Share on Facebook

Main News Page

‘ਕਬਿਯੋ ਬਾਚ ਬੇਨਤੀ ਚੌਪਈ’ ਸ਼ਬਦ ਗੁਰੂ ਦੀ ਚੋਟ ਅੱਗੇ ਨਹੀਂ ਟਿਕਦੀ ! ਭਾਗ - ਪੰਜਵਾਂ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : {ਭਾਗ-1}; {ਭਾਗ-2}; {ਭਾਗ-3}; {ਭਾਗ-4}

ਬੰਦ ਨੰਬਰ 401:
ਖੜਗ ਕੇਤ ਮੈਂ ਸ਼ਰਨਿ ਤਿਹਾਰੀ ॥ ਆਪ ਹਾਥ ਦੈ ਲੇਹੁ ਉਬਾਰੀ ॥ ਸਰਬ ਠੌਰ ਮੋ ਹੋਹੁ ਸਹਾਈ ॥ ਦੁਸ਼ਟ ਦੋਖ ਤੇ ਲੇਹੁ ਬਚਾਈ ॥੪੦੧॥

ਅਰਥ:- ਲਿਖਾਰੀ ਨੇ ਮਹਾਂਕਾਲ਼ ਨੂੰ ਚੌਪਈ ਵਿੱਚ ਪਹਿਲਾਂ ਅਸਿਧੁਜ ਨਾਂ ਨਾਲ਼ ਤੇ ਹੁਣ ਖੜਕ ਕੇਤ ਨਾਂ ਨਾਲ਼ ਯਾਦ ਕੀਤਾ ਹੈ। ਮਹਾਂਕਾਲ਼ ਦੇਵਤਾ ਕਿਉਂਕਿ ਦੇਹਧਾਰੀ ਹੈ ਅਤੇ ਹਥਿਆਰਾਂ ਨਾਲ਼, ਦੂਲਹ ਦੇਈ ਸੁੰਦਰੀ ਨੂੰ ਵਿਆਹੁਣ ਵਾਸਤੇ ਉਸ ਦੀ ਮੱਦਦ ਕਰਦਾ, ਦੈਂਤਾਂ ਨਾਲ਼ ਯੁੱਧ ਕਰਦਾ ਹੈ ਇਸ ਲਈ ਲਿਖਾਰੀ ਨੇ ਉਸ ਨੂੰ ਅਸਿਧੁਜ ਅਤੇ ਖੜਗਕੇਤ ਕਿਹਾ ਹੈ। ਅਕਾਲਪੁਰਖ ਦੀ ਕੋਈ ਦੇਹ ਨਹੀਂ ਕਿਉਂਕਿ ਉਹ ਅਜੂਨੀ ਹੈ। ਕੋਈ ਦੇਹਧਾਰੀ ਹੀ ਅਸਿਧੁਜ ਜਾਂ ਖੜਗਕੇਤ ਹੋ ਸਕਦਾ ਹੈ, ਜਿਸ ਦੇ ਸਥੂਲ ਹੱਥ ਹਨ। ਸਿੱਖਾਂ ਦਾ ਅਸਿਧੁਜ ਅਤੇ ਖੜਗਕੇਤ ਨਾਲ਼ ਕੋਈ ਸੰਬੰਧ ਨਹੀਂ ਹੈ, ਕਿਉਂਕਿ ਇਹ ਹਿੰਦੂ ਦੇਵਤੇ ਮਹਾਂਕਾਲ਼ ਦੇ ਹੀ ਨਾਂ ਹਨ ਅਤੇ ਸਿੱਖ ਕਿਸੇ ਦੇਵਤੇ ਦੇ ਪੁਜਾਰੀ ਨਹੀਂ। ਲਿਖਾਰੀ ਮਹਾਂਕਾਲ਼ ਦੇਵਤੇ ਅੱਗੇ ਲੇਲ੍ਹੜੀਆਂ ਕੱਢਦਾ ਹੋਇਆ ਫਿਰ ਉਸ ਨੂੰ ਦੁਸ਼ਟਾਂ ਦੋਖੀਆਂ ਤੋਂ ਬਚਾਉਣ ਲਈ ਆਖਦਾ ਹੈ।

ਅਸਿਧੁਜ ਅਤੇ ਖੜਗਕੇਤ ਸ਼ਬਦਾਂ ਨੂੰ ਗੁਰਬਾਣੀ ਅਤੇ ਸਿੱਖੀ ਸੱਭਿਆਚਾਰ ਵਿੱਚ ਨਹੀਂ ਅਪਨਾਇਆ ਗਿਆ, ਕਿਉਂਕਿ ਇਹ ਅਕਾਲਪੁਰਖ ਦੇ ਨਾਂ ਨਹੀਂ ਹਨ। ਅਸਿਧੁਜ ਅਤੇ ਖੜਗਕੇਤ ਸ਼ਬਦਾਂ ਦਾ ਅਰਥ ਹੈ- ਜਿਸ ਨੇ ਤਲਵਾਰ ਦੇ ਨਿਸ਼ਾਨ ਵਾਲ਼ਾ ਝੰਡਾ ਚੁੱਕਿਆ ਹੋਵੇ, ਮਹਾਂਕਾਲ਼ ਦੇਹਧਾਰੀ ਦੇਵਤਾ। ਦਸੇ ਗੁਰੂ ਪਾਤਿਸ਼ਾਹਾਂ ਕੋਲ਼ ਕਿਹੜਾ ਝੰਡਾ ਸੀ? ਆਓ ਦੇਖਦੇ ਹਾਂ ਕਿ ਇਹ ਤਲਵਾਰ ਵਾਲ਼ਾ ਜੰਡਾ ਸੀ ਜਾਂ ਧਰਮ ਦਾ:-

1.) ਚੌਥੇ ਗਰੂ ਜੀ ਕੋਲ਼ ਕਿਹੜਾ ਝੰਡਾ ਸੀ? ਸ਼ਬਦ ਗੁਰੂ ਜੀ ਝੰਡੇ ਵਾਰੇ ਅਗਵਾਈ ਕਰਦੇ ਹਨ ਕਿ ਗੁਰੂ ਜੀ ਕੋਲ਼ ਧਰਮ ਦਾ ਝੰਡਾ ਸੀ:-
ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ ਅਘ ਪੁੰਜ ਤਰੰਗ ਨਿਵਾਰਨ ਕਉ ॥(ਗਗਸ 1404/6)
ਧ੍ਰੰਮ- ਧਰਮ। ਧੁਜਾ- ਝੰਡਾ। ਅਘ- ਪਾਪ। ਪੁੰਜ- ਸਮੂਹ। ਤਰੰਗ- ਫੁਰਨੇ।

ਅਰਥ:- ਜਿਸ ਸਮਰੱਥ ਗੁਰੂ ਦਾ ਧਰਮ ਦਾ ਝੰਡਾ ਸਦਾ ਝੁੱਲ ਰਿਹਾ ਹੈ, ਮੈਂ ਉਸ ਦੀ ਸਰਨ ਲਈ ਹੈ ਤਾਂ ਜੁ ਪਾਪਾਂ ਦੇ ਪੁੰਜ ਤੇ ਫ਼ੁਰਨੇ (ਆਪਣੇ ਅੰਦਰੋਂ) ਦੂਰ ਕਰ ਸਕਾਂ ।

2.) ਪੰਜਵੇ ਗੁਰੂ ਜੀ ਕੋਲ਼ ਕਿਹੜਾ ਝੰਡਾ ਸੀ? ਧਰਮ ਧੁਜਾ ਹੀ ਸੀ, ਧਰਮ ਦਾ ਝੰਡਾ ਹੀ ਸੀ।
ਅਗਵਾਈ ਸ਼ਬਦ-ਗੁਰੂ ਤੋਂ ਇਉਂ ਹੈ:-
ਭਯ ਭੰਜਨੁ ਪਰ ਪੀਰ ਨਿਵਾਰਨੁ ਕਲਸਹਾਰੁ ਤੋਹਿ ਜਸੁ ਬਕਤਾ ॥ ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ ॥6॥(ਗਗਸ 1407/15)

ਅਰਥ:- ਤੋਹਿ-ਤੇਰਾ । ਬਕਤਾ-ਆਖਦਾ ਹੈ । ਕੁਲਿ ਸੋਢੀ-ਸੋਢੀ ਕੁਲ਼ ਵਿਚ । ਗੁਰ ਰਾਮਦਾਸ ਤਨੁ-ਗੁਰੂ ਰਾਮਦਾਸ (ਜੀ) ਦਾ ਪੁੱਤ੍ਰ (ਤਨੁ)। ਧਰਮ ਧੁਜਾ-ਧਰਮ ਦੇ ਝੰਡੇ ਵਾਲਾ ।

ਅਰਥ:- (ਹੇ ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਜੀ!) ਤੁਸੀਂ ਭੈ ਦੂਰ ਕਰਨ ਵਾਲੇ, ਪਰਾਈ ਪੀੜ ਹਰਨ ਵਾਲੇ ਹੋ, ਕਵੀ ਕਲ੍ਹਸਹਾਰ ਤੇਰਾ ਜਸ਼ ਆਖਦਾ ਹੈ । ਗੁਰੂ ਅਰਜਨ ਸਾਹਿਬ ,ਗੁਰੂ ਰਾਮਦਾਸ ਜੀ ਦਾ ਪੁੱਤਰ, ਸੋਢੀ ਕੁਲ ਵਿਚ ਧਰਮ ਦੇ ਝੰਡੇ ਵਾਲਾ, ਹਰੀ ਦਾ ਭਗਤ ਹੈ ।6।

ਨੋਟ: ਸਿੱਖਾਂ ਨੂੰ ਸੋਚਣ ਦੀ ਲੋੜ ਹੈ ਕਿ ਝੰਡ ਧਰਮ ਦਾ ਫੈਲਾਉਣਾ ਹੈ ਕਿ ਮਹਾਂਕਾਲ਼/ਅਸਿਧੁਜ/ਅਸਿਕੇਤ ਦੇ ਝੰਡੇ ਦੀ ਸ਼ਕਲ ਵਾਲ਼ਾ। ਦੋਹਾਂ ਝੰਡਿਆਂ ਵਿੱਚ ਅੰਤਰ ਸਮਝ ਕੇ ਯੋਗ ਕਾਰਵਾਈ ਕਰਨ ਦੀ ਜ਼ਰੂਰਤ ਹੈ। ਕੀ ਹੋਇਆ ਕਿ ਅਸਿਧੁਜ ਵਾਲ਼ਾਂ ਝੰਡਾ ਬਹੁਤ ਉੱਚਾ ਕੀਤਾ ਜਾ ਰਿਹਾ ਹੈ ‘ਧਰਮ ਦਾ ਝੰਡਾ’ ਤਾਂ ਦਿਨੋਂ-ਦਿਨ ਬ੍ਰਾਹਮਣਵਾਦੀ ਵਿਚਾਰਧਾਰਾ ਵਿੱਚ ਉਲ਼ਝ ਕੇ ਨੀਵਾਂ ਹੁੰਦਾ ਜਾ ਰਿਹਾ ਹੈ।
ਸ਼੍ਰੋ ਕਮੇਟੀ ਨੇ ਪਿਛਲੇ 70 ਸਾਲਾਂ ਤੋਂ ਸਿੱਖਾਂ ਦੇ ਗਲ਼ ਗ਼ਲਤ ਰਚਨਾ ਚੌਪਈ ਮੜ੍ਹੀ ਹੋਈ ਹੈ।

ਸ਼੍ਰੋ. ਕਮੇਟੀ ਨੇ ਸੰਨ 1931 ਤੋਂ 1945 ਤਕ ਰਹਤ ਮਰਯਾਦਾ ਮੁਕੰਮਲ ਕੀਤੀ ਸੀ ਜਿਸ ਵਿੱਚ ਬ੍ਰਾਹਮਣਵਾਦੀ ਪ੍ਰਭਾਵ ਹੇਠ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰੋਜ਼ਾਨਾ ਨਿੱਤ-ਨੇਮ ਦੀ ਬਣਤਰ ਭੰਗ ਕਰ ਕੇ, ਹੋਰ ਅਨਮਤੀ ਰਚਨਾਵਾਂ ਸਮੇਤ ‘ਕਬਿਯੋ ਬਾਚ ਬੇਨਤੀ ਚੌਪਈ’ ਬੰਦ ਨੰਬਰ 377 ਤੋਂ 401 ਤਕ ਨਿੱਤ-ਨੇਮ ਵਿੱਚ ਜੋੜ ਦਿੱਤੀ ਸੀ। ਚੌਪਈ ਵਾਲੀ ਤ੍ਰਿਅ ਚਰਿੱਤ੍ਰ ਨੰਬਰ 404 ਵਾਲ਼ੀ ਰਚਨਾ ਦੇ ਪਿਛਲੇ ਚਾਰ ਬੰਦ (402 ਤੋਂ 405) ਛੱਡ ਦਿੱਤੇ ਸਨ ਜਿਨ੍ਹਾਂ ਵਿੱਚ ਲਿਖਾਰੀ ਨੇ ਦੁਰਗਾ ਮਾਈ ਪਾਰਬਤੀ ਅਤੇ ਮਹਾਂਕਾਲ਼ ਦੀ ਹੋਈ ਕਿਰਪਾ ਨਾਲ਼ ਇਹ ਰਚਨਾ ਕਰਨ ਦਾ ਦਾਅਵਾ ਕੀਤਾ ਹੈ ਅਤੇ ਚੌਪਈ ਦਾ ਮਹੱਤਵ ਵੀ ਦੱਸਿਆ ਹੈ। ਇਹ ਚਾਰ ਬੰਦ ਇਉਂ ਹਨ:-

ਬੰਦ ਨੰਬਰ 402 ਤੋਂ 405:
ਕ੍ਰਿਪਾ ਕਰੀ ਹਮ ਪਰ ਜਗਮਾਤਾ ॥ ਗ੍ਰੰਥ ਕਰਾ ਪੂਰਨ ਸੁਭਰਾਤਾ ॥
ਕਿਲਬਿਖ ਸਕਲ ਦੇਹ ਕੋ ਹਰਤਾ ॥ ਦੁਸ਼ਟ ਦੋਖਿਯਨ ਕੋ ਛੈ ਕਰਤਾ ॥
੪੦੨॥

ਇੱਸ ਬੰਦ ਵਿੱਚ ਲਿਖਾਰੀ ਆਖਦਾ ਹੈ ਕਿ ਉਸ ਉੱਤੇ ਦੁਰਗਾ ਮਾਈ ਪਾਰਬਤੀ ਜਗ ਮਾਤਾ ਨੇ ਕਿਰਪਾ ਕੀਤੀ ਹੈ, ਜਿਸ ਨਾਲ਼ ਸੁਭਰਾਤਾ (ਸ਼ੁੱਭ ਗੁਣਾ ਵਾਲ਼ੇ ਤ੍ਰਿਅ ਚਰਿੱਤ੍ਰਾਂ ਵਾਲ਼ਾ) ਗ੍ਰੰਥ ਲਿਖਿਆ ਹੈ।

ਨੋਟ: ਤ੍ਰਿਅ ਚਰਿੱਤ੍ਰ ਤਾਂ ਸੰਗਤ ਅਤੇ ਪਰਿਵਾਰ ਵਿੱਚ ਪੜ੍ਹਨ ਯੋਗ ਵੀ ਨਹੀਂ। ਇਹ ਤਾਂ ਅਵਗੁਣਾ ਨਾਲ਼ ਹੀ ਭਰੇ ਪਏ ਹਨ। ਕੋਈ ਪੜ੍ਹ ਕੇ ਦੇਖੇ ਤਾਂ ਹੀ ਯਕੀਨ ਆਵੇਗਾ ਕਿ ਇਹ ਕਾਮ-ਉਕਸਾਊ ਅਸ਼ਲੀਲ ਕਹਾਣੀਆਂ ਹਨ ਜਿਨ੍ਹਾਂ ਨੂੰ ਇੱਕ ਸਿੱਖ ਪਰਿਵਾਰ ਇਕੱਠੇ ਬੈਠ ਕੇ ਧੀਆਂ, ਪੁੱਤਰਾਂ, ਨੋਹਾਂ ਆਦਿਕ ਦੇ ਵਿੱਚ ਨਹੀਂ ਪੜ੍ਹ ਸਕਦਾ ਅਤੇ ਨਾ ਹੀ ਸੰਗਤ ਵਿੱਚ ਕੋਈ ਇਨ੍ਹਾਂ ਦੀ ਕਥਾ ਸੁਣਾ ਸਕਦਾ ਹੈ, ਭਾਵੇਂ, ਅਖੰਡ ਪਾਠ ਵਿੱਚ ਇਹ ਕਹਾਣੀਆਂ ਕੁੱਝ ਥਾਵਾਂ ਉੱਤੇ ਪੜ੍ਹੀਆਂ ਜਾ ਰਹੀਆਂ ਹਨ। ਜੇ ਕਿਤੇ ਅਖੰਡਪਾਠ ਕਰਾਉਣ ਵਾਲ਼ਿਆਂ ਨੂੰ ਪਤਾ ਲੱਗ ਜਾਵੇ ਕਿ ਪਾਠੀਆਂ ਨੇ ਤੀਵੀਆਂ ਮਰਦਾਂ ਦੀਆਂ ਗੁਪਤ ਕਹਾਣੀਆਂ ਦਾ ਪਾਠ ਵੀ ਕੀਤਾ ਹੈ ਤਾਂ ਯਕੀਨੀ ਤੌਰ ਤੇ ਅੱਗੇ ਤੋਂ ਕੋਈ ਵੀ ਸਿੱਖ ਪਰਿਵਾਰ ਅਖੌਤੀ ਦਸ਼ਮ ਗ੍ਰੰਥ ਦਾ ਕਦੇ ਅਖੰਡ ਪਾਠ ਨਹੀਂ ਕਰਾਏਗਾ। ਜਿਨ੍ਹਾਂ ਪਰਿਵਾਰਾਂ ਨੂੰ ਪਾਠ ਵਿੱਚ ਪੜੀਆਂ ਇਨ੍ਹਾਂ ਅਸ਼ਲੀਲ ਕਹਾਣੀਆਂ ਦਾ ਪਤਾ ਨਹੀਂ ਉਹਨਾਂ ਨੇ ਕਦੇ ਸਾਰਾ ਅਖੰਡਪਾਠ ਆਪ ਬੈਠ ਕੇ ਨਹੀਂ ਸੁਣਿਆਂ।

ਨੋਟ: 1.

ਜੇ ਪਰਿਵਾਰਾਂ ਕੋਲ਼ ਸੁਣਨ ਦਾ ਸਮਾਂ ਨਹੀਂ ਤਾਂ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਅਖੌਤੀ ਦਸ਼ਮ ਗ੍ਰੰਥ ਦੀਆਂ ਪੋਥੀਆਂ ਆਪ ਲ਼ੇ ਕੇ ਪੜ੍ਹਨ ਜਾਂ www.gobindsadan.com ਤੋਂ ਡਾਕਟਰ ਰਤਨ ਸਿੰਘ ਜੱਗੀ ਦਾ ਲਿਖਿਆ ਅਖੌਤੀ ਦਸ਼ਮ ਗ੍ਰੰਥ ਦਾ ਟੀਕਾ ਖੰਘਾਲਣ ਦੀ ਮਿਹਨਤ ਕਰਨ ਜਾਂ www.KhalsaNews.org ਅਤੇ ਇਹੋ ਜਿਹੇ ਹੋਰ ਸਾਧਨਾਂ ਰਾਹੀਂ ਸਿੱਖ ਵਿਦਵਾਨਾ ਦੇ ਪੋਸਟ ਕੀਤੇ ਜਾ ਰਹੇ ਲੇਖ ਪੜ੍ਹਨ। ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾਂ ਹੈ ਤਾਂ ਕੁੱਝ ਤਾਂ ਸਿੱਖਣ ਦਾ ਉੱਦਮ ਕਰਨਾ ਹੀ ਪਵੇਗਾ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ।

“ਕੂੜੁ ਫਿਰੈ ਪਰਧਾਨੁ ਵੇ ਲਾਲੋ” ਵਾਲ਼ੀ ਰਮਜ਼ ਨੂੰ ਸਮਝ ਕੇ ਰੱਬੀ ਅਤੇ ਸ਼ਬਦ-ਗੁਰੂ ਵਾਲ਼ੇ ਸਿਧਾਂਤਕ ਸੱਚ ਨੂੰ ਦੂਰ ਨੇੜੇ ਉਜਾਗਰ ਕਰਨ ਦੀ ਅੱਜ ਸਖ਼ਤ ਲੋੜ ਹੈ ਤਾਂ ਜੁ ਗੁਰੂ-ਬਖ਼ਸ਼ੀ ਸਿੱਖੀ ਵਿਚਾਰਧਾਰਾ ਦੀ ਰਾਖੀ ਕੀਤੀ ਜਾ ਸਕੇ ਅਤੇ ਸਿੱਖਾਂ ਵਿੱਚ ਦੂਰ ਤਕ ਘੁਸਪੈਠ ਕਰ ਚੁੱਕੀ ਬ੍ਰਾਹਮਣਵਾਦੀ/ਬਿੱਪਰਵਾਦੀ/ਸਨਾਤਨਵਾਦੀ/ਮਨੂਵਾਦੀ ਸੋਚ ਦੁਆਰਾ ਲਗਾਤਾਰ ਉਜਾੜਿਆ ਜਾ ਰਿਹਾ ਸਿੱਖੀ ਦਾ ਬਾਗ਼, ਇਕੋ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਧਰਮ ਦੇ ਝੰਡੇ ਹੇਠ ਇਕੱਠੇ ਹੋ ਕੇ, ਬਚਾਇਆ ਜਾ ਸਕੇ। ਬਾਣੀਆਂ (ਰਾਗਮਾਲ਼ਾ ਤੋਂ ਬਿਨਾਂ) ਦਸਵੇ ਪਾਤਿਸ਼ਾਹ ਜੀ ਵਲੋਂ ਸਿੱਖ ਕੌਮ ਨੂੰ ਬਖ਼ਸ਼ੇ ਗੁਰੂ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੀ ਪੜ੍ਹੀਏ, ਭਾਵੇਂ, ਨਿੱਤ- ਨੇਮ ਦੀਆਂ ਹੋਣ, ਭਾਵੇਂ, ਅੰਮ੍ਰਿਤ ਦੀਆਂ ਹੋਣ ਜਾਂ ਅਰਦਾਸਿ ਦੀਆਂ ਹੋਣ। ਸਿੱਖਾਂ ਨੂੰ ਦਸਵੇਂ ਗੁਰੂ ਜੀ ਨੇ ਇਕੋ ਹੀ ਬੇੜੀ ਅਤੇ ਇਕੋ ਹੀ ਮਲਾਹ ਦਿੱਤਾ ਹੈ। ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲ਼ੇ ਭਾਵੇਂ ਕਿੰਨੇ ਵੀ ਸਿਆਣੇ, ਚੁੰਚ ਗਿਆਨੀ ਅਤੇ ਪੜ੍ਹੇ ਲਿਖੇ ਪ੍ਰਚਾਰਕ ਹੋਣ ਭਵਜਲ ਨੂੰ ਤਰਨ ਸਮੇਂ ਆਪਣੀ ਜਾਨ ਨਹੀਂ ਬਚਾ ਸਕਣਗੇ। ਇਹ ਕੌੜਾ ਸੱਚ ਹੈ।

ਨੋਟ: 2.

ਬੰਦ ਨੰਬਰ 402 ਕਹਿੰਦਾ ਹੈ ਕਿ ਲਿਖਾਰੀ ਉੱਤੇ ਦੁਰਗਾ ਜੱਗ ਮਾਤਾ ਨੇ ਕਿਰਪਾ ਕੀਤੀ ਹੈ, ਤਾਂ ਹੀ ਚੌਪਈ ਲਿਖੀ ਹੈ। ਦੇਵੀਆਂ ਦੀ ਕਿਰਪਾ ਕੇਵਲ ਦੇਵੀਆਂ ਦਾ ਪੁਜਾਰੀ ਹੀ ਲਇੰਦਾ ਹੁੰਦਾ ਹੈ। ਸਿੱਖੀ ਦਾ ਇਹ ਸਿਧਾਂਤ ਨਹੀਂ ਹੈ। ਸਿੱਖ ਨੂੰ ਕਿਰਪਾ ਕੇਵਲ ਗੁਰੁ ਪਰਮੇਸ਼ਰ ਤੋਂ ਹੀ ਮਿਲ਼ਦੀ ਹੁੰਦੀ ਹੈ। ਸਾਖ਼ ਜ਼ਾਹਰ ਹੈ ਕਿ ਚੌਪਈ ਦੀ ਰਚਨਾ ਦੇਵੀ ਦੁਰਗਾ ਜੱਗ ਮਾਤਾ ਦੇ ਕਿਸੇ ਪੁਜਾਰੀ ਦੀ ਹੈ। ਇਹ ਗੁਰੂ-ਕ੍ਰਿਤ ਨਹੀਂ ਹੈ।

ਸ੍ਰੀ ਅਸਿਧੁਜ ਜਬ ਭਏ ਦਯਾਲਾ ॥ ਪੂਰਨ ਕਰਾ ਗ੍ਰੰਥ ਤਤਕਾਲਾ ॥
ਮਨ ਬਾਂਛਤ ਫਲ ਪਾਵੈ ਸੋਈ ॥ ਦੂਖ ਨ ਤਿਸੈ ਬਿਆਪਤ ਕੋਈ ॥
੪੦੩॥

ਹੁਣ ਕਵੀ ਇੱਸ ਬੰਦ ਵਿੱਚ ਦੁਰਗਾ ਜਗਮਾਤਾ ਦੀ ਕਿਰਪਾ ਤੋਂ ਮੁੱਕਰ ਗਿਆ ਜਾਪਦਾ ਹੈ, ਜਾਂ ਭੁਲੱਕੜ ਹੈ। ਲਿਖਾਰੀ ਕਹਿੰਦਾ ਹੈ ਕਿ ਅਸਿਧੁਜ ਮਹਾਂਕਾਲ਼ ਨੇ ਕਿਰਪਾ ਕੀਤੀ ਹੈ ਜਿਸ ਨਾਲ਼ ਚੌਪਈ ਅਤੇ ਤ੍ਰਿਅ ਚਰਿੱਤ੍ਰ ਲਿਖੇ ਗਏ।

ਨੋਟ: ਇਸ ਬੰਦ ਵਿੱਚ ਲਿਖਾਰੀ ਆਪ ਮੰਨਦਾ ਹੈ ਕਿ ਉਸ ਉੱਤੇ ਦੇਹਧਾਰੀ ਦੇਵਤੇ , ਸ਼ਿਵ ਜੀ ਦੇ ਇੱਕ ਜੋਤ੍ਰਿਲਿੰਗਮ ਮਹਾਂਕਾਲ਼/ਅਸਿਧੁਜ ਨੇ ਵੀ ਕਿਰਪਾ ਕੀਤੀ ਹੈ ਜਿਸ ਕਾਰਣ ਉਸ ਨੇ ਤ੍ਰਿਅ ਚੌਪਈ ਅਤੇ ਅਸ਼ਲੀਲ ਤ੍ਰਿਅ ਚਰਿੱਤ੍ਰ ਲਿਖੇ ਹਨ। ਸਾਫ਼ ਜ਼ਾਹਰ ਹੈ ਕਿ ਲਿਖਾਰੀ ਖ਼ੁਦ ਹੀ ਮੰਨਦਾ ਹੈ ਕਿ ਉਹ ਦੇਵੀ ਦੇਵਤਿਆਂ ਦੀ ਕਿਰਪਾ ਦਾ ਪਾਤ੍ਰ ਬਣਿਆਂ ਹੈ। ਅਜਿਹਾ ਲਿਖਾਰੀ ਸਿੱਖਾਂ ਦਾ ਗੁਰੂ ਨਹੀਂ ਸਗੋਂ ਕੋਈ ਦੇਵੀ ਦੇਵਤਿਆਂ ਦਾ ਪੁਜਾਰੀ ਹੈ । ਦੇਵ ਪੂਜਾ ਸਿੱਖੀ ਦਾ ਸਿਧਾਂਤ ਨਹੀਂ ਹੈ। ਇਹ ਹਿੰਦੂ ਮੱਤ ਦਾ ਜ਼ਰੂਰੀ ਸਿਧਾਂਤ ਹੈ। ਚੌਪਈ ਦਾ ਪਾਠ ਕਰਨ ਵਾਲ਼ੇ ਸੱਜਣ ਧੰਨੁ ਗੁਰੂ ਗੋਬਿੰਦ ਸਿੰਘ ਸੱਚੇ ਪਾਤਿਸ਼ਾਹ ਨੂੰ ਦੇਵੀ ਦੇਵਤਿਆਂ ਦਾ ਪੁਜਾਰੀ ਸਾਬਤ ਕਰਨ ਵਿੱਚ ਅਤੇ ਸਿੱਖੀ ਵਿੱਚ ਬ੍ਰਾਹਮਣਵਾਦੀ ਸੋਚ ਦੇ ਕਰੜੇ ਪਹਿਰੇ ਦਾ ਪੱਖ ਪੂਰਦਿਆਂ ਕੋਈ ਕਸਰ ਨਹੀਂ ਛੱਡ ਰਹੇ ਕਿਉਂਕਿ ਲਿਖਾਰੀ ਆਪਣੀ ਲਿਖਤ ਵਿੱਚ ਆਪ ਹੀ ਤਾਂ ਕਹਿੰਦਾ ਹੈ ਕਿ ਉਸ ਨੇ ਚੌਪਈ ਦੁਰਗਾ ਮਾਈ /ਜੱਗ ਮਾਤਾ ਅਤੇ ਅਸਿਧੁਜ ਦੇਵਤੇ ਦੀ ਹੋਈ ਕਿਰਪਾ ਨਾਲ਼ ਹੀ ਲਿਖੀ ਹੈ। ਸਿੱਖੀ ਵਿਚਾਰਧਾਰਾ ਵਿੱਚ ਦੁਰਗਾ ਮਾਈ/ ਜੱਗ ਮਾਤਾ ਅਤੇ ਦੇਹਧਾਰੀ ਦੇਵਤਾ ਮਹਾਂਕਾਲ਼/ਅਸਿਧੁਜ/ਅਸਿਕੇਤ ਆਦਿਕ ਦੇਵੀ ਦੇਵਤੇ ਕੋਈ ਪੂਜਣ ਜੋਗ ਨਹੀਂ ਹਨ। ਕਿ ਹਨ?

ਅੜਿੱਲ ॥
ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ ॥ ਸੁਨੈ ਮੂੜ੍ਹ ਚਿਤ ਲਾਇ ਚਤੁਰਤਾ ਆਵਈ ॥
ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ ॥ ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ ॥
੪੦੪॥
ਚੌਪਈ ॥ ਸੰਬਤ ਸੱਤ੍ਰਹ ਸਹਸ ਭਣਿੱਜੈ ॥ ਅਰਧ ਸਹਸ ਫੁਨਿ ਤੀਨਿ ਕਹਿੱਜੈ ॥
ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ ॥
੪੦੫॥

ਲਿਖਾਰੀ ਨੂੰ ਇਹ ਵੀ ਨਹੀਂ ਪਤਾ ਕਿ ਸੰਬਤ 1753, ਭਾਦੋਂ ਸੁਦੀ ਅਸ਼ਟਮੀ ਨੂੰ ਐਤਵਾਰ ਨਹੀਂ ਸਗੋਂ ਮੰਗਲ਼ਵਾਰ ਦਾ ਦਿਨ ਸੀ। ਇਹ ਤਰੀਕਾਂ ਅਟਕਲ਼-ਪੱਚੂ ਨਾਲ਼ ਮਹਾਂਕਾਲ਼/ਦੁਰਗਾ ਦੇ ਪੁਜਾਰੀ ਲਿਖਾਰੀਆਂ ਵਲੋਂ ਲਿਖੀਆਂ ਗਈਆਂ ਹਨ ਤਾਂ ਜੁ ਇਹ ਦੇਵੀ ਦੇਵਤਿਆਂ ਦੀ ਪੂਜਾ ਵਾਲੀਆਂ ਰਚਨਾਵਾਂ ਗੁਰੂ-ਕਾਲ਼ ਨਾਲ਼ ਕਿਸੇ ਤਰ੍ਹਾਂ ਜੋੜ ਕੇ ਗੁਰੂ-ਕ੍ਰਿਤ ਹੋਣ ਦਾ ਭੁਲੇਖਾ ਪਾਇਆ ਜਾ ਸਕੇ। ਇਹ ਇਸ ਲਈ ਕੀਤਾ ਗਿਆ ਹੈ ਕਿ ਸਿੱਖਾਂ ਨੂੰ ਸਹਜੇ ਸਹਜੇ ਦੇਵੀ ਦੇਵਤਿਆਂ ਦੇ ਪੁਜਾਰੀ ਬਣਾਇਆ ਜਾ ਸਕੇ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਣ ਵਾਲ਼ੇ ਜਾਗਰੂਕ ਸਿੱਖ ਬ੍ਰਾਹਮਣਵਾਦ ਵਲੋਂ ਫੈਲਾਏ ਇਸ ਭਰਮ ਜਾਲ਼ ਵਿੱਚ ਕਦੇ ਨਹੀਂ ਫਸਣਗੇ। ਇਸ ਭਰਮ ਜਾਲ਼ ਵਿੱਚ ਚੰਗੀ ਤਰ੍ਹਾਂ ਫਸ ਚੁੱਕੇ ਸਿੱਖਾਂ ਅਤੇ ਟੀ. ਵੀ. ਚੈਨਲਾਂ ਅੱਗੇ ਵੀ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਵੀ ਸੱਚ ਨੂੰ ਸਮਝਣ ਅਤੇ ਸਿੱਖੀ ਵਿਚਾਰਧਾਰਾ (ਸ਼ਬਦ ਗੁਰੂ) ਦੀ, ਸ਼੍ਰੋ. ਕਮੇਟੀ ਵਲੋਂ ਗ਼ਲਤੀ ਨਾਲ਼ ਨਿੱਤ-ਨੇਮ ਵਿੱਚ ਜੋੜੀ ਗਈ ਚੌਪਈ ਪੜ੍ਹਨ ਦਾ ਪ੍ਰਚਾਰ ਕਰਕੇ, ਹੋਰ ਨਿਰਾਦਰੀ ਨਾ ਕਰਨ ਸਗੋਂ ਕੀਤੀ ਜਾ ਚੁੱਕੀ ਨਿਰਾਦਰੀ ਲਈ ਗੁਰੂ ਕੋਲ਼ੋ ਖਿਮਾਂ ਯਾਚਨਾ ਕਰਨ।

{ਚਰਿਤ੍ਰੋ ਪਖਯਾਨ ਦੇ ਅੰਤ ਤੇ ਦਰਜ ਉਪ੍ਰੋਕਤ ਤਾਰੀਖ ਦੀ ਪੜਤਾਲ ਕਰਨ ਤੇ ਤਾਂ ਇਹੀ ਜਾਣਕਾਰੀ ਮਿਲਦੀ ਹੈ ਕਿ ਭਾਂਦੋ ਸੁਦੀ 8 ਸੰਮਤ 1753, 25 ਭਾਦੋਂ, 25 ਅਗਸਤ 1696 ਯੂਲੀਅਨ ਨੂੰ ਦਿਨ ਮੰਗਲ ਵਾਰ ਸੀ। (ਸ. ਸਰਬਜੀਤ ਸਿੰਘ ਸੈਕਰਾਮੈਂਟੋ ਦੇ ਲੇਖ ਸ਼ੋਸ਼ਾ ਨਹੀਂ ਅਸਲੀਅਤ ਹੈ, ਵਿੱਚੋਂ)}


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top