ ਕੱਢਿਆ। ਯਾਦ ਰਹੇ ਕਿ 27 ਦਸੰਬਰ ਛੋਟੇ
ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ। ਜਥੇਦਾਰ ਨੰਦਗੜ੍ਹ ਨੇ ਇਸ ਦੀ ਵਿਰੋਧਤਾ ਕੀਤੀ ਤੇ ਨਗਰ
ਕੀਰਤਨ ‘ਚ ਹਿੱਸਾ ਨਾ ਲਿਆ ਤੇ ਸ਼ਰੇ-ਆਮ ਇਸ ਦਾ ਦੋਸ਼ ਗੱਠਜੋੜ ਸਰਕਾਰ ਅਤੇ ਭਾਜਪਾ ਨੂੰ ਦਿਤਾ।
ਸ਼੍ਰੋਮਣੀ ਕਮੇਟੀ ਮੈਂਬਰ ਤਾਂ ਮੌਕਾ ਹੀ ਭਾਲ਼ਦੇ ਸਨ, ਉਹਨਾਂ ਨੇ ਗੱਲ
ਬਣਾ ਲਈ ਕਿ ਜਥੇਦਾਰ ਨੰਦਗੜ੍ਹ ਨੇ ਉਹਨਾਂ ਨੂੰ ਆਰ.ਐਸ. ਐਸ. ਦੇ ਏਜੰਟ ਕਿਹਾ ਹੈ ਤੇ ਉਹ ਹੁਣ
ਨੰਦਗੜ੍ਹ ਨੂੰ ਅਕਾਲ ਤਖ਼ਤ ‘ਤੇ ਤਲਬ ਕਰਨ ਦੀ ਮੰਗ ਕਰਨ ਲੱਗ ਪਏ ਹਨ।
ਪਾਠਕ ਜਨੋਂ! ਕੀ ਤੁਹਾਨੂੰ ਨਹੀਂ ਇਸ ਵਿਚ
ਕਾਲ਼ਾ ਕਾਲ਼ਾ ਕੁਝ ਨਜ਼ਰ ਆਊਂਦਾ? ਪਹਿਲਾਂ ਵੀ ਇਹੋ ਜਿਹੇ ਬਹਾਨੇ ਲਾ ਕੇ ਖ਼ਾਲਸਾ ਕੌਮ ਦੇ
ਹੀਰੇ ਛੇਕੇ ਗਏ ਸਨ। ਏਕਨੂਰ ਖ਼ਾਲਸਾ ਫੌਜ ਨੇ ਡਟ ਕੇ ਕਿਹਾ ਹੈ ਕਿ ਜਥੇਦਾਰ ਨੰਦਗੜ੍ਹ ਨੇ ਕਿਸੇ
ਨੂੰ ਆਰ.ਐਸ.ਐਸ. ਦਾ ਏਜੰਟ ਨਹੀਂ ਕਿਹਾ, ਮੀਡੀਆ ਨੇ ਤੋੜ ਮਰੋੜ ਕੇ ਬਿਆਨ ਲਾਇਆ ਹੈ। ਨੰਦਗੜ੍ਹ
ਨੇ ਇਹ ਜ਼ਰੂਰ ਕਿਹਾ ਹੈ ਕਿ ਪੰਜਾਬ ਦੀ ਅਕਾਲੀ ਸਰਕਾਰ ਨੇ ਭਾਜਪਾ ਦੇ ਦਬਾਅ ਥੱਲੇ ਇਹ ਨਗਰ
ਕੀਰਤਨ ਕਢਵਾਇਆ ਹੈ। ਯਾਨੀ ਕਿ ਜਥੇਦਾਰ ਨਾਲ਼ ਤਾਂ ਲੇਲੇ ਵਾਲ਼ੀ ਹੋਈ। ਅਸਲ ਗੱਲ ਇਹ ਹੈ ਕਿ
ਜਥੇਦਾਰ ਨੇ ਜਦੋਂ ਦਾ ਅਸਲੀ ਨਾਨਕਸ਼ਾਹੀ ਕੈਲੰਡਰ ਬਾਰੇ ਸਟੈਂਡ ਲਿਆ ਹੈ, ਉਦੋਂ ਦੇ ਹੀ ਕਈ
ਪ੍ਰਕਾਰ ਦੇ ਬਘਿਆੜ ਉਸ ਦੇ ਦੁਆਲੇ ਪਾਣੀ ਜੂਠਾ ਕਰਨ ਦਾ ਇਲਜ਼ਾਮ ਲਗਾ ਰਹੇ ਹਨ। ਪਰ ਯਾਦ ਰਹੇ ਕਿ
ਜਥੇਦਾਰ ਨੰਦਗੜ੍ਹ ਨੇ ਹੁਣ ਉਸ ਸ਼ੇਰ ਦਾ ਰੂਪ ਧਾਰ ਲਿਆ ਹੈ ਜਿਸ ਦੀ ਦਹਾੜ ਸੁਣ ਕੇ ਸਭ ਜੰਗਲੀ
ਜਾਨਵਰ ਆਪਣੀ ਜਾਨ ਬਚਾਉਂਦੇ ਫਿਰਦੇ ਹਨ। ਵੈਸੇ ਵੀ ਹੁਣ ਤਾਂ ਘੜੇ ਤੋਂ ਕੌਲਾ ਚੁੱਕਿਆ ਗਿਆ ਹੈ।
ਸਮੁੱਚਾ ਸੰਸਾਰ ਜਾਣ ਗਿਆ ਹੈ ਕਿ ਕੌਣ ਕਿਸ ਦਾ ਏਜੰਟ ਹੈ, ਕੋਈ
ਹਨ੍ਹੇਰਾ ਨਹੀਂ ਰਿਹਾ।
ਹੁਣ ਸਮਾਂ ਹੈ ਕਿ ਹਰੇਕ ਸਿੱਖ ਆਪਣਾ ਫਰਜ਼ ਪਛਾਣੇ ਤੇ ਉਹ ਅਸਲੀ ਨਾਨਕਸ਼ਾਹੀ
ਕੈਲੰਡਰ ਦੇ ਹੱਕ ਵਿਚ ਖਲੋਣ ਲਈ ਜਥੇਦਾਰ ਨੰਦਗੜ੍ਹ ਦਾ ਸਾਥ ਦੇਵੇ।