*
ਪੁਰਾਤਨਤਾ ਦੇ ਨਾਮ ’ਤੇ ਅਜਿਹੇ ਨਿੰਦਕ 10ਵੀਂ ਫੇਲ੍ਹ ਵਿਅਕਤੀ ਜਿਨ੍ਹਾਂ ਨੂੰ ਕੈਲੰਡਰ ਵਿਗਿਆਨ
ਦਾ ਕੋਈ ਗਿਆਨ ਨਹੀਂ, ਉਹ ਸ: ਪਾਲ ਸਿੰਘ ਪੁਰੇਵਾਲ ਦੇ ਕੈਲੰਡਰ ਨੂੰ ਗਲਤ ਦੱਸ ਰਹੇ ਹਨ
* ਪੁਰਾਤਨਤਾ ਦਾ ਢੰਢੋਰਾ ਪਿੱਟਣ ਵਾਲੇ ਸਭ ਤੋਂ ਵੱਧ ਆਧੁਨਿਕ
ਸਹੂਲਤਾਂ ਦਾ ਅਨੰਦ ਮਾਣ ਰਹੇ ਹਨ
ਬਠਿੰਡਾ,
30 ਦਸੰਬਰ (ਕਿਰਪਾਲ ਸਿੰਘ): ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਵੱਖਰੀ ਹੋਂਦ ਦਾ ਪ੍ਰਤੀਕ ਹੈ ਜੋ
ਕੈਲੰਡਰ ਵਿਗਿਆਨ, ਸਿੱਖ ਇਤਿਹਾਸ ਅਤੇ ਗੁਰਬਾਣੀ ਵਿੱਚ ਮਹੀਨਿਆਂ ਦੀਆਂ ਵਰਨਣ ਕੀਤੀਆਂ ਗਈਆਂ
ਰੁੱਤਾਂ ਦੇ ਸਿਧਾਂਤ ’ਤੇ ਪੂਰਾ ਉਤਰਦਾ ਹੈ ਪਰ ਹੈਰਾਨੀ ਹੈ ਕਿ
10ਵੀਂ ਫੇਲ੍ਹ ਵਿਅਕਤੀ ਜਿਨ੍ਹਾਂ ਨੂੰ ਕੈਲੰਡਰ ਵਿਗਿਆਨ ਦਾ ਕੋਈ ਗਿਆਨ ਹੀ ਨਹੀਂ ਹੈ; ਉਹ ਸ:
ਪਾਲ ਸਿੰਘ ਪੁਰੇਵਾਲ ਵੱਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੇ ਅਤੇ ਪੰਥਕ ਵਿਦਵਾਨਾਂ ਦੀ ਸੋਚ
ਵੀਚਾਰ ਉਪ੍ਰੰਤ ਲਾਗੂ ਹੋਏ ਨਨਾਕਸ਼ਾਹੀ ਕੈਲੰਡਰ ਨੂੰ ਗਲਤ ਦੱਸ ਰਹੇ ਹਨ। ਪੰਥ ਵਿਰੋਧੀ
ਸ਼ਕਤੀਆਂ ਜਿਹੜੀਆਂ ਪੰਥ ਦੀ ਵੱਖਰੀ ਹੋਂਦ ਬ੍ਰਦਾਸ਼ਤ ਨਹੀਂ ਕਰ ਸਕਦੀਆਂ ਉਹ ਕੈਲੰਡਰ ਵਿਗਿਆਨ ਤੋਂ
ਕੋਰੇ ਸਿੱਖਾਂ ਨੂੰ ਸੰਤ ਸਮਾਜ ਦਾ ਨਾਮ ਦੇ ਕੇ ਅਤੇ ਅੱਗੇ ਲਾ ਕੇ ਨਾਨਕਸ਼ਾਹੀ ਕੈਲੰਡਰ ਨੂੰ ਖਤਮ
ਕਰਵਾਉਣ ਲਈ ਤੁਲੇ ਹੋਏ ਹਨ। ਇਸ ਲਈ ਨਾਨਕਸ਼ਾਹੀ ਕੈਲੰਡਰ ਨੂੰ ਬਚਾਉਣ
ਦਾ ਚਾਹਵਾਨ ਹਰ ਸਿੱਖ ਪਹਿਲੀ ਜਨਵਰੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ।
ਇਹ ਸ਼ਬਦ ਬੀਤੀ ਰਾਤ ਸਥਾਨਿਕ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਵਿਖੇ
ਇੱਕ ਗੁਰਮਤਿ ਸਮਾਗਮ ’ਚ ਕਥਾ ਕਰਦਿਆਂ ਭਾਈ ਹਰਜਿੰਦਰ ਸਿੰਘ ਮਾਂਝੀ ਨੇ ਕਹੇ।
ਉਨ੍ਹਾਂ ਕਿਹਾ ਨਾਨਕਸ਼ਾਹੀ ਕੈਲੰਡਰ ਵਿੱਚ ਇੱਕ ਵਾਰ ਨਿਸਚਿਤ ਕੀਤੀਆਂ
ਤਰੀਖਾਂ ਹਰ ਸਾਲ ਉਨ੍ਹਾਂ ਹੀ ਸਥਿਰ ਤਰੀਖਾਂ ਨੂੰ ਆਉਂਦੀਆਂ ਸਨ, ਜਿਸ ਕਾਰਣ ਹਰ ਇੱਕ ਨੂੰ ਯਾਦ
ਰੱਖਣੀਆਂ ਤੇ ਸਮਝਣੀਆਂ ਬਹੁਤ ਹੀ ਆਸਾਨ ਹਨ ਜਦੋਂ ਕਿ ਬਿਕ੍ਰਮੀ ਕੈਲੰਡਰ ਵਿੱਚ ਚੰਦ੍ਰਮਾ ਅਤੇ
ਸੂਰਜੀ ਦੂਹਰੀ ਪ੍ਰਣਾਲੀ ਅਪਣਾਉਣ ਕਰਕੇ ਹਰ ਸਾਲ ਹੀ ਬਦਲਵੀਆਂ ਤਰੀਖਾਂ ਨੂੰ ਆਉਂਦੀਆਂ ਹਨ, ਜਿਸ
ਕਾਰਣ ਇਹ ਸਮਝਣੀਆਂ ਤੇ ਚੇਤੇ ਰੱਖਣੀਆਂ ਬਹੁਤ ਮੁਸ਼ਕਲ ਹਨ। ਇਹੋ ਕਾਰਣ ਹੈ ਕਿ ਅੱਜ ਸਾਨੂੰ
ਮਹਾਤਮਾ ਗਾਂਧੀ ਦੇ ਜਨਮ ਦਿਨ ਦਾ ਤਾਂ ਪਤਾ ਹੈ, ਕਿ 2 ਅਕਤੂਬਰ ਦਾ ਹੈ ਪਰ ਸਦੀਆਂ ਤੋਂ ਮਨਾਉਂਦੇ
ਆ ਰਹੇ ਆਪਣੇ ਸਤਿਗੁਰੂਆਂ ਦੇ ਪ੍ਰਕਾਸ਼ ਦਿਹਾੜੇ ਸਾਨੂੰ ਯਾਦ ਨਹੀਂ ਹਨ।
ਇਸ ਭੰਬਲਭੂਸੇ ਕਾਰਣ ਆਪਣੀ ਹੱਡਬੀਤੀ
ਸੁਣਾਉਂਦੇ ਹੋਏ ਭਾਈ ਮਾਂਝੀ ਨੇ ਕਿਹਾ ਕਿ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਸਮਾਗਮ ਲਈ 28 ਦਸੰਬਰ ਵਾਸਤੇ ਬੁੱਕ ਕੀਤਾ। ਕੁਝ
ਦਿਨ ਬਾਅਦ ਉਨ੍ਹਾਂ ਦਾ ਫੋਨ ਆ ਗਿਆ ਕਿ 28 ਦਸੰਬਰ ਦੀ ਬਜਾਏ 7 ਜਨਵਰੀ ਲਈ ਬੁਕਿੰਗ ਕਰ ਲੈਣਾ
ਜੀ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ 7 ਜਨਵਰੀ ਲਈ ਤਾਂ ਉਹ ਪਹਿਲਾਂ ਹੀ ਬੁੱਕ ਹਨ,
ਤਾਂ ਉਨ੍ਹਾਂ ਨੇ ਆਪਣੀ ਬੁੱਕਿੰਗ ਕੈਂਸਲ ਕਰਨ ਲਈ ਕਹਿ ਦਿੱਤਾ। ਇਸ ਲਈ ਮੈਂ ਉਨ੍ਹਾਂ ਦਾ
ਪ੍ਰੋਗਰਾਮ ਕੈਂਸਲ ਕਰਕੇ ਹੋਰ ਕੋਈ ਪ੍ਰੋਗਰਾਮ ਬੁੱਕ ਕਰ ਲਿਆ। ਪਰ ਦੂਸਰੇ ਹੀ ਦਿਨ ਉਨ੍ਹਾਂ
ਪ੍ਰਬੰਧਕਾਂ ਦਾ ਫਿਰ ਫੋਨ ਆ ਗਿਆ ਕਿ ਅਕਾਲ ਤਖ਼ਤ ਤੋਂ ਫਿਰ ਹੁਕਮ ਆ ਗਿਆ ਹੈ ਕਿ ਗੁਰਪੁਰਬ 28
ਦਸੰਬਰ ਨੂੰ ਹੀ ਮਨਾਇਆ ਜਾਵੇ, ਇਸ ਲਈ ਤੁਸੀਂ ਸਾਡਾ ਪ੍ਰੋਗਰਾਮ ਕੈਂਸਲ ਨਾ ਕਰਨਾ ਅਤੇ ਸਮੇਂ
ਸਿਰ ਆ ਜਾਣਾ। ਭਾਈ ਮਾਂਝੀ ਨੇ ਕਿਹਾ ਕਿ ਕੀ ਅਕਾਲ ਤਖ਼ਤ ਜਿਸ ਅੱਗੇ ਸਮੁੱਚੇ ਸਿੱਖ ਜਗਤ ਦਾ ਸਿਰ
ਝੁਕਦਾ ਹੈ, ਉਥੋਂ ਕਿਸੇ ਦੇ ਦਬਾਉ ਜਾਂ ਲਾਲਸਾ ਅਧੀਨ ਹਰ ਰੋਜ਼ ਹੀ ਇਸ ਤਰ੍ਹਾਂ ਦੇ ਬਦਲਵੇਂ
ਫੈਸਲੇ ਹੋਣੇ ਦੁਨੀਆਂ ਵਿੱਚ ਸਿੱਖਾਂ ਦੀ ਸਥਿਤੀ ਹਾਸੋਹੀਣੀ ਨਹੀਂ ਬਣਾ ਰਹੇ?
ਭਾਈ ਮਾਂਝੀ ਨੇ ਕਿਹਾ ਕਿ ਅਕਾਲ ਤਖ਼ਤ ਤੋਂ ਇਸ ਤਰ੍ਹਾਂ ਦੇ ਫੈਸਲੇ ਉਹ
ਲੋਕ ਕਰਵਾ ਰਹੇ ਹਨ, ਜੋ ਸਿੱਖ ਮਨਾਂ ਵਿੱਚ ਅਕਾਲ ਤਖ਼ਤ ਦੇ ਫਲਸਫੇ ਨੂੰ ਮਨਫੀ ਕਰਨਾ ਅਤੇ ਸਿੱਖਾਂ
ਦੀ ਵੱਖਰੀ ਹੋਂਦ ਖਤਮ ਕਰਕੇ ਹਿੰਦੂ ਧਰਮ ਦਾ ਹਿੱਸਾ ਦੱਸਣਾ ਚਾਹੁੰਦੇ ਹਨ। ਇਸ ਲਈ ਆਓ ਪਹਿਲੀ
ਜਨਵਰੀ ਨੂੰ ਸਵੇਰੇ 11 ਵਜੇ ਸ਼੍ਰੀ ਅਕਾਲ ਤਖ਼ਤ ਦੇ ਵਿਹੜੇ ਵਿੱਚ ਪਹੁੰਚ ਕੇ ਜਥੇਦਾਰ ਸ਼੍ਰੀ ਅਕਾਲ
ਤਖ਼ਤ ਸਾਹਿਬ ਜੀ ਨੂੰ ਬੇਨਤੀ ਰੂਪ ਵਿੱਚ ਦੱਸ ਦੇਈਏ ਕੇ ਸਿਰਫ 10-15 ਵਿਅਕਤੀ ਹੀ ਪੰਥ ਨਹੀਂ
ਹੈ, ਇਹ ਸਾਰੇ ਜੋ ਇੱਥੇ ਪਹੁੰਚੇ ਹਨ ਇਹ ਵੀ ਪੰਥ ਦਾ ਹੀ ਹਿੱਸਾ ਹਨ ਇਨ੍ਹਾਂ ਦੀ ਵੀ ਸੁਣ ਲਓ
ਕਿ ਇਹ ਸਾਰੇ ਨਾਨਕਸ਼ਾਹੀ ਕੈਲੰਡਰ ਨੂੰ ਬਹਾਲ ਕਰਵਾਉਣਾ ਚਾਹੁੰਦੇ ਹਨ।
ਇਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 1357 ’ਤੇ ਪੰਜਵੇਂ ਪਾਤਸ਼ਾਹ ਦੇ ਦਰਜ
ਸਲੋਕ ਸਹਸਕ੍ਰਿਤੀ: ‘ਮੰਤ੍ਰੰ
ਰਾਮ ਰਾਮ ਨਾਮੰ ਧ੍ਯ੍ਯਾਨੰ ਸਰਬਤ੍ਰ ਪੂਰਨਹ ॥ ਗ੍ਯ੍ਯਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ
ਨਿਰਵੈਰਣਹ ॥ ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥ ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ
ਜਲ ਕਮਲ ਰਹਤਹ ॥ ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥ ਪਰ ਨਿੰਦਾ ਨਹ ਸ੍ਰੋਤਿ
ਸ੍ਰਵਣੰ ਆਪੁ ਿਤ੍ਯ੍ਯਾਗਿ ਸਗਲ ਰੇਣੁਕਹ ॥ ਖਟ ਲਖ੍ਯ੍ਯਣ ਪੂਰਨੰ ਪੁਰਖਹ ਨਾਨਕ ਨਾਮ ਸਾਧ
ਸ੍ਵਜਨਹ ॥੪੦॥’ ਦੀ ਕਥਾ ਕਰਦੇ ਹੋਏ ਭਾਈ ਮਾਂਝੀ ਨੇ ਕਿਹਾ
ਕਿ ਇਸ ਸਲੋਕ ਅਨੁਸਾਰ ਪੂਰਨ ਪੁਰਖ ਉਹ ਹਨ ਜਿਨ੍ਹਾਂ ਵਿੱਚ 6 ਗੁਣ ਹਨ ਅਤੇ ਉਹਨਾਂ ਨੂੰ ਹੀ ਸਾਧ
ਗੁਰਮੁਖਿ ਆਖੀਦਾ ਹੈ।
ਉਹ 6 ਗੁਣ ਇਹ ਹਨ:-
1. ਪਰਮਾਤਮਾ ਦਾ ਨਾਮ (ਜੀਭ ਨਾਲ) ਜਪਣਾ ਅਤੇ ਉਸ ਨੂੰ ਸਰਬ-ਵਿਆਪਕ
ਜਾਣ ਕੇ ਉਸ ਵਿਚ ਸੁਰਤ ਜੋੜਨੀ;
2. ਸੁਖਾਂ ਦੁਖਾਂ ਨੂੰ ਇਕੋ ਜਿਹਾ ਸਮਝਣਾ ਅਤੇ ਪਵਿਤ੍ਰ ਤੇ ਵੈਰ-ਰਹਿਤ ਜੀਵਨ ਜੀਊਣਾ;
3. ਸਾਰੇ ਜੀਵਾਂ ਨਾਲ ਪਿਆਰ-ਹਮਦਰਦੀ ਰੱਖਣੀ ਅਤੇ ਕਾਮਾਦਿਕ ਪੰਜੇ ਵਿਕਾਰਾਂ ਤੋਂ ਬਚੇ
ਰਹਿਣਾ;
4. ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਜ਼ਿੰਦਗੀ ਦਾ ਆਸਰਾ ਬਣਾਣਾ ਅਤੇ ਮਾਇਆ ਤੋਂ ਇਉਂ
ਨਿਰਲੇਪ ਰਹਿਣਾ ਜਿਵੇਂ ਕਉਲ ਫੁੱਲ ਪਾਣੀ ਤੋਂ;
5. ਸੱਜਣ ਤੇ ਵੈਰੀ ਨਾਲ ਇਕੋ ਜਿਹਾ ਪ੍ਰੇਮ-ਭਾਵ ਰੱਖਣ ਦੀ ਸਿੱਖਿਆ ਗ੍ਰਹਿਣ ਕਰਨੀ ਅਤੇ
ਪਰਮਾਤਮਾ ਦੀ ਭਗਤੀ ਵਿਚ ਪਿਆਰ ਬਣਾਣਾ;
6. ਪਰਾਈ ਨਿੰਦਿਆ ਆਪਣੇ ਕੰਨਾਂ ਨਾਲ ਨਾਹ ਸੁਣਨੀ ਅਤੇ ਆਪਾ-ਭਾਵ ਤਿਆਗ ਕੇ ਸਭ ਦੇ ਚਰਨਾਂ
ਦੀ ਧੂੜ ਬਣਨਾ।
ਭਾਈ ਮਾਂਝੀ ਨੇ ਗੁਰਇਤਿਹਾਸ ’ਚੋਂ ਸਬੰਧਤ
ਸਾਖੀਆਂ ਸੁਣਾ ਕੇ ਕਿਹਾ ਇਹ ਸਾਰੇ ਗੁਣ ਗੁਰੂ ਗੋਬਿੰਦ ਸਿੰਘ ਜੀ ਵਿੱਚ ਸਨ;
ਉਨ੍ਹਾਂ ਨੂੰ ਤਾਂ ਕੋਈ ਸੰਤ ਜਾਂ ਬ੍ਰਹਮਗਿਆਨੀ ਕਹਿੰਦਾ ਨਹੀਂ
ਸੁਣਿਆ ਗਿਆ, ਪਰ ਜਿਨ੍ਹਾਂ ਵਿੱਚ ਉਪ੍ਰੋਕਤ ਇੱਕ ਵੀ ਗੁਣ ਨਹੀਂ, ਉਹ ਸਿਰਫ ਵਿਸ਼ੇਸ਼ ਲਿਬਾਸ ਪਹਿਨ
ਕੇ ਹੀ ਪੂਰਨ ਬ੍ਰਹਮਗਿਆਨੀ ਸੰਤ ਮਹਾਂਪੁਰਖ ਅਖਵਾ ਰਹੇ ਹਨ। ਉਨ੍ਹਾਂ ਕਿਹਾ ਅਜਿਹੇ ਭੇਖੀ
ਮਨੁੱਖਾਂ ਨੂੰ ਪੂਰਨ ਬ੍ਰਹਮਗਿਆਨੀ ਸੰਤ ਮਹਾਂਪੁਰਖ ਕਹਿਣਾ ਅਸਲੀ ਸੰਤਾਂ ਦੀ ਉਸੇ ਤਰ੍ਹਾਂ ਨਿੰਦਾ
ਅਤੇ ਤੌਹੀਨ ਹੈ, ਜਿਵੇਂ ਕੰਡੇ ਨੂੰ ਫੁੱਲ ਕਹਿ ਕੇ ਫੁੱਲ ਦੀ ਨਿੰਦਾ ਅਤੇ ਤੌਹੀਨ ਕਰਨ ਦੇ ਤੁਲ
ਹੈ।
ਪੁਰਾਤਨਤਾ ਦੇ ਨਾਮ
’ਤੇ ਅਜਿਹੇ ਨਿੰਦਕ 10ਵੀਂ ਫੇਲ੍ਹ ਵਿਅਕਤੀ ਜਿਨ੍ਹਾਂ ਨੂੰ ਕੈਲੰਡਰ ਵਿਗਿਆਨ ਦਾ ਕੋਈ ਗਿਆਨ ਨਹੀਂ,
ਉਹ ਸ: ਪਾਲ ਸਿੰਘ ਪੁਰੇਵਾਲ ਦੇ ਕੈਲੰਡਰ ਨੂੰ ਗਲਤ ਦੱਸ ਰਹੇ ਹਨ।
ਪਰ ਪੁਰਾਤਨਤਾ ਦਾ ਢੰਢੋਰਾ ਪਿੱਟਣ ਵਾਲੇ ਇਹ ਲੋਕ ਆਪ ਸਭ ਤੋਂ ਵੱਧ ਆਧੁਨਿਕ ਸਹੂਲਤਾਂ ਦਾ ਅਨੰਦ
ਮਾਣ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਿੱਖਾਂ ਨੂੰ ਸਖਤ ਹਦਾਇਤ ਕੀਤੀ ਸੀ:
‘ਜਬ ਲਗ ਖ਼ਾਲਸਾ ਰਹੇ ਨਿਆਰਾ॥ ਤਬ ਲਗ ਤੇਜ ਦੇਊਂ ਮੈ ਸਾਰਾ॥ ਜਬ ਇਹ ਗਹੇਂ ਬਿਪ੍ਰਨ ਕੀ ਰੀਤ॥
ਮੈਂ ਨਾ ਕਰਉਂ ਇਨ ਕੀ ਪ੍ਰਤੀਤ॥’ ਭਾਈ ਹਰਜਿੰਦਰ ਸਿੰਘ ਮਾਂਝੀ ਨੇ ਕਿਹਾ ਬਿਕ੍ਰਮੀ ਕੈਲੰਡਰ
ਬਿਪ੍ਰਨ ਕੀ ਰੀਤ ਹੀ ਤਾਂ ਹੈ, ਜਿਹੜਾ ਗੁਰਬਾਣੀ ਸਿਧਾਂਤ ਦੇ ਉਲਟ ਚੰਗੇ ਮੰਦੇ ਦਿਨਾਂ ਦੀ
ਵੀਚਾਰ ਦਸਦਾ ਹੈ, ਸੋ ਇਸ ਬਿਕ੍ਰਮੀ ਕੈਲੰਡਰ ਤੋਂ ਖਹਿੜਾ ਛਡਾਉਣਾ
ਹੀ ਖ਼ਾਲਸੇ ਦਾ ਨਿਆਰਾਪਨ ਹੈ।
ਸਮਾਗਮ ਦੀ ਸਮਾਪਤੀ ਉਪ੍ਰੰਤ ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੰਸਥਾ ਜਿਨ੍ਹਾਂ ਨੇ
ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਇਹ ਮਹੀਨਾਵਾਰ ਸਮਾਗਮ ਕਰਵਾਇਆ ਸੀ ਦੇ ਪ੍ਰਧਾਨ ਭਾਈ
ਸਿਮਰਨਜੋਤ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਮਹੇਸ਼ਇੰਦਰ ਸਿੰਘ, ਮੈਨੇਜਰ ਭਾਈ
ਜੋਗਿੰਦਰ ਸਿੰਘ ਸਾਗਰ, ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਦੇ ਕਨਵੀਨਰ ਭਾਈ ਕਿਰਪਾਲ ਸਿੰਘ ਨੇ
ਸਮੁਚੀ ਸੰਗਤ ਵੱਲੋਂ ਭਾਈ ਹਰਜਿੰਦਰ ਸਿੰਘ ਮਾਂਝੀ ਨੂੰ ਸਿਰੋਪਾ ਅਤੇ ਸਨਮਾਨ ਚਿੰਨ੍ਹ ਦੀ ਬਖਸ਼ਿਸ
ਕਰਕੇ ਸਨਮਾਨਤ ਕੀਤਾ।