Share on Facebook

Main News Page

ਦਿੱਲੀ ਦੇ ਦੰਗਿਆਂ ਨੂੰ ਸਿੱਖ ਨਸਲਕੁਸ਼ੀ ਮੰਨ ਲੈਣ ਦਾ ਸਵਾਗਤ ਹੈ, ਪਰ ਇਸਦੇ ਪਿਛਲੀ ਭਾਵਨਾਂ ਨੂੰ ਘੋਖਣ ਦੀ ਲੋੜ..?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖਾਂ ਦੀ ਨਸਲਕੁਸ਼ੀ ਜਾਂ ਕਤਲੇਆਮ ਇੱਕ ਨਹੀਂ ਅਨੇਕਾਂ ਵਾਰੀ ਹੋਇਆ ਹੈ ਅਤੇ ਹਰ ਰੰਗ ਹਰੇਕ ਨਸਲ ਅਤੇ ਧਰਮ ਨੇ ਸਿੱਖਾਂ ਦੀ ਨਸਲਕੁਸ਼ੀ ਕਰਕੇ ਸਿੱਖ ਕੌਮ ਨੂੰ ਮਿਟਾਉਣ ਦਾ ਅਸਫਲ ਯਤਨ ਕੀਤਾ ਹੈ। ਗੱਲ ਇਹ ਨਹੀਂ ਕਿ ਨਸਲਕੁਸ਼ੀ ਵਿੱਚ ਕਿੰਨੇ ਲੋਕ ਮਾਰੇ ਗਏ, ਸਗੋਂ ਉਸ ਕੌਮ ਦੇ ਵਜੂਦ ਨੂੰ ਖਤਮ ਕਰਨ ਦੀ ਹੁੰਦੀ ਹੈ। ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਵੀ ਇੱਕ ਅਜਿਹਾ ਹੀ ਕਦਮ ਸੀ ਕਿ ਸ਼ਾਇਦ ਗੁਰੂ ਸਾਹਿਬ ਨੂੰ ਦਿੱਤੀ ਭਿਆਨਕ ਮੌਤ ਦੀ ਸਜ਼ਾ ਵੇਖ ਕੇ ਅੱਗੇ ਤੋਂ ਅਜਿਹਾ ਕੋਈ ਆਗੂ ਜਾਂ ਰਹਿਬਰ ਕੌਮ ਦੀ ਅਗਵਾਈ ਕਰਨ ਤੋਂ ਟਾਲਾ ਵੱਟ ਲਵੇਗਾ ਅਤੇ ਕੌਮ ਸਹਿਮ ਜਾਵੇਗੀ, ਕੋਈ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰੇਗਾ। ਚਲੇਕਿਨ ਗੁਰੂ ਘਰ ਦਾ ਨੂਰਾਨੀ ਇਸ਼ਕ ਇਨਸਾਨੀਅਤ ਦੀ ਆਜ਼ਾਦੀ ਵਾਸਤੇ ਸੀ, ਜਿਥੇ ਮੌਤ ਅਤੇ ਜਿੰਦਗੀ ਦੋਹਾਂ ਵਿੱਚ ਅਣਖ ਸੀ, ਜਾਲਮ ਨਸਲਕੁਸ਼ੀ ਕਰਦਾ ਗਿਆ, ਇਤਿਹਾਸ ਸ਼ਹਾਦਤਾਂ ਦਰਜ਼ ਕਰਦਾ ਗਿਆ ਅਤੇ ਕੌਮ ਫਖਰ ਨਾਲ ਮੰਜ਼ਿਲ ਵੱਲ ਵਧਦੀ ਰਹੀ।

ਜਰੂਰੀ ਨਹੀਂ ਕਿ ਕਤਲੇਆਮ ਕਰਕੇ ਹੀ ਕੌਮਾਂ ਨੂੰ ਖਤਮ ਕੀਤਾ ਜਾਂਦਾ ਹੈ। ਹੋਰ ਵੀ ਤਰੀਕੇ ਹੁੰਦੇ ਹਨ ਜਿਵੇ ਔਰੰਗਜ਼ੇਬ ਨੇ ਜਨੇਊ ਉਤਾਰ ਕੇ ਹਿੰਦੁਆਂ ਦੀ ਨਸਲਕੁਸ਼ੀ ਆਰੰਭ ਕੀਤੀ ਸੀ। ਲੇਕਿਨ ਨੌਵੇਂ ਨਾਨਕ ਨੇ ਆਪਣਾ ਸੀਸ ਦੇਕੇ ਜਿਥੇ ਜਾਬਰ ਹਾਕਮ ਨੂੰ ਵੰਗਾਰਿਆ ਹੀ ਨਹੀਂ ਸਗੋਂ ਸੰਦੇਸ਼ ਦਿੱਤਾ ਕਿ ਧਰਮ ਦੇ ਠੇਕੇਦਾਰੋ ! ਮਨੁੱਖੀ ਹੱਕਾਂ ਦਾ ਹਨਨ ਕਾਬਲ -ਏ -ਬਰਦਾਸ਼ਤ ਨਹੀਂ ਅਤੇ ਨਾਲ ਹੀ ਅਵਾਮ ਵਿੱਚ ਬੈਠੇ ਅਖੌਤੀ ਧਾਰਮਿਕ ਆਗੂਆਂ ਨੂੰ ਹਲੂਣਾ ਵੀ ਦਿੱਤਾ ਕਿ ਧਰਮ ਸਿਰ ਦਿਤੇ ਬਿਨਾਂ ਨਹੀਂ ਬਚਦੇ। ਇਸ ਪਿਛੋਂ ਗੁਰੂ ਨਾਨਕ ਦੀ ਸੋਚ ਵਿੱਚੋਂ ਪੁੰਗਰਿਆ ਵਿਚਾਰ ਖਾਲਸਾ ਪੰਥ ਭਾਵ ਸਿੱਖ ਕੌਮ ਦੇ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਗਟ ਕਰਕੇ, ਜਾਬਰਾਂ ਨੂੰ ਦੱਸ ਦਿੱਤਾ ਕਿ ਤੁਸੀਂ ਇੱਕ ਦੀ ਨਸਲਕੁਸ਼ੀ ਕਰਕੇ ਦੋ ਨੂੰ ਇੱਕ ਸਾਬਤ ਕਰਨਾ ਚਾਹੁੰਦੇ ਹੋ? ਲੇਕਿਨ ਇਥੇ ਦੋਹਾਂ ਤੋਂ ਨਿਰਾਲਾ ਇੱਕ ਤੀਸਰਾ ਵਿਚਾਰ ਵੀ ਹੋਂਦ ਵਿੱਚ ਆ ਗਿਆ ਹੈ।ਚ ਗੁਰੂ ਸਾਹਿਬ ਵੱਲੋਂ ਖਾਲਸਾ ਪੰਥ ਦੀ ਸਾਜਨਾਂ ਕਰਨ ਉੱਤੇ ਹਾਕਮ ਤੜਫ ਉਠੇ ਅਤੇ ਸਿੱਖਾਂ ਨੂੰ ਨੇਸਤੋ ਨਬੂਦ ਕਰਨ ਦਾ ਤਹਈਆ ਕਰ ਲਿਆ। ਇਸ ਕਰਕੇ ਹੀ ਗੁਰੂ ਗੋਬਿੰਦ ਸਿੰਘ ਦਾ ਕਿੱਥੇ ਤੱਕ ਪਿੱਛਾ ਕੀਤਾ ਗਿਆ ਅਤੇ ਉਹਨਾਂ ਦੇ ਬੱਚਿਆਂ ਨੂੰ ਵੀ ਨਾ ਬਖਸ਼ਿਆ ਗਿਆ ਅਤੇ ਦੁਨੀਆਂ ਤੋਂ ਅਲਿਹਦਾ ਮੌਤ ਦਿੱਤੀ ਗਈ। ਇਹ ਵੱਖਰੀ ਗੱਲ ਹੈ ਉਸਨੂੰ ਨੂੰ ਹੱਸਕੇ ਪ੍ਰਵਾਨ ਕਰਦਿਆਂ ਨਿੱਕੇ ਨਿੱਕੇ ਬਾਲ ਬਾਬੇ ਬਣਕੇ ਸਗੋਂ ਕੌਮ ਦੇ ਪ੍ਰੇਰਨਾਂ ਸਰੋਤ ਬਣ ਗਏ।

ਮੀਰ ਮੰਨੂੰ , ਵੱਲੋਂ ਕੀਤੀ ਨਸਲਕੁਸ਼ੀ ਅੱਜ ਵੀ ਰੌਂਗਟੇ ਖੜੇ ਕਰ ਦਿੰਦੀ ਹੈ ਕਿ ਜਦੋਂ ਦੁੱਧ ਚੁੰਘਦੇ ਮਾਸੂਮਾਂ ਨੂੰ ਨੇਜਿਆਂ ਤੇ ਟੰਗਣ ਅਤੇ ਟੋਟੇ ਕਰਵਾਕੇ ਹਾਰ ਗਲਾਂ ਵਿੱਚ ਪਵਾਉਣ ਵਾਲੀਆਂ ਧਰਮੀਂ ਮਾਵਾਂ ਦਾ ਜ਼ਿਕਰ ਹੁੰਦਾ ਹੈ। ਜ਼ਾਲਮ ਦੇ ਹਮਾਇਤੀ ਅਤੇ ਲਾਲਚੀ ਲੋਕ ਏਨੀ ਕਮੀਨਗੀ ਤੇ ਵੀ ਉੱਤਰ ਆਉਂਦੇ ਰਹੇ ਕਿ ਜਦੋਂ ਸਿੱਖਾਂ ਦੇ ਸਿਰ ਦਾ ਵੱਢਕੇ ਲਿਆਉਣ ਤੇ ਇਨਾਮ ਮਿਲਦਾ ਸੀ ਤਾਂ ਜੇ ਸਿੱਖ ਮਰਦ ਨਹੀਂ ਲੱਭਿਆ ਤਾਂ ਕਿਸੇ ਬੱਚੀ ਦਾ ਸਿਰ ਕਲਮ ਕਰਕੇ ਅਤੇ ਸਿਰ ਤੇ ਜੂੜਾ ਬਣਾਕੇ ਹਾਕਮ ਅੱਗੇ ਪੇਸ਼ ਕੀਤਾ ਕਿ ਇਹ ਸਿੱਖ ਨੌਜਵਾਨ ਦਾ ਸਿਰ ਹੈ। ਜਦੋਂ ਕਦੇ ਅਬਦਾਲੀ ਵੱਲੋਂ ਕੁੱਪ ਰੋਹੀੜੇ ਦੇ ਮੈਦਾਨ ਵਿੱਚ ਅੱਧੀ ਕੌਮ ਨੂੰ ਸ਼ਹੀਦ ਕਰ ਦੇਣ ਦਾ ਜ਼ਿਕਰ ਆਉਂਦਾ ਹੈ ਤਾਂ ਸੁਣਕੇ ਇਨਸਾਨ ਦੀ ਰੂਹ ਕੰਬ ਜਾਂਦੀ ਹੈ। ਪਰ ਸਿੱਖਾਂ ਨੇ ਕਦੇ ਹਾਰ ਨਹੀਂ ਮੰਨੀ, ਸਗੋਂ ਅਜਿਹੇ ਮੌਕੇ ਸ਼ਹੀਦ ਹੇ ਲੋਕਾਂ ਨੂੰ ਯਾਦ ਕਰਦਿਆਂ, ਆਪਣੀ ਹੋਣੀ ਦੇ ਅਗਲੇ ਦਿਸਹਦੇ ਤਹਿ ਕੀਤੇ ਅਤੇ ਗੁਰੂ ਦੇ ਭਰੋਸੇ ਆਪਣੇ ਹੌਂਸਲੇ ਹਮੇਸ਼ਾਂ ਬੁਲੰਦ ਰੱਖੇ ਅਤੇ ਅਜਿਹੇ ਵੱਡੇ ਘੱਲੂਘਾਰਿਆਂ ਤੋਂ ਬਾਅਦ ਸਿੱਖ ਬਾਦਸ਼ਾਹੀਆਂ ਵੀ ਕਾਇਮ ਕਰ ਵਿਖਾਈਆਂ।

ਇਹ ਇਤਿਹਾਸ ਓਦੋਂ ਦਾ ਹੈ, ਜਦੋਂ ਲੋਕਤੰਤਰ ਦੀ ਕਿਧਰੇ ਹੋਂਦ ਨਹੀਂ ਸੀ। ਜੇ ਗੁਰੂ ਸਾਹਿਬ ਨੇ ਲੋਕਤੰਤਰ ਨੂੰ ਹੋਂਦ ਵਿੱਚ ਲਿਆਉਣ ਦਾ ਉਪਰਲਾ ਅਰੰਭਿਆ ਤਾਂ ਸਮੇਂ ਦੇ ਜਾਬਰਤੰਤਰ ਨੇ ਗੁਰੂਆਂ ਦੇ ਪਰਿਵਾਰਾਂ ਦੇ ਖਾਤਮੇ ਕਰਨ ਦੇ ਮਨਸੂਬਿਆਂ ਨੂੰ ਅੰਜਾਮ ਦਿੱਤਾ। ਲੇਕਿਨ ਅੱਜ ਜਦੋਂ ਪੂਰੀ ਦੁਨੀਆਂ ਦਾ ਵਿਕਾਸ ਹੋ ਚੁੱਕਿਆ ਹੈ ਅਤੇ ਸਭ ਪਾਸੇ ਵੋਟਤੰਤਰ ਜਾਂ ਲੋਕਤੰਤਰ ਆ ਗਿਆ ਹੈ ਤਾਂ ਵੀ ਸਿੱਖ ਅਜਿਹੀ ਬਦਕਿਸਮਤ ਕੌਮ ਹੈ, ਜਿਸ ਦੀ ਨਸਲਕੁਸ਼ੀ ਫਿਰ ਵੀ ਨਹੀਂ ਰੁਕ ਸਕੀ। ਜਦੋਂ ਅੰਗਰੇਜ ਤੋਂ ਭਾਰਤੀਆਂ ਨੂੰ ਆਜ਼ਾਦੀ ਮਿਲੀ ਸੀ, ਉਸ ਵੇਲੇ ਵੀ ਸਿੱਖ ਕੌਮ ਦੀ ਨਸਲਕੁਸ਼ੀ ਹੋਈ। ਸਿਖਾਂ ਦੀ ਸਰਜ਼ਮੀਨ ਦੇ ਦੋ ਟੁਕੜੇ ਹੋ ਗਏ, ਘਰ ਘਾਟ ਉਜੜ ਗਏ, ਹਜ਼ਾਰਾਂ ਸਿੱਖ ਗੰਦੀ ਸਿਆਸਤ ਕਰਕੇ ਕਤਲੇਆਮ ਦੀ ਭੇਂਟ ਚੜ ਗਏ, ਲੇਕਿਨ ਜਿਸ ਦੇਸ਼ ਨਾਲ ਕਿਸਮਤ ਜੋੜੀ, ਉਸ ਦੇਸ਼ ਦੇ ਸਾਸ਼ਕਾਂ ਨੇ ਜਰਾਇਮ ਪੇਸ਼ਾ ਆਖਕੇ ਦੇਸ਼ ਭਗਤ ਸਿੱਖਾਂ ਦਾ ਸਰਕਾਰੀ ਤੌਰ ਤੇ ਨਿਰਾਦਰ ਕਰ ਦਿੱਤਾ। ਇਹ ਵੀ ਇੱਕ ਵੱਖਰੀ ਕਿਸਮ ਦੀ ਨਸਲਕੁਸ਼ੀ ਸੀ।

ਜੇ ਸਿੱਖਾਂ ਨੇ ਹੱਕ ਮੰਗੇ ਸਿੱਖਾਂ ਤੇ ਜ਼ੁਲਮ ਹੋਇਆ, ਜੇ ਆਵਾਜ਼ ਉਠਾਈ ਤਾਂ ਆਵਾਜ਼ ਬੰਦ ਕਰਨ ਵਾਸਤੇ ਨਸਲਕੁਸ਼ੀ ਜਾਂ ਸਮੂਹਿਕ ਕਤਲੇਆਮ ਹੋਇਆ। ਸਿੱਖਾਂ ਨੇ ਸਿਰਫ ਹੱਕ ਮੰਗੇ ਸੀ, ਕਦੇ ਦਰਬਾਰ ਸਾਹਿਬ ਦਾ ਹਮਲਾ ਨਹੀਂ ਮੰਗਿਆ ਸੀ, ਜੇ ਹਮਲਾ ਦਿੱਤਾ ਤਾਂ ਹਕੂਮਤ ਨੇ, ਜਿਸ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲੇਆਮ ਹੋਇਆ। ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਇੰਦਰਾ ਗਾਂਧੀ ਦੀ ਹੱਤਿਆ ਹੋਈ? ਜਿਸ ਦਾ ਬਹਾਨਾ ਲੈਕੇ ਸਿੱਖਾਂ ਦਾ ਰਾਜਧਾਨੀ ਸਮੇਤ ਸੌ ਵੱਡੇ ਛੋਟੇ ਸ਼ਹਿਰਾਂ ਵਿੱਚ ਦਿਨ ਦਿਹਾੜੇ ਸਰਕਾਰੀ ਸਰਪ੍ਰਸਤੀ ਹੇਠ ਕਤਲੇਆਮ ਕਰਕੇ ਨਸਲਕੁਸ਼ੀ ਕੀਤੀ ਗਈ। ਲੇਕਿਨ ਇਥੋਂ ਦੀ ਸਰਕਾਰ ਜਾਂ ਢਾਂਚੇ ਨੇ ਤਾਂ ਕਤਲੇਆਮ ਨੂੰ ਦੰਗੇ ਆਖਣਾ ਹੀ ਸੀ, ਸਗੋਂ ਇਥੋਂ ਦੀ ਪ੍ਰੈਸ ਨੇ ਵੀ ਦੰਗੇ ਹੀ ਪ੍ਰਚਾਰਿਆ। ਬਹੁਤ ਸਾਰੇ ਸਿੱਖ ਸਿਆਸਤਦਾਨ ਉਚੇ ਰੁਤਬਿਆਂ ਤੇ ਬਿਰਾਜੇ, ਹਕੂਮਤਾਂ ਦੇ ਸਿਰਤਾਜ਼ ਬਣੇ, ਪਰ ਆਪਣੀ ਕੁਰਸੀ ਦੀ ਲਾਲਸਾ ਅਧੀਨ ਹਕੂਮਤ ਦੇ ਮਗਰ ਲੱਗਕੇ ਇਹੀ ਆਖਦੇ ਰਹੇ ਕਿ ਇਸ ਦੁਖਾਂਤ ਨੂੰ ਭੁੱਲ ਜਾਣਾ ਚਾਹੀਦਾ ਹੈ। ਕੋਈ ਆਖਦਾ ਸੀ ਕਬਰਾਂ ਨਾ ਪੁੱਟੋ, ਕੋਈ ਕਹਿੰਦਾ ਸੀ ਜਖਮਾਂ ਦੇ ਖਰੀਂਡ ਨਾ ਉੇਚੇੜੋ, ਰਾਜ਼ੀ ਹੋਣ ਦਿਓ?
ਸ. ਸਿਮਰਨਜੀਤ ਸਿੰਘ ਮਾਨ ਪਹਿਲੇ ਸਿੱਖ ਆਗੂ ਸਨ, ਜਿਹਨਾਂ ਨੇ ਕਿਹਾ ਕਿ ਦਿੱਲੀ ਵਿਚ ਦੰਗੇ ਨਹੀਂ ਸਾਡੀ ਨਸਲੀ ਸਫਾਈ ਕੀਤੀ ਗਈ ਹੈ। ਲੇਕਿਨ ਇਸ ਤੋਂ ਪਿਛੋਂ ਹੋਂਦ ਵਿੱਚ ਆਈ ਜਥੇਬੰਦੀ ਸਿੱਖਜ਼ ਫ਼ਾਰ ਜਸਟਿਸ ਅਤੇ ਕੁਝ ਹੋਰ ਸੁਹਿਰਦ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਦਿੱਲੀ ਦੇ ਸਿੱਖ ਕਤਲੇਆਮ ਨੂੰ ਲੈਕੇ ਇਨਸਾਫ਼ ਵਾਸਤੇ ਸੰਘਰਸ਼ ਨੂੰ ਵਕਾਰ ਦਾ ਸਵਾਲ ਬਣਾ ਲਿਆ ਅਤੇ ਲਗਾਤਾਰ ਬੜੇ ਸਲੀਕੇ ਨਾਲ ਅਤੇ ਕਾਨੂੰਨੀ ਤਰੀਕੇ ਨਾਲ ਇਸ ਸੰਘਰਸ਼ ਨੂੰ ਅਜਿਹੇ ਮੁਕਾਮ ਉੱਤੇ ਲੈ ਆਂਦਾ ਕਿ ਅਖੀਰ ਇਹ ਆਵਾਜ਼ ਸਿੱਖਾਂ ਦੀ ਰੂਹ ਬਣ ਗਈ। ਜਿਸਨੂੰ ਵੇਖਦਿਆਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਹਿਣਾ ਪਿਆ ਕਿ ਦਿੱਲੀ ਜਾਂ ਹੋਰਨਾਂ ਥਾਵਾਂ ਤੇ ਸਿੱਖਾਂ ਦਾ ਜੋ ਕਤਲੇਆਮ ਹੋਇਆ ਓਹ ਦੰਗੇ ਨਹੀਂ ਨਸਲਕੁਸ਼ੀ ਹੈ। ਅੱਜ ਜਿਹੜੀ ਹਕੂਮਤ ਭਾਰਤ ਵਿੱਚ ਹੈ, ਇਹ ਪਹਿਲਾਂ ਵੀ 1999 ਵਿਚ ਆਈ ਸੀ। ਲੇਕਿਨ ਓਦੋਂ ਇਸ ਹਕੂਮਤ ਦੇ ਇਹ ਵਿਚਾਰ ਨਹੀਂ ਸਨ। ਪਰ ਹੁਣ ਜਦੋਂ ਸਿੱਖਾਂ ਦੀਆਂ ਕੁੱਝ ਜਥੇਬੰਦੀਆਂ ਨੇ ਯੂ.ਐਨ.ਓ ਅਤੇ ਹੋਰਾਂ ਮਨੁਖੀ ਅਧਿਕਾਰਾਂ ਦੇ ਹਮਾਇਤੀ ਦੇਸ਼ਾਂ ਜਾਂ ਜਥੇਬੰਦੀਆਂ ਕੋਲ ਇਹ ਮੁੱਦਾ ਉਠਾਇਆ ਹੈ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਵੇਲੇ ਸਿਖਜ਼ ਫ਼ਾਰ ਜਸਟਿਸ ਨੇ ਲੋਕ ਅਦਾਲਤ ਲਾਕੇ ਵਾਈਟ ਹਾਉਸ ਦੇ ਸਾਹਮਣੇ ਮੋਦੀ ਦੇ ਪੁਤਲੇ ਨੂੰ ਕਟਿਹੜੇ ਵਿੱਚ ਖੜ•ਾ ਕੀਤਾ ਤਾਂ ਇੱਕ ਸਵਾਲ ਦੁਨੀਆ ਦੀ ਜ਼ੁਬਾਨ ਤੇ ਆ ਗਿਆ ਕਿ ਸਿੱਖਾਂ ਨਾਲ ਬੇਇੰਸਾਫੀ ਹੀ ਨਹੀਂ, ਸਗੋਂ ਨਸਲਕੁਸ਼ੀ ਵੀ ਹੋਈ ਹੈ ਤਾਂ ਅੱਜ ਭਾਰਤ ਦੇ ਗ੍ਰਿਹ ਮੰਤਰੀ ਨੂੰ ਆਖਣਾ ਪੈ ਗਿਆ ਕਿ ਦਿੱਲੀ ਵਿਖੇ ਸਿੱਖਾਂ ਦਾ ਕਤਲੇਆਮ ਦੰਗੇ ਨਹੀਂ ਸਿੱਖਾਂ ਦੀ ਨਸਲਕੁਸ਼ੀ ਸੀ।

ਇਸ ਐਲਾਨ ਦਾ ਸਵਾਗਤ ਕਰਨਾ ਬਣਦਾ ਹੈ ਅਤੇ ਅਸੀਂ ਕਰਦੇ ਵੀ ਹਾਂ। ਪਰ ਸਿੱਖਾਂ ਨੂੰ ਜਦੋਂ ਸਾਰੇ ਗਵਾਹ ਤੇ ਮੁਦਈ ਰੱਬ ਨੂੰ ਪਿਆਰੇ ਹੋ ਚੁਕੇ ਹੋਣ, ਜਦੋਂ ਸਾਰੇ ਸਬੂਤ ਨਸ਼ਟ ਹੋ ਚੁੱਕੇ ਹੋਣ, ਜਦੋਂ ਦੋਸ਼ੀ ਉਮਰ ਭੋਗ ਕੇ ਉਂਜ ਹੀ ਮਰ ਚੁਕੇ ਹੋਣ ਜਾਂ ਮਰਨ ਕਿਨਾਰੇ ਹੋਣ, ਉਸ ਵੇਲੇ ਤੀਹ ਸਾਲ ਬਾਅਦ ਅਜਿਹੇ ਦੰਗਿਆਂ ਤੋਂ ਨਸਲਕੁਸ਼ੀ ਆਖਣ ਦੇ ਅਰਥ ਕੁੱਝ ਹੋਰ ਵੀ ਹੁੰਦੇ ਹਨ। ਇਸਨੂੰ ਵੇਲੇ ਦੀ ਨਿਮਾਜ਼ ਕਵੇਲੇ ਦੀਆਂ ਟੱਕਰਾਂ ਤੇ ਦੂਜੇ ਲਫਜਾਂ ਵਿੱਚ ਦੇਰ ਆਏ ਦਰੁਸਤ ਆਏ ਆਖਿਆ ਜਾਂਦਾ ਹੈ, ਲੇਕਿਨ ਅਜਿਹਾ ਆਖਣਾ ਵੀ ਤਦ ਹੀ ਲਾਹੇਵੰਦਾ ਹੁੰਦਾ ਹੈ, ਜਦੋਂ ਅਜਿਹਾ ਕਰਨ ਪਿੱਛੇ ਹਕੂਮਤ ਦੀ ਨੀਅਤ ਸਾਫ਼ ਹੋਵੇ?

ਅਜੇ ਐਲਾਨ ਹੋਇਆ ਹੀ ਹੈ ਤੇ ਅੱਜ ਹੀ ਲੇਖ ਲਿਖ ਦਿੱਤਾ ਹੈ, ਬਹੁਤ ਲੋਕਾਂ ਨੂੰ ਇੰਜ ਲੱਗੇਗਾ ਕਿ ਇਹ ਤਾਂ ਉਂਜ ਹੀ ਵਿਰੋਧ ਕਰੀ ਜਾਂਦੇ ਹਨ ਜਾਂ ਇਹਨਾਂ ਨੇ ਤਾਂ ਅਖਬਾਰ ਵਿੱਚ ਹਾਜਰੀ ਲਵਾਉਣੀ ਹੁੰਦੀ ਹੈ? ਜਿਵੇ ਮਰਜ਼ੀ ਲੱਗੇ ਲੇਕਿਨ ਕੁੱਝ ਅਜਿਹੇ ਤੱਥ ਹਨ, ਜਿਹਨਾਂ ਦਾ ਪਤਾ ਸਮਾਂ ਆਉਣ ਤੇ ਹੀ ਲੱਗਦਾ ਹੈ ਕਿ ਕੀਹ ਘਾਟਾ ਜਾਂ ਕੀਹ ਨਫ਼ਾ ਹੋਇਆ ਹੈ। ਇਹ ਕੌੜਾ ਸਚ ਹੈ ਕਿ ਤੀਹ ਸਾਲਾਂ ਪਿਛੋਂ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਆਖ ਦੇਣ ਨਾਲ ਜਾਂ ਪੰਜ ਪੰਜ ਲਖ ਦੀ ਗਰਾਂਟ ਦੇਣ ਨਾਲ ਸਿੱਖਾਂ ਦਾ ਘਰ ਪੂਰਾ ਨਹੀਂ ਹੁੰਦਾ? ਸਿੱਖਾਂ ਨੂੰ ਹੁਣ ਮਕੁੰਮਲ ਇਨਸਾਫ਼ ਦੀ ਲੋੜ ਹੈ, ਸਿਰਫ ਦਿੱਲੀ ਵਿੱਚ ਜਾਂ ਨਵੰਬਰ 1984 ਵਿੱਚ ਹੀ ਸਿੱਖਾਂ ਦੀ ਨਸਲਕੁਸ਼ੀ ਨਹੀਂ ਹੋਈ, ਜੂਨ 1984 ਦਰਬਾਰ ਸਾਹਿਬ ਦਾ ਹਮਲਾ ਵੀ ਨਸਲਕੁਸ਼ੀ ਸੀ, ਡੇਢ ਦਹਾਕਾ ਪੰਜਾਬ ਵਿੱਚ ਪੁਲਿਸ ਅਤੇ ਕੇਂਦਰੀ ਸੁਰਖਿਆ ਬਲਾਂ ਵੱਲੋਂ ਸਰਕਾਰੀ ਬੰਦੂਕਾਂ ਨਾਲ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਸਿੱਖਾਂ ਦੇ ਪੰਜਾਹ ਹਜ਼ਾਰ ਦੇ ਕਰੀਬ ਬੇ ਗੁਨਾਹ ਬੱਚੇ ਵੀ ਸਾਡੀ ਨਸਲਕੁਸ਼ੀ ਹੀ ਸਨ। ਪੰਜਾਬੀ ਸੂਬੇ ਦੇ ਮੋਰਚੇ ਤੋਂ ਲੈਕੇ ਹੀ ਸਿੱਖ ਨਸਲਕੁਸ਼ੀ ਦਾ ਸ਼ਿਾਕਰ ਹੁੰਦੇ ਆਉਂਦੇ ਹਨ। 1982 ਦੀਆਂ ਏਸ਼ੀਆਡ ਖੇਡਾਂ ਵੇਲੇ ਸ਼ਾਂਤਮਈ ਰੋਸ ਕਰਨ ਜਾਂਦੇ, ਸਿੱਖਾਂ ਦੇ ਨਾਲ ਨਾਲ ਬਸਾਂ ਵਿਚੋਂ ਆਮ ਸਿੱਖਾਂ ਨੂੰ ਸਫਰ ਕਰਦਿਆਂ ਕਢਕੇ ਬੇਇਜ਼ਤ ਕਰਨਾ ਪੱਗਾਂ ਲਾਹੁਣੀਆਂ ,ਇਥੋਂ ਤੱਕ ਕੇ ਸਿੱਖ ਫੌਜੀ ਅਫਸਰਾਂ ਨਾਲ ਵੀ ਅਜਿਹਾ ਸਲੂਕ ਕਰਨਾ ਇਹ ਵੀ ਨਸਲਕੁਸ਼ੀ ਦਾ ਹਿੱਸਾ ਸੀ ਨਾਲੇ ਕੇਵਲ ਗ੍ਰਿਹ ਮੰਤਰੀ ਦੇ ਬਿਆਨ ਦਾ ਕੋਈ ਅਸਰ ਨਹੀਂ ਹੁੰਦਾ? ਜੇ ਸੁਹਿਰਦਤਾ ਹੈ ਤਾਂ ਇਸਨੂੰ ਲੋਕ ਸਭਾ ਵਿੱਚ ਮਤੇ ਵਜੋਂ ਲਿਆਦਾ ਜਾਵੇ ਅਤੇ ਲੋਕਸਭਾ ਤੇ ਰਾਜਸਭਾ ਦੋਹੇ ਹਾਉਸ ਇਸ ਤੇ ਅਫਸੋਸ ਪ੍ਰਗਟ ਕਰਨ ਅਤੇ ਨਾਲ ਹੀ ਇਹ ਨਸਲਕੁਸ਼ੀ ਜਿਹਨਾਂ ਹਾਲਾਤਾਂ ਦੀ ਦੇਣ ਹੈ, ਸਿੱਖਾਂ ਦੇ ਉਹ ਮੁੱਖ ਮਸਲੇ ਜਿਹੜੇ ਦਹਾਕਿਆ ਤੋਂ ਲਟਕ ਰਹੇ ਹਨ, ਉਹਨਾਂ ਦਾ ਪੱਕਾ ਹੱਲ ਵੀ ਕੀਤਾ ਜਾਵੇ।

ਜਿਵੇ ਦਾ ਭਾਰਤੀ ਹਾਕਮਾਂ ਦਾ ਸਿੱਖਾਂ ਪ੍ਰਤੀ ਭੂਤਕਾਲ ਵਿੱਚ ਵਰਤਾਵਾ ਰਿਹਾ ਹੈ, ਉਸਨੂੰ ਵੇਖਕੇ ਅੱਜ ਵੀ ਭਰੋਸਾ ਕਰਨਾਂ ਔਖਾ ਹੈ ਕਿ ਬੀ.ਜੇ.ਪੀ. ਦੀ ਸਰਕਾਰ ਨੇ ਅਜਿਹਾ ਸੁੱਧ ਹਿਰਦੇ ਨਾਲ ਕੀਤਾ ਹੋਵੇ ? ਕਿਉਕਿ ਇੱਕ ਪਾਸੇ ਬੀ.ਜੇ.ਪੀ. ਅਜਿਹਾ ਕਰਕੇ ਸਿੱਖਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਬੀ.ਜੇ.ਪੀ. ਦੀ ਮਾਤਾ ਆਰ.ਐਸ.ਐਸ. ਦਾ ਮੁਖੀ ਮੋਹਨ ਭਾਗਵਤ ਅਤੇ ਉਸਦੇ ਚੇਲੇ ਰੋਜ਼ ਬਿਆਨ ਦੇ ਰਹੇ ਹਨ ਕਿ ਸਿੱਖ ਹਿੰਦੂ ਧਰਮ ਦਾ ਅੰਗ ਹਨ, ਵੱਖਰੀ ਕੌਮ ਨਹੀਂ ? ਮੋਹਨ ਭਗਵਤ ਦੇ ਤਿੰਨ ਮਹੀਨਿਆਂ ਵਿੱਚ ਪੰਜਾਬ ਦੇ ਚਾਰ ਗੇੜੇ ਅਤੇ ਸਿੱਖ ਵਿਰੋਧੀ ਡੇਰੇਦਾਰਾਂ ਨਾਲ ਗੁਪਤ ਮੀਟਿੰਗਾਂ, ਪੰਜਾਬ ਤੇ ਕਬਜਾ ਕਰਨ ਦੀ ਨੀਤੀ ਦਾ ਪਹਿਲਾ ਚਰਨ ਹੈ। ਜੇ ਸਰਕਾਰ ਸਿੱਖਾਂ ਨੂੰ ਰਾਹਤ ਦੇਣ ਦੇ ਰੌਂਅ ਵਿੱਚ ਹੈ ਤਾਂ ਪਹਿਲਾਂ ਸਿੱਖਾਂ ਦੀ ਵੱਖਰੀ ਹਸਤੀ ਨੂੰ ਸੰਵਿਧਾਨਿਕ ਮਾਨਤਾ ਦੇਵੇ ਅਤੇ ਮੋਹਨ ਭਾਗਵਤ ਦੀਆਂ ਗਤੀਵਿਧੀਆਂ ਨੂੰ ਨੱਥ ਪਾਵੇ। ਇਸਦੇ ਨਾਲ ਨਾਲ ਅਖੌਤੀ ਰਾਸ਼ਟਰੀ ਲਿਖਾਰੀ ਰਵਿੰਦਰ ਨਾਥ ਟੈਗੋਰ ਵਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਭੁੱਲੜ ਦੇਸ਼ ਭਗਤ ਕਹਿਣ ਵਾਲੀ ਰਚਨਾਂ ਤੇ ਵੀ ਲੋਕਸਭਾ ਮਤਾ ਪਾਕੇ ਉਸਨੂੰ ਰੱਦ ਕਰੇ ਅਤੇ ਐਲਾਨ ਕਰੇ ਕਿ ਅਜਿਹੇ ਘਟੀਆ ਵਿਚਾਰਾ ਨਾਲ ਭਾਰਤ ਦਾ ਕੋਈ ਸਬੰਧ ਨਹੀਂ ਹੈ।

ਇਸ ਕਰਕੇ ਸਾਨੂੰ ਰਾਜ ਨਾਥ ਸਿੰਘ ਦੇ ਬਿਆਨ ਦਾ ਸਵਾਗਤ ਤਾਂ ਕਰਨਾ ਚਾਹੀਦਾ ਹੈ, ਪਰ ਸਥਿਤੀ 'ਤੇ ਬਾਜ਼ ਅੱਖ ਨਾਲ ਨਜਰ ਰੱਖਣੀ ਚਾਹੀਦੀ ਹੈ, ਬਹੁਤੀ ਖੁਸ਼ੀ ਨਹੀਂ ਕਰਨੀ ਚਾਹੀਦੀ, ਹਾਲੇ ਪਤਾ ਨਹੀਂ ਇਸ ਪਿੱਛੇ ਬੀ.ਜੇ.ਪੀ. ਦਾ ਕੀਹ ਮਕਸਦ ਹੈ? ਹੋ ਸਕਦਾ ਹੈ ਕਿ ਸਿੱਖਾਂ ਦੀ ਹਮਦਰਦੀ ਲੈ ਕੇ ਬੀ.ਜੇ.ਪੀ ਅਤੇ ਆਰ.ਐਸ.ਐਸ. 2017 ਦੀ ਵਿਧਾਨਸਭਾ ਦਾ ਸਿੱਧਾ ਰਸਤਾ ਤਹਿ ਕਰ ਰਹੇ ਹੋਣ? ਕਿਉਕਿ ਅਜਕੱਲ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਸੰਬਧਾਂ ਵਿੱਚ ਆਈ ਖਟਾਸ ਦਾ ਕੋਈ ਤੋੜ ਵੀ ਲੱਭਣਾ ਬੀ.ਜੇ.ਪੀ ਦੀ ਮਜਬੂਰੀ ਹੈ। ਸਮਾਂ ਬਹੁਤ ਤੇਜ਼ ਚਾਲ ਚੱਲ ਰਿਹਾ ਹੈ, ਸਿੱਖਾਂ ਨੂੰ ਹਰ ਪਾਸੇ ਵਾਪਰ ਰਹੀਆਂ ਘਟਨਾਵਾਂ ਨੂੰ ਬਰੀਕੀ ਨਾਲ ਵੇਖਣਾ ਚਾਹੀਦਾ ਹੈ ਅਤੇ ਨਿੱਕੇ ਨਿੱਕੇ ਮਸਲਿਆਂ ਨੂੰ ਲੈ ਕੇ ਆਪਸੀ ਲੜਾਈ ਛੱਡਕੇ, ਵੱਖਰੀ ਕੌਮ ਅਤੇ ਆਪਣੀ ਮਾਤਰ ਭੂੰਮੀ ਦੀ ਸਲਾਮਤੀ ਵਾਸਤੇ ਇੱਕ ਆਵਾਜ਼ ਹੋ ਜਾਣਾ ਚਾਹੀਦਾ ਹੈ। ਸਰਕਾਰਾਂ ਜੋ ਕਰਦੀਆਂ ਹਨ ਵੇਖੋ ਅਤੇ ਸਮਝੋ ? ਜੇ ਚੰਗਾ ਕਰਦੀਆਂ ਹਨ ਤਾਂ ਸਵਾਗਤ ਵੀ ਕਰੋ, ਪਰ ਦਿਮਾਗ ਦੇ ਦਰਵਾਜ਼ੇ ਖੁੱਲੇ ਰੱਖਕੇ, ਕਿਤੇ ਕਿਸੇ ਭੁਲੇਖੇ ਵਿੱਚ ਆਕੇ ਘਰ ਦੀ ਰਹਿੰਦੀ ਲੁੱਟ ਵੀ ਨਾ ਕਰਵਾ ਬੈਠੀਏ?

ਕੁੱਝ ਵੀ ਹੋਵੇ ਜੇ ਗ੍ਰਹਿ ਮੰਤਰੀ ਦਾ ਸਵਾਗਤ ਕਰਨਾ ਹੈ ਤਾਂ ਉਥੇ ਇੱਕ ਗੱਲ ਜਰੁਰ ਹੈ ਕਿ ਸਿੱਖਜ਼ ਫ਼ਾਰ ਜਸਟਿਸ ਅਤੇ ਉਹਨਾਂ ਨਾਲ ਇਸ ਮਾਮਲੇ ਵਿੱਚ ਸਹਿਯੋਗੀ ਹੋਰ ਪੰਥਕ ਜਥੇਬੰਦੀਆਂ ਵੱਲੋਂ ਲੜੇ ਘੋਲ ਦੀ ਵੀ ਦਾਦ ਦੇਣੀ ਬਣਦੀ ਹੈ। ਜਿਹਨਾਂ ਨੇ ਇਸ ਨਸਲਕੁਸ਼ੀ ਨੂੰ ਕੌਮਾਂਤਰੀ ਪੱਧਰ ਤੇ ਲਿਆ ਖੜੇ ਕੀਤਾ ਹੈ ਅਤੇ ਭਾਰਤ ਸਰਕਾਰ ਨੂੰ ਜਵਾਬਦੇਹੀ ਕਰਨ ਵਾਸਤੇ ਮਜਬੂਰ ਕਰ ਦਿੱਤਾ ਹੈ। ਸਿੱਖਾਂ ਦੇ ਕਤਲੇਆਮ ਨੂੰ ਨਸਲਕੁਸ਼ੀ ਗਰਦਾਨ ਦੇਣ ਤੇ ਅਸੀਂ ਰੁਕਣਾ ਨਹੀਂ, ਮੰਜ਼ਿਲ ਹਾਲੇ ਦੁਰ ਹੈ, ਦੋਸ਼ੀਆਂ ਨੂੰ ਸਖਤ ਸਜਾਵਾਂ ਅਤੇ ਸਿੱਖਾਂ ਦੀਆਂ ਬੇਇੰਸਾਫੀਆਂ ਨੂੰ ਕੌਮਾਂਤਰੀ ਪੱਧਰ ਤੇ ਲਿਜਾਣ ਵਾਸਤੇ ਯਤਨਸ਼ੀਲ ਜਥੇਬੰਦੀਆਂ ਦਾ ਹਰ ਕਦਮ ਉੱਤੇ ਬੜੀ ਸੰਜੀਦਗੀ ਅਤੇ ਦਿਆਨਤਦਾਰੀ ਨਾਲ ਸਾਥ ਵੀ ਦੇਣਾ ਹੈ। ਗੁਰੂ ਰਾਖ਼ਾ !!!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top