* ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਦਾ ਜਥਾ ਸ਼੍ਰੀ
ਅਕਾਲ ਤਖਤ ਸਾਹਿਬ ਪੁੱਜੇਗਾ- ਭਾਈ ਜਸਬੀਰ ਸਿੰਘ ਭੁੱਲਰ
ਫਿਰੋਜ਼ਪੁਰ 30 ਦਸੰਬਰ (ਅਵਤਾਰ ਸਿੰਘ ਉੱਪਲ, ਸਰਬਜੀਤ ਸਿੰਘ ਭਾਵੜਾ):
ਅਕਾਲੀ ਦਲ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਖੌਤੀ
ਸੰਤ-ਸਮਾਜ ਜੋ ਆਰ.ਐੱਸ.ਐੱਸ.ਦੇ ਇਸ਼ਾਰੇ ਉੱਪਰ ਸਿੱਖਾਂ ਦੀ ਅੱਡਰੀ ਅਤੇ ਨਿਵੇਕਲੀ ਪਹਿਚਾਣ ਦੇ
ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਬ੍ਰਿਕਮੀ ਸੰਮਤ ਵਿੱਚ ਬਦਲਣ ਦੀਆਂ ਜੋ ਸਾਜ਼ਿਸ਼ਾਂ ਰਚੀਆਂ
ਜਾ ਰਹੀਆਂ ਹਨ, ਅਕਾਲੀ ਦਲ (ਅ) ਉਸ ਦੀ ਪੁਰਜ਼ੋਰ ਨਿੰਦਾ ਕਰਦਾ ਹੈ। ਪਾਰਟੀ ਅਜਿਹੇ ਪੰਥ
ਦੋਖੀਆਂ ਨੂੰ ਅਜਿਹਾ ਹਰਗਿਜ ਨਹੀਂ ਕਰਨ ਦੇਵੇਗੀ ਇਸਦੇ ਲਈ ਭਾਵੇ ਉਹਨਾਂ ਨੂੰ ਕਿੱਡੀ ਵੀ ਵੱਡੀ
ਕੁਰਬਾਨੀ ਕਿਉਂ ਨਾ ਦੇਣੀ ਪਵੇ। ਮੂਲ ਨਾਨਾਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਤਖਤ ਸ਼੍ਰੀ ਦਮਦਮਾ
ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ, ਉੱਘੇ ਸਿੱਖ ਪ੍ਰਚਾਰਕ ਅਤੇ ਵਿਦਵਾਨ ਭਾਈ
ਪੰਥਪ੍ਰੀਤ ਸਿੰਘ ਖਾਲਸਾ, ਭਾਈ ਸਰਬਜੀਤ ਸਿੰਘ ਧੂੰਦਾ, ਭਾਈ ਹਰਜਿੰਦਰ ਸਿੰਘ ਮਾਝੀ ਵੱਲੋਂ ਮੂਲ
ਨਾਨਕਸ਼ਾਹੀ ਦੇ ਹੱਕ ਵਿੱਚ ਲਏ ਗਏ ਸਟੈਂਡ ਦੀ ਪਾਰਟੀ ਪੁਰਜ਼ੋਰ ਹਮਾਇਤ ਕਰਦੀ ਹੈ। 1 ਜਨਵਰੀ 2015
ਨੂੰ ਇਹਨਾਂ ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਪ੍ਰਚਾਰਕਾਂ ਵੱਲੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ
ਦੇ ਜਥੇਦਾਰ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਅਪੀਲ ਕਰਨ ਦਾ ਫੈਸਲਾ ਕੀਤਾ ਹੈ ਪਾਰਟੀ
ਉਸਦਾ ਸਵਾਗਤ ਕਰਦੀ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਧਿਆਨ ਸਿੰਘ ਮੰਡ ਸੀਨੀਅਰ ਮੀਤ
ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਅੱਗੇ
ਕਿਹਾ ਕਿ ਇਸ ਵਾਰ ਚੁਣੀ ਗਈ ਸ਼੍ਰੋਮਣੀ ਕਮੇਟੀ ਨੂੰ ਕਾਨੂੰਨੀ ਤੌਰ ਤੇ ਕੋਈ ਮਾਨਤਾ ਨਹੀਂ ਮਿਲੀ,
ਇਸ ਲਈ ਇਹ ਕਮੇਟੀ ਸਿੱਖ ਕੌਮ ਨਾਲ ਸੰਬੰਧਤ ਕੌਮੀ ਨੀਤੀਆਂ ਬਾਰੇ ਕੋਈ ਫੈਸਲਾ ਕਰਨ ਦਾ ਅਧਿਕਾਰ
ਨਹੀਂ ਰੱਖਦੀ ਅਤੇ ਨਾ ਹੀ ਤਖਤ ਸ਼੍ਰੀ ਦਮਦਮਾ ਸਾਹਿਬ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਦਾ ਹੱਕ
ਰੱਖਦੀ ਹੈ, ਜਿਵੇਂ ਕਿ ਅਖਬਾਰੀ ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ
ਆਰ.ਐੱਸ.ਐੱਸ. ਦੇ ਇਸ਼ਾਰੇ 'ਤੇ ਜਥੇਦਾਰ ਨੰਦਗੜ੍ਹ ਨੂੰ ਹਟਾਉਂਣ ਦੀ ਤਿਆਰੀ ਵਿੱਚ ਹੈ। ਜੇਕਰ
ਕਮੇਟੀ ਅਜਿਹਾ ਕਰਦੀ ਹੈ ਤਾਂ ਇਹ ਕਦਮ ਜਿਥੇ ਗੈਰ-ਕਾਨੂੰਨੀ ਹੋਵੇਗਾ ਉਥੇ ਸਾਰਾ ਸਿੱਖ ਪੰਥ
ਜਥੇਦਾਰ ਨੰਦਗੜ੍ਹ ਦੇ ਨਾਲ ਖੜ੍ਹੇਗਾ।
ਸ਼੍ਰੋਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਪ੍ਰਧਾਨ ਭਾਈ ਜਸਬੀਰ ਸਿੰਘ ਭੁੱਲਰ
ਨੇ ਕਿਹਾ ਕਿ ਉਹ ਪਾਰਟੀ ਹੁਕਮਾਂ ਤੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਜੋ ਮੁਹਿੰਮ ਸ਼ੁਰੂ
ਕੀਤੀ ਜਾ ਰਹੀ ਹੈ, ਜਿਲ੍ਹਾ ਜਥੇਬੰਦੀ ਉਸ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਵੇਗੀ। 1 ਜਨਵਰੀ
2015 ਨੂੰ ਪੰਥਕ ਪ੍ਰਚਾਰਕਾਂ ਅਤੇ ਵਿਦਵਾਨਾਂ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ
ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜੋ ਸੰਗਤੀ ਰੂਪ ਵਿੱਚ ਅਪੀਲ ਕੀਤੀ ਜਾ ਰਹੀ ਹੈ,
ਉਹ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿੱਚ ਵਰਕਰਾਂ ਦਾ ਜਥਾ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ
ਪਹੁੰਚਣਗੇ। ਉਹਨਾਂ ਦੇ ਨਾਲ ਭਾਈ ਗੁਰਚਰਨ ਸਿੰਘ ਭੁੱਲਰ, ਭਾਈ ਬੋਹੜ ਸਿੰਘ ਥਿੰਦ, ਰਾਜਬੀਰ
ਸਿੰਘ ਵਕੀਲਾਂਵਾਲੀ, ਡਾ: ਜੋਗਿੰਦਰ ਸਿੰਘ ਬੇਟੂ ਕਦੀਮ, ਜਥੇਦਾਰ ਗੁਰਦੀਪ ਸਿੰਘ, ਜਥੇਦਾਰ
ਨਿਸ਼ਾਨ ਸਿੰਘ, ਕੈਪਟਨ ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਸੁਬਾ ਕਦੀਮ, ਪਰਗਟ ਸਿੰਘ ਸ਼ੀਹਾਂਪਾੜੀ,
ਕਰਤਾਰ ਸਿੰਘ ਉੱਪਲ, ਸੁੱਚਾ ਸਿੰਘ ਭਾਨੇਵਾਲਾ ਆਦਿ ਆਗੂ ਹਾਜਰ ਸਨ।