ਬਠਿੰਡਾ
(29 ਦਸੰਬਰ, 2014): ਬਾਦਲ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ
ਮੁੱਖ ਮੰਤਰੀ ਸੁਖਬੀਰ ਬਾਦਲ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ
ਜੱਥਦਾਰੀ ਤੋਂ ਫਾਰਗ ਕਰਨ ਲਈ ਅੱਜ ਸੰਤ ਸਮਾਜ ਦੇ ਆਗੂਆਂ ਦੀ ਐਮਰਜੈਂਸੀ ਮੀਟਿੰਗ ਸੱਦ ਲਈ ਹੈ।
ਸੰਤ ਸਮਾਜ ਦੇ ਆਗੂ ਅੱਜ ਸ਼ਾਮ ਵੇਲੇ ਦਿੱਲੀ
ਪੁੱਜ ਗਏ ਹਨ। ਇੱਧਰ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਦਿੱਲੀ ਪੁੱਜ ਗਏ ਹਨ।
ਇਸੇ ਦੌਰਾਨ ਭਲਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਚੰਡੀਗੜ੍ਹ ਵਿਚ ਮੀਟਿੰਗ ਸੱਦੀ ਗਈ ਹੈ।
ਪੰਜਾਬ ਸਰਕਾਰ ਵੱਲੋਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ
ਸਿੰਘ ਨੰਦਗੜ੍ਹ ਦੀ ਸੁਰੱਖਿਆ ਵਾਪਸ ਲਏ ਜਾਣ ਮਗਰੋਂ ਹੀ ਵਿਵਾਦ ਸ਼ੁਰੂ ਹੋ ਗਿਆ ਸੀ। ਜਥੇਦਾਰ
ਨੰਦਗੜ੍ਹ ਨੇ ਸਪਸ਼ਟ ਕੀਤਾ ਸੀ ਕਿ ਉਹ ਮੂਲ ਨਾਨਕਸ਼ਾਹੀ ਦੇ ਮਾਮਲੇ ਵਿਚ ਆਪਣੇ ਸਟੈਂਡ ’ਤੇ ਕਾਇਮ
ਹਨ। ਮਾਮਲਾ ਉਦੋਂ ਗਰਮਾ ਗਿਆ ਜਦੋਂ ਕਿ 28 ਦਸੰਬਰ ਨੂੰ ਤਖਤ ਦਮਦਮਾ ਸਾਹਿਬ ਤੋਂ ਸ਼ੁਰੂ ਹੋਏ
ਨਗਰ ਕੀਰਤਨ ਵਿਚ ਜਥੇਦਾਰ ਨੰਦਗੜ੍ਹ ਨੇ ਸ਼ਮੂਲੀਅਤ ਨਾ ਕੀਤੀ। ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ
ਨੂੰ ਆਰ.ਐਸ.ਐਸ. ਦੇ ਏਜੰਟ ਆਖ ਦਿੱਤਾ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਇਸ ਦੇ ਵਿਰੋਧ ਵਿਚ
ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕਰ ਦਿੱਤੀ।
ਅਕਾਲ ਤਖਤ ਦੇ ਜਥੇਦਾਰ
ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਆਰ.ਐਸ.ਐਸ ਦੇ ਏਜੰਟ ਕੌਣ ਹਨ, ਕਹਿਣ ਵਾਲੇ ਜਾਂ ਦੂਸਰੇ,
ਇਸ ਦੀ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਵਿਚ
ਲਿਖਤੀ ਰੂਪ ਵਿਚ ਕੁਝ ਨਹੀਂ ਭੇਜਿਆ ਗਿਆ ਪ੍ਰੰਤੂ ਉਹ ਪੜਤਾਲ ਕਰਨਗੇ। ਉਨ੍ਹਾਂ ਦਿੱਲੀ ਮੀਟਿੰਗ
ਬਾਰੇ ਸਿਰਫ਼ ਏਨਾ ਹੀ ਆਖਿਆ ਕਿ ਉਹ ਦਿੱਲੀ ਜਾ ਰਹੇ ਹਨ ਅਤੇ ਉਥੇ ਕਿਸੇ ਵਿਅਕਤੀ ਨੂੰ ਸਿੱਖ
ਮਾਮਲਿਆਂ ਬਾਰੇ ਮਿਲਣਾ ਹੈ।
ਜਾਣਕਾਰੀ ਅਨੁਸਾਰ ਉਪ ਮੁੱਖ ਮੰਤਰੀ ਸੁਖਬੀਰ
ਬਾਦਲ ਨੇ ਸੰਤ ਸਮਾਜ ਦੇ ਆਗੂਆਂ ਨੂੰ ਐਮਰਜੰਸੀ ਮੀਟਿੰਗ ਵਾਸਤੇ ਸੱਦਿਆ ਹੈ। ਸੰਤ ਸਮਾਜ
ਦੇ ਬੁਲਾਰੇ ਭਾਈ ਜਸਵੀਰ ਸਿੰਘ ਰੋਡੇ, ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਧੁੰਮਾਂ ਅਤੇ ਸੰਤ
ਸਮਾਜ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਧਰਮਪੁਰਾ ਗੁਰਦੁਆਰਾ ਰਕਾਬਗੰਜ ਦਿੱਲੀ ਪੁੱਜ ਗਏ ਹਨ।
ਸੰਤ ਧਰਮਪੁਰਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਨੇ ਦਿੱਲੀ ਵਿਖੇ ਭਲਕੇ ਹੋ ਰਹੀ
ਮੀਟਿੰਗ ਵਾਸਤੇ ਸੱਦਿਆ ਹੈ। ਉਨ੍ਹਾਂ ਏਨਾ ਕੁ ਆਖਿਆ ਕਿ ਜਥੇਦਾਰ ਨੰਦਗੜ੍ਹ ਦੇ ਮਾਮਲੇ ਬਾਰੇ
ਤਾਂ ਪਤਾ ਨਹੀਂ, ਪ੍ਰੰਤੂ ਨਾਨਕਸ਼ਾਹੀ ਕੈਲੰਡਰ ਬਾਰੇ ਗੱਲਬਾਤ ਕਰਨੀ ਹੈ।